ਗੁਰੂ ਦੀ ਬੇਅਦਬੀ ਦਾ ਕਲੰਕ ਲੱਗਣ ਤੋਂ ਬਾਅਦ ਬਾਦਲਾਂ ਦਾ ਸਿੰਘਾਸਨ ਡੋਲਿਆ

ਗੁਰੂ ਦੀ ਬੇਅਦਬੀ ਦਾ ਕਲੰਕ ਲੱਗਣ ਤੋਂ ਬਾਅਦ ਬਾਦਲਾਂ ਦਾ ਸਿੰਘਾਸਨ ਡੋਲਿਆ

ਗੁਰੂ ਦੀ ਬੇਅਦਬੀ ਦਾ ਕਲੰਕ ਲੱਗਣ ਤੋਂ ਬਾਅਦ ਬਾਦਲਾਂ ਦਾ ਸਿੰਘਾਸਨ ਡੋਲਿਆ

ਪੰਜਾਬ ਦੀ ਰਾਜਨੀਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਬਾਦਲ ਪਰਿਵਾਰ ਤੇ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਘਿਰ ਕੇ ਰਹਿ ਗਿਆ ਹੈ। ਅੰਦਰਖਾਤੇ ਬਾਦਲ ਪਰਿਵਾਰ ਵਿਰੋਧੀ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਾਂਭੇ ਹੋਣ ਦਾ ਮਸ਼ਵਰਾ ਦੇਣ ਤੋਂ ਬਾਅਦ ਇਹ ਚਰਚਾ ਵੀ ਛਿੜ ਗਈ ਹੈ ਕਿ ਹੁਣ ਬਾਦਲ ਪਰਿਵਾਰ ਆਪਣੀ ਚਮੜੀ ਬਚਾਉਣ ਲਈ ਜਥੇਦਾਰ ਅਕਾਲ ਤਖਤ ਦੇ ਅਸਤੀਫੇ ਦੀ ਚਾਲ ਖੇਡੇਗਾ। ਉਂਝ ਹਾਲਾਤ ਇਹ ਹਨ ਕਿ ਇਸ ਵੇਲੇ ਬਾਦਲ ਦਲੀਏ ਜੋ ਵੀ ਸਿਆਸੀ ਚਾਲ ਚੱਲਦੇ ਹਨ, ਉਹ ਹੀ ਪੁੱਠੀ ਪੈ ਜਾਂਦੀ ਹੈ। ਪਹਿਲਾਂ ਵਿਧਾਨ ਸਭਾ ਵਿਚ ਬੇਅਦਬੀ ਮਾਮਲੇ ਦੀ ਜਾਂਚ ਰਿਪੋਰਟ ਉਤੇ ਹੋਈ ਬਹਿਸ ਵਿਚੋਂ ਭੱਜਣ ਦੀ ਰਣਨੀਤੀ ਮਹਿੰਗੀ ਪਈ, ਹੁਣ ਸ. ਢੀਂਡਸਾ ਦਾ ਨਵੀਂ ਰਣਨੀਤੀ ਤਹਿਤ ਦਿੱਤਾ ਬਿਆਨ ਵੀ ਪੁੱਠਾ ਪੈ ਰਿਹਾ ਹੈ। ਅਕਾਲੀ ਦਲ ਦੇ ਹੋਰਨਾਂ ਆਗੂਆਂ ਨੇ ਵੀ ਅਕਾਲੀ ਦਲ ਦੀ ਉਚ ਲੀਡਰਸ਼ਿਪ ਖਿਲਾਫ ਸੁਰ ਕੱਢਣੇ ਸ਼ੁਰੂ ਕਰ ਦਿੱਤੇ ਹਨ। ਅਕਾਲੀ ਦਲ ਦੇ ਅੱਧੀ ਦਰਜਨ ਨੇਤਾਵਾਂ ਨਾਲ ਗੱਲਬਾਤ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ ਕਿ ਪਾਰਟੀ ਅੰਦਰ ਦੂਜੀ ਕਤਾਰ ਦੀ ਲੀਡਰਸ਼ਿਪ ਮਹਿਸੂਸ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤਾਂ ਦੀ ਵੱਕਾਰ ਬਹਾਲੀ ਸਮੇਂ ਦੀ ਲੋੜ ਹੈ। ਸਿਆਸੀ ਮਾਹਰਾਂ ਮੁਤਾਬਕ ਇਸ ਨਾਜ਼ੁਕ ਮੋੜ ਉਤੇ ਅਕਾਲੀ ਲੀਡਰਸ਼ਿਪ ‘ਚ ਬਾਗੀ ਸੁਰਾਂ ਦਾ ਉਠਣਾ ਬਾਦਲਾਂ ਲਈ ਖਤਰੇ ਦੀ ਘੰਟੀ ਹੈ।
ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਤੇ ਹੋਈ ਬਹਿਸ ਤੋਂ ਬਾਅਦ ਬਾਦਲ ਪਰਿਵਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਕੁਝ ਹੀ ਸਾਲਾਂ ਵਿਚ ਬੇਤਹਾਸ਼ਾ ਵਧੀ ਜਾਇਦਾਦ ਉਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਸੋਸ਼ਲ ਮੀਡੀਆ ਉਤੇ ਲੋਕ ਜਥੇਦਾਰ ਗੁਰਬਚਨ ਸਿੰਘ ਵੱਲੋਂ ਬੀਤੇ ਵਿਚ ਸਿਰਸੇਵਾਲੇ ਨੂੰ ਦਿੱਤੀ ਗਈ ਕਥਿਤ ਮੁਆਫੀ ਦਾ ਮੁੱਲ ਪਾ ਰਹੇ ਹਨ।
ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਸੁਖਬੀਰ ਬਾਦਲ, ਬਿਕਰਮ ਮਜੀਠੀਆ ‘ਤੇ ਜੰਮ ਕੇ ਵਰ੍ਹਦਿਆਂ ਕਿਹਾ ਕਿ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਦੇ 10 ਸਾਲਾਂ ਦੇ ਰਾਜ ਦੌਰਾਨ ਪੰਜਾਬ ਨੂੰ ਲੁੱਟਿਆ ਗਿਆ ਹੈ ਤੇ ਭ੍ਰਿਸ਼ਟਚਾਰ ਨਾਲ ਅਰਬਾਂ ਰੁਪਏ ਦੀ ਜਾਇਦਾਦ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਹੋਟਲਾਂ ਤੋਂ ਲੈ ਕੇ ਲਗਜ਼ਰੀ ਕਾਰਾਂ ਤੇ ਹੈਲੀਕਾਪਟਰਾਂ ਦੇ ਮਾਲਕ ਕਿਵੇਂ ਬਣ ਗਏ? ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਦਾਦੂਵਾਲ ਨੇ ਕਿਹਾ ਕਿ ਜਥੇਦਾਰ ਗੁਰਬਚਨ ਸਿੰਘ ਦੀ ਵੀ ਜਾਂਚ ਹੋਣੀ ਚਾਹੀਦੀ ਜੋ ਇਕ ਬਰਛਾ ਫੜ ਕੇ ਸੇਵਦਾਰ ਵਜੋਂ ਭਰਤੀ ਹੋਇਆ ਸੀ, ਅੱਜ ਕਿਵੇਂ ਮੁਕਤਸਰ ਸ਼ਹਿਰ ਵਿਚ ਤਿੰਨ ਤਾਰਾ ਹੋਟਲ ਦਾ ਮਾਲਕ ਬਣ ਗਿਆ?
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਵਿਚ ਬਹਿਸ ਦੌਰਾਨ ਬੋਲਦਿਆਂ ਕਾਂਗਰਸ ਦੇ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲੱਗਣ ਤੋਂ ਪਹਿਲਾਂ ਗਿਆਲੀ ਗੁਰਬਚਨ ਸਿੰਘ ਇਕ ਆਮ ਗਰੀਬ ਸਿੱਖ ਸੀ ਪਰ ਬਾਅਦ ਵਿਚ ਬਾਦਲਾਂ ਨੇ ਉਨ੍ਹਾਂ ਦੇ ਲੜਕੇ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾ ਦਿੱਤਾ ਤੇ ਪੰਜਾਬ ਦੀਆਂ ਪਸ਼ੂ ਮੰਡੀਆਂ ਦੇ ਠੇਕੇ ਵੀ ਅਸਿੱਧੇ ਤੌਰ ‘ਤੇ ਦਿੱਤੇ ਗਏ।
ਸੂਬੇ ਦੀ ਸੱਤਾ ‘ਤੇ ਲੰਮਾ ਸਮਾਂ ਕਾਬਜ਼ ਰਹਿਣ ਮਗਰੋਂ ਪਾਰਟੀ ਲਈ ਸਿਆਸੀ ਮੁਸ਼ਕਿਲਾਂ ਹੀ ਮੂੰਹ ਅੱਡੀ ਨਹੀਂ ਖੜ੍ਹੀਆਂ ਸਗੋਂ ਧਾਰਮਿਕ ਖੇਤਰ ਵਿੱਚ ਵੀ ਚੁਣੌਤੀਆਂ ਮਿਲ ਰਹੀਆਂ ਹਨ। ਪੰਜਾਬ ਵਿਧਾਨ ਸਭਾ ਦੇ ਹਾਲੀਆ ਸੈਸ਼ਨ ਵਿੱਚ ਹੋਈ ਬਹਿਸ ਤੋਂ ਬਾਅਦ ਪਾਰਟੀ ਵਿੱਚ ਸੁਧਾਰਾਂ ਦੀ ਗੱਲ ਵੀ ਉਠਣ ਲੱਗੀ ਹੈ।
ਇੱਕ ਸੀਨੀਅਰ ਅਕਾਲੀ ਨੇਤਾ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਡੇਰਾ ਮੁਖੀ ਨੂੰ ਮੁਆਫ਼ੀ ਦਾ ਮਾਮਲਾ ਭਖਣ ਤੋਂ ਬਾਅਦ ਹੀ ਜਥੇਦਾਰਾਂ ਨੂੰ ਬਦਲਣ ਦਾ ਮਾਮਲਾ ਪਾਰਟੀ ਵੱਲੋਂ ਵਿਚਾਰਿਆ ਜਾਣ ਲੱਗਾ ਸੀ ਪਰ ਰਾਜਸੀ ਹਾਲਾਤ ਦੇ ਮੱਦੇਨਜ਼ਰ ਪਾਰਟੀ ਵੱਲੋਂ ਇਹ ਫੈਸਲਾ ਨਹੀਂ ਸੀ ਲਿਆ ਜਾ ਸਕਿਆ ਪਰ ਹੁਣ ਫੈਸਲਾ ਲੈਣਾ ਚਾਹੀਦਾ ਹੈ। ਇਕ ਅਕਾਲੀ ਆਗੂ ਦਾ ਇਹ ਵੀ ਕਹਿਣਾ ਹੈ ਕਿ ਧਾਰਮਿਕ ਖੇਤਰ ਦੀ ਕੋਈ ਕੱਦਾਵਰ ਸ਼ਖ਼ਸੀਅਤਾਂ ਦਾ ਖ਼ਲਾਅ ਹੋਣ ਕਾਰਨ ਵੀ ਜਥੇਦਾਰ ਬਦਲਿਆ ਨਹੀਂ ਜਾ ਸਕਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਸਥਿਤੀ ਦੇ ਟਾਕਰੇ ਲਈ ਭਾਵੇਂ ਰੈਲੀਆਂ ਅਤੇ ਕਾਂਗਰਸੀ ਖਿਲਾਫ਼ ਪ੍ਰਦਰਸ਼ਨਾਂ ਦਾ ਆਸਰਾ ਲਿਆ ਜਾ ਰਿਹਾ ਹੈ ਪਰ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਇਸ ਪਾਰਟੀ ਦੀਆਂ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ।
ਨਵੰਬਰ ਮਹੀਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵੀ ਹੋਣੀ ਹੈ। ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਬਾਰੇ ਕਹਿਣਾ ਹੈ ਕਿ ਭਾਈ ਲੌਂਗੋਵਾਲ ਧਾਰਮਿਕ ਖੇਤਰ ਵਿੱਚ ਕੋਈ ਵੱਡਾ ਪ੍ਰਭਾਵ ਨਹੀਂ ਛੱਡ ਸਕੇ। ਇਸ ਲਈ ਸਿੱਖਾਂ ਦਾ ਇਸ ਸਿਰਮੌਰ ਸੰਸਥਾ ਦੇ ਪ੍ਰਧਾਨ ਦੀ ਕੁਰਸੀ ਲਈ ਹੁਣੇ ਤੋਂ ਲਾਮਬੰਦੀ ਸ਼ੁਰੂ ਹੋਣੀ ਸ਼ੁਰੂ ਹੋ ਗਈ ਹੈ। ਮਾਝੇ ਦੇ ਕੁੱਝ ਆਗੂਆਂ ਨੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਵੇਂ ਇਹ ਪ੍ਰਭਾਵ ਦਿੱਤਾ ਜਾਂਦਾ ਹੈ ਕਿ ਸਿਆਸੀ ਫੈਸਲੇ ਸਮੂਹ ਨੇਤਾਵਾਂ ਦੀ ਸਹਿਮਤੀ ਨਾਲ ਹੀ ਲਏ ਜਾਂਦੇ ਹਨ ਜਦਕਿ ਸੀਨੀਅਰ ਅਕਾਲੀ ਨੇਤਾਵਾਂ ਦਾ ਕਹਿਣਾ ਹੈ ਕਿ ਪਾਰਟੀ ‘ਤੇ ਪੂਰੀ ਤਰ੍ਹਾਂ ਕੰਟਰੋਲ ਬਾਦਲ ਪਰਿਵਾਰ ਦਾ ਹੀ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਦਾ ਸਿਹਰਾ ਪੂਰੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਸਿਰ ਬੱਝਣ ਤੋਂ ਬਾਅਦ ਇਹ ਮੰਨਿਆ ਜਾਂਦਾ ਸੀ ਕਿ ਪਾਰਟੀ ਅਤੇ ਸਰਕਾਰ ਉਪਰ ਸੁਖਬੀਰ ਸਿੰਘ ਬਾਦਲ ਦਾ ਹੀ ਕੰਟਰੋਲ ਹੈ। ਇਸ ਤੋਂ ਬਾਅਦ ਅਜਿਹਾ ਦੌਰ ਆਇਆ ਜਦੋਂ ਪਾਰਟੀ ਨੂੰ ਚੁਣੌਤੀਆਂ ਘੇਰਨ ਲੱਗੀਆਂ। ਸਾਲ 2014 ਵਿੱਚ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਸਿਆਸੀ ਸੰਕਟ ਨੇ ਦਸਤਕ ਦੇ ਦਿੱਤੀ ਸੀ ਪਰ ਇਸ ਵੱਲ ਕੋਈ ਧਿਆਨ ਨਾ ਦਿੱਤਾ ਤੇ ਉਸ ਤੋਂ ਬਾਅਦ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਂ ਤੋਂ ਬਾਅਦ ਹੀ ਅਕਾਲੀ ਦਲ ਨੇ ਸਿਆਸੀ ਤੌਰ ‘ਤੇ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਨਾ ਲਾਇਆ।
ਖਬਰਾਂ ਹਨ ਕਿ ਅਕਾਲੀ ਨੇਤਾ ਜਨਤਕ ਤੌਰ ‘ਤੇ ਵਿਚਰਨ ਤੋਂ ਪਾਸਾ ਵੱਟ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਇੱਕ ਅਕਾਲੀ ਨੇਤਾ ਨੇ ਕੈਨੇਡਾ ਵਿਚ ਪਿਛਲੇ ਦਿਨਾਂ ਦੌਰਾਨ ਹੋਏ ਕਬੱਡੀ ਕੱਪ ਵਿੱਚ ਸ਼ਮੂਲੀਅਤ ਕਰਨ ਤੋਂ ਨਾਂਹ ਕਰ ਦਿੱਤੀ। ਸੂਤਰਾਂ ਦਾ ਦੱਸਣਾ ਹੈ ਕਿ ਇਹ ਅਕਾਲੀ ਨੇਤਾ ਜੋ ਕਿ ਕੈਨੇਡਾ ਦੇ ਦੌਰੇ ‘ਤੇ ਗਿਆ ਹੋਇਆ ਹੈ, ਨੂੰ ਟੂਰਨਾਮੈਂਟ ਦੇ ਪ੍ਰਬੰਧਕ ਵਿਸ਼ੇਸ਼ ਤੌਰ ‘ਤੇ ਸੱਦਾ ਦੇਣ ਲਈ ਗਏ ਤਾਂ ਉਸ ਨੂੰ ਸਪੱਸ਼ਟ ਤੌਰ ‘ਤੇ ਨਾਂਹ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਅਕਾਲੀ ਨੇਤਾਵਾਂ ਦਾ ਜਨਤਕ ਤੌਰ ‘ਤੇ ਘੁੰਮਣਾ ਸੁਖਾਵਾਂ ਨਹੀਂ ਰਿਹਾ, ਇਸ ਲਈ ਉਹ ਨਹੀਂ ਆ ਸਕਦਾ। ਇਸ ਮਾਮਲੇ ਦੀ ਅਨਾਉਂਸਮੈਂਟ ਪ੍ਰਬੰਧਕਾਂ ਨੇ ਜਨਤਕ ਤੌਰ ‘ਤੇ ਕੀਤੀ।
ਪੰਜਾਬ ਵਿਧਾਨ ਸਭਾ ਵਿਚ ਬੇਅਦਬੀ ਮਾਮਲਿਆਂ ਦੀ ਪੜਤਾਲੀਆ ਰਿਪੋਰਟ ‘ਤੇ ਬਹਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਡੇ ਰਾਜਸੀ ਸੰਕਟ ਵਿਚ ਘਿਰਿਆ ਦਿਖਾਈ ਦੇ ਰਿਹਾ ਹੈ। ਦਲ ਦੀ ਕੋਰ ਕਮੇਟੀ ਨੇ ਨਵੇਂ ਉਪਜੇ ਸੰਕਟ ਵਿੱਚੋਂ ਨਿਕਲਣ ਲਈ ਮੀਟਿੰਗ ਕੀਤੀ। ਮੀਟਿੰਗ ਦੌਰਾਨ ਬਰਗਾੜੀ ਕਾਂਡ ਦੀਆਂ ਰਿਪੋਰਟ ਜਨਤਕ ਹੋਣ ਅਤੇ ਬਹਿਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਅਕਾਲੀ ਆਗੂਆਂ ਖਾਸ ਕਰ ਬਾਦਲਾਂ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਵਿਚਾਰਿਆ ਗਿਆ। ਸੂਤਰਾਂ ਦਾ ਦੱਸਣਾ ਹੈ ਕਿ ਕੋਰ ਕਮੇਟੀ ਦੇ ਕੁਝ ਮੈਂਬਰਾਂ ਨੇ ਜਦੋਂ ਤਾਜ਼ਾ ਘਟਨਾਕ੍ਰਮ ਕਾਰਨ ਪਾਰਟੀ ਨੂੰ ਸਿਆਸੀ ਤੌਰ ‘ਤੇ ਨੁਕਸਾਨ ਹੋਣ ਦੀ ਗੱਲ ਕਹੀ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੁਕਸਾਨ ਹੋਣ ਦੇ ਖ਼ਦਸ਼ਿਆਂ ਨੂੰ ਖਾਰਜ ਕਰਦਿਆਂ ਕਿਹਾ, ”ਮੈਂ ਰੋਜ਼ਾਨਾ ਸਰਵੇ ਕਰਵਾਉਂਦਾ ਹਾਂ, ਬਹਿਸ ਤੋਂ ਬਾਅਦ ਅਕਾਲੀ ਦਲ ਦਾ ਕੋਈ ਨੁਕਸਾਨ ਨਹੀਂ ਹੋਣਾ।”
ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸੇਵਾ ਸਿੰਘ ਸੇਖਵਾਂ, ਜਥੇਦਾਰ ਤੋਤਾ ਸਿੰਘ ਆਦਿ ਨੇ ਸਿਆਸੀ ਤੌਰ ‘ਤੇ ਪਾਰਟੀ ਨੂੰ ਸੰਕਟ ਹੋਣ ਦੀ ਗੱਲ ਕਹੀ। ਇਸੇ ਦੌਰਾਨ ਬੀਬੀ ਜਗੀਰ ਕੌਰ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ਼ਰਨਜੀਤ ਢਿੱਲੋਂ ਆਦਿ ਨੇ ਸੁਖਬੀਰ ਸਿੰਘ ਬਾਦਲ ਦੀ ਸੁਰ ਵਿਚ ਸੁਰ ਮਿਲਾਈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਹਿਜ਼ ਇਹੀ ਕਿਹਾ ਕਿ ਮੇਰੇ ਉਪਰ ਝੂਠੇ ਦੋਸ਼ ਲਾਏ ਗਏ ਹਨ।
ਸੂਤਰਾਂ ਮੁਤਾਬਕ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਨਤਕ ਹੋਣ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਪਾਰਟੀਆਂ ਦੇ ਹਮਲਿਆਂ ਤੋਂ ਬਾਅਦ ਜੋ ਸਿਆਸੀ ਸਥਿਤੀ ਪੈਦਾ ਹੋਈ ਹੈ, ਉਸ ‘ਤੇ ਵਿਚਾਰ ਕੀਤੀ ਜਾਣੀ ਚਾਹੀਦੀ ਹੈ। ਕੁਝ ਹੋਰਨਾਂ ਮੈਂਬਰਾਂ ਨੇ ਜਦੋਂ ਇਸੇ ਸੁਰ ਵਿਚ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਪਾਰਟੀ ਪ੍ਰਧਾਨ ਨੇ ਅਫ਼ਵਾਹਾਂ ਨੂੰ ਰੱਦ ਕਰਨ ਦੀ ਸਲਾਹ ਦਿੱਤੀ ਤੇ ਹਲਕਾ ਜਥੇਦਾਰਾਂ ਨੂੰ ਕਿਹਾ ਕਿ ਸਰਕਾਰ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤਾ ਜਾਵੇ। ਉਧਰ ਸੀਨੀਅਰ ਆਗੂਆਂ ਨੇ ਕਿਹਾ ਕਿ ਸੂਬੇ ਵਿਚ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸਮਿਤੀਆਂ ਅਤੇ ਗਰਾਮ ਪੰਚਾਇਤਾਂ ਦੀਆਂ ਚੋਣਾਂ ਐਨ ਸਿਰ ‘ਤੇ ਹੋਣ ਕਾਰਨ ਤਾਜ਼ਾ ਹਾਲਾਤ ਪਾਰਟੀ ਲਈ ਜ਼ਿਆਦਾ ਘਾਤਕ ਮੰਨੇ ਜਾ ਰਹੇ ਹਨ।
ਹਾਲ ਹੀ ‘ਚ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿਚ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖ਼ਿਲਾਫ਼ ਰੋਸ ਵਿਖਾਵੇ ਕੀਤੇ ਗਏ ਹਨ। ਹੁਣ ਸਿੱਖ ਜਥੇਬੰਦੀਆਂ ਵੱਲੋਂ ਅਕਾਲੀ ਦਲ ਨੂੰ ਘੇਰਿਆ ਜਾ ਰਿਹਾ ਹੈ। ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਕੁਨਾਂ ਵੱਲ ਪੁਤਲੇ ਸਾੜੇ ਜਾ ਰਹੇ ਹਨ । ਪ੍ਰਦਰਸ਼ਨਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੀਆਂ ਤਸਵੀਰਾਂ ਹੱਥਾਂ ਵਿੱਚ ਫੜੀਆਂ ਹੁੰਦੀਆਂ ਹਨ, ਜਿਨ੍ਹਾਂ ‘ਤੇ ‘ਪੰਥ’ ਦੇ ਗਦਾਰ ਲਿਖਿਆ ਹੋਇਆ ਹੁੰਦਾ ਹੈ।
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਬਾਦਲਾਂ ਦਾ ਪੰਥਕ ਬਾਈਕਾਟ ਕਰਨ, ਜਿਨ੍ਹਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸ਼ਰਧਾਲੂਆਂ ‘ਤੇ ਗੋਲੀ ਚਲਾਈ ਗਈ।