ਫੁੱਫੜ ਬਨਾਮ ਕੁੱਕੜ : ਵਿਅੰਗ

ਫੁੱਫੜ ਬਨਾਮ ਕੁੱਕੜ : ਵਿਅੰਗ

 ਫੁੱਫੜ ਬਨਾਮ ਕੁੱਕੜ : ਵਿਅੰਗ 

– ਪਿੰਡ ਦੀ ਸੱਥ ਵਿੱਚੋਂ

ਜਿਉਂ ਹੀ ਖਾਰੀ ਵਾਲੇ ਸੰਤੋਖੇ ਨੇ ਸੱਥ ਕੋਲ ਆ ਕੇ ਆਲੂ ਲਉ, ਗੰਢੇ ਲਉ, ਬੈਂਗਣ ਲਉ, ਬਿਸਕੁਟ ਲਉ ਆਦਿ ਦਾ ਹੋਕਾ ਦਿੱਤਾ ਤਾਂ ਸੱਥ ‘ਚ ਬੈਠੇ ਲੋਕਾਂ ਨੇ ਇਉਂ ਕੰਨ ਚੁੱਕ ਲਏ ਜਿਵੇਂ ਪਿੰਡ ‘ਚ ਪੱਕੀ ਰਾਈਫ਼ਲ ਦਾ ਫਾਇਰ ਹੋਏ ਤੋਂ ਪਿੰਡ ਦਾ ਧਿਆਨ ਚੱਲੀ ਗੋਲ਼ੀ ਵੱਲ ਹੋ ਗਿਆ ਹੋਵੇ। ਨਾਥਾ ਅਮਲੀ ਖਾਰੀ ਵਾਲੇ ਨੂੰ ਆਵਾਜ਼ ਮਾਰ ਕੇ ਕਹਿੰਦਾ,
”ਸੰਤੋਖ ਸਿਆਂ! ਕਿਚਨ ਗਿਰੀਆਂ ਹੈਗੀਆਂ ਤੇਰੇ ਕੋਲੇ। ਜੇ ਹੈ ਤਾਂ ਮੁੜੀ ਮਾੜਾ ਜਾ ਆਹ ਨੰਬਰਦਾਰ ਨੂੰ ਚਾਹੀਦੀਐਂ। ਇਨ੍ਹਾਂ ਦੀ ਮੱਝ ਨਿੱਤ ਈ ਦੁੱਧ ਡੁਲ੍ਹਾਅ ਦਿੰਦੀ ਐ ਉਹਨੂੰ ਦੇਣੀਐਂ।”
ਅਮਲੀ ਦਾ ਮਖ਼ੌਲ ਸੁਣ ਕੇ ਖਾਰੀ ਵਾਲਾ ਨਾਥੇ ਅਮਲੀ ਨੂੰ ਟਿੱਚਰ ‘ਚ ਕਹਿੰਦਾ, ”ਸੰਤੇ ਕੇ ਜੱਲ੍ਹੇ ਕੋਲੇ ਐ, ਨਾਲੇ ਦੇ ਵੀ ਸਸਤੀਆਂ ਈ ਦੇਊਗਾ। ਉਹ ਤਾਂ ਅਮਲੀਆ ਬੁੜ੍ਹੇ ਬੁੜ੍ਹੀਆਂ ਨੂੰ ਦਿੰਦੇ ਹੁੰਦੇ ਐ ਜਿੰਨ੍ਹਾਂ ਦੇ ਗਿੱਟੇ ਗੋਡੇ ਦੁਖਦੇ ਹੁੰਦੇ ਐ, ਮੱਝ ਦੇ ਦੁੱਧ ਡੁਲਾਉਣ ਨਾਲ ਤਾਂ ਉਨ੍ਹਾਂ ਦਾ ਲੱਲਾ ਖੱਖਾ ਈ ਨ੍ਹੀ ਓਏ।”
ਸੀਤਾ ਮਰਾਸੀ ਸੰਤੋਖੇ ਖਾਰੀ ਵਾਲੇ ਨੂੰ ਕਹਿੰਦਾ, ”ਗਿੱਟੇ ਗੋਡੇ ਦੁਖਦਿਆਂ ਤੋਂ ਤਾਂ ਤਾਰਪੀਨ ਦੇ ਤੇਲ ਦੀ ਮਾਲਸ਼ ਕਰਦੇ ਹੁੰਦੇ ਐ ਓਏ, ਜੇ ਤੇਰੇ ਕੋਲੇ ਹੈ ਤਾਂ ਦੱਸਦੇ ਨਹੀਂ ਤੂੰ ਗਾਹਾਂ ਜਾਹ ਆਵਦੇ ਆਲੂ ਬੈਗਣ ਵੇਚ ਲਾ।”
ਮਾਹਲਾ ਨੰਬਰਦਾਰ ਮਰਾਸੀ ਨੂੰ ਕਹਿੰਦਾ, ”ਜੇ ਮੀਰ ਅਗਲੇ ਨੇ ਸੱਥ ‘ਚ ਬਹਿ ਕੇ ਆਵਦਾ ਢਿੱਡ ਹੌਲ਼ਾ ਕਰਨਾ ਹੋਵੇ ਫੇਰ, ਤੂੰ ਪਤੰਦਰਾ ਉਹਨੂੰ ਭਜਾਉਣ ‘ਤੇ ਲੱਗ ਗਿਐਂ। ਆ ਜਾ ਸੰਤੋਖ ਸਿਆਂ ਐਧਰਲੇ ਪਾਸੇ ਆ ਕੇ ਬਹਿ ਕੇ ਪਹਿਲਾਂ ਤੂੰ ਤਾਂ ਕਰ ਢਿੱਡ ਹੌਲਾ, ਬਾਕੀ ਫੇਰ ਵੇਖਾਂਗੇ ਕੀ ਬਣਦੈ?”
ਮਾਹਲੇ ਨੰਬਰਦਾਰ ਦੀ ਗੱਲ ਸੁਣ ਕੇ ਨਾਥਾ ਅਮਲੀ ਉੱਚੀ ਉੱਚੀ ਹੱਸ ਕੇ ਮਾਹਲੇ ਨੰਬਰਦਾਰ ਨੂੰ ਕਹਿੰਦਾ, ”ਨੰਬਰਦਾਰਾ ਕੀ ਗੱਲਾਂ ਕਰਦੈਂ ਯਾਰ ਤੂੰ, ਇਹ ਕੀ ਝੰਡੂ ਕਿਆ ਆਲੀ ਨਿਆਈਂ ਐਂ ਢਿੱਡ ਹੌਲਾ ਕਰਨ ਨੂੰ। ਸੱਥ ਐ ਇਹੇ ਪਿੰਡ ਦੀ। ਏਥੇ ਫੈਸਲੇ ਵੀ ਹੁੰਦੇ ਐ, ਰੈ ਸਲਾਹਾਂ ਵੀ ਹੁੰਦੀਐਂ, ਬੰਦਾ ਆਵਦਾ ਮਨ ਹੌਲਾ ਕਰ ਲੈਂਦਾ ਏਥੇ ਆ ਕੇ। ਤੂੰ ਐਡੀ ਪਵਿਤਰ ਜਗ੍ਹਾ ‘ਚ ਗੰਦ ਪਾਉਣ ਆਲੀ ਗੱਲ ਕਰਨ ਲੱਗਿਐਂ।”
ਮਾਹਲਾ ਨੰਬਰਦਾਰ ਉੱਸਲ ਵੱਟੇ ਲੈਂਦਾ ਨਾਥੇ ਅਮਲੀ ਵੱਲ ਕੌੜ ਮੱਝ ਵਾਂਗੂੰ ਝਾਕ ਕੇ ਕਹਿੰਦਾ, ”ਇਹ ‘ਚ ਗੰਦ ਪਾਉਣ ਆਲੀ ਕਿਹੜੀ ਗੱਲ ਐ ਓਏ। ਜੇ ਏਥੇ ਸੱਥ ‘ਚ ਆ ਕੇ ਕੋਈ ਆਵਦਾ ਮਨ ਹੌਲਾ ਕਰ ਲੈਂਦਾ ਨਾਲੇ ਮਾੜਾ ਮੋਟਾ ਢਿੱਡ ਵੀ ਹੌਲਾ ਕਰ ਲੂ ਫੇਰ ਕਿਹੜਾ ਤੇਰੀਆਂ ਕੁਕੜੀਆਂ ਆਂਡੇ ਧਰਨੋ ਹਟ ਜਾਣਗੀਆਂ।”
ਬਾਬਾ ਨਿਰੰਜਨ ਸਿਉਂ ਮਾਹਲੇ ਨੰਬਰਦਾਰ ਦੀ ਗੱਲ ਸੁਣ ਕੇ ਨੰਬਰਦਾਰ ਨੂੰ ਸਮਝਾਉਂਦਾ ਬੋਲਿਆ, ”ਮਾਹਲਾ ਸਿਆਂ ਮਾਹਲਾ ਸਿਆਂ! ਹਜੇ ਤਾਂ ਤੂੰ ਇਹਦੀਆਂ ਉਰਲੀਆਂ ਈ ਸੁਣੀਐਂ, ਜੇ ਪਰਲੀਆਂ ਸੁਣਲੀਆਂ ਨਾਹ, ਤੇਰੇ ਧਰਤੀ ‘ਤੇ ਪੈਰ ਨ੍ਹੀ ਲੱਗਣ ਦੇਣੇ। ਤੂੰ ਇਹਦੀ ਗੱਲ ਈ ਨ੍ਹੀ ਸਮਝਿਆ। ਜਿਹੜੀ ਗੱਲ ਤੂੰ ਕਰਦੈਂ ਢਿੱਡ ਹੌਲ਼ਾ ਕਰਨ ਆਲੀ, ਇਹ ਨਾਥਾ ਸਿਉਂ ਪਤਾ ਓਸ ਗੱਲ ‘ਤੇ ਕਿਹੜੀ ਟੋਨ ਕੱਢਦੈ?”
ਮਾਹਲੇ ਨੰਬਰਦਾਰ ਨੇ ਬਾਬੇ ਨਿਰੰਜਨ ਸਿਉਂ ਨੂੰ ਪੁੱਛਿਆ, ”ਕਿਹੜੀ ਕੱਢਦੈ?”
ਬਾਬਾ ਨਿਰੰਜਨ ਸਿਉਂ ਤਾਂ ਏਨੀ ਗੱਲ ਕਹਿ ਕੇ ਚੁੱਪ ਕਰ ਗਿਆ, ਸੀਤੇ ਮਰਾਸੀ ਨੇ ਉਧੇੜਿਆ ਫਿਰ ਗਲੋਟਾ। ਮਾਹਲੇ ਨੰਬਰਦਾਰ ਨੂੰ ਕਹਿੰਦਾ, ”ਢਿੱਡ ਹੌਲਾ ਕਰਨ ਆਲੀ ਜਿਹੜੀ ਗੱਲ ਐ ਨੰਬਰਦਾਰਾ, ਉਹ ਇਹ ਐ ਬਈ ਪਹਿਲਾਂ ਢਿੱਡ ਹੌਲਾ ਚੁਗਲੀਆਂ ਕਰਨ ਨੂੰ ਕਹਿੰਦੇ ਹੁੰਦੇ ਸੀ, ਬਈ ਚੁਗਲੀਆਂ ਕਰਕੇ ਫਲਾਨੇ ਨੇ ਢਿੱਡ ਹੌਲ਼ਾ ਕਰ ਲਿਆ।”
ਨਾਥਾ ਅਮਲੀ ਸੀਤੇ ਮਰਾਸੀ ਦੀ ਗੱਲ ਵਿਚਾਲਿਉਂ ਟੋਕ ਕੇ ਮਰਾਸੀ ਨੂੰ ਕਹਿੰਦਾ,”ਹੁਣ ਢਿੱਡ ਹੌਲਾ ਕਰਨਾ ਕਾਸ ਨੂੰ ਕਹਿੰਦੇ ਭਲਾਂ ਮੀਰ, ਉਹ ਵੀ ਹੁਣ ਦੱਸਦੇ ਨੰਬਰਦਾਰ ਨੂੰ।”
ਮਰਾਸੀ ਕਹਿੰਦਾ, ”ਹੁਣ ਤਾਂ ਢਿੱਡ ਹੌਲਾ ਜੰਗਲ ਪਾਣੀ ਨੂੰ ਕਹਿੰਦੇ ਐ। ਹੁਣ ਨੰਬਰਦਾਰ ਫਿਰ ਆਪ ਈ ਦੱਸਦੇ ਬਈ ਸੱਥ ਆਲੇ ਥੜ੍ਹੇ ‘ਤੇ ਢਿੱਡ ਹੌਲ਼ਾ ਕਰ ਲਵੇ ਇਹੇ?”
ਮਰਾਸੀ ਤੇ ਅਮਲੀ ਦੀਆਂ ਜਭਲੀਆਂ ਸੁਣ ਕੇ ਬਾਬਾ ਨਿਰੰਜਨ ਸਿਉਂ ਦੋਹਾਂ ਨੂੰ ਘੂਰਦਾ ਬੋਲਿਆ, ”ਬਹਿੰਦੇ ਨ੍ਹੀ ਓਏ ਚੁੱਪ ਕਰਕੇ, ਕੋਈ ਚੱਜ ਦੀ ਗੱਲ ਕਰ ਲਿਆ ਕਰੋ, ਹੋਰ ਈ ਉੱਘ ਦੀਆਂ ਪਤਾਲ ਮਾਰੀ ਜਾਨੇਂ ਐਂ।”
ਸੁਰਜਨ ਬੁੜ੍ਹਾ ਗੱਲਾਂ ਸੁਣੀ ਜਾਂਦਾ ਬਾਬੇ ਨਿਰੰਜਨ ਸਿਉਂ ਨੂੰ ਕਹਿੰਦਾ, ”ਨਰੰਜਨ ਸਿਆਂ! ਇਨ੍ਹਾਂ ਦੇ ਕਮਲਪੁਣੇ ਦੇ ਲਹਿ ਗੇ ਸੰਗਲ। ਇਹ ਤਾਂ ਓਮੇਂ ਈਂ ਹੁਣ ਚੁੱਪ ਕਰਨ ਗੇ ਜਿਮੇਂ ਕਰਤਾਰੇ ਕੱਬੇ ਦੇ ਵਚਾਲੜੇ ਮੁੰਡੇ ਦੇ ਵਿਆਹ ਵੇਲੇ ਨਕਲੀ ਫੁੱਫੜ ਚੁੱਪ ਕਰਾਇਆ ਸੀ। ਛਾਂਪ ਪੁਆ ਕੇ ਭੱਜ ਗਿਆ ਸੀ, ਜਦੋਂ ਘੈਂਸਲੇ ਪੈਣ ਲੱਗੇ, ਫੇਰ ਮਿੰਟ ਚੀ ਝੱਗ ਆਂਗੂੰ ਇਉਂ ਬਹਿ ਗਿਆ ਜਿਮੇਂ ਪਾਂਅ ਪਈ ਆਲਾ ਕੁੱਤਾ ਕੜਬ ਦੇ ਟਾਂਡੇ ਵੇਖ ਕੇ ਉਨ੍ਹਾਂ ‘ਤੇ ਇੱਕਦਮ ਲਿਟ ਜਾਂਦਾ ਹੁੰਦੈ।”
ਸੁਰਜਨ ਬੁੜ੍ਹੇ ਦੀ ਗੱਲ ਸੁਣ ਕੇ ਬੁੱਘਰ ਦਖਾਣ ਕਹਿੰਦਾ, ”ਜਦੋਂ ਕਰਤਾਰੇ ਕੱਬੇ ਦੇ ਮੁੰਡੇ ਦੇ ਵਿਆਹ ਵੇਲੇ ਨਕਲੀ ਫੁੱਫੜ ਦੇ ਛਤਰੌਲ ਹੋਈ ਸੀ ਮੈਂ ਛੀਮੀਂ ਸੱਤਮੀਂ ‘ਚ ਪੜ੍ਹਦਾ ਸੀ। ਮੈਂ ਆਵਦੇ ਬਾਪੂ ਨਾਲ ਉਨ੍ਹਾਂ ਦੀ ਜੰਨ ਗਿਆ ਸੀ। ਮੈਨੂੰ ਸੁਰਤ ਐ ਬਈ ਉੱਥੇ ਲੜਾਈ ਹੋਈ ਸੀ।”
ਨਾਥਾ ਅਮਲੀ ਕਹਿੰਦਾ, ”ਲੜਾਈ ਅਰਗੀ ਲੜਾਈ, ਅਗਲਿਆਂ ਨੇ ਸਣੇ ਜੰਨ ਦੇ ਇਉਂ ਲੂੰਧੜੇ ਪਾ ‘ਤੇ ਜਿਮੇਂ ਗਧੇ ਦੀ ਢੂਹੀ ‘ਤੇ ਪਿੱਤ ਨਿੱਕਲੀ ਹੁੰਦੀ ਐ।”
ਪ੍ਰਤਾਪਾ ਭਾਊ ਨਾਥੇ ਅਮਲੀ ਨੂੰ ਕਹਿੰਦਾ, ”ਨਾਥਾ ਸਿਆਂ ਤੈਨੂੰ ਕੱਬਿਆਂ ਦੇ ਮੁੰਡੇ ਦੇ ਵਿਆਹ ‘ਚ ਨਕਲੀ ਫੁੱਫੜ ਆਲੀ ਕਹਾਣੀ ਦਾ ਪਤੈ?”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਇਹਨੂੰ ਕੀ ਪਤਾ ਹੋਣੈ, ਇਹ ਤਾਂ ਉਦੋਂ ਮੰਜੀ ‘ਚ ਪਿਆ ਛਣਕਣਿਆਂ ਨਾਲ ਖੇਡਦਾ ਹੋਣੈ।”
ਅਮਲੀ ਕਹਿੰਦਾ, ”ਬਾਪੂ ਅਰਗੇ ਦੱਸਦੇ ਹੁੰਦੇ ਸੀ ਬਈ ਕਰਤਾਰੇ ਕੱਬੇ ਦੇ ਮੁੰਡੇ ਦੇ ਵਿਆਹ ‘ਚ ਫੁੱਫੜ ਦੇ ਕਿਮੇਂ ਕੁੱਟ ਪਈ ਸੀ।”
ਰਤਨ ਸਿਉਂ ਸੂਬੇਦਾਰ ਅਮਲੀ ਨੂੰ ਕਹਿੰਦਾ, ”ਛੇੜਦੇ ਫਿਰ ਹੀਰ। ਉਦੋਂ ਨੂੰ ਦਿਨ ਛਿਪ ਜਾਣੈ ਫੇਰ ਕਿਤੇ ਗਾਉਣ ਵਿੱਚੇ ਈ ਨਾ ਰਹਿ ਜੇ।”
ਅਮਲੀ ਕਹਿੰਦਾ, ”ਮੇਰਾ ਬਾਪੂ ਦੱਸਦਾ ਹੁੰਦਾ ਸੀ। ਕਹਿੰਦਾ ਜਦੋਂ ਕਰਤਾਰੇ ਕੱਬੇ ਦੇ ਮੁੰਡੇ ਦਾ ਵਿਆਹ ਸੀ, ਮੁੰਡੇ ਦਾ ਕੋਟ ਫਤੂਹੀ ਆਲਾ ਫੁੱਫੜ ਜੋਰਾ ਸਿਉਂ ਰਾਤ ਨੂੰ ਰੋਟੀ ਖਾਣ ਵੇਲੇ ਕੁੱਕੜ ਪਿੱਛੇ ਰੁੱਸ ਗਿਆ ਬਈ ਮੇਰੇ ਵਾਸਤੇ ਕੁੱਕੜ ਨ੍ਹੀ ਲਿਆਂਦਾ। ਰਾਤ ਨੂੰ ਦਾਰੂ ਦੇ ਦੋ ਤਿੰਨ ਵੱਡੇ ਵੱਡੇ ਲਾ ਕੇ ਹਾੜੇ ਮੂੰਹ ਵੱਟ ਕੇ ਪੂਰਾ ਟੁੰਨ ਹੋ ਕੇ ਪੈ ਗਿਆ। ਅੱਧੀ ਕੁ ਰਾਤ ਨੂੰ ਜਦੋਂ ਜਾਗ ਆਈ, ਸਹੁਰਿਆਂ ਦੀ ਘੋੜੀ ਖੋਹਲੀ ਤੇ ਰਾਤੇ ਰਾਤ ਈ ਜਿਉਣਾ ਮੌੜ ਬਣ ਗਿਆ।”
ਬਾਬੇ ਨਿਰੰਜਨ ਸਿਉਂ ਨੇ ਹੁੰਗਾਰਾ ਭਰਦੇ ਨੇ ਅਚੰਭੇ ਵਾਲੀ ਟੋਨ ‘ਚ ਪੁੱਛਿਆ, ”ਜਿਉਣਾ ਮੌੜ?”
ਮਾਹਲਾ ਨੰਬਰਦਾਰ ਬਾਬੇ ਨਿਰੰਜਨ ਸਿਉਂ ਨੂੰ ਕਹਿੰਦਾ, ”ਕਹਿਣ ਤੋਂ ਭਾਵ ਬਈ ਭੱਜ ਗਿਆ, ਤੂੰ ਗਾਹਾਂ ਗੱਲ ਸੁਣ ਨਰੰਜਨ ਸਿਆਂ। ਹਾਂ ਬਈ ਨਾਥਾ ਸਿਆਂ ਗਾਹਾਂ ਕਰ ਗੱਲ।”
ਨਾਥਾ ਅਮਲੀ ਫੇਰ ਪੰਜ ਪੌਣ ‘ਤੇ ਹੋ ਗਿਆ ਗੱਲ ਸੁਣਾਉਣ ਨੂੰ। ਨੰਬਰਦਾਰ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਜਦੋਂ ਭਾਈ ਕਰਤਾਰੇ ਅਰਗੇ ਤੜਕੇ ਉੱਠੇ ਬਈ ਛੇਤੀ ਤਿਆਰ ਹੋ ਕੇ ਜੰਨ ਤੁਰੀਏ ਤਾਂ ਵੇਖਿਆ ਬਈ ਫੁੱਫੜ ਤਾਂ ਬਿਸਤਰੇ ਚੀ ਹੈਨ੍ਹੀ। ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਬਈ ਬਾਹਰ ਜੰਗਲ ਪਾਣੀ ਗਿਆ ਹੋਣੈ, ਜਦੋਂ ਸਾਂਝੀ ਡੰਗਰਾਂ ਨੂੰ ਪੱਠੇ ਪਾਉਣ ਆਇਆ ਤਾਂ ਉਹਨੇ ਕਰਤਾਰੇ ਨੂੰ ਆ ਕੇ ਦੱਸਿਆ ਬਈ ਆਪਣੀ ਤਾਂ ਰਾਤ ਨੂੰ ਕੋਈ ਘੋੜੀ ਖੋਹਲ ਕੇ ਲੈ ਗਿਆ। ਕਰਤਾਰੇ ਦੇ ਦਿਲ ‘ਚ ਓਸੇ ਵੇਲੇ ਗੱਲ ਵੱਜੀ ਬਈ ਘੋੜੀ ਤਾਂ ਫਿਰ ਜੋਰਾ ਸਿਉਂ ਲੈ ਗਿਆ। ਕਹਿੰਦੇ ਘਰ ‘ਚ ਲਾਲਾ ਲਾਲਾ ਹੋ ਗੀ। ਪੰਜ ਸੱਤ ਜਾਣੇ ਚੂਹੜ ਸਿਉਂ ਸਰਪੈਂਚ ਤੇ ਬਚਿੱਤਰ ਬਿੰਬਰ ਨੂੰ ਨਾਲ ਲੈ ਕੇ ਕੋਟ ਫਤੂਹੀ ਉੱਠਗੇ ਫੁੱਫੜ ਨੂੰ ਮਨਾ ਕੇ ਲੈ ਆਉਣ ਨੂੰ। ਘੋੜੀ ਤਾਂ ਘਰੋਂ ਮਿਲ ਗਈ, ਪਰ ਫੁੱਫੜ ਘਰੋਂ ਟਲ ਗਿਆ। ਸਾਰੇ ਜਾਣੇ ਮੁੜ ਆਏ। ਘਰੇ ਆਕੇ ਕਹਿੰਦੇ ਬਈ ਹੁਣ ਜੰਨ ‘ਚ ਫੁੱਫੜ ਕਿੱਥੋਂ ਲੈ ਕੇ ਜਾਈਏ। ਤੋਹਲਾ ਨਾਈ ਕਰਤਾਰੇ ਨੂੰ ਕਹਿੰਦਾ ‘ਐਥੋਂ ਕੋਈ ਨਕਲੀ ਫੁੱਫੜ ਖੜ੍ਹਾ ਕਰ ਲੋ ਸਕੀਰੀ ਆਲਾ’। ਅਕੇ ਤੋਹਲੇ ਨਾਈ ਦੀ ਸਲਾਹ ਮੰਨ ਕੇ ਕਹਿੰਦੇ ਤੋਹਲੇ ਨਾਈ ਦੇ ਸਹੁਰੇ ਰੱਖੇ ਨੂੰ ਫੁੱਫੜ ਬਣਾ ਕੇ ਜੰਨ ਚੜ੍ਹਾਅ ਲਿਆ। ਕਿਉਂਕਿ ਤੋਹਲੇ ਦੇ ਘਰ ਆਲੀ ਮਾਪਿਆਂ ਦੀ ‘ਕੱਲੀ ਕੁੜੀ ਕਰਕੇ ਤੋਹਲਾ ਸਹੁਰਿਆਂ ਦੇ ਘਰ ਰਹਿੰਦਾ ਸੀ ਤਾਂ ਕਰਕੇ ਇਹ ਕੰਮ ਕੀਤਾ ਸੀ।”
ਗੱਲ ਟੋਕ ਕੇ ਬੁੱਘਰ ਦਖਾਣ ਟਿੱਚਰ ‘ਚ ਕਹਿੰਦਾ, ”ਤੇ ਭੂਆ ਵੀ ਬਦਲ ‘ਤੀ ਸੀ ਕੁ ਭੂਆ ਅਸਲੀ ਰਹਿਣ ‘ਤੀ?”
ਬਾਬਾ ਨਿਰੰਜਨ ਸਿਉਂ ਬੁੱਘਰ ਦਖਾਣ ਦੇ ਖੂੰਡੀ ਦੀ ਹੁੱਜ ਮਾਰਕੇ ਬੁੱਘਰ ਨੂੰ ਚੁੱਪ ਕਰਾਉਂਦਾ ਬੋਲਿਆ, ”ਬਹਿ ਜਾ ਓਏ ਕਿਰਲਿਆ ਜਿਆ, ਗੱਲ ਸਿਰੇ ਲੱਗਣ ਦੇ।”
ਰਤਨ ਸਿਉਂ ਸੂਬੇਦਾਰ ਅਮਲੀ ਨੂੰ ਕਹਿੰਦਾ, ”ਚੱਲ ਬਈ ਨਾਥਾ ਸਿਆਂ, ਫੇਰ ਦੱਸ ਕਿਮੇਂ ਹੋਈ?”
ਅਮਲੀ ਕਹਿੰਦਾ, ‘ਫੇਰ ਕਿਮੇਂ ਹੋਣੀ ਸੀ, ਜਦੋਂ ਜੰਨ ਅਗਲਿਆਂ ਦੇ ਬੂਹੇ ਪਹੁੰਚੀ ਤੇ ਮਿਲਣੀਆਂ ਕਰਾਉਣ ਲੱਗੇ, ਸਭ ਤੋਂ ਮਗਰੋਂ ਕਹਿੰਦੇ ਲਿਆਉ ਫੁੱਫੜ ਨੂੰ। ਜਦੋਂ ਰੱਖੇ ਨਾਈ ਨੂੰ ਫੁੱਫੜ ਦੀ ਥਾਂ ਮਿਲਣੀ ਨੂੰ ਮੂਹਰੇ ਕੀਤਾ ਤਾਂ ਓੱਥੇ ਕੁੜੀ ਆਲਿਆਂ ‘ਚੋਂ ਕਿਸੇ ਨੇ ਪਛਾਣ ਲਿਆ ਬਈ ਇਹ ਤਾਂ ਆਪਣੇ ਪਿੰਡ ਆਲੇ ਢੇਡੀ ਨਾਈ ਕੀ ਸਕੀਰੀ ਆਲਾ ਰੱਖਾ ਨਾਈ ਐ। ਮਿਲਣੀ ਹੋ ਗੀ। ਰੱਖਾ ਸਿਉਂ ਪਵਾ ਕੇ ਛਾਂਪ ਤੇ ਫੜ੍ਹ ਕੇ ਖੇਸ ਪਿੱਛੇ ਹੋ ਗਿਆ। ਕੁੜੀ ਆਲਿਆਂ ‘ਚ ਘੁਸਰ ਘੁਸਰ ਹੋ ਲੱਗ ਪੀ। ਜਦੋਂ ‘ਨੰਦ ਹੋਣ ਲੱਗੇ ਤਾਂ ਓੱਥੇ ਫੇਰ ਰੌਲਾ ਪਵੇ ਬਈ ਜਿਹੜਾ ਫੁੱਫੜ ਨਾਲ ਲਿਆਏ ਐ, ਉਹ ਬਨਾਉਟੀ ਫੁੱਫੜ ਐ। ਕੁੜੀ ਆਲਿਆਂ ਨੇ ਵਚੋਲਾ ਘੇਰ ਲਿਆ ਬਈ ਆਹ ਕੀ ਚਲਾਕੀਆਂ ਕਰੀ ਜਾਨੇਂ ਐਂ। ਵਚੋਲਾ ਸੀ ਗਰਜੇ ਗੱਪੀ ਕਾ ਲੱਧੂ। ਲੱਧੂ ਸੋਨੂੰ ਪਤਾ ਫਿਟਣੀਆਂ ਦਾ ਫੇਟ ਐ। ਉਹ ਗੱਲ ਨੂੰ ਟਾਲ ਮਟੋਲ ਕਰੇ ਬਈ ਵੱਡੇ ਫੁੱਫੜ ਆਲੀ ਜੀਪ ਰਾਹ ‘ਚ ਖਰਾਬ ਹੋ ਗੀ ਕਰਕੇ ਲੇਟ ਫੇਟ ਹੋ ਗਿਆ, ਇਹ ਛੋਟੇ ਫੁੱਫੜ ਨੂੰ ਫੇਰ ਈ ਮੂਹਰੇ ਕੀਤਾ ਸੀ। ਓਧਰ ਤਾਂ ਗਰੰਥੀ ਕਹੇ ਬਈ ਕਾਕੇ ਤੇ ਬੀਬੀ ਨੂੰ ਲਿਆਕੇ ਬਠਾਉ, ‘ਨੰਦ ਕਾਰਜਾਂ ਦੀ ਰਸਮ ਪੂਰੀ ਕਰੀਏ, ਓਧਰ ਪੰਜਾਬ ਦੀ ਰਾਜਧਾਨੀ ਆਂਗੂੰ ਫੁੱਫੜ ਦਾ ਰੌਲਾ ਚੱਲੀ ਜਾਵੇ। ਕੁੜੀ ਆਲੇ ਕਹਿੰਦੇ ਪਹਿਲਾਂ ਫੁੱਫੜ ਆਲੀ ਛਾਂਪ ਤੇ ਖੇਸ ਮੋੜੋ, ਕੁੜੀ ਨੂੰ ਫੇਰ ‘ਨੰਦਾਂ ‘ਤੇ ਬਠਾਮਾਂਗੇ। ਜਦੋਂ ਫੁੱਫੜ ਆਲਾ ਰੌਲਾ ਪੈ ਗਿਆ, ਰੱਖਾ ਸਿਉਂ ਫੁੱਫੜ ਤਾਂ ਛਾਂਪ ਤੇ ਖੇਸ ਚੱਕ ਕੇ ਨੇਰ੍ਹੀ ਠਾਅ ਗਿਆ ਬਈ ਹੁਣ ਕੁੱਟ ਪਊ। ਕੁੜੀ ਆਲਿਆਂ ਨੇ ਸਪੀਕਰ ‘ਚ ਬਲਾ ‘ਤਾ ਬਈ ਐਹੋ ਜਾ ਬੰਦਾ ਸਮਾਨ ਚੋਰੀ ਕਰਕੇ ਭੱਜ ਗਿਆ ਜੇ ਕਿਸੇ ਨੂੰ ਦਿਸੇ ਤਾਂ ਫੜ੍ਹ ਕੇ ਹਾਕਮ ਸਿਉਂ ਨੰਬਰਦਾਰ ਦੇ ਘਰੇ ਲਿਆਉ। ਕੁੜੀ ਆਲਿਆਂ ਨੇ ਪਹਿਲਾਂ ਤਾਂ ਵਚੋਲਾ ਢਾਹ ਲਿਆ। ਫੇਰ ਵਚੋਲਣ ਨੂੰ ਦਿੱਤੀ ਧਨੇਸੜੀ। ਕੁੜੀ ਆਲਿਆਂ ‘ਚੋਂ ਇੱਕ ਬੋਲਿਆ ‘ਜੇ ਫੁੱਫੜ ਨਹੀਂ ਥਿਆਉਂਦਾ ਤਾਂ ਆਪਣੀਆਂ ਬੁੜ੍ਹੀਆਂ ਨੂੰ ਕਹੋ ਮੁੰਡੇ ਦੀ ਭੂਆ ਨੂੰ ਢਾਹ ਲੋ, ਆਪੇ ਦੱਸੂ ਫੁੱਫੜ ਕਿੱਧਰ ਗਿਆ। ਏਨੇ ਚਿਰ ਨੂੰ ਬਾਬੇ ਨਧਾਨੇ ਕੇ ਸੁੱਖੇ ਅਰਗੇ ਰੱਖੇ ਨਾਈ ਨੂੰ ਫੜ੍ਹਕੇ ਜੰਨ ਬਲਾਹੇ ਲਿਆਏ। ਕੁੜੀ ਆਲਿਆ ਨੇ ਆਉਦਾ ਈ ਰੱਖਾ ਢਾਹ ਲਿਆ। ਨਾਈ ਦੇ ਮਾਰ ਮਾਰ ਘਸੁੰਨ ਫਿੱਸੇ ਤੰਦੂਰ ਅਰਗਾ ਕਰ ‘ਤਾ, ਨਾਲੇ ਛਾਂਪ ਖੋਹ ਲੀ ਨਾਲੇ ਖੇਸ। ਓੱਥੋਂ ਦੇ ਇੱਕ ਬੁੜ੍ਹੇ ਜੇ ਦਾ ਨਾਂ ਬਖਤੂ ਬਖਤੂ ਕਰਕੇ ਲੈਂਦੇ ਸੀ, ਕਹਿੰਦੇ ਉਹਨੇ ਰੱਖੇ ਕੋਲੇ ਜਿਹੜੇ ਚਾਰ ਪੈਸੇ ਸੀ ਉਹ ਵੀ ਖੋਹ ਲੇ। ਸਦੀਕ ਦੇ ਗਾਣੇ ਆਂਗੂੰ ਜਦੋਂ ਲਾਲਾ ਲਾਲਾ ਹੋ ਗੀ ਖਾੜਾ ਗਿਆ ਹੱਲ ਸੀ, ਵੱਸ ਫੇਰ ਜੰਨ ਵੀ ਸਾਰੀ ਭੱਜ ਗੀ। ਨਾ ਹੀ ਅਗਲਿਆਂ ਨੇ ਨੰਦ ਦਿੱਤੇ। ਜੰਨ ਖਾਲੀ ਮੁੜਿਆਈ। ਇਉਂ ਬਨਾਉਟੀ ਫੁੱਫੜ ਨੇ ਕਰਾਈ।”
ਗੱਲਾਂ ਕਰਦਿਆਂ ਤੋਂ ਏਨੇ ਚਿਰ ਨੂੰ ਪਿੰਡ ਦੇ ਸਪੀਕਰ ‘ਚੋਂ ਹੋਕਾ ਆ ਗਿਆ ਬਈ ਕਪੂਰੇ ਭਾਨੇ ਕੇ ਵਿਆਹ ‘ਚ ਜੰਨ ਆਲੇ ਘਰ ਆਲਿਆਂ ਨਾਲ ਲੜ ਪੇ, ਪਿੰਡ ਦੇ ਲੋਕ ਕਪੂਰੇ ਭਾਨੇ ਕੇ ਘਰੇ ਛੇਤੀ ਤੋਂ ਛੇਤੀ ਪਹੁੰਚੋ।
ਨਾਥਾ ਅਮਲੀ ਟਿੱਚਰ ‘ਚ ਕਹਿੰਦਾ, ”ਇਹ ਜਿਹੜੀ ਜੰਨ ਕਪੂਰੇ ਕੇ ਆਈ ਐ, ਇਹ ਵੀ ਨਾ ਕਿਤੇ ਬਨਾਉਟੀ ਫੁੱਫੜ ਲਿਆਏ ਹੋਣ ਜਿਹੜਾ ਐਡਾ ਰੌਲ਼ਾ ਪੈ ਗਿਅ।” ਸਪੀਕਰ ‘ਚੋਂ ਹੋਕਾ ਸੁਣਦੇ ਸਾਰ ਹੀ ਸਾਰੇ ਸੱਥ ਵਾਲੇ ਕਪੂਰੇ ਕੇ ਘਰ ਨੂੰ ਤੁਰ ਗਏ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113 (ਕੈਨੇਡਾ)