ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪੰਕਤੀਆਂ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਅਨੁਸਾਰ ਹਵਾ ਸਾਡੀ ਗੁਰੂ ਹੈ, ਪਾਣੀ ਸਾਡਾ ਪਿਤਾ ਅਤੇ ਧਰਤੀ ਸਾਡੀ ਮਾਤਾ ਹੈ। ਗੁਰੂ ਸਾਹਿਬ ਦੇ ਅਨੁਸਾਰ ਜੇਕਰ ਦੇਖੀਏ ਤਾਂ ਇਨ੍ਹਾਂ ਤਿੰਨਾਂ ਸ਼ਬਦਾਂ ਗੁਰੂ, ਪਿਤਾ ਅਤੇ ਮਾਤਾ ਦਾ ਸਾਡੇ ਜੀਵਨ ਵਿਚ ਬਹੁਤ ਹੀ ਮਹੱਤਵ ਹੈ। ਇਨ੍ਹਾਂ ਤੋਂ ਬਿਨਾਂ ਸਾਡਾ ਜੀਵਨ ਹੀ ਦਿਸ਼ਾਹੀਣ ਹੋਵੇਗਾ। ਮਾਤਾ-ਪਿਤਾ ਸਾਨੂੰ ਜਨਮ ਦਿੰਦੇ ਹਨ ਅਤੇ ਗੁਰੂ ਸਾਨੂੰ ਸਹੀ ਸੇਧ ਪ੍ਰਦਾਨ ਕਰਦਾ ਹੈ ਅਤੇ ਸਹੀ ਮਾਰਗ ਦਿਖਾਉਂਦਾ ਹੈ।
ਪਰ ਹੁਣ ਜੇਕਰ ਦੇਖਿਆ ਜਾਵੇ ਤਾਂ ਸਾਡੀ ਹਵਾ ਪੂਰੀ ਤਰ੍ਹਾਂ ਗੈਸਾਂ ਨਾਲ ਗੰਧਲੀ ਹੋ ਚੁੱਕੀ ਹੈ। ਪਾਣੀ ਵਿਚ ਵੀ ਅਸੀਂ ਜ਼ਹਿਰ ਘੋਲੀ ਜਾ ਰਹੇ ਹਾਂ। ਧਰਤੀ ਨੂੰ ਅਸੀਂ ਦਿਨ-ਪ੍ਰਤੀ-ਦਿਨ ਗੰਧਲਾ ਕਰੀ ਜਾ ਰਹੇ ਹਾਂ। ਹਵਾ ਨੂੰ ਅਸੀਂ ਆਵਾਜਾਈ ਦੇ ਸਾਧਨਾਂ ਨਾਲ ਪ੍ਰਦੂਸ਼ਿਤ ਕਰੀ ਜਾਂਦੇ ਹਾਂ।
ਜੇਕਰ ਅਸੀਂ ਪ੍ਰਾਚੀਨ ਗ੍ਰੰਥਾਂ ‘ਤੇ ਝਾਤ ਮਾਰੀਏ ਤਾਂ ਸਾਨੂੰ ਆਪਣੇ ਚੌਗਿਰਦੇ ਬਾਰੇ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ। ਇਸ ਸਬੰਧ ਵਿਚ ਪ੍ਰਾਚੀਨ ਗ੍ਰੰਥ ਅਥਰਵੇਦ ਦੇ ਭੂਮੀ ਸੂਕਤ ਵਿਚ ਲਿਖਿਆ ਹੋਇਆ ਹੈ ਕਿ ‘ਏ ਧਰਤੀ! ਤੇਰੀਆਂ ਪਹਾੜੀਆਂ, ਤੇਰੇ ਬਰਫਾਂ ਲੱਦੇ ਪਰਬਤਾਂ ਦੀਆਂ ਚੋਟੀਆਂ, ਤੇਰੇ ਜੰਗਲ ਸਾਡੇ ਉੱਪਰ ਮਿਹਰ ਕਰਨ, ਕਿਉਂਕਿ ਮੈਂ ਇਸ ਧਰਤੀ ਉੱਪਰ ਆਪਣਾ ਘਰ ਬਣਾਇਆ ਹੈ।’ ਇਨ੍ਹਾਂ ਲਾਈਨਾਂ ਵਿਚ ਮਨੁੱਖ ਰੱਬ ਦੀਆਂ ਅਸੀਮ ਬਰਕਤਾਂ ਦੀ ਪ੍ਰਸੰਸਾ ਕਰਦਾ ਹੈ ਅਤੇ ਪਰਮਾਤਮਾ ਨੂੰ ਇਹ ਕਹਿ ਰਿਹਾ ਹੈ ਕਿ ਇਸ ਧਰਤੀ ‘ਤੇ ਆਪਣੀ ਮਿਹਰ ਕਰ। ਚਾਹੇ ਉਸ ਸਮੇਂ ਵਾਤਾਵਰਨ ਏਨਾ ਖਰਾਬ ਨਹੀਂ ਸੀ ਪਰ ਫਿਰ ਵੀ ਮਨੁੱਖ ਉਸ ਦੀਆਂ ਅਥਾਹ ਬਖਸ਼ਿਸ਼ਾਂ ਤੋਂ ਅਣਜਾਣ ਨਹੀਂ ਸੀ।
ਇਸੇ ਸਬੰਧ ਵਿਚ ਜੇਕਰ ਅਸੀਂ ਬਾਈਬਲ ਦਾ ਪਹਿਲਾ ਅਧਿਆਇ ਪੜ੍ਹੀਏ ਤਾਂ ਉਸ ਵਿਚੋਂ ਸਾਨੂੰ ਪਤਾ ਲੱਗਦਾ ਹੈ ਕਿ ‘ਪ੍ਰਿਥਵੀ ਉੱਪਰ ਜੀਵ ਜਗਤ ਆਉਣ ਤੋਂ ਪਹਿਲਾਂ ਪੌਦੇ ਅਤੇ ਬਨਸਪਤੀ ਮੌਲ ਰਹੀ ਸੀ।’ ਹੁਣ ਉਹੀ ਜੀਵ ਜਿਸ ਨੂੰ ਇਨ੍ਹਾਂ ਪੌਦਿਆਂ ਅਤੇ ਬਨਸਪਤੀ ਨੇ ਸਾਹ ਦਾ ਦਾਨ ਦਿੱਤਾ, ਅੱਜ ਉਸ ਨੂੰ ਹੀ ਇਹ ਮਨੁੱਖ ਹਾਨੀ ਪਹੁੰਚਾ ਰਿਹਾ ਹੈ।
ਵਾਤਾਵਰਨ, ਜਿਸ ਵਿਚ ਅਸੀਂ ਰਹਿੰਦੇ ਹਾਂ, ਉਸ ਵਿਚ ਸਭ ਤੋਂ ਮਹੱਤਵਪੂਰਨ ਰੋਲ ਪੌਦਿਆਂ ਦਾ ਹੈ, ਜੋ ਮੌਸਮ ਨੂੰ ਖੁਸ਼ਗਵਾਰ ਅਤੇ ਇਸ ਵਿਚ ਤਾਲਮੇਲ ਬਣਾਈ ਰੱਖਦੇ ਹਨ। ਪੌਦਿਆਂ ਦਾ ਸਾਡੇ ਜੀਵਨ ਵਿਚ ਬੜਾ ਅਹਿਮ ਯੋਗਦਾਨ ਹੈ। ਇਹ ਸਾਡੀ ਸਾਹ ਲੜੀ ਹੀ ਨਹੀਂ, ਸਗੋਂ ਸਾਡੀ ਭੋਜਨ ਲੜੀ ਦਾ ਵੀ ਹਿੱਸਾ ਹਨ। ਇਨ੍ਹਾਂ ਦੇ ਪੱਤੇ, ਜੜ੍ਹਾਂ ਤੇ ਤਣੇ ਮਰ ਕੇ ਵੀ ਸਾਨੂੰ ਪੂਰਾ ਲਾਭ ਪ੍ਰਦਾਨ ਕਰਦੇ ਹਨ। ਵਾਯੂ ਮੰਡਲ ਵਿਚ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦਾ ਸੰਤੁਲਨ ਇਨ੍ਹਾਂ ਪੌਦਿਆਂ ਨੇ ਹੀ ਕਾਇਮ ਰੱਖਿਆ ਹੋਇਆ ਹੈ।
ਸਾਡੇ ਗੁਰੂਆਂ, ਪੀਰਾਂ ਤੇ ਵੱਡੇ-ਵਡੇਰਿਆਂ ਨੇ ਮਨੁੱਖ ਦੀ ਇਨ੍ਹਾਂ ਪੌਦਿਆਂ ਨਾਲ ਬੜੀ ਨੇੜੇ ਦੀ ਸਾਂਝ ਦੱਸੀ ਹੈ ਪਰ ਇਹ ਸਾਂਝ ਅੱਜ ਅਸੀਂ ਆਪ ਹੀ ਤੋੜਨੀ ਸ਼ੁਰੂ ਕਰ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਉਸ ਅਕਾਲ ਪੁਰਖ ਦੀ ਬਣਾਈ ਹੋਈ ਇਸ ਸ੍ਰਿਸ਼ਟੀ ਦਾ ਰੱਜ ਕੇ ਗੁਣ-ਗਾਣ ਕੀਤਾ। ਉਹ ਕੁਦਰਤ ਨੂੰ ਕਾਦਰ (ਰੱਬ) ਦਾ ਹੀ ਰੂਪ ਸਮਝਦੇ ਹਨ ਅਤੇ ਉਸ ਦੀ ਸਾਜੀ ਹੋਈ ਸ੍ਰਿਸ਼ਟੀ ਦੀ ਆਰਤੀ ਉਤਾਰਦੇ ਹਨ। ਉਹ ਇਸ ਸ੍ਰਿਸ਼ਟੀ ਦੀ ਪ੍ਰਸੰਸਾ ਵਿਚ ਇਹ ਸਤਰਾਂ ਲਿਖਦੇ ਹਨ :
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ।
ਧੂਪ ਮਲਆਨਲੋ, ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ॥
ਕੈਸੀ ਆਰਤੀ ਹੋਇ॥
ਭਵ ਖੰਡਨਾ ਤੇਰੀ ਆਰਤੀ
ਅਨਹਤਾ ਸ਼ਬਦ ਵਾਜੰਤ ਭੇਰੀ॥
ਸਾਡੇ ਗੁਰੂਆਂ, ਪੀਰਾਂ ਅਤੇ ਸੰਤਾਂ ਤੋਂ ਇਲਾਵਾ 20ਵੀਂ ਅਤੇ 21ਵੀਂ ਸਦੀ ਵਿਚ ਇਸ ਵਾਤਾਵਰਨ ਨੂੰ ਬਚਾਉਣ ਵਿਚ ਕਈ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਈਆਂ, ਜਿਨ੍ਹਾਂ ਵਿਚ ਚਿਪਕੋ ਅੰਦੋਲਨ ਦਾ ਬਹੁਤ ਵੱਡਾ ਯੋਗਦਾਨ ਹੈ। ਪੰਜਾਬ ਵਿਚ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਇਹ ਉਹ ਵਾਤਾਵਰਨ ਪ੍ਰੇਮੀ ਹੈ, ਜਿਸ ਨੂੰ ਸਾਡੇ ਭਾਰਤ ਦੇ ਆਦਰਯੋਗ ਰਾਸ਼ਟਰਪਤੀ ਸ੍ਰੀ ਏ.ਪੀ.ਜੇ. ਅਬਦੁਲ ਕਲਾਮ ਨੇ ਆਪ ਲੱਭਿਆ ਸੀ। ਇਸ ਸੰਤ ਨੇ ਕਾਲੀ ਵੇਈਂ ਜਿਸ ਦੀ ਲੰਬਾਈ ਪਿੰਡ ਧਨੋਆ ਤੋਂ ਲੈ ਕੇ ਹਰੀਕੇ ਪੱਤਣ ਤੱਕ ਲਗਪਗ 160 ਕਿਲੋਮੀਟਰ ਹੈ, ਨੂੰ ਸਾਫ਼ ਕਰਕੇ ਇਤਿਹਾਸ ਕਾਇਮ ਕੀਤਾ ਅਤੇ ਸੀਚੇਵਾਲ ਮਾਡਲ ਨੂੰ ਦੇਸ਼ ਦੇ ਸਾਹਮਣੇ ਪੇਸ਼ ਕੀਤਾ। ਸੀਚੇਵਾਲ ਪਿੰਡ ਵਿਚ ਸੰਤ ਬਲਬੀਰ ਸਿੰਘ ਨੇ ਪਾਣੀ ਨੂੰ ਦੁਬਾਰਾ ਵਰਤੋਂ ਵਿਚ ਲਿਆਉਣ ਲਈ ਪਿੰਡ ਵਿਚ ਛੱਪੜ ਦੇ ਪਾਣੀ ਨੂੰ ਖੇਤੀ ਲਈ ਵਰਤਣਯੋਗ ਬਣਾਇਆ। ਸੰਤ ਸੀਚੇਵਾਲ ਅਨੁਸਾਰ ‘ਪੰਜਾਬ ਦੇ ਸਾਰੇ ਛੱਪੜਾਂ ‘ਤੇ ਮੋਟਰਾਂ ਲਾ ਕੇ ਜੇਕਰ ਪਾਣੀ ਖੇਤੀ ਲਈ ਵਰਤਿਆ ਜਾਵੇ ਤਾਂ ਜਿਥੇ ਇਹ ਪਾਣੀ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ, ਉਥੇ ਲਗਪਗ 20 ਹਜ਼ਾਰ ਮੋਟਰਾਂ ਧਰਤੀ ਹੇਠੋਂ ਪਾਣੀ ਕੱਢਣ ਤੋਂ ਰੁਕ ਜਾਣਗੀਆਂ, ਜਿਸ ਨਾਲ ਧਰਤੀ ਹੇਠਲਾ ਪਾਣੀ ਵੀ ਬਚੇਗਾ।’ ਇਸ ਤਰ੍ਹਾਂ ਪਾਣੀ ਨੂੰ ਬਚਾਉਣਾ ਵੀ ਸਮੇਂ ਦੀ ਮੁੱਖ ਲੋੜ ਹੈ।
ਇਸ ਤਰ੍ਹਾਂ ਪੰਜਾਬ ਵਿਚ ਈਕੋ ਫ਼ਰੈਂਡਲੀ ਐਸੋਸੀਏਸ਼ਨ ਵੀ ਵਾਤਾਵਰਨ ਸਬੰਧੀ ਕੰਮ ਕਰ ਰਹੀ ਹੈ। ਇਸ ਨੇ 1999 ਈ: ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ। ਹਰੇਕ ਸਾਲ ਇਹ ਸੰਸਥਾ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵਿਚ 5000 ਦੇ ਕਰੀਬ ਬੂਟੇ ਲਾਉਂਦੀ ਹੈ। ਹੁਣ ਤੱਕ ਇਸ ਸੰਸਥਾ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ 80,000 ਦੇ ਕਰੀਬ ਬੂਟੇ ਲਾਏ ਹਨ ਅਤੇ ਹਰੇਕ ਜ਼ਿਲ੍ਹੇ ਵਿਚ ਨੁੱਕੜ ਨਾਟਕਾਂ ਨਾਲ ਲੋਕਾਂ ਵਿਚ ਵਾਤਾਵਰਨ ਸਬੰਧੀ ਚੇਤਨਾ ਪੈਦਾ ਕੀਤੀ ਹੈ। ਇਸੇ ਤਰਜ਼ ‘ਤੇ ਹੋਰ ਵੀ ਸੰਸਥਾਵਾਂ ਹਨ, ਜੋ ਵਾਤਾਵਰਨ ਨੂੰ ਬਚਾਉਣ ਵਿਚ ਲੱਗੀਆਂ ਹੋਈਆਂ ਹਨ।
ਜੇਕਰ ਦੇਖਿਆ ਜਾਵੇ ਤਾਂ ਦੇਸ਼ ਦੀ ਵਧਦੀ ਆਬਾਦੀ ਨੇ ਮਨੁੱਖ ਦੀਆਂ ਲੋੜਾਂ ਵਿਚ ਵਾਧਾ ਕੀਤਾ ਹੈ। ਮਨੁੱਖ ਨੇ ਜੰਗਲਾਂ ਨੂੰ ਕੱਟ ਕੇ ਆਪਣੇ ਉਦਯੋਗਿਕ ਜੀਵਨ ਨੂੰ ਖੁਸ਼ਹਾਲ ਕੀਤਾ ਤੇ ਉਹ ਮਨੁੱਖ ਉਦਯੋਗਿਕ ਯੁੱਗ ਵਿਚ ਪ੍ਰਵੇਸ਼ ਕਰ ਗਿਆ। ਵਿਕਾਸਸ਼ੀਲ ਦੇਸ਼ ਆਪਣੇ ਲੋਕਾਂ ਨੂੰ ਜ਼ਿੰਦਾ ਰੱਖਣ ਲਈ ਕੁਦਰਤੀ ਸੋਮਿਆਂ ਦਾ ਉਜਾੜਾ ਕਰਨ ਲੱਗੇ ਤਾਂ ਦੂਜੇ ਪਾਸੇ ਵਿਕਸਿਤ ਦੇਸ਼ ਆਪਣੇ ਸਾਧਨਾਂ ਨੂੰ ਸੰਭਾਲ ਕੇ ਰੱਖਣ ਦੇ ਮੰਤਵਾਂ ਅਧੀਨ ਅਵਿਕਸਿਤ ਦੇਸ਼ਾਂ ਦੇ ਸੋਮਿਆਂ ਨੂੰ ਲੁੱਟਣ ਲੱਗੇ। ਕੁਦਰਤ ਦੀ ਇਸ ਲੁੱਟ-ਖਸੁੱਟ ਕਾਰਨ ਮਨੁੱਖ ਦਾ ਮਾਂ-ਪ੍ਰਕਿਰਤੀ ਵਿਚਕਾਰਲਾ ਨਾਤਾ ਟੁੱਟ ਰਿਹਾ ਹੈ। ਜੰਗਲਾਂ ਦੀ ਕਟਾਈ ਕਾਰਨ ਪਸ਼ੂ, ਪੰਖੇਰੂਆਂ ਤੇ ਕਈ ਪੌਦਿਆਂ ਦੀ ਸਾਂਭ-ਸੰਭਾਲ ਅਸੰਭਵ ਹੋ ਗਈ ਹੈ।
ਇਨ੍ਹਾਂ ਹਰੇ-ਭਰੇ ਪੌਦਿਆਂ ਤੇ ਜੰਗਲਾਂ ਨੂੰ ਬਚਾਉਣ ਲਈ ਸਮੇਂ-ਸਮੇਂ ‘ਤੇ ਕਈ ਐਕਟ ਵੀ ਪਾਸ ਹੋਏ। 1927 ਵਿਚ ਭਾਰਤੀ ਜੰਗਲੀ ਐਕਟ, 1972 ਵਿਚ ਜੰਗਲੀ ਜੀਵਨ ਬਚਾਓ ਐਕਟ, 1986 ਵਿਚ ਵਾਤਾਵਰਨ ਬਚਾਓ ਐਕਟ ਪਾਸ ਕੀਤੇ ਗਏ। ਭਾਰਤ ਸੰਸਾਰ ਵਿਚ ਪਹਿਲਾ ਦੇਸ਼ ਹੈ, ਜਿਸ ਨੇ 1976 ਵਿਚ 42ਵੀਂ ਸੋਧ ਰਾਹੀਂ ਸੰਵਿਧਾਨ ਦੇ ਭਾਗ 4, ਧਾਰਾ 48 ਏ ਤਹਿਤ ਵਾਤਾਵਰਨ, ਜੰਗਲਾਂ, ਜੰਗਲੀ ਜੀਵਾਂ ਤੇ ਕੁਦਰਤੀ ਸੋਮਿਆਂ ਦੀ ਸੰਭਾਲ ਤੇ ਸੁਰੱਖਿਆ ਇਕ ਸੰਵਿਧਾਨਕ ਜ਼ਿੰਮੇਵਾਰੀ ਹੈ, ਕਾਨੂੰਨ ਪਾਸ ਕੀਤਾ ਸੀ। ਇਸ ਤਰ੍ਹਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਧਰਤੀ ਨੂੰ ਹਰਿਆ-ਭਰਿਆ ਬਣਾਉਣਾ ਹੈ, ਜਿਸ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਇਨ੍ਹਾਂ ਸੋਮਿਆਂ ਦਾ ਆਨੰਦ ਮਾਣ ਸਕੇ।

– ਸੰਜੀਵ ਕੁਮਾਰ ਕਲਸੀ