ਅਮਰੀਕਾ ਦੇ ਪੂਰਬੀ ਤੱਟ ‘ਤੇ ‘ਫਲੋਰੈਂਸ’ ਤੂਫਾਨ ਨੇ ਮਚਾਈ ਤਬਾਹੀ

ਅਮਰੀਕਾ ਦੇ ਪੂਰਬੀ ਤੱਟ ‘ਤੇ ‘ਫਲੋਰੈਂਸ’ ਤੂਫਾਨ ਨੇ ਮਚਾਈ ਤਬਾਹੀ 

ਵਾਸ਼ਿੰਗਟਨ : ਅਮਰੀਕਾ ਦੇ ਪੂਰਬੀ ਤੱਟੀ ਹਿੱਸੇ ਵਿਚ ਤੂਫਾਨ ‘ਫਲੋਰੈਂਸ’ ਆਉਣ ਦੇ ਮੱਦੇਨਜ਼ਰ 10 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਕਿਹਾ ਗਿਆ ਹੈ। ਸ਼੍ਰੇਣੀ 4 ਦੇ ਇਸ ਸ਼ਕਤੀਸ਼ਾਲੀ ਤੂਫਾਨ ਨਾਲ 220 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲ ਸਕਦੀਆਂ ਹਨ। ਦੱਖਣੀ ਕੈਰੋਲੀਨਾ ਦੇ ਗਵਰਨਰ ਹੈਨਰੀ ਮੈਕਮਾਸਟਰ ਨੇ ਵੀਰਵਾਰ ਨੂੰ ਤੂਫਾਨ ਦੇ ਆਉਣ ਤੋਂ ਪਹਿਲਾਂ ਰਾਜ ਦੇ ਪੂਰਬੀ ਤੱਟ ਦੇ 10 ਲੱਖ ਨਾਗਰਿਕਾਂ ਨੂੰ ਆਪਣਾ ਘਰ ਛੱਡਣ ਲਈ ਕਿਹਾ ਹੈ। ਗੁਆਂਢੀ ਉੱਤਰੀ ਕੈਰੋਲੀਨਾ ਦੇ ਗਵਰਨਰ ਨੇ ਵੀ ‘ਆਊਟਰ ਬੈਂਕਸ’ ਅਤੇ ਤੱਟੀ ਡੇਅਰ ਕਾਊਂਟੀ ਦੇ ਕੁਝ ਹਿੱਸਿਆਂ ਵਿਚੋਂ ਲੋਕਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਜਾਣ ਲਈ ਕਿਹਾ ਹੈ। ਜਦਕਿ ਵਰਜੀਨੀਆ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਮੈਕਮਾਸਟਰ ਨੇ ਕਿਹਾ ਕਿ ਇਹ ਤੂਫਾਨ ਬਹੁਤ ਖਤਰਨਾਕ ਹੈ। ਇਲਾਕਾ ਖਾਲੀ ਕਰਨ ਦੇ ਆਦੇਸ਼ ਮੰਨਣੇ ਜ਼ਰੂਰੀ ਹਨ ਨਾ ਕਿ ਆਪਣੀ ਇੱਛਾ ‘ਤੇ ਆਧਾਰਿਤ ਹੈ। ਗਵਰਨਰ ਨੇ ਇਕ ਪੱਤਰਕਾਰ ਵਾਰਤਾ ਵਿਚ ਕਿਹਾ ਕਿ ਅਸੀਂ ਇਸ ਤੂਫਾਨ ਵਿਚ ਦੱਖਣੀ ਕੈਰੋਲੀਨਾ ਦੇ ਇਕ ਵੀ ਨਾਗਰਿਕ ਦੀ ਜ਼ਿੰਦਗੀ ਖਤਰੇ ਵਿਚ ਨਹੀਂ ਪਾਉਣਾ ਚਾਹੁੰਦੇ। ਤੂਫਾਨ ਫਲੋਰੈਂਸ ਨਾਲ ਪੂਰਬੀ ਅਮਰੀਕਾ ਦੇ ਇਲਾਕਿਆਂ ਵਿਚ ਹੜ੍ਹ ਆਉਣ ਦਾ ਖਦਸ਼ਾ ਹੈ, ਜਿੱਥੇ ਪਹਿਲਾਂ ਹੀ ਭਾਰੀ ਮੀਂਹ ਪੈ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵਿੱਟਰ ‘ਤੇ ਕਿਹਾ ਕਿ ਉੱਤਰੀ ਕੈਰੋਲੀਨਾ, ਦੱਖਣੀ ਕੈਰੋਲੀਨਾ ਅਤੇ ਪੂਰੇ ਪੂਰਬੀ ਤੱਟ ਦੇ ਨਾਗਰਿਕਾਂ ਲਈ ਇਹ ਤੂਫਾਨ ਬਹੁਤ ਖਤਰਨਾਕ ਹੈ। ਉਨ੍ਹਾਂ ਨੇ ਕਿਹਾ,”ਕ੍ਰਿਪਾ ਕਰਕੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੋ। ਅਸੀਂ ਆਪਣੇ ਸਰੋਤਾਂ ਨੂੰ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਅਸੀਂ ਇੱਥੇ ਤੁਹਾਡੇ ਲਈ ਹੀ ਹਾਂ।”