ਮਾਨਸਿਕ ਰੋਗਾਂ ਤੋਂ ਰਹੀਏ ਦੂਰ

ਮਾਨਸਿਕ ਰੋਗਾਂ ਤੋਂ ਰਹੀਏ ਦੂਰ 

ਅੱਜ ਹਰ ਚੌਥੇ ਮਨੁੱਖ ਚੋਂ ਇੱਕ ਬੰਦਾ ਮਾਨਸਿਕ ਸਮੱਸਿਆਵਾਂ ਨਾਲ ਪੀੜਤ ਹੈ । ਦੁਨੀਆਂ ਦੇ ਲਗਪਗ ਚਾਰ ਸੌ ਪੰਜਾਹ ਮਿਲੀਅਨ ਲੋਕ ਮਾਨਸਿਕ ਸਮੱਸਿਆਵਾਂ ਦਾ ਸ਼ਿਕਾਰ ਹੋ ਚੁੱਕੇ ਹਨ । ਇਸ ਦੇ ਪਿੱਛੇ ਦੇ ਕਾਰਨ ਤਾਂ ਬਹੁਤ ਹਨ। ਪਰ ਸਭ ਤੋਂ ਮੁੱਢਲਾ ਕਾਰਨ ਹੈ ਸਾਡੇ ਅੰਦਰ ਦੀ ਸ਼ਾਂਤੀ ,ਅਮਨ ਅਤੇ ਚੈਨ ਦਾ ਘੱਟ ਜਾਣਾ ਅਤੇ ਚਿੰਤਾ ਤੇ ਗੁੱਸੇ ਦਾ ਵੱਧ ਜਾਣਾ ।ਇਸ ਨਾਲ ਮਨੁੱਖ ਹੌਲੀ ਹੌਲੀ ਡਿਪਰੈਸ਼ਨ ਦੇ ਘੇਰੇ ਵਿੱਚ ਆ ਜਾਂਦਾ ਹੈ ਅਤੇ ਕਈ ਤਾਂ ਫਿਰ ਆਤਮ ਹੱਤਿਆ ਤੱਕ ਵੀ ਪਹੁੰਚ ਜਾਂਦੇ ਹਨ । ਇਸ ਲਈ ਅੱਜ ਅਸੀਂ ਗੱਲ ਕਰਾਂਗੇ ਕਿਵੇਂ ਆਪਣੇ ਅੰਦਰ ਦੀ ਸ਼ਾਂਤੀ ਨੂੰ ਬਰਕਰਾਰ ਰੱਖ ਇਸ ਭਿਆਨਕ ਬਿਮਾਰੀ ਦੇ ਸ਼ਿਕਾਰ ਹੋਣ ਤੋਂ ਬਚ ਸਕੀਏ ।
ਸ਼ਾਂਤੀ ਕੀ ਹੈ ?
ਸ਼ਾਂਤੀ, ਸਕੂਨ, ਚੈਨ ਆਦਿ ਇੱਕ ਅਹਿਸਾਸ ਨੇ। ਜਿਨ੍ਹਾਂ ਨੂੰ ਮਹਿਸੂਸ ਕੀਤਾ ਜਾਂਦਾ ਹੈ । ਜਦੋਂ ਅਸੀਂ ਆਪਣੇ ਅੰਦਰ ਇਨ੍ਹਾਂ ਅਹਿਸਾਸਾਂ ਨੂੰ ਮਹਿਸੂਸ ਕਰਦੇ ਹਾਂ ਤਾਂ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ । ਸਾਨੂੰ ਜ਼ਿੰਦਗੀ ਪਿਆਰੀ ਲੱਗਣ ਲੱਗਦੀ ਹੈ ।ਇਸ ਲਈ ਇਹਨਾਂ ਅਹਿਸਾਸਾਂ ਦਾ ਸਾਡੀ ਜ਼ਿੰਦਗੀ ਵਿੱਚ ਬਣੇ ਰਹਿਣਾ ਬਹੁਤ ਜ਼ਰੂਰੀ ਹੈ । ਇਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਲੇ ਦੁਆਲੇ ਦੇ ਮਾਹੌਲ ਨੂੰ ਬਦਲਣ ਦੀ ਲੋੜ ਪਵੇਗੀ। ਤੁਹਾਡੀ ਆਪਣੀ ਸੋਚ ਨੂੰ ਬਦਲਣ ਦੀ ਜ਼ਰੂਰਤ ਪਵੇਗੀ ।ਜਿਵੇਂ ਦੀ ਤੁਹਾਡੀ ਸੋਚ ਅਤੇ ਆਸ ਪਾਸ ਦਾ ਮਾਹੌਲ ਹੁੰਦਾ ਹੈ , ਤੁਹਾਡੇ ਵਿਚਾਰ ਤੇ ਮਹਿਸੂਸ ਸ਼ਕਤੀ ਵੀ ਉਸੇ ਤਰ੍ਹਾਂ ਦੀ ਹੀ ਹੁੰਦੀ ਰਹਿੰਦੀ ਹੈ । ਤੁਹਾਡੀ ਊਰਜਾ ਤੁਹਾਡੇ ਆਲੇ ਦੁਆਲੇ ਨੂੰ ਤੇ ਤੁਹਾਡਾ ਆਲਾ ਦੁਆਲਾ ਤੁਹਾਡੀ ਊਰਜਾ ਨੂੰ ਪ੍ਰਭਾਵਿਤ ਕਰਦੇ ਹਨ । ਇਉਂ ਕਹਿ ਲਓ ਕਿ ਅਸੀਂ ਆਪਸ ਵਿੱਚ ਇੱਕ ਦੂਸਰੇ ਨਾਲ ਜੁੜੇ ਹੋਏ ਹਾਂ । ਇਸ ਲਈ ਸਾਡਾ ਅਤੇ ਆਸ ਪਾਸ ਦਾ ਮਾਹੌਲ ਸਕਾਰਾਤਮਿਕ ਹੋਣਾ ਬਹੁਤ ਜ਼ਰੂਰੀ ਹੈ । ਚੰਗੇ ਵਿਚਾਰ ਰੱਖਣੇ , ਚੰਗੇ ਲੋਕਾਂ ਨਾਲ ਗੱਲਬਾਤ ਕਰਨੀ , ਸਾਫ਼ ਸੁਥਰਾ ਮਾਹੌਲ ਬਣਾ ਕੇ ਰੱਖਣਾ। ਇਹਨਾਂ ਸਭ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ । ਤੁਸੀਂ ਦੇਖੋਂਗੇ ਕਈ ਵਾਰ ਤੁਸੀਂ ਕਿਸੇ ਕੰਮ ਨੂੰ ਕਰਨ ਲੱਗਿਆਂ ਉਸ ਵਿੱਚ ਇਤਨਾ ਮਗਨ ਹੋ ਜਾਂਦੇ ਹੋ ਕਿ ਤੁਹਾਨੂੰ ਆਸ ਪਾਸ ਕੀ ਹੋ ਰਿਹਾ ਹੈ ਉਸ ਦੀ ਖ਼ਬਰ ਹੀ ਨਹੀਂ ਰਹਿੰਦੀ । ਤੁਸੀਂ ਪੂਰੇ ਇਕਾਗਰ ਚਿੱਤ ਹੋ ਕੇ ਜਦੋਂ ਕੋਈ ਵੀ ਕੰਮ ਕਰਦੇ ਹੋ ਤਾਂ ਸਮਾਂ ਕਿਵੇਂ ਬੀਤ ਜਾਂਦਾ ਹੈ ਤੁਹਾਨੂੰ ਪਤਾ ਹੀ ਨਹੀਂ ਚੱਲਦਾ । ਫਿਰ ਉਸ ਕੰਮ ਨੂੰ ਕਰਨ ਤੋਂ ਬਾਅਦ ਤੁਸੀਂ ਆਪਣੇ ਅੰਦਰ ਇੱਕ ਅਜੀਬ ਜਿਹੀ ਖੁਸ਼ੀ ਅਤੇ ਆਨੰਦ ਨੂੰ ਮਹਿਸੂਸ ਕਰੋਗੇ । ਜਿਵੇਂ ਕੋਈ ਮਿਠਾਸ ਜੇਹੀ । ਇਸ ਅਹਿਸਾਸ ਨੂੰ ਹੀ ਆਖਦੇ ਹਨ ਸ਼ਾਂਤੀ। ਇਸ ਨੂੰ ਤੁਸੀਂ ਸ਼ਬਦਾਂ ਵਿੱਚ ਤਾਂ ਚੰਗੀ ਤਰ੍ਹਾਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਇਹ ਇੱਕ ਮਹਿਸੂਸ ਸ਼ਕਤੀ ਹੈ ਜੋ ਕਿ ਸਿਰਫ ਮਹਿਸੂਸ ਕੀਤੀ ਜਾ ਸਕਦੀ ਹੈ । ਪਰ ਮੈਂ ਤੁਹਾਡੇ ਨਾਲ ਇਹ ਸਾਂਝ ਜ਼ਰੂਰ ਪਾਵਾਂਗੀ ਕਿ ਜੇਕਰ ਤੁਸੀਂ ਵੀ ਆਪਣੇ ਅੰਦਰ ਇਸ ਤਰ੍ਹਾਂ ਦੀ ਮਹਿਸੂਸ ਸ਼ਕਤੀ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਜਾਂ ਇਸ ਦੀ ਮਿਠਾਸ ਦਾ ਨਿੱਘ ਮਾਨਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਖੁਦ ਨੂੰ ਸਮਝੋ । ਆਪਣੇ ਗੁੱਸੇ ਤੇ ਕਾਬੂ ਪਾਉਣਾ ਸਿੱਖੋ ਜਦੋਂ ਅਸੀਂ ਖੁਦ ਨੂੰ ਸਮਝ ਲੈਂਦੇ ਹਾਂ ਤਾਂ ਸਾਡੇ ਲਈ ਦੂਸਰਿਆਂ ਨੂੰ ਸਮਝਣਾ ਵੀ ਬਹੁਤ ਆਸਾਨ ਹੋ ਜਾਂਦਾ ਹੈ । ਆਪਣੇ ਆਪ ਨੂੰ ਇਕਾਗਰ ਚਿੱਤ ਕਰ ਆਪਣੀ ਰੁਚੀ ਮੁਤਾਬਿਕ ਕੰਮ ਕਰੋ । ਦੇਖੋ ਤੁਹਾਡੀ ਜ਼ਿੰਦਗੀ ਹੌਲੀ ਹੌਲੀ ਖੁਸ਼ਹਾਲ ਬਣਨੀ ਸ਼ੁਰੂ ਹੋ ਜਾਵੇਗੀ । ਇਕਾਗਰਤਾ ਬਣਾ ਕੇ ਕੁਝ ਵੀ ਕਰਨਾ ਤੁਹਾਨੂੰ ਸ਼ਾਂਤੀ ਵਰਗੇ ਗੁਣਾਂ ਵੱਲ ਖਿੱਚ ਲੈ ਜਾਵੇਗਾ , ਤੁਸੀਂ ਅੰਦਰੋਂ ਹਲਕਾ ਅਤੇ ਖੁਸ਼ੀ ਨੂੰ ਮਹਿਸੂਸ ਕਰੋਗੇ , ਜੋ ਕਿ ਤੁਹਾਨੂੰ ਮਾਨਸਿਕ ਰੋਗਾਂ ਤੋਂ ਦੂਰ ਰੱਖੇਗਾ । ਇਸ ਨਾਲ ਤੁਸੀਂ ਇੱਕ ਬਿਹਤਰ ਜਿੰਦਗੀ ਜੀਅ ਪਾਉਗੇ।

-ਕਿਰਨਪ੍ਰੀਤ ਕੌਰ
+4368864014133