Copyright © 2019 - ਪੰਜਾਬੀ ਹੇਰਿਟੇਜ
ਨਿਊਜ਼ੀਲੈਂਡ ਦੇ ਜੰਗਲਾਂ ‘ਚ ਕਈ ਹਫ਼ਤਿਆਂ ਤਕ ਅੱਗ ਲੱਗੇ ਰਹਿਣ ਦਾ ਖ਼ਦਸ਼ਾ

ਨਿਊਜ਼ੀਲੈਂਡ ਦੇ ਜੰਗਲਾਂ ‘ਚ ਕਈ ਹਫ਼ਤਿਆਂ ਤਕ ਅੱਗ ਲੱਗੇ ਰਹਿਣ ਦਾ ਖ਼ਦਸ਼ਾ

ਆਕਲੈਂਡ : ਨਿਊਜ਼ੀਲੈਂਡ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਕੁਝ ਹੋਰ ਹਫਤਿਆਂ ਤਕ ਜਾਰੀ ਰਹਿਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਹਾਲਾਂਕਿ ਕੁਝ ਰਿਹਾਇਸ਼ੀ ਇਲਾਕਿਆਂ ‘ਚ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਸੁਰੱਖਿਆ ਕਾਰਨਾਂ ਕਰ ਕੇ ਕਈ ਨੇੜਲੇ ਪਿੰਡਾਂ ਨੂੰ ਖਾਲੀ ਕਰਵਾਇਆ ਗਿਆ ਸੀ ਅਤੇ ਆਸ ਹੈ ਕਿ ਜਲਦੀ ਹੀ ਬੇਘਰ ਹੋਏ ਕੁਝ ਲੋਕ ਆਪਣੇ ਘਰ ਵਾਪਸ ਆ ਜਾਣਗੇ। ਫ਼ਾਇਰ ਫ਼ਾਈਟਰਜ਼ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਝੁਲਸ ਕੇ ਰੱਖ ਦੇਣ ਵਾਲੀ ਤੇਜ਼ ਗਰਮੀ ਪੈ ਰਹੀ ਹੈ।
ਇਸੇ ਕਾਰਨ ਸੰਘਣੇ ਜੰਗਲਾਂ ਵਾਲੇ ਇਲਾਕਿਆਂ ‘ਚ ਅੱਗ ਫੈਲ ਜਾਂਦੀ ਹੈ, ਜਿਸ ਨੂੰ ਬੁਝਾਉਣ ‘ਚ ਕਾਫੀ ਸਮਾਂ ਲੱਗ ਜਾਂਦਾ ਹੈ। ਨਿਊਜ਼ੀਲੈਂਡ ਦੇ ਕੁਝ ਇਲਾਕਿਆਂ ‘ਚ ਪਿਛਲੇ ਹਫ਼ਤੇ ਅੱਗ ਲੱਗ ਗਈ ਸੀ ਅਤੇ ਸੋਮਵਾਰ ਤੜਕੇ ਤਕ ਅੱਗ ਲਗਭਗ 2300 ਹੈਕਟੇਅਰ (5700 ਏਕੜ) ਤਕ ਫੈਲ ਗਈ। ਫ਼ਾਇਰ ਫ਼ਾਈਟਰ ਵਿਭਾਗ ਦੇ ਮੁਖੀ ਜਾਨ ਸਟਨ ਨੇ ਕਿਹਾ ਕਿ ਹਾਲਾਂਕਿ ਸਥਿਤੀ ਪਹਿਲਾਂ ਨਾਲੋਂ ਕੁਝ ਠੀਕ ਹੋਈ ਹੈ ਪਰ ਅੱਗ ਬਾਰੇ ਅਜੇ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਅਤੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਅੱਗ ਕੰਟਰੋਲ ‘ਚ ਆ ਚੁਕੀ ਹੈ। ਉਨ੍ਹਾਂ ਦਸਿਆ ਕਿ ਉਹ ਥੋੜੇ ਜਿਹੇ ਇਲਾਕੇ ਦੇ ਲੋਕਾਂ ਨੂੰ ਹੀ ਵਾਪਸ ਉਨ੍ਹਾਂ ਦੇ ਘਰ ਭੇਜਿਆ ਜਾ ਸਕੇਗਾ ਅਤੇ ਤਸੱਲੀ ਨਾਲ ਸਥਿਤੀ ਦਾ ਜਾਇਜ਼ਾ ਲੈ ਕੇ ਲੋਕਾਂ ਨੂੰ ਜਾਣਕਾਰੀ ਦਿਤੀ ਜਾਵੇਗੀ।