Copyright & copy; 2019 ਪੰਜਾਬ ਟਾਈਮਜ਼, All Right Reserved
ਅਵਤਾਰ ਸਿੰਘ ਧਾਲੀਵਾਲ ਪਦ ਉੱਨਤ ਹੋ ਕੇ ਬਣੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ

ਅਵਤਾਰ ਸਿੰਘ ਧਾਲੀਵਾਲ ਪਦ ਉੱਨਤ ਹੋ ਕੇ ਬਣੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ

 

ਤਰਨਤਾਰਨ ਵਿਖੇ ਸੰਭਾਲਿਆ ਨਵਾਂ ਅਹੁਦਾ

 

ਵੈਨਕੂਵਰ, (ਬਰਾੜ-ਭਗਤਾ ਭਾਈ ਕਾ) ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਲੋਕ ਸੰਪਰਕ ਵਿਭਾਗ ਵਿੱਚ ਕੁਝ ਬਦਲੀਆਂ ਤੋਂ ਇਲਾਵਾ ਕੁਝ ਕੁ ਅਫ਼ਸਰਾਂ ਨੂੰ ਨਵੀਆਂ ਤਰੱਕੀਆਂ ਦੇ ਕੇ ਨਿਵਾਜਿਆ ਗਿਆ ਹੈ ਜਿੰਨ੍ਹਾਂ ਵਿੱਚ 2011 ਗਰੁੱਪ ਦੇ ਅਵਤਾਰ ਸਿੰਘ ਧਾਲੀਵਾਲ ਵੀ ਸ਼ਾਮਲ ਹਨ ਜਿੰਨ੍ਹਾਂ ਨੂੰ ਸਹਾਇਕ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦਾ ਪਦ ਉੱਨਤ ਕਰਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਨਿਯੁਕਤ ਕਰਨ ਉਪਰੰਤ ਕਲਾਸ 1 ਅਫ਼ਸਰ ਵਜੋਂ ਤਰਨਤਾਰਨ ਵਿਖੇ ਹੀ ਨਿਯੁਕਤ ਕਰ ਦਿੱਤਾ ਗਿਆ ਹੈ ਜਿੱਥੇ ਉਹ ਪਹਿਲਾਂ ਤੋਂ ਹੀ ਸਹਾਇਕ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦੇ ਤੌਰ ‘ਤੇ ਸੇਵਾ ਨਿਭਾ ਰਹੇ ਹਨ।ਉਨ੍ਹਾਂ ਨੇ ਆਪਣਾ ਨਵਾਂ ਅਹੁਦਾ ਸੰਭਾਲਣ ਪਿੱਛੋਂ ਕੰਮ-ਕਾਰ ਸ਼ੁਰੂ ਕਰ ਦਿੱਤਾ ਹੈ।

ਤਰਨਤਾਰਨ ਵਿਖੇ ਪਹਿਲਾਂ ਹੀ ਸਹਾਇਕ ਅਫ਼ਸਰ ਵਜੋਂ ਕੰਮ ਕਰਦੇ ਰਹਿਣ ਕਰਕੇ ਸ. ਧਾਲੀਵਾਲ ਨੂੰ ਇਸ ਦਫ਼ਤਰ ਅਧੀਨ ਆਉਂਦੇ ਸਾਰੇ ਇਲਾਕੇ ਦੀ ਪੂਰੀ ਜਾਣਕਾਰੀ ਹੋਣ ਕਰਕੇ ਉਹ ਆਪਣੇ ਨਵ-ਨਿਯੁਕਤ ਅਹੁਦੇ ਪ੍ਰਤੀ ਹੋਰ ਵੀ ਨਿਪੁੰਨਤਾ ਅਤੇ ਸਹੀ ਢੰਗ ਨਾਲ ਕੰਮ ਕਰਨ ਵਿੱਚ ਮੁਹਾਰਤ ਹਾਸਲ ਕਰ ਸਕਣਗੇ ਅਤੇ ਬੜੀ ਇਮਾਨਦਾਰੀ, ਲਗਨ ਅਤੇ ਮਿਹਨਤ ਨਾਲ ਕੰਮ ਕਰਕੇ ਆਪਣੇ ਅਹੁਦੇ ਪ੍ਰਤੀ ਵਫ਼ਾਦਾਰ ਰਹਿਣਗੇ।

ਤਰਨਤਾਰਨ ਤੋਂ ਇਲਾਵਾ ਉਹ ਅੰਮ੍ਰਿਤਸਰ ਅਤੇ ਕਪੂਰਥਲਾ ਵਿਖੇ ਸਹਾਇਕ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਜਿੱਥੇ ਉਨ੍ਹਾਂ ਦੀ ਕਾਰਜ਼ਸ਼ੈਲੀ ਇੱਕ ਉਧਾਹਰਣ ਬਣ ਕੇ ਪ੍ਰਤੱਖ ਹੋਈ ਹੈ।

ਸ. ਧਾਲੀਵਾਲ ਵੱਲੋਂ ਕਰੋਨਾ ਮਹਾਮਾਰੀ ਤੋਂ ਬਚਣ ਲਈ ਸਰਕਾਰ ਦੇ ਹੁਕਮਾਂ ਦੀਆਂ ਸੂਚਨਾਵਾਂ ਨੂੰ ਮੀਡੀਆ ਅਤੇ ਆਮ ਲੋਕਾਂ ਤੱਕ ਪਹੁੰਚਾਣ ਵਿੱਚ ਚੰਗੀ ਭੂਮਿਕਾ ਨਿਭਾਉਣ ਉਪਰੰਤ ‘ਬੇਟੀ ਬਚਾਉ, ਬੇਟੀ ਪੜ੍ਹਾਓ’ ਮੁਹਿੰਮ ਨੂੰ ਬੜੇ ਸੁਚੱਜੇ ਢੰਗ ਨਾਲ ਚਲਾਉਣ ਵਿੱਚ ਵੱਡਾ ਯੋਗਦਾਨ ਪਾਉਣ ਲਈ ਹਰ ਸਮੇਂ ਤੱਤਪਰ ਰਹਿੰਦੇ ਹਨ।

ਵੈਨਕੂਵਰ ਤੋਂ ਫ਼ੋਨ ਦੇ ਜ਼ਰੀਏ ਸੰਪਰਕ ਕਰਨ ‘ਤੇ ਨਵ-ਨਿਯੁਕਤ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਵਤਾਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਸਰਕਾਰ ਦੇ ਸਾਰੇ ਭੇਦ ਗੁਪਤ ਰੱਖਦੇ ਹੋਏ ਆਪਣੇ ਅਹੁਦੇ ਲਈ ਇਮਾਨਦਾਰ ਅਤੇ ਵਫ਼ਾਦਾਰ ਰਹਿ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ‘ਮਿਸ਼ਨ ਫ਼ਤਹਿ’ ਸੰਬੰਧੀ ਜਾਗਰੂਕ ਕਰਨ ਲਈ ਪਹਿਲ ਦੇ ਆਧਾਰ ‘ਤੇ ਕੰਮ ਕਰਨ ਲਈ ਵਚਨਬੱਧ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹੋਏ ਪ੍ਰਸ਼ਾਸਨ ਅਤੇ ਮੀਡੀਆ ਕਰਮੀਆਂ ਨਾਲ ਪੂਰਾ ਤਾਲਮੇਲ ਬਣਾ ਕੇ ਰੱਖਦੇ ਹੋਏ ਉਨ੍ਹਾਂ ਦਰਮਿਆਨ ਇੱਕ ਕੜੀ ਵਜੋਂ ਵਿਚਰਨਗੇ।