ਕੈਨੇਡਾ ਦੇ ਉਂਟਾਰੀਓ ਸੂਬੇ ‘ਚ ਵੀਰਵਾਰ ਤੋਂ ਲੱਗੀ 28 ਦਿਨ ਲਈ ਐਮਰਜੈਂਸੀ

ਕੈਨੇਡਾ ਦੇ ਉਂਟਾਰੀਓ ਸੂਬੇ ‘ਚ ਵੀਰਵਾਰ ਤੋਂ ਲੱਗੀ 28 ਦਿਨ ਲਈ ਐਮਰਜੈਂਸੀ

ਹੁਕਮਾਂ ਦੀ ਉਲੰਘਣਾਂ ਕਰਨ ਵਾਲੇ ਨੂੰ ਹੋਵੇਗੀ ਜੇਲ੍ਹ ਤੇ ਜੁਰਮਾਨਾ

ਵੈਨਕੂਵਰ, (ਬਰਾੜ-ਭਗਤਾ ਭਾਈ ਕਾ): ਦੁਨੀਆਂ ‘ਚ ਫੈਲੀ ਕਰੋਨਾ ਦੀ ਬਿਮਾਰੀ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੀ ਮਾਰ ਤੋਂ ਦੁਨੀਆਂ ਅਜੇ ਬਾਹਰ ਨਹੀਂ ਆਈ ਸੀ, ਕਿ ਇੰਗਲੈਂਡ ਵਿਚ ਮਿਲੇ ਕਰੋਨਾ ਦੇ ਇੱਕ ਹੋਰ ਵੱਖਰੇ ਰੂਪ ਨੇ ਮੁੜ ਦੁਨੀਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਪਹਿਲਾਂ ਹੀ ਦੁਨੀਆਂ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਕਿਉਂਕਿ ਇਸ ਕਰੋਨਾ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਨਵੇਂ ਕੇਸਾ ਨੂੰ ਦੇਖਦੇ ਹੋਏ ਮੁੜ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਯਾਤਰਾ ਉਪਰ ਵੀ ਪਾਬੰਦੀ ਲਗਾ ਦਿੱਤੀਆਂ ਗਈਆਂ ਹਨ।
ਕਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਮੁੜ ਤਾਲਾਬੰਦੀ ਕੀਤੀ ਗਈ ਹੈ। ਕੈਨੇਡਾ ਦੇ ਵੀ ਬਹੁਤ ਸਾਰੇ ਸੂਬਿਆਂ ਵਿੱਚ ਕਰੋਨਾ ਦੇ ਵਧ ਰਹੇ ਕੇਸਾਂ ਦੇ ਕਾਰਨ ਤਾਲਾਬੰਦੀ ਕੀਤੀ ਗਈ ਹੈ। ਕੈਨੇਡਾ ਦੇ ਉਨਟਾਰੀਓ ਸੂਬੇ ਵਿੱਚ ਕਰੋਨਾ ਕੇਸਾਂ ਵਿੱਚ ਕਾਫ਼ੀ ਵਾਧਾ ਵੇਖਿਆ ਜਾ ਰਿਹਾ ਹੈ। ਜਿਸ ਲਈ ਸਰਕਾਰ ਵੱਲੋਂ ਉਂਟਾਰੀਓ ਸੂਬੇ ਅੰਦਰ 14 ਜਨਵਰੀ ਤੋਂ 10 ਫ਼ਰਵਰੀ ਤੱਕ 28 ਦਿਨਾਂ ਲਈ ਐਮਰਜੰਸੀ ਲਾਗੂ ਕੀਤੀ ਜਾ ਰਹੀ ਹੈ।
ਸੂਬੇ ਅੰਦਰ ਪਹਿਲਾਂ ਹੀ ਤਾਲਾ ਬੰਦੀ ਕੀਤੀ ਗਈ ਹੈ। ਪਰ ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ ਸੂਬੇ ਦੇ ਮੁੱਖ ਮੰਤਰੀ ਡਗ ਫੋਰਡ ਵੱਲੋਂ ਮੰਗਲਵਾਰ ਨੂੰ ਐਮਰਜੈਂਸੀ ਲਾਉਣ ਦਾ ਐਲਾਨ ਕੀਤਾ ਗਿਆ ਹੈ। ਸੂਬੇ ਅੰਦਰ ਸਰਕਾਰ ਨੇ ਦੂਜੀ ਵਾਰ ਐਮਰਜੈਂਸੀ ਲਗਾ ਦਿੱਤੀ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜ਼ਰੂਰੀ ਹਾਲਤ ਵਿੱਚ ਹੀ ਲੋਕਾਂ ਨੂੰ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਵੇਂ ਕਿ ਰਾਸ਼ਨ ਲੈਣ ਜਾਂ ਕੋਈ ਐਮਰਜੈਂਸੀ ਪੈਣ ਤੇ ਦਵਾਈ ਲੈਣ ਲਈ।
ਇਸ ਐਮਰਜੈਂਸੀ ਦੇ ਵਿੱਚ ਅਗਰ ਕੋਈ ਵੀ ਵਿਅਕਤੀ ਬਿਨਾਂ ਕੰਮ ਤੋਂ ਆਪਣੇ ਘਰ ਤੋਂ ਬਾਹਰ ਜਾਂਦਾ ਵੇਖਿਆ ਜਾਵੇ ਤਾਂ ਉਸਨੂੰ ਜੁਰਮਾਨਾ ਲਗਾਇਆ ਜਾਵੇਗਾ ਅਤੇ ਇਕ ਸਾਲ ਦੀ ਜੇਲ੍ਹ ਅਤੇ ਹੋਰ ਜੁਰਮਾਨਾ ਵੀ ਹੋ ਸਕਦਾ ਹੈ। ਤਾਲਾਬੰਦੀ ਦੌਰਾਨ ਕੁਝ ਵਪਾਰਕ ਅਦਾਰਿਆਂ ਨੂੰ ਖੋਲ੍ਹਣ ਦਾ ਹੁਕਮ ਦਿੱਤਾ ਗਿਆ ਸੀ ਉਨ੍ਹਾਂ ਨੂੰ ਵੀ ਹੁਣ ਐਮਰਜੈਂਸੀ ਦੇ ਵਿੱਚ ਬੰਦ ਰੱਖਿਆ ਜਾਵੇਗਾ। ਸਰਕਾਰ ਵੱਲੋਂ ਲੋਕਾਂ ਨੂੰ ਜ਼ਰੂਰੀ ਕੰਮ ਤੋਂ ਇਲਾਵਾ ਹਰ ਸਮੇਂ ਘਰ ਅੰਦਰ ਹੀ ਰਹਿਣ ਦਾ ਹੁਕਮ ਦਿੱਤਾ ਗਿਆ ਹੈ। ਐਮਰਜੈਂਸੀ ਦਾ ਇਹ ਨਿਯਮ ਵੀਰਵਾਰ ਤੋਂ ਸੂਬੇ ਅੰਦਰ ਲਾਗੂ ਹੋ ਗਿਆ ਹੈ