ਕਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ‘ਚ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹੀ

 

ਕਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ‘ਚ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹੀ

ਹਸਪਤਾਲਾਂ ‘ਚ ਲੋਕ ਆਕਸੀਜਨ ਦੀ ਘਾਟ ਕਾਰਨ ਜੂਝਣ ਲਈ ਮਜ਼ਬੂਰ

ਚੰਡੀਗੜ੍ਹ: ਕਰੋਨਾ ਮਹਾਮਾਰੀ ਦੇ ਦੂਜੇ ਹੱਲੇ ਨੇ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਹਸਪਤਾਲਾਂ ਵਿਚ ਲੋਕ ਆਕਸੀਜਨ ਦੀ ਘਾਟ ਕਾਰਨ ਮੌਤ ਦੇ ਮੂੰਹ ਪੈ ਰਹੇ ਹਨ। ਬੈੱਡਾਂ ਦੀ ਘਾਟ ਕਾਰਨ ਮਰੀਜ਼ ਸੜਕਾਂ ਉਤੇ ਹੀ ਲੇਟ ਕੇ ਮੌਤ ਦਾ ਇੰਤਜ਼ਾਰ ਕਰ ਰਹੇ ਹਨ। ਹਸਪਤਾਲਾਂ ਵਿਚ ਪ੍ਰਬੰਧਾਂ ਤੋਂ ਜਾਪ ਰਿਹਾ ਹੈ ਕਿ ਸਰਕਾਰ ਨੇ ਇਸ ਮਹਾਮਾਰੀ ਅੱਗੇ ਹੱਥ ਹੀ ਖੜ੍ਹੇ ਕਰ ਦਿੱਤੇ ਹਨ।
ਦਿੱਲੀ ਦੇ ਦੋ ਹਸਪਤਾਲਾਂ ਅਤੇ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਆਕਸੀਜਨ ਦੀ ਕਮੀ ਕਾਰਨ ਹੋਈਆਂ ਮੌਤਾਂ ਸਰਕਾਰ ਦੀ ਨੀਅਤ ਉਤੇ ਵੀ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ। ਹਾਲਾਤ ਇਹ ਹਨ ਕਿ ਜਿਥੇ ਨਿੱਜੀ ਖੇਤਰ ਦੇ ਹਸਪਤਾਲ ਆਕਸੀਜਨ ਦੀ ਕਮੀ ਕਾਰਨ ਹਾਈਕੋਰਟਾਂ ਵਿਚ ਪਹੁੰਚੇ, ਉਥੇ ਦੇਸ਼ ਵਿਚ ਬਹੁਤ ਸਾਰੇ ਹਸਪਤਾਲਾਂ ਨੇ ਆਪਣੇ ਗੇਟਾਂ ਦੇ ਬਾਹਰ ਇਹ ਲਿਖ ਕੇ ਲਾ ਦਿੱਤਾ ਹੈ ਕਿ ਇਥੇ ਬੈੱਡ ਜਾਂ ਆਕਸੀਜਨ ਉਪਲਬਧ ਨਹੀਂ। ਸਿਹਤ ਖੇਤਰ ਦੇ ਕੁਝ ਮਾਹਿਰਾਂ ਨੇ ਕਰੋਨਾ ਦੀ ਦੂਜੀ ਲਹਿਰ ਬਾਰੇ ਚਿਤਾਵਨੀ ਦਿੱਤੀ ਸੀ ਪਰ ਸਰਕਾਰਾਂ ਨੇ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ।
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਦਾਅਵਾ ਕੀਤਾ ਸੀ ਕਿ ਭਾਰਤ ਨੇ ਕਰੋਨਾ ਨੂੰ ਹਰਾ ਦਿੱਤਾ ਹੈ। ਇਸ ਸਮੇਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਹਾਹਾਕਾਰ ਮਚੀ ਹੋਈ ਹੈ। ਮਹਾਰਾਸ਼ਟਰ, ਗੁਜਰਾਤ, ਛੱਤੀਸਗੜ੍ਹ ਆਦਿ ਤੋਂ ਬਾਅਦ ਹੁਣ ਕਰੋਨਾ ਉਤਰ ਪ੍ਰਦੇਸ਼, ਦਿੱਲੀ, ਪੰਜਾਬ ਅਤੇ ਹੋਰ ਸੂਬਿਆਂ ਵਿਚ ਤੇਜੀ ਨਾਲ ਫੈਲ ਰਿਹਾ ਹੈ। ਉਤਰ ਪ੍ਰਦੇਸ਼ ਵਿਚ ਹਾਲਾਤ ਇਥੋਂ ਤੱਕ ਖਰਾਬ ਹਨ ਕਿ ਲੋਕਾਂ ਅਤੇ ਪੱਤਰਕਾਰਾਂ ਨੂੰ ਸੋਸ਼ਲ ਮੀਡੀਆ ‘ਤੇ ਇਸ ਬਾਰੇ ਖਬਰਾਂ ਪਾਉਣ ਤੋਂ ਵੀ ਮਨ੍ਹਾ ਕੀਤਾ ਜਾ ਰਿਹਾ ਹੈ।
ਹਾਲਾਤ ਇਹ ਹਨ ਕਿ ਜਿਵੇਂ-ਜਿਵੇਂ ਮਹਾਂਮਾਰੀ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ, ਉਵੇਂ-ਉਵੇਂ ਹੀ ਅਨੇਕਾਂ ਤਰ੍ਹਾਂ ਦੀਆਂ ਅੜਚਨਾਂ ਇਸ ਸੰਤਾਪ ਨੂੰ ਵਧਾਈ ਜਾ ਰਹੀਆਂ ਹਨ। ਇਕ ਪਾਸੇ ਟੀਕਾਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਵੱਡੀ ਗਿਣਤੀ ਵਿਚ ਵਧਦੇ ਬਿਮਾਰਾਂ ਲਈ ਲੋੜੀਂਦੀਆਂ ਦਵਾਈਆਂ ਦੀ ਘਾਟ ਰੜਕਣ ਲੱਗੀ ਹੈ। ਦੇਸ਼ ਭਰ ਵਿਚ ਮਰੀਜ਼ਾਂ ਦਾ ਜੀਵਨ ਬਚਾਉਣ ਲਈ ਆਕਸੀਜਨ ਦੀ ਘਾਟ ਨੇ ਇਸ ਸੰਕਟ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਮਰੀਜ਼ਾਂ ਦੀ ਲਗਾਤਾਰ ਵਧਦੀ ਗਿਣਤੀ ਨੇ ਸਰਕਾਰਾਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਤਾਂ ਇਸ ਮਸਲੇ ਨੂੰ ਲੈ ਕੇ ਹਾਹਾਕਾਰ ਮਚ ਚੁੱਕੀ ਹੈ।
ਇਸ ਵੇਲੇ ਭਾਰਤ ਕੋਵਿਡ-19 ਦੇ ਮਾਮਲੇ ਵਿਚ ਕੁੱਲ ਮੌਤਾਂ ਅਤੇ ਗਿਣਤੀ ਦੇ ਮਾਮਲੇ ਵਿਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ ‘ਤੇ ਹੈ, ਪਰ ਅਸਲ ਵਿਚ ਇਸ ਵੇਲੇ ਕਰੋਨਾ ਮਹਾਮਾਰੀ ਦੀ ਤੀਬਰਤਾ ਦੇ ਮਾਮਲੇ ਵਿਚ ਭਾਰਤ ਵਿਸ਼ਵ ਵਿਚ ਪਹਿਲੇ ਨੰਬਰ ਉਤੇ ਆ ਗਿਆ ਹੈ। ਅਮਰੀਕਾ ਵਿਚ ਇਕ ਦਿਨ ਵਿਚ ਇਕ ਲੱਖ ਨਵੇਂ ਕੇਸਾਂ ਦੀ ਗਿਣਤੀ 3 ਲੱਖ ਉਤੇ ਪਹੁੰਚਣ ਵਿਚ 67 ਦਿਨ ਦਾ ਸਮਾਂ ਲੱਗਾ ਸੀ, ਪਰ ਭਾਰਤ ਵਿਚ ਇਹ ਸਥਿਤੀ ਸਿਰਫ 15 ਦਿਨਾਂ ਵਿਚ ਆ ਗਈ। ਭਾਰਤ ਵਿਚ ਕਰੋਨਾ ਦੀ ਪਹਿਲੀ ਲਹਿਰ ਦਾ ਸਿਖਰ 93 ਹਜ਼ਾਰ, 617 ਕੇਸ ਪ੍ਰਤੀ ਦਿਨ ਸੀ, ਜਦੋਂ ਕਿ ਹੁਣ ਇਹ 6 ਅਪਰੈਲ, 2021 ਨੂੰ 1 ਲੱਖ 15 ਹਜ਼ਾਰ ਸੀ ਪਰ 21 ਅਪਰੈਲ ਨੂੰ ਇਹ ਸਿਖਰ 3 ਲੱਖ 15 ਹਜ਼ਾਰ 909 ਨਵੇਂ ਕੇਸ ਇਕ ਦਿਨ ‘ਤੇ ਪਹੁੰਚ ਗਿਆ ਹੈ। ਅਮਰੀਕਾ ਦੀ ਤੀਸਰੀ ਲਹਿਰ ਦੌਰਾਨ ਦੇਸ਼ ਵਿਚ ਇਕ ਦਿਨ ‘ਚ ਵੱਧ ਤੋਂ ਵੱਧ ਕਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 3 ਲੱਖ 7 ਹਜ਼ਾਰ 581 ਸੀ। ਇਥੇ ਕਿਹਾ ਜਾਵੇਗਾ ਕਿ ਅਮਰੀਕਾ ਦੀ ਆਬਾਦੀ ਭਾਰਤ ਨਾਲੋਂ ਚੌਥਾ ਹਿੱਸਾ ਹੈ ਤਾਂ ਇਥੇ ਇਹ ਵੀ ਵੇਖਣਾ ਪਵੇਗਾ ਕਿ ਅਮਰੀਕਾ ਵਿਚ 1 ਕਰੋੜ ਪਿੱਛੇ 13 ਲੱਖ 3 ਹਜ਼ਾਰ 328 ਲੋਕਾਂ ਦੇ ਕਰੋਨਾ ਟੈਸਟ ਹੁੰਦੇ ਹਨ ਤੇ ਭਾਰਤ ਵਿਚ 1 ਕਰੋੜ ਪਿੱਛੇ 1 ਲੱਖ 96 ਹਜ਼ਾਰ 64 ਟੈਸਟ ਹੁੰਦੇ ਹਨ। ਭਾਰਤ ਵਿਚ ਇਹ ਗਿਣਤੀ 6 ਗੁਣਾ ਘੱਟ ਹੈ।
ਸੁਪਰੀਮ ਕੋਰਟ ਨੇ ਵੀ ਆਪਣੇ ਤੌਰ ‘ਤੇ ਪੈਦਾ ਹੋ ਰਹੀ ਇਸ ਨਾਜ਼ੁਕ ਸਥਿਤੀ ਦਾ ਨੋਟਿਸ ਲੈਂਦਿਆਂ ਇਸ ਨੂੰ ਕੌਮੀ ਐਮਰਜੈਂਸੀ ਦਾ ਨਾਂ ਦਿੱਤਾ ਹੈ ਅਤੇ ਇਸ ਸਬੰਧੀ ਕੇਂਦਰ ਨੂੰ ਤੁਰਤ ਕੌਮੀ ਯੋਜਨਾ ਬਣਾਉਣ ਦੀ ਹਦਾਇਤ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਸਥਿਤੀ ਨੂੰ ਭਾਂਪਦਿਆਂ ਸਨਅਤਾਂ ਨੂੰ ਆਕਸੀਜਨ ਦੀ ਸਪਲਾਈ ਬੰਦ ਕਰਨ ਦੀ ਹਦਾਇਤ ਦਿੱਤੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਹਰ ਹੀਲੇ ਸਥਿਤੀ ਨੂੰ ਸੰਭਾਲਣ ਅਤੇ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਯਤਨ ਕਰਨ ਕਿਉਂਕਿ ਹੁਣ ਦੇਸ਼ ਦੇ ਬਹੁਤੇ ਹਸਪਤਾਲ ਪੈਦਾ ਹੋਈ ਆਕਸੀਜਨ ਦੀ ਥੁੜ ਕਾਰਨ ਆਪਣੇ ਹੱਥ ਖੜ੍ਹੇ ਕਰਨ ਲਈ ਮਜਬੂਰ ਹੋ ਰਹੇ ਹਨ।