ਸਰੀ ਸਿਟੀ ਕੌਂਸਲ ਦੀਆਂ ਚੋਣਾਂ ਲਈ ਉਮੀਦਵਾਰਾਂ ਨੇ ਪ੍ਰਚਾਰ ਕੀਤਾ ਤੇਜ਼

ਸਰੀ ਸਿਟੀ ਕੌਂਸਲ ਦੀਆਂ ਚੋਣਾਂ ਲਈ ਉਮੀਦਵਾਰਾਂ ਨੇ ਪ੍ਰਚਾਰ ਕੀਤਾ ਤੇਜ਼

ਐਲ. ਆਰ. ਟੀ. ਅਤੇ  ਗੈਂਗਵਾਰ ਮੁੱਖ ਚੋਣ ਮੁੱਦੇ ਬਣੇ 

 

ਸਕਾਈ ਟ੍ਰੇਨ ਨੂੰ ਸਾਊਥ ਸਰੀ ਤੱਕ ਵਧਾਉਣ ਦਾ ਪ੍ਰਸਤਾਵ ਰੱਖਾਂਗਾ : ਡੱਗ ਮੈਕਲਮ
ਸਰੀ : (ਪਰਮਜੀਤ ਸਿੰਘ ਕੈਨੇਡੀਅਨ ਪੰਜਾਬ ਟਾਇਮਜ਼): ਮੇਅਰ ਦੀ ਦੌੜ ‘ਚ ਸ਼ਾਮਿਲ ਡੱਗ ਮੈਕਲਮ ਨੇ ਲਾਈਟ ਰੇਲ ਟ੍ਰਾਂਜਿਟ (ਐਲ.ਆਰ.ਟੀ.) ਦੀ ਥਾਂ ਸਕਾਈ ਰੇਲ ਲਿਆਉਣ ਦਾ ਲੋਕਾਂ ਨੂੰ ਯਕੀਨ ਦਿਵਾਇਆ। ਇਹ ਬਿਆਨ ਜਾਰੀ ਕਰਦੇ ਹੋਏ ਉਨ੍ਹਾਂ ਕਿਹਾ ਕਿ ”ਮੈਂ ਐਲ.ਆਰ.ਟੀ. ਦੀ ਥਾਂ ਸਕਾਈ ਟ੍ਰੇਨ ਨੂੰ ਸਾਊਥ ਸਰੀ ਤੱਕ ਵਧਾਉਣ ਦਾ ਪ੍ਰਸਤਾਵ ਰੱਖਾਂਗਾ।” ਉਨ੍ਹਾਂ ਕਿਹਾ ਕਿ ਇੱਕ ਅਧਿਐਨ ‘ਚ ਇਹ ਪਤਾ ਲਗਾਇਆ ਗਿਆ ਹੈ ਕਿ 1.65 ਬਿਲੀਅਨ ਡਾਲਰ ਐਲ.ਆਰ.ਟੀ. ਤੇ ਖਰਚ ਕਰਨ ਦੀ ਥਾਂ ਐਨੇ ਹੀ ਖਰਚੇ ‘ਚ ਸਕਾਈ ਟ੍ਰੇਨ ਦਾ ਪ੍ਰਾਜੈਕਟ ਵੀ ਲਿਆਇਆ ਜਾ ਸਕਦਾ ਹੈ ਅਤੇ ਫ੍ਰੇਜ਼ਰ ਹਾਈਵੇਅ ‘ਤੇ ਇਸ ਦੀ ਉਸਾਰੀ ਐਲ.ਆਰ.ਟੀ. ਪ੍ਰਾਜੈਕਟ ਤੋਂ ਜ਼ਿਆਦਾ ਜਲਦੀ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਟਰਾਂਸਲਾਈਨ ਦੇ ਸੀ.ਈ.ਓ. ਕੈਵਿਨ ਡੈਸਮੰਡ ਨੇ ਡੱਗ ਮੈਕਲਮ ਦੇ ਦਾਅਵੇ ਨੂੰ ਗਲਤ ਦਸਦੇ ਹੋਏ ਕਿਹਾ ਕਿ ਸਕਾਈਟ੍ਰੇਨ ਦੇ ਪ੍ਰਾਜੈਕਟ ਲਈ 900 ਮਿਲੀਅਨ ਡਾਲਰ ਦੀ ਲਾਗਤ ਵੱਧ ਸਕਦੀ ਹੈ।

 

ਸਰੀ ਫਸਟ ਦੀ ਟੀਮ ਨੇ ਆਪਣਾ ਪਬਲਿਕ ਸੇਫਟੀ ਪਲਾਨ ਜਾਰੀ ਕੀਤਾ
ਸਰੀ : ਅਗਲੇ ਮਹੀਨੇ ਹੋਣ ਜਾ ਰਹੀਆਂ ਮਿਊਂਸੀਪਲ ਚੋਣਾਂ ਲਈ ਹਰ ਪਾਰਟੀਆਂ ਵਲੋਂ ਹੁਣ ਚੋਣ ਪ੍ਰਚਾਰ ਪੂਰੇ ਜ਼ੋਰ-ਸ਼ੋਰ ਆਰੰਭ ਕਰਕੇ, ਆਪਣੇ ਪਲੇਟਫਾਰਮ ਜਨਤਕ ਕਰਨੇ ਸੁਰੂ ਕਰ ਦਿੱਤੇ ਗਏ ਹਨ। ਸਰੀ ਫਸਟ ਟੀਮ ਵਲੋਂ ਆਪਣਾ ਪਹਿਲਾ ਸੇਫਟੀ ਪਲਾਨ ਜਾਰੀ ਕੀਤਾ ਗਿਆ ਅਤੇ ਇਹ ਪਲਾਨ ਜਾਰੀ ਕਰਦੇ ਹੋਏ ਟੌਮ ਗਿੱਲ ਨੇ ਬੱਚਿਆਂ ਨੂੰ ਗੈਂਗ ਗਤੀਵਿਧੀਆਂ ਤੋਂ ਦੂਰ ਰੱਖਣ ਲਈ, 18 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਨੂੰ ਰੀਕਰੀਏਅਸ਼ਨ ਸੈਂਟਰਾਂ ਵਿੱਚ ਮੁਫਤ ਸੇਵਾਵਾਂ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ”ਸਾਡੀ ਲੀਡਰਸ਼ਿਪ ਇਸੇ ਬਾਰੇ ਹੈ ਅਤੇ ਇਹ ਸਰੀ ਫਸਟ ਦੀ ਵਚਨਬੱਧਤਾ ਸ਼ੁਰੂਆਤ ਹੈ। ਆਓ ਅਸੀਂ ਆਪਣੇ ਸ਼ਹਿਰ ਦੇ ਬਿਹਤਰ ਭਵਿੱਖ ਲਈ ਇਕੱਠੇ ਹੋਈਏ।” ਕਲੇਵਰਡੇਲ ਦੇ ਰਾਇਲ ਕੈਨੇਡੀਅਨ ਲੀਜੈਂਸ ਬ੍ਰਾਂਚ ਵਿਖੇ ਆਪਣਾ ਪਬਲਿਕ ਸੇਫਟੀ ਪਲਾਨ ਜਾਰੀ ਕਰਨ ਤੋਂ ਬਾਅਦ ਟੌਮ ਨੇ ਕਿਹਾ ਕਿ ਸਲੇਟ ਦੀ ਅਗਲੀ ਯੋਜਨਾ ‘ਚ ਹੋਰ ਵੀ ਵਧੇਰੇ ਕੁਝ ਹੈ ਜਿਸ ਖੁਲਾਸਾ ਅਗਲੇ ਹਫ਼ਤੇ ਕੀਤਾ ਜਾਵੇਗਾ। ਬੱਚਿਆਂ ਲਈ ਸੁਰੱਖਿਆ ਪ੍ਰੋਗਰਾਮਾਂ ਬਾਰੇ ਗੱਲਬਾਤ ਕਰਦਿਆਂ ਗਿੱਲ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਾਡਾ ਸਭ ਤੋਂ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ 14 ਪੂਲ, ਪੰਜ ਰਿੰਕਸ ਅਤੇ 11 ਕਮਿਊਨਿਟੀ ਸੈਂਟਰ ਹਨ, ਲੋਅ ਮੇਅਰਲੈਂਡ ‘ਚ ਇਨ੍ਹਾਂ ਦੀ ਸਥਿਤੀ ਬਹੁਤ ਵਧੀਆ ਹੈ ਅਤੇ ਅਸੀਂ ਬੱਚਿਆਂ ਲਈ ਇਸ ਤੇ ਕੰਮ ਕਰਨ ਜਾ ਰਹੇ ਹਾਂ ਤਾਂ ਕਿ ਬੱਚਿਆਂ ਨੂੰ ਚੰਗੇ ਮੌਕੇ ਅਤੇ ਤਜਰਬੇ ਮਿਲ ਸਕਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਅਤੇ ਗੈਂਗ ਤੋਂ ਦੂਰ ਰੱਖਿਆ ਜਾ ਸਕੇ। ਟੌਮ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਗੈਂਗਸਟਰ 10 ਸਾਲ ਦੀ ਉਮਰ ਦੇ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਸਰਗਰਮ ਰੱਖਣ ਲਈ ਕਮਿਊਨਿਟੀ ‘ਚ ਰੁੱਝੇ ਰਹਿਣ ਅਤੇ ਉਨ੍ਹਾਂ ਦੇ ਭਵਿੱਖ ਲਈ ਇੱਕ ਸਕਾਰਾਤਮਕ ਨਜ਼ਰੀਆ ਰੱਖਣ ਦੇ ਵਿਕਲਪ ਮੁਹੱਈਆ ਕਰਵਾਉਣ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੇ ਹਫ਼ਤੇ ਦੱਸਿਆ ਸੀ ਕਿ ਹੁਣ ਬਦਲਾਅ ਕਰਨ ਦਾ ਸਮਾਂ ਹੈ ਅਤੇ ਇਹ ਇਸ ਦੀ ਸ਼ੁਰੂਆਤ ਹੈ।