ਰੁਝਾਨ ਖ਼ਬਰਾਂ
ਅਕਾਲੀ ਦਲ ਬਾਦਲ ਦੇ ‘ਅੱਛੇ ਦਿਨਾਂ’ ‘ਤੇ ਮੰਡਰਾ ਰਹੇ ਹਨ ਮੁਸੀਬਤਾਂ ਦੇ ਬੱਦਲ

ਅਕਾਲੀ ਦਲ ਬਾਦਲ ਦੇ ‘ਅੱਛੇ ਦਿਨਾਂ’ ‘ਤੇ ਮੰਡਰਾ ਰਹੇ ਹਨ ਮੁਸੀਬਤਾਂ ਦੇ ਬੱਦਲ

ਪੰਜਾਬ ਦੀ ਰਾਜਨੀਤੀ ਉਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦਾ ਸਪੱਸ਼ਟ ਪਰਛਾਵਾਂ ਦੇਖਿਆ ਜਾ ਸਕਦਾ ਹੈ। ਇਸ ਦਾ ਸਭ ਤੋਂ ਜ਼ਿਆਦਾ ਸੇਕ ਸ਼੍ਰੋਮਣੀ ਅਕਾਲੀ ਦਲ ਨੂੰ ਝੱਲਣਾ ਪੈ ਰਿਹਾ ਹੈ। ਸੱਤਾਹੀਣ ਹੋਣ ਤੋਂ ਬਾਅਦ ਅਕਾਲੀਆਂ ਨੂੰ ਜਾਪਦਾ ਸੀ ਕਿ ਬਰਗਾੜੀ ਦਾ ਬੇਅਦਬੀ ਮਾਮਲਾ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਨਾਲ ਹੁਣ ਮੌਕੇ ਦੀ ਹਕੂਮਤ (ਕਾਂਗਰਸ) ਨੇ ਹੀ ਜੂਝਣਾ ਹੈ।
ਅਕਾਲੀ ਖੁਦ ਨੂੰ ਸੁਰਖਰੂ ਸਮਝੀ ਬੈਠੇ ਸਨ ਪਰ ਸੱਤਾ ਤਬਦੀਲੀ ਮਗਰੋਂ ਮਾਮਲਾ ਠੰਢਾ ਹੋਣ ਦੀ ਥਾਂ ਜ਼ਿਆਦਾ ਭਖਦਾ ਮੁੱਦਾ ਬਣ ਗਿਆ ਤੇ ਸਿਆਸੀ ਪਾਰਟੀਆਂ ਨੇ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦੂਜਾ ਵਿਧਾਨ ਸਭਾ ਵਿਚ ਪੇਸ਼ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਵਿਚ ਬਹਿਸ ਤੋਂ ਭੱਜਣਾ ਵੀ ਅਕਾਲੀ ਦਲ ਨੂੰ ਪੁੱਠਾ ਪੈ ਗਿਆ।
‘ਬਰਗਾੜੀ’ ਪੰਜਾਬ ਦੇ ਸਿਆਸੀ ਨਕਸ਼ੇ ਉਤੇ ਇਕ ਅਜਿਹੇ ਪਿੰਡ ਵਜੋਂ ਉਭਰ ਕੇ ਸਾਹਮਣੇ ਆਉਣ ਲੱਗਾ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਸਿੱਖ ਸੰਸਥਾਵਾਂ ਦਾ ਕੰਟਰੋਲ ਕਰਦੀ ਆ ਰਹੀ ‘ਪੰਥਕ ਪਾਰਟੀ’ ਲਈ ਡਰਾਉਣਾ ਬਣਦਾ ਜਾ ਰਿਹਾ ਹੈ। ਪੰਥਕ ਧਿਰਾਂ ਵੱਲੋਂ ਬਰਗਾੜੀ ਵਿਚ ਪਿਛਲੇ ਕਈ ਮਹੀਨਿਆਂ ਤੋਂ ਲਾਇਆ ਮੋਰਚਾ ਭਾਵੇਂ ਕਿਸੇ ਪਾਰਟੀ ਨੂੰ ਫਾਇਦਾ ਦੇਵੇ ਜਾਂ ਨਾ ਪਰ ਅਕਾਲੀਆਂ ਦੀ ਸਿਆਸੀ ਬੇੜੀ ਵਿਚ ਵੱਟੇ ਪਾਉਣ ਦਾ ਕੰਮ ਜ਼ਰੂਰ ਕਰ ਰਿਹਾ ਹੈ। ਦੇਖਿਆ ਜਾਵੇ ਤਾਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮੁੱਦਾ ਅਕਾਲੀਆਂ ਦੀ ਡਾਵਾਂਡੋਲ ਕਿਸ਼ਤੀ ਮੂਹਰੇ ਤੂਫਾਨ ਬਣਿਆ ਖੜ੍ਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੀੜਾ ਸਮਝੀ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਛੋਟੇ ਬਾਦਲ ਇਨ੍ਹੀ ਦਿਨੀਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ਼ਆਈ. ਦਾ ਰਾਗ ਕੁਝ ਜ਼ਿਆਦਾ ਹੀ ਅਲਾਪ ਰਹੇ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ‘ਬਰਗਾੜੀ ਮੋਰਚਾ’ ਅਕਾਲੀਆਂ ਦੀ ਸਿਆਸਤ ਉਤੇ ਭਾਰੂ ਪੈ ਰਿਹਾ ਹੈ।
ਸਾਲ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਤੇ ਵੀ ਇਸ ਦਾ ਸਪੱਸ਼ਟ ਅਸਰ ਪੈਂਦਾ ਦਿਖਾਈ ਦੇ ਰਿਹਾ ਹੈ। ਪੰਜਾਬ ਦੀ ਸਿਆਸਤ ਉਤੇ ਪੈਦਾ ਹੋਏ ਤਾਜ਼ਾ ਹਾਲਾਤ ਨਾਲ ਸਿੱਝਣ ਲਈ ਅਕਾਲੀਆਂ ਦੀ ਕੋਈ ਠੋਸ ਰਣਨੀਤੀ ਨਜ਼ਰ ਨਹੀਂ ਆਉਂਦੀ। ਕੋਰ ਕਮੇਟੀ ਦੀਆਂ ਮੀਟਿੰਗਾਂ ਕਰ ਕੇ ਕਾਂਗਰਸ ਨੂੰ ਭੰਡਣ ‘ਤੇ ਜ਼ੋਰ ਤਾਂ ਲਾਇਆ ਜਾ ਰਿਹਾ ਹੈ ਪਰ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਦੀ ਲੋੜ ਨਹੀਂ ਸਮਝੀ ਜਾ ਰਹੀ। ਸੁਖਬੀਰ ਸਿੰਘ ਬਾਦਲ ਵੱਲੋਂ ਬਚਾਅ ਲਈ ਸ਼ੁਰੂ ਕੀਤੀ ‘ਪੋਲ ਖੋਲ੍ਹ’ ਮੁਹਿੰਮ ਸਿਆਸੀ ਮਾਹੌਲ ਆਪਣੇ ਪੱਖ ਦਾ ਬਣਾਉਣ ਦੀ ਥਾਂ ਟਕਰਾਅ ਵਾਲੀ ਰਣਨੀਤੀ ਵਜੋਂ ਜ਼ਿਆਦਾ ਦਿਖਾਈ ਦੇ ਰਹੀ ਹੈ। ਪੰਜਾਬ ਦੇ ਮਾਲਵਾ ਖਿੱਤੇ ਦੇ ਇਨ੍ਹਾਂ ਜ਼ਿਲ੍ਹਿਆਂ ਉਤੇ ਬਾਦਲਾਂ ਦਾ ਪ੍ਰਭਾਵ ਰਿਹਾ ਹੈ। ਪਿੰਡ ਬਰਗਾੜੀ, ਜਿਸ ਸੰਸਦੀ ਹਲਕੇ ਵਿਚ ਪੈਂਦਾ ਹੈ, ਉਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਿੰਨ ਸੰਸਦ ਮੈਂਬਰ ਵਜੋਂ ਨੁਮਾਇੰਦਗੀ ਕਰ ਚੁੱਕੇ ਹਨ। ਇਹ ਹਲਕਾ ਰਾਖਵੇਂਕਰਨ ਅਧੀਨ ਆਉਣ ਤੋਂ ਬਾਅਦ ਬਾਦਲਾਂ ਨੇ ਆਪਣੀ ਸਿਆਸਤ ਦਾ ਧੁਰਾ ਬਠਿੰਡਾ ਬਣਾ ਲਿਆ ਸੀ। ਇਸ ਹਲਕੇ ਦੀ ਨੁਮਾਇੰਦਗੀ ਪਿਛਲੇ 9 ਸਾਲਾਂ ਤੋਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕਰ ਰਹੇ ਹਨ।
ਸਿਆਸੀ ਤੌਰ ‘ਤੇ ਇਹ ਮੰਨਿਆ ਜਾ ਰਿਹਾ ਹੈ ਕਿ ‘ਬਰਗਾੜੀ’ ਤੇ ਆਸ-ਪਾਸ ਹੋਈਆਂ ਘਟਨਾਵਾਂ ਅਤੇ ਬਰਗਾੜੀ ਵਿਚ ਲੱਗੇ ਮੋਰਚੇ ਦਾ ਅਸਰ ਫਰੀਦਕੋਟ, ਬਠਿੰਡਾ ਅਤੇ ਫਿਰੋਜ਼ਪੁਰ ਵਿਚ ਅਕਾਲੀ ਸਿਆਸਤ ਉਤੇ ਪੈ ਰਿਹਾ ਹੈ ਤੇ ਅਕਾਲੀਆਂ ਲਈ ਇਹ ਖੇਤਰ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਖੁੱਲ੍ਹ ਕੇ ਭਾਵੇਂ ਇਸ ਅਸਰ ਨੂੰ ਕਬੂਲ ਨਹੀਂ ਕਰ ਰਹੇ ਪਰ ਦਬਵੀਂ ਸੁਰ ਵਿਚ ਮੰਨਦੇ ਹਨ ਕਿ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਅਕਾਲੀ ਦਲ ਦੇ ਅਕਸ ਨੂੰ ਸਿਆਸੀ ਤੌਰ ‘ਤੇ ਡੂੰਘੀ ਸੱਟ ਮਾਰ ਰਹੀਆਂ ਹਨ। ਸਿੱਖਾਂ ਦੀ ਨੁਮਾਇੰਦਗੀ ਕਰਦੀ ਆ ਰਹੀ ਇਸ ਪਾਰਟੀ ਵੱਲੋਂ ਬਦਲੀਆਂ ਹੋਈਆਂ ਰਣਨੀਤੀਆਂ ਅਤੇ ਸੋਸ਼ਲ ਇੰਜੀਨੀਅਰਿੰਗ ਦੇ ਸਿਆਸੀ ਜਾਲ ਨੇ ਇਸ ਖੇਤਰ ਵਿਚ ਵੱਡੀ ਸੱਟ ਮਾਰੀ ਸੀ। ਦੇਸ਼ ਦੇ ਸਿਆਸੀ ਨਕਸ਼ੇ ‘ਤੇ ਉਭਰੀ ‘ਆਮ ਆਦਮੀ ਪਾਰਟੀ’ ਨੂੰ ਵੀ ਪਹਿਲਾਂ ਸੰਸਦੀ ਚੋਣਾਂ ਵਿਚ 4 ਸੀਟਾਂ ਸਿਰਫ ਮਾਲਵਾ ਖੇਤਰ ਵਿਚੋਂ ਹੀ ਮਿਲੀਆਂ ਅਤੇ ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿਚ ਵੀ 20 ਵਿਚੋਂ 18 ਐਮ.ਐਲ਼ਏ. ਮਾਲਵੇ ਵਿਚੋਂ ਹੀ ਜਿੱਤ ਕੇ ਆਏ।
ਇਨ੍ਹਾਂ ਝਟਕਿਆਂ ਤੋਂ ਬਾਅਦ ਵੀ ਅਕਾਲੀ ਦਲ ਸੰਭਲਿਆ ਨਹੀਂ। ਡੇਢ ਕੁ ਸਾਲ ਪਹਿਲਾਂ ਸੱਤਾ ਤੋਂ ਲਾਂਭੇ ਹੋਣ ਅਤੇ ਨਮੋਸ਼ੀ ਭਰੀ ਹਾਰ ਪੱਲੇ ਪਾਉਣ ਵਿਚ ਇਨ੍ਹਾਂ ਘਟਨਾਵਾਂ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ। ਦੇਖਿਆ ਜਾਵੇ ਤਾਂ ਸਾਲ 2007 ਅਤੇ 2012 ਦੀਆਂ ਚੋਣਾਂ ਦੌਰਾਨ ਵੀ ਅਕਾਲੀ ਦਲ ਨੂੰ ਮਾਲਵੇ ਵਿਚੋਂ ਘੱਟ ਸੀਟਾਂ ਮਿਲੀਆਂ ਸਨ। ਇਸ ਤਰ੍ਹਾਂ ਨਾਲ ਅਕਾਲੀਆਂ ਦਾ ਆਪਣਾ ਪੱਕਾ ਵੋਟ ਬੈਂਕ ਖਿਸਕਿਆ ਹੋਇਆ ਹੈ ਤੇ ਭਵਿੱਖ ਵਿਚ ਸਿਆਸੀ ਤੌਰ ‘ਤੇ ਚੁਣੌਤੀਆਂ ਹੋਰ ਵੀ ਵਧ ਸਕਦੀਆਂ ਹਨ।

ਟਕਸਾਲੀ ਆਗੂਆਂ ਦੀ ਬਗਾਵਤ ਨੇ ਚਿੰਤਾ ਵਧਾਈ
ਟਕਸਾਲੀ ਆਗੂਆਂ ਦੀਆਂ ਵਿਰੋਧੀ ਸੁਰਾਂ ਨੇ ਇਨ੍ਹੀਂ ਦਿਨੀਂ ਅਕਾਲੀ ਦਲ ਦੀ ਚਿੰਤਾ ‘ਚ ਵਾਧਾ ਕਰ ਦਿੱਤਾ ਹੈ। ਅਕਾਲੀ ਦਲ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਸਾਥੀ ਰਹੇ ਸੁਖਦੇਵ ਸਿੰਘ ਢੀਂਡਸਾ ਵਰਗੇ ਟਕਸਾਲੀ ਆਗੂ ਵੱਲੋਂ ਡੇਰਾ ਮੁਖੀ ਨੂੰ ਮੁਆਫੀ ਮਾਮਲੇ ‘ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਅਸਤੀਫੇ ਦੀ ਮੰਗ ਕਰ ਦਿੱਤੀ, ਉਥੇ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਨਾਲ ਸਬੰਧ ਰੱਖਦੀ ਬੀਬੀ ਕਿਰਨਜੀਤ ਕੌਰ ਨੇ ਸਿੱਧੇ ਤੌਰ ‘ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਹੀ ਮੰਗ ਲਿਆ। ਅਕਾਲੀ ਦਲ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਪਾਰਟੀ ਨੂੰ ਅਲਵਿਦਾ ਕਹਿ ਗਏ। ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਵਾਇਰਲ ਹੋਈ ਵੀਡੀਓ ਨੇ ਵੀ ਅਕਾਲੀ ਦਲ ਦੀ ਸਥਿਤੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ।
ਬਾਦਲ ਨੇ ਸੰਭਾਲਿਆ ਮੋਰਚਾ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਚ ਬਹਿਬਲ ਕਲਾਂ ਗੋਲੀਕਾਂਡ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਦੱਸੇ ਜਾਣ ਕਰਕੇ ਚਹੁੰਪਾਸਿਉਂ ਘਿਰੇ ਅਕਾਲੀ ਦਲ ਨੂੰ ਪੈਰਾਂ ਸਿਰ ਕਰਨ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੋਰਚਾ ਸੰਭਾਲ ਲਿਆ ਹੈ। ਪਿਛਲੇ ਕਾਫੀ ਸਮੇਂ ਤੋਂ ਖਾਮੋਸ਼ ਬੈਠੇ ਬਾਦਲ ਨੇ ਇਥੋਂ ਤੱਕ ਆਖ ਦਿੱਤਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਣਗਿਣਤ ਸੁਖਬੀਰ ਕੁਰਬਾਨ ਕਰਨ ਲਈ ਵੀ ਤਿਆਰ ਹਨ। ਸ੍ਰੀ ਬਾਦਲ ਨੇ ਬੇਅਦਬੀ ਦੇ ਦੋਸ਼ਾਂ ਲਈ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਆਪਣੇ ਖਿਲਾਫ਼ ਕਾਰਵਾਈ ਕਰਨ ਲਈ ਲਲਕਾਰਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ ਤੋਂ ਧਿਆਨ ਹਟਾਉਣ ਲਈ ਉਨ੍ਹਾਂ ਖਿਲਾਫ਼ ਇਹ ਝੂਠਾ ਮਾਮਲਾ ਉਛਾਲ ਰਹੀ ਹੈ।