Copyright & copy; 2019 ਪੰਜਾਬ ਟਾਈਮਜ਼, All Right Reserved
ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਸਿਖਰ ਉਤੇ ਪੁੱਜਾ

ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਸਿਖਰ ਉਤੇ ਪੁੱਜਾ

 

ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਅੰਦਰੂਨੀ ਜੰਗ ਭਖ ਗਈ ਹੈ। ਪੰਜਾਬ ਦੀ ਕਾਂਗਰਸ ਸਰਕਾਰ ਨੇ ਪਾਰਟੀ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਪੁਲਿਸ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਸ੍ਰੀ ਬਾਜਵਾ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਖਿਲਾਫ ਤਿੱਖੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤੋਂ ਕਾਂਗਰਸ ਦਾ ਅੰਦਰੂਨੀ ਸੰਕਟ ਡੂੰਘਾ ਹੁੰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਇਹ ਫੈਸਲਾ ਪਹਿਲਾਂ ਤੋਂ ਹੀ ਸਿੱਧੇ ਤੌਰ ਉਤੇ ਕੇਂਦਰੀ ਸੁਰੱਖਿਆ ਲੈ ਰਹੇ ਬਾਜਵਾ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਾ ਹੋਣ ਦੇ ਮੱਦੇਨਜ਼ਰ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਕਾਂਗਰਸ ਦੇ ਦੋ ਰਾਜ ਸਭਾ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਸੂਬੇ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮੰਗ ਪੱਤਰ ਦੇ ਕੇ ‘ਸ਼ਰਾਬ ਤਰਾਸਦੀ’ ਦੀ ਸੀ.ਬੀ.ਆਈ. ਤੇ ਈ.ਡੀ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਸੀ। ਰਾਜ ਸਭਾ ਮੈਂਬਰਾਂ ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸ੍ਰੀ ਬਾਜਵਾ ਦੀ ਸੁਰੱਖਿਆ ਅਚਨਚੇਤ ਵਾਪਸ ਲੈਣ ਨੂੰ ਉਕਤ ਗਤੀਵਿਧੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕੈਪਟਨ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਦੀ ਪੁਲਿਸ ਵੱਲੋਂ ਬਾਜਵਾ ਨੂੰ ਦਿੱਤੀ ਸੁਰੱਖਿਆ ਦਾ ਕੋਈ ਮਕਸਦ ਨਹੀਂ ਰਿਹਾ ਗਿਆ ਸੀ ਕਿਉਂਕਿ ਉਨ੍ਹਾਂ (ਬਾਜਵਾ) ਨੇ ਸਿੱਧੇ ਤੌਰ ਉਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਕੇਂਦਰੀ ਸੁਰੱਖਿਆ ਹਾਸਲ ਕਰ ਲਈ ਸੀ। ਅਜਿਹੀ ਸਥਿਤੀ ਵਿਚ ਦੋਹਰੀ ਸੁਰੱਖਿਆ ਵਿਵਸਥਾ ਨੂੰ ਕਾਰਗਰ ਨਹੀਂ ਮੰਨਿਆ ਜਾ ਸਕਦਾ, ਵਿਸ਼ੇਸ਼ ਕਰ ਕੇ ਉਦੋਂ, ਜਦੋਂ ਰਾਜ ਸਭਾ ਮੈਂਬਰ ਨੇ ਸੂਬੇ ਦੀ ਪੁਲਿਸ ਉਤੇ ਭਰੋਸਾ ਨਾ ਪ੍ਰਗਟਾਉਂਦਿਆਂ ਕੇਂਦਰੀ ਸੁਰੱਖਿਆ ਪ੍ਰਾਪਤ ਕਰਨਾ ਮੁਨਾਸਿਬ ਸਮਝਿਆ ਹੋਵੇ।

ਬੁਲਾਰੇ ਮੁਤਾਬਕ ਬਾਜਵਾ ਦੇ ਦਾਅਵੇ ਦੇ ਉਲਟ ਰਾਜ ਸਭਾ ਮੈਂਬਰ ਨੂੰ ਕੇਂਦਰੀ ਸੁਰੱਖਿਆ ਕਾਂਗਰਸ ਲੀਡਰਸ਼ਿਪ ਦੇ ਕਹਿਣ ਉਤੇ ਨਹੀਂ ਮਿਲੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸੰਸਦ ਮੈਂਬਰ ਨੂੰ ਦਰਪੇਸ਼ ਕਿਸੇ ਕਿਸਮ ਦੇ ਖਤਰੇ ਦਾ ਪਤਾ ਲਗਾਉਣ ਲਈ ਰਾਜ ਸਰਕਾਰ ਨਾਲ ਵਿਚਾਰ ਕਰਨ ਦੀ ਲੋੜ ਨਹੀਂ ਸਮਝੀ, ਜੋ ਕਿ ਆਮ ਤੌਰ ਉਤੇ ਕਿਸੇ ਵੀ ਵਿਅਕਤੀ ਨੂੰ ਕੇਂਦਰੀ ਸੁਰੱਖਿਆ ਦੇਣ ਤੋਂ ਪਹਿਲਾਂ ਲਾਜ਼ਮੀ ਤੌਰ ‘ਤੇ ਕੀਤੀ ਜਾਣ ਵਾਲੀ ਪ੍ਰਕਿਰਿਆ ਹੁੰਦੀ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਅਸਲ ਵਿਚ ਬਾਜਵਾ ਪੰਜਾਬ ਪੁਲਿਸ ਵੱਲੋਂ ਵਾਧੂ ਸੁਰੱਖਿਆ ਪ੍ਰਾਪਤ ਕਰ ਰਹੇ ਸਨ, ਜੋ ਰਾਜ ਸਭਾ ਮੈਂਬਰ ਨੂੰ ਦਿੱਤੀ ਜਾਂਦੀ ਸੁਰੱਖਿਆ ਤੋਂ ਵੱਧ ਸੀ। ਇਸ ਦਾ ਕਾਰਨ ਇਹ ਸੀ ਕਿ ਸੂਬਾ ਸਰਕਾਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਪ੍ਰਧਾਨ ਰਹੇ ਹੋਣ ਕਰਕੇ ਉਨ੍ਹਾਂ ਤੋਂ ਇਹ ਵੱਡੀ ਸੁਰੱਖਿਆ ਵਾਪਸ ਨਹੀਂ ਲਈ ਸੀ।

ਗ੍ਰਹਿ ਮੰਤਰਾਲੇ ਵਲੋਂ 19 ਮਾਰਚ ਨੂੰ ਬਾਜਵਾ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ ਅਤੇ ਅੱਜ ਤੱਕ ਉਨ੍ਹਾਂ ਕੋਲ ਨਿੱਜੀ ਸੁਰੱਖਿਆ, ਘਰ ਦੀ ਸੁਰੱਖਿਆ ਅਤੇ ਐਸਕਾਰਟ ਲਈ ਸੀ.ਆਈ.ਐਸ਼ਐਫ਼ ਦੇ 25 ਜਵਾਨਾਂ ਸਮੇਤ ਦੋ ਐਸਕਾਰਟ ਡਰਾਈਵਰ ਮੌਜੂਦ ਹਨ। 23 ਮਾਰਚ ਤੱਕ ਉਨ੍ਹਾਂ ਕੋਲ 14 ਪੰਜਾਬ ਪੁਲਿਸ ਦੇ ਕਰਮਚਾਰੀ ਵੀ ਤਾਇਨਾਤ ਸਨ ਪਰ ਉਨ੍ਹਾਂ ਵਿਚੋਂ ਕੁਝ ਨੂੰ ਕੋਵਿਡ ਡਿਊਟੀ ਦੇ ਮੱਦੇਨਜ਼ਰ ਵਾਪਸ ਬੁਲਾ ਲਿਆ ਗਿਆ। ਇਸ ਸਮੇਂ ਬਾਜਵਾ ਕੋਲ ਪੰਜਾਬ ਪੁਲਿਸ ਦੇ ਛੇ ਕਰਮਚਾਰੀ ਹਨ ਅਤੇ ਡਰਾਈਵਰ ਸਮੇਤ ਇਕ ਐਸਕਾਰਟ ਹੈ, ਜਿਸ ਨੂੰ ਹੁਣ ਵਾਪਸ ਲਿਆ ਜਾ ਰਿਹਾ ਹੈ।