ਹਰਿਆਲੀ ਤੋਂ ਵੀ ਸੱਖਣਾ ਹੋਇਆ ਪੰਜਾਬ

ਹਰਿਆਲੀ ਤੋਂ ਵੀ ਸੱਖਣਾ ਹੋਇਆ ਪੰਜਾਬ 

ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਵਿੱਚ ਕੌਮੀ ਰਾਜਮਾਰਗਾਂ ਨੂੰ ਚਾਰ ਜਾਂ ਛੇ ਮਾਰਗੀ ਬਣਾਉਣ ਦੇ ਨਾਂ ‘ਤੇ ਸੜਕਾਂ ਕਿਨਾਰਿਓਂ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਕਦੇ ਇਨ੍ਹਾਂ ਰੁੱਖਾਂ ਦੀ ਸੰਘਣੀ ਛਾਂ ਹਰ ਵੇਲੇ ਸੜਕਾਂ ‘ਤੇ ਪਸਰੀ ਰਹਿੰਦੀ ਸੀ। ਇਹ ਠੀਕ ਹੈ ਕਿ ਆਵਾਜਾਈ ਦੇ ਸਾਧਨ ਵਧਣ ਨਾਲ ਸੜਕਾਂ ਦਾ ਆਕਾਰ ਛੋਟਾ ਪੈ ਗਿਆ ਸੀ। ਇਨ੍ਹਾਂ ਨੂੰ ਚਾਰ ਜਾਂ ਛੇ ਮਾਰਗੀ ਬਣਾਉਣਾ ਸਮੇਂ ਦੀ ਲੋੜ ਸੀ। ਸੜਕਾਂ ਚੌੜੀਆਂ ਕਰਨ ਦੇ ਨਾਂ ‘ਤੇ ਰੁੱਖਾਂ ਦੀ ਕਟਾਈ ਤਾਂ ਧੜਾਧੜ ਕੀਤੀ ਗਈ, ਪਰ ਕੱਟੇ ਗਏ ਰੁੱਖਾਂ ਦੀ ਥਾਂ ਨਵੇਂ ਪੌਦੇ ਲਗਾਉਣ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਸਮਝੀ।
ਇੱਕ ਰਿਪੋਰਟ ਅਨੁਸਾਰ ਸਾਲ 2011 ਤੋਂ 2017 ਤਕ ਵਿਕਾਸ ਦੇ ਨਾਂ ‘ਤੇ ਹਰ ਸਾਲ ਲਗਪਗ 2 ਲੱਖ ਰੁੱਖ ਕੱਟੇ ਗਏ। ਇਸ ਤਰ੍ਹਾਂ 5 ਸਾਲਾਂ ਵਿੱਚ ਸੜਕਾਂ ਚੌੜੀਆਂ ਕਰਨ ਲਈ ਲਗਪਗ 9 ਲੱਖ ਰੁੱਖਾਂ ਦੀ ਬਲੀ ਦਿੱਤੀ ਗਈ। ਹੁਣ ਕਈ ਕੌਮੀ ਰਾਜ ਮਾਰਗ ਨਵੇਂ ਬਣਿਆਂ ਨੂੰ ਵੀ ਦਹਾਕਾ ਹੋ ਚੁੱਕਿਆ ਹੈ, ਪਰ ਸੜਕਾਂ ਦੇ ਕਿਨਾਰੇ ਹਾਲੇ ਵੀ ਰੁੱਖਾਂ ਤੋਂ ਸੱਖਣੇ ਹਨ। ਅੰਮ੍ਰਿਤਸਰ ਤੋਂ ਜੰਮੂ, ਜੰਮੂ ਤੋਂ ਜਲੰਧਰ ਆਦਿ ਰਾਜ ਮਾਰਗਾਂ ਦੇ ਕਿਨਾਰਿਓਂ ਰੁੱਖਾਂ ਦੀ ਕਟਾਈ ਕੀਤੀ ਗਈ ਸੀ, ਪਰ ਜਿੰਨੇ ਰੁੱਖ ਕੱਟੇ ਗਏ, ਉਨ੍ਹਾਂ ਦੀ ਜਗ੍ਹਾ ਬਹੁਤ ਘੱਟ ਲਗਾਏ ਗਏ। ਖ਼ਾਸਕਰ ਅੰਮ੍ਰਿਤਸਰ ਤੋਂ ਜੰਮੂ ਰਾਜ ਮਾਰਗ ਹਾਲੇ ਵੀ ਰੁੱਖ ਵਿਹੂਣਾ ਨਜ਼ਰ ਆਉਂਦਾ ਹੈ। ਜੇਕਰ ਤਰਨ ਤਾਰਨ ਤੋਂ ਅੰਮ੍ਰਿਤਸਰ, ਜ਼ੀਰਕਪੁਰ ਤੋਂ ਬਠਿੰਡਾ ਆਦਿ ਰਾਜ ਮਾਰਗਾਂ ਕਿਨਾਰੇ ਪੌਦੇ ਲਗਾਏ ਵੀ ਗਏ ਤਾਂ ਇਨ੍ਹਾਂ ਦੀ ਦੇਖਭਾਲ ਨਹੀਂ ਕੀਤੀ ਗਈ। ਸੜਕਾਂ ਕਿਨਾਰੇ ਲਗਾਏ ਰੁੱਖ ਵਧੇਰੇ ਕਰਕੇ ਆਵਾਰਾ ਪਸ਼ੂਆਂ ਤੇ ਖੇਤਾਂ ‘ਚ ਲੱਗਦੀਆਂ ਅੱਗਾਂ ਦੀ ਭੇਟ ਚੜ੍ਹ ਜਾਂਦੇ ਹਨ। ਨਵੇਂ ਬੂਟੇ ਲਗਾ ਕੇ ਇਨ੍ਹਾਂ ਦੀ ਕਰੀਬ ਦੋ ਸਾਲ ਦੇਖਭਾਲ ਕਰਨੀ ਪੈਂਦੀ ਹੈ, ਪਰ ਜੰਗਲਾਤ ਵਿਭਾਗ ਨਵੇਂ ਬੂਟੇ ਲਗਾਉਣ ਦੀ ਰਸਮ ਹੀ ਪੂਰੀ ਕਰਦਾ ਹੈ, ਦੇਖਭਾਲ ਨਹੀਂ ਕਰਦਾ।
ਅੱਜ ਪੰਜਾਬ ਦੀ ਧਰਤੀ ਤੋਂ ਹਰਿਆਲੀ ਗਾਇਬ ਹੋ ਰਹੀ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਪੰਜਾਬ ‘ਚ ਜੰਗਲ ਹੇਠ ਰਕਬਾ ਕੇਵਲ 6.87 ਫ਼ੀਸਦੀ ਰਹਿ ਗਿਆ ਹੈ। ਜੰਗਲ ਹੇਠ ਘੱਟ ਰਹੇ ਰਕਬੇ ਕਾਰਨ ਪੰਜਾਬ ਦਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਸ ਨਾਲ ਕੁਦਰਤੀ ਕਰੋਪੀਆਂ ਵਿੱਚ ਵਾਧਾ ਹੋ ਰਿਹਾ ਹੈ। ਹਰ ਸਾਲ ਬਰਸਾਤ ਘੱਟ ਰਹੀ ਹੈ। ਧਰਤੀ ਹੇਠਲਾ ਪਾਣੀ ਲਗਾਤਾਰ ਹੋਰ ਹੇਠਾਂ ਜਾ ਰਿਹਾ ਹੈ। ਦੇਸ਼ ਭਰ ‘ਚ ਪੰਜਾਬ ਕਦੇ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲਾ, ਹਰਿਆਲੀ ਭਰਪੂਰ ਤੇ ਖ਼ੁਸ਼ਹਾਲ ਸੂਬਾ ਮੰਨਿਆ ਜਾਂਦਾ ਸੀ। ਹੁਣ ਪੰਜਾਬ ਅੰਨ ਤਾਂ ਬਹੁਤ ਪੈਦਾ ਕਰ ਰਿਹਾ ਹੈ, ਪਰ ਉਹ ਜ਼ਹਿਰੀ ਹੈ ਤੇ ਕਿਸਾਨ ਖ਼ੁਸ਼ਹਾਲ ਨਹੀਂ, ਸਗੋਂ ਕੰਗਾਲੀ ਦੇ ਵਸ ਪੈ ਕੇ ਖ਼ੁਦਕੁਸ਼ੀਆਂ ਕਰ ਰਹੇ ਹਨ। ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ ਅਤੇ ਬਾਕੀ ਜ਼ਿਲ੍ਹੇ ਵੀ ਸੋਕੇ ਵੱਲ ਵੱਧ ਰਹੇ ਹਨ। ਮੁਨਾਫ਼ਾਖੋਰੀ ਦੇ ਨਾਂ ‘ਤੇ ਪਾਣੀ ਤੇ ਰੁੱਖਾਂ ਦੀ ਬਰਬਾਦੀ ਲਗਾਤਾਰ ਜਾਰੀ ਹੈ।
ਫਿਲਹਾਲ ਕੁਦਰਤੀ ਸਰੋਤਾਂ ਦੇ ਬਚਾਅ ਨਾਲੋਂ ਉਜਾੜੇ ਦੀਆਂ ਕੋਸ਼ਿਸ਼ਾਂ ਵਧੇਰੇ ਹੋ ਰਹੀਆਂ ਹਨ। ਜਿੱਥੇ ਫੈਕਟਰੀਆਂ ‘ਚੋਂ ਨਿਕਲ ਰਹੇ ਗੰਦੇ ਪਾਣੀ ਪੰਜਾਬ ਦੇ ਦਰਿਆਵਾਂ ਨੂੰ ਗੰਦਗੀ ਨਾਲ ਭਰ ਰਹੇ ਹਨ, ਉੱਥੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਲੱਗਦੀਆਂ ਅੱਗਾਂ ਹਵਾ ‘ਚ ਪ੍ਰਦੂਸ਼ਣ ਦੀ ਮਾਤਰਾ ਵਧਾਉਣ ਦੀ ਕੋਈ ਕਮੀ ਨਹੀਂ ਛੱਡ ਰਹੀਆਂ। ਰੁੱਖਾਂ ਦੀ ਧੜਾਧੜ ਕਟਾਈ ਦੇ ਭਿਅੰਕਰ ਨਤੀਜੇ ਅੱਜ ਸਾਡੇ ਸਾਹਮਣੇ ਹਨ। ਜੂਨ ਮਹੀਨੇ ‘ਚ ਪਹਿਲਾਂ ਕਦੇ ਤਾਪਮਾਨ ਕਿਸੇ ਇੱਕ ਦਿਨ 40 ਡਿਗਰੀ ਤੋਂ ਪਾਰ ਹੁੰਦਾ ਸੀ ਤਾਂ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਜਾਂਦੀ ਸੀ, ਪਰ ਹੁਣ ਤਾਂ ਵਾਤਾਵਰਨ ‘ਚ ਗਰਮੀ ਇੰਨੀ ਵਧ ਗਈ ਹੈ ਕਿ ਤਾਪਮਾਨ 44 ਡਿਗਰੀ ਤਕ ਆਮ ਹੀ ਪਹੁੰਚ ਜਾਂਦਾ ਹੈ।
ਹਰ 6 ਮਹੀਨੇ ਪਿੱਛੋਂ ਜਦੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਆਸਮਾਨ ‘ਚ ਧੂੰਏ ਦੀ ਚਾਦਰ ਪਸਰ ਜਾਂਦੀ ਹੈ, ਲੋਕ ਬਿਮਾਰ ਪੈਣ ਲੱਗਦੇ ਹਨ। ਹਸਪਤਾਲ ਮਰੀਜ਼ਾਂ ਨਾਲ ਭਰ ਜਾਂਦੇ ਹਨ। ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਵੀ ਹੋਰ ਬੂਟੇ ਲਗਾਉਣ ਦੀ ਯੋਜਨਾ ‘ਤੇ ਕੰਮ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦਾ ਸਿਲਸਿਲਾ ਰੋਕਿਆ ਜਾ ਸਕਿਆ ਹੈ। ਹਰ ਸੀਜ਼ਨ ਵਿੱਚ ਸਰਕਾਰ ਅੱਗ ਲਗਾਉਣ ‘ਤੇ ਪਾਬੰਦੀ ਤਾਂ ਲਗਾ ਦਿੰਦੀ ਹੈ, ਜੁਰਮਾਨੇ ਵੀ ਕੀਤੇ ਜਾਂਦੇ ਹਨ, ਪਰ ਕਿਸਾਨ ਜੁਰਮਾਨੇ ਭਰ ਕੇ ਵੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਲਈ ਮਜਬੂਰ ਹਨ ਕਿਉਂਕਿ ਸਰਕਾਰ ਅੱਜ ਤਕ ਇਸਦਾ ਬਦਲ ਪੇਸ਼ ਨਹੀਂ ਕਰ ਸਕੀ। ਅਸਲ ‘ਚ ਖੇਤਾਂ ‘ਚ ਅੱਗ ‘ਤੇ ਪਾਬੰਦੀ ਲਗਾਉਣ ਨਾਲ ਨਹੀਂ ਸਗੋਂ ਕਿਸਾਨਾਂ ਨੂੰ ਰਹਿੰਦ ਖੂੰਹਦ ਦੇ ਨਿਪਟਾਰੇ ਦਾ ਕੋਈ ਪੱਕਾ ਸਮਾਧਾਨ ਦੇਣ ਨਾਲ ਹੀ ਰੁਕ ਸਕਦੀ ਹੈ। ਵਿਸ਼ਵ ਵਾਤਾਵਰਨ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਤੰਦਰੁਸਤ ਪੰਜਾਬ ਮਿਸ਼ਨ’ ਦੀ ਸ਼ੁਰੂਆਤ ਕੀਤੀ ਗਈ। ਮਿਸ਼ਨ ਤਹਿਤ ਹਵਾ ‘ਚ ਪ੍ਰਦੂਸ਼ਣ ਫੈਲਾਉਣ, ਪਾਣੀ ਨੂੰ ਦੂਸ਼ਿਤ ਕਰਨ, ਖਾਧ ਸਮੱਗਰੀ ‘ਚ ਮਿਲਾਵਟ ਕਰਨ, ਹਸਪਤਾਲ ‘ਚ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਨਾ ਕਰਾਉਣ ਨੂੰ ਅਪਰਾਧ ਮੰਨਿਆ ਜਾਵੇਗਾ। ਅੱਜ ਪੰਜਾਬ ਸਿਹਤ, ਸਿੱਖਿਆ, ਧਰਤੀ ਹੇਠਲੇ ਪਾਣੀ ਤੇ ਵਾਤਾਵਰਨ ਆਦਿ ਕਿਸੇ ਵੀ ਪੱਖੋਂ ਤੰਦਰੁਸਤ ਨਹੀਂ। ਸੜਕਾਂ ਕਿਨਾਰੇ ਬੂਟੇ ਲਗਾਉਣੇ ਤੇ ਰਹਿੰਦ ਖੂੰਹਦ ਨੂੰ ਅੱਗ ਲਗਾਉਣੀ ਬੰਦ ਕਰਨਾ ‘ਤੰਦਰੁਸਤ ਪੰਜਾਬ ਮਿਸ਼ਨ’ ਦਾ ਪਹਿਲਾ ਟੀਚਾ ਹੋਣਾ ਚਾਹੀਦਾ ਹੈ।

-ਗੁਰਮੁਖ ਸਿੰਘ ਮੱਲ੍ਹੀ