ਕੈਨੇਡਾ ਸਰਕਾਰ ਨੇ ਕੈਲਗਰੀ ਦੇ ਗੁਰਦੁਆਰੇ ਲਈ 79000 ਡਾਲਰ ਦੀ ਰਾਸ਼ੀ ਜਾਰੀ ਕੀਤੀ

ਕੈਨੇਡਾ ਸਰਕਾਰ ਨੇ ਕੈਲਗਰੀ ਦੇ ਗੁਰਦੁਆਰੇ ਲਈ
79000 ਡਾਲਰ ਦੀ ਰਾਸ਼ੀ ਜਾਰੀ ਕੀਤੀ

ਕੈਲਗਰੀ : ਕੈਲਗਰੀ ਦੇ ਸਾਊਥ ਵੈਸਟ ਵਿੱਚ ਸਥਿੱਤ ਸਿੱਖ ਸੁਸਾਇਟੀ ਆਫ਼ ਕੈਲਗਰੀ ਦੇ ਗੁਰੂ ਘਰ ਲਈ 79 ਹਜ਼ਾਰ ਡਾਲਰਜ਼ ਦੀ ਫੈਡਰਲ ਫੰਡਿੰਗ ਜਾਰੀ ਕੀਤੀ ਗਈ ਹੈ। ਇਹ ਫੰਡਿੰਗ ਗੁਰਦੁਆਰੇ ਨੂੰ ਤੋੜਫੋੜ ਤੋਂ ਬਚਾਉਣ ਅਤੇ ਇਮਾਰਤ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਜਾਰੀ ਕੀਤੀ ਗਈ ਹੈ। ਪਿਛਲੇ ਸਮਿਆਂ ਵਿੱਚ ਇਸ ਗੁਰੂ ਘਰ ਦੀ ਇਮਾਰਤ ਨੂੰ ਕਈ ਵਾਰ ਨੁਕਸਾਨ ਪਹੁੰਚਾਇਆ ਗਿਆ ਸੀ । ਫੈਡਰਲ ਸਰਕਾਰ ਵੱਲੋਂ ਦੇਸ਼ ਭਰ ਵਿੱਚ ਹੇਟ ਕ੍ਰਾਈਮ ਦਾ ਸ਼ਿਕਾਰ ਹੋਣ ਵਾਲੀਆਂ ਅਤੇ ਇਸ ਤਰ੍ਹਾਂ ਦੇ ਖ਼ਤਰੇ ਹੇਠ ਰਹਿਣ ਵਾਲੀਆਂ ਕਮਿਉਨਿਟੀਜ਼ ਨੂੰ ਵਧੇਰੇ ਸੁਰੱਖਿਅਤ ਰੱਖਣ ਲਈ ਵਿਸ਼ੇਸ਼ ਪ੍ਰੋਗਰਾਮ  ਬਣਾਇਆ ਗਿਆ ਹੈ, ਜਿਸ ਤਹਿਤ ਇਹ ਫੰਡਿੰਗ ਜਾਰੀ ਕੀਤੀ ਗਈ ਹੈ। ਕੈਲਗਰੀ ਤੋਂ ਲਿਬਰਲ ਐਮ ਪੀ ਕੈਂਟ ਹੇਰ੍ਹ ਇਹ ਰਕਮ ਜਾਰੀ ਕਰਨ ਵੇਲੇ ਮੌਕੇ ‘ਤੇ ਹਾਜ਼ਰ ਸਨ। ਉਹਨਾ ਕਿਹਾ ਕਨੇਡਾ ਵਿੱਚ ਨਸਲੀ ਭੇਦਭਾਵ ਨੂੰ ਕੋਈ ਥਾਂ ਨਹੀਂ । ਵਰਨਣਯੋਗ ਹੈ ਇਸ ਗੁਰੂਦਵਾਰਾ ਸਾਹਿਬ ਦੀਆਂ ਕੰਧਾਂ ਉੱਪਰ ਬਹੁਤ ਵਾਰੀ ਨਸਲੀ ਟਿੱਪਣੀਆਂ ਵਾਲੇ ਨਿਸ਼ਾਨ ਉੱਕਰੇ ਗਏ ਸਨ । ਸ: ਇੰਦਰਜੀਤ ਸਿੰਘ ਵਧਵਾ ਨੇ ਦੱਸਿਆ ਕਿ ਜਿਸ ਵੇਲੇ 1970 ਵਿੱਚ ਇਸ ਗੁਰੂਘਰ ਦੀ ਉਸਾਰੀ ਦੇ ਯਤਨ ਆਰੰਭੇ ਸਨ ਤਾਂ ਉਸ ਵੇਲੇ ਵੀ ਉਹਨਾਂ ਨੂੰ ਨਸਲੀ ਭੇਦਭਾਵ ਦਾ ਸਿਕਾਰ ਹੋਣਾ ਪਿਆ ਸੀ । ਗੁਰੂਘਰ ਦੀ ਉਸਾਰੀ ਦੌਰਾਨ ਖਿੜਕੀਆਂ ਦੀ ਭੰਨਤੋੜ ਜਿਹੀਆਂ ਘਟਨਾਵਾਂ ਅਤੇ ਹੋਰ ਅਨੇਕਾ ਅੜਚਣਾਂ ਦਾ ਉਹਨੀ ਦਿਨੀ ਸਾਹਮਣਾ ਕਰਨਾ ਪਿਆ ਸੀ ।