ਨਵਦੀਪ ਬੈਂਸ ਨੇ ਮੰਤਰੀ ਦੇ ਅਹੁੱਦੇ ਤੋਂ ਦਿੱਤਾ ਅਸਤੀਫ਼ਾ

ਨਵਦੀਪ ਬੈਂਸ ਨੇ ਮੰਤਰੀ ਦੇ ਅਹੁੱਦੇ ਤੋਂ ਦਿੱਤਾ ਅਸਤੀਫ਼ਾ

ਜਸਟਿਨ ਟਰੂਡੋ ਵਲੋਂ ਮਾਰਕ ਗਾਰਨੇਉ ਨਵਾਂ ਵਿਦੇਸ਼ ਮੰਤਰੀ ਨਿਯੁਕਤ

ਟੋਰਾਂਟੋ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤੀ-ਕੈਨੇਡੀਅਨ ਸਿੱਖ ਮੰਤਰੀ ਨਵਦੀਪ ਬੈਂਸ ਨੇ ਅਚਾਨਕ ਅਸਤੀਫਾ ਦੇ ਦਿੱਤਾ ਹੈ। 43 ਸਾਲਾ ਨਵਦੀਪ ਬੈਂਸ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਸਨ। ਉਨ੍ਹਾਂ ਦੇ ਅਸਤੀਫ਼ੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਸਾਬਕਾ ਪੁਲਾੜ ਯਾਤਰੀ ਮਾਰਕ ਗਾਰਨੇਉ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ। ਕੈਬਨਿਟ ਵਿਚ ਹੋਏ ਬਦਲਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਟਰੂਡੋ ਨੇ ਟਵਿੱਟਰ ‘ਤੇ ਕਿਹਾ, ”ਨਵਦੀਪ ਬੈਂਸ ਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣ ਲਈ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ।” ਉਨ੍ਹਾਂ ਦੇ ਐਲਾਨ ਕਾਰਨ ਖਾਲੀ ਥਾਂ ਨੂੰ ਭਰਨ ਲਈ, ਅਸੀਂ ਕੈਨੇਡੀਅਨ ਮੰਤਰੀ ਮੰਡਲ ਵਿੱਚ ਕੁਝ ਤਬਦੀਲੀਆਂ ਕਰਨ ਦਾ ਐਲਾਨ ਕਰ ਰਹੇ ਹਾਂ। ਦੱਸਣਯੋਗ ਹੈ ਕਿ ਬੈਂਸ ਨੇ 2013 ਵਿੱਚ ਟਰੂਡੋ ਦੀ ਅਗਵਾਈ ਹਾਸਲ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਸੀ।
ਇਸ ਸੰਬੰਧੀ 43 ਸਾਲਾ ਬੈਂਸ ਨੇ ਮੰਗਲਵਾਰ ਨੂੰ ਇੱਕ ਵੀਡੀਓ ਬਿਆਨ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਕਿਹਾ ਕਿ ਉਹ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣ ਲਈ ਸਿਆਸਤ ਤੋਂ ਸੰਨਿਆਸ ਲੈ ਰਹੇ ਹਨ। ਉਨ੍ਹਾਂ ਦੇ ਅਗਲੀਆਂ ਚੋਣਾਂ ਲੜਨ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਬੈਂਸ ਨੇ ਕਿਹਾ ਕਿ ਉਹ ਅਗਲੀਆਂ ਚੋਣਾਂ ਦੌਰਾਨ ਪ੍ਰਚਾਰ ਮੁਹਿੰਮ ਵਿੱਚ ਭੂਮਿਕਾ ਨਿਭਾਉਣਗੇ।
ਦੱਸਣਯੋਗ ਹੈ ਕਿ ਬੈਂਸ ਉਨ੍ਹਾਂ ਚਾਰ ਸਿੱਖਾਂ ਵਿਚੋਂ ਇਕ ਸਨ ਜਿਨ੍ਹਾਂ ਨੂੰ ਟਰੂਡੋ ਨੇ 2015 ਵਿਚ ਕੈਬਨਿਟ ਮੰਤਰੀ ਨਿਯੁਕਤ ਕੀਤਾ ਸੀ। ਟਰੂਡੋ ਦੇ ਮੰਤਰੀ ਮੰਡਲ ਵਿੱਚ ਹੁਣ ਸਿਰਫ ਦੋ ਸਿੱਖ ਮੰਤਰੀ ਹਨ। ਸਾਬਕਾ ਪੁਲਾੜ ਯਾਤਰੀ ਅਤੇ ਟ੍ਰਾਂਸਪੋਰਟ ਮੰਤਰੀ ਮਾਰਕ ਗਾਰਨੇਉ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਫਰੈਂਕਵਾ ਫਿਲਿਪ ਚੈਂਪੇਜ ਨੂੰ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਨਿਯੁਕਤ ਕੀਤਾ ਗਿਆ ਹੈ। ਹੁਣ ਟਰੂਡੋ ਦੇ ਮੰਤਰੀਮੰਡਲ ਵਿੱਚ ਦੋ ਸਿੱਖ ਮੰਤਰੀ ਰਹਿ ਗਏ ਹਨ। ਕੈਨੇਡੀਅਨ ਮੀਡੀਆ ਰਿਪੋਰਟਾਂ ਮੁਤਾਬਕ ਮੰਤਰੀ ਮੰਡਲ ਵਿੱਚ ਇੱਕ ਵੱਡੇ ਫੇਰਬਦਲ ਦੀ ਉਮੀਦ ਹੈ।