ਜੇਕਰ ਸਾਵਧਾਨੀ ਨਾ ਵਰਤੀ ਤਾਂ ਬੀ.ਸੀ. ‘ਚ ਵੀ ਉਂਟਾਰੀਓ ਵਰਗੇ ਹਾਲਾਤ ਬਣ ਸਕਦੇ ਹਨ : ਬੀ.ਸੀ. ਡਾਕਟਰਜ਼

ਜੇਕਰ ਸਾਵਧਾਨੀ ਨਾ ਵਰਤੀ ਤਾਂ ਬੀ.ਸੀ. ‘ਚ ਵੀ ਉਂਟਾਰੀਓ ਵਰਗੇ ਹਾਲਾਤ ਬਣ ਸਕਦੇ ਹਨ : ਬੀ.ਸੀ. ਡਾਕਟਰਜ਼

ਸਰੀ, (ਇਸ਼ਪ੍ਰੀਤ ਕੌਰ): ਉਂਟਾਰੀਓ ‘ਚ ਵੀਰਵਾਰ ਤੋਂ ਸ਼ੁਰੂ ਹੋਏ ਸਟੇਅ ਐਟ ਹੋਮ ਦੇ ਨਿਯਮ ਨੂੰ ਬੀ.ਸੀ. ‘ਚ ਵੀ ਲਾਗੂ ਕੀਤਾ ਜਾ ਸਕਦਾ ਹੈ। ਇਸ ਦਾ ਖਦਸ਼ਾ ਬੀ.ਸੀ. ਦੇ ਡਾਕਟਰਾਂ ਨੇ ਜ਼ਾਹਰ ਕੀਤਾ ਹੈ। ਵੈਨਕੂਵਰ ਦੇ ਡਾਕਟਰ ਬ੍ਰਾਇਨ ਕੌਨਵੇ ਦਾ ਕਹਿਣਾ ਹੈ ਕਿ ਓਨਟਾਰੀਓ ‘ਚ ਕ੍ਰਿਸਮਿਸ ਤੋਂ ਬਾਅਦ ਕੋਵਿਡ-19 ਦੇ ਕੇਸਾਂ ‘ਚ ਵੱਡਾ ਉਛਾਲ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਇਥੇ ਵੀਰਵਾਰ ਤੋਂ ਲੋਕਾਂ ਘਰ ‘ਚ ਰਹਿਣ ਦੀ ਹਦਾਇਤ ਜਾਰੀ ਕੀਤੀ ਗਈ ਹੈ ਜਦੋਂ ਕਿ ਬੀ.ਸੀ. ‘ਚ ਭਾਵੇਂ ਕ੍ਰਿਸਮਿਸ ਤੋਂ ਬਾਅਦ ਕੋਵਿਡ-19 ਦੇ ਕੇਸ ਉਂਟਾਰੀਓ ਜਿੰਨੇ ਨਹੀਂ ਵਧੇ ਪਰ ਸਥਿਤੀ ਇਥੇ ਵੀ ਚਿੰਤਾਜਨਕ ਬਣੀ ਹੋਈ ਹੈ। ਰੋਜ਼ਾਨਾ 500 ਦੇ ਕਰੀਬ ਨਵੇਂ ਕੇਸ ਆ ਰਹੇ। ਜੇਕਰ ਅੰਕੜੇ ਇਸੇ ਤਰ੍ਹਾਂ ਵੱਧਦੇ ਰਹੇ ਤਾਂ ਫਰਵਰੀ ਤੱਕ ਮੁੜ ਆਈ.ਸੀ.ਯੂ. ‘ਚ ਮਰੀਜ਼ਾਂ ਦੀ ਗਿਣਤੀ ਵੱਧ ਜਾਣ ਦਾ ਅਨੁਮਾਨ ਲਗਾਇਆ ਗਿਆ ਹੈ। ਬ੍ਰਾਇਨ ਨੇ ਕਿਹਾ ਭਾਵੇਂ ਬੀ.ਸੀ. ‘ਚ ਸਥਿਤੀ ਬਾਕੀ ਸੂਬਿਆਂ ਦੇ ਮੁਕਾਬਲੇ ਚੰਗੀ ਹੈ ਪਰ ਸਾਨੂੰ ਅਜੇ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ, ਜਿੰਨਾ ਹੋ ਸਕੇ ਘਰਾਂ ਤੋਂ ਬਾਹਰ ਨਿਕਲਣਾ ਘੱਟ ਕੀਤਾ ਜਾਵੇ। ਬ੍ਰਾਇਨ ਨੇ ਕਿਹਾ ਬੀ.ਸੀ. ‘ਚ ਟੈਸਟਿੰਗ ਨੂੰ ਵਧਾਉਣ ਦੀ ਜ਼ਰੂਰਤ ਹੈ। ਉਨਟਾਰੀਓ ‘ਚ ਨਵੇਂ ਕੋਵਿਡ-19 ਦੇ 14 ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਮਿਊਨਿਟੀ ‘ਚ ਵਧੇਰੇ ਤੇਜ਼ੀ ਨਾਲ ਫੈਲ ਸਕਦਾ ਹੈ। ਅਜਿਹੇ 2 ਕੇਸ ਬੀ.ਸੀ. ਦੇ ਕੋਲਿਜ਼ਨ ਅਤੇ ਕਨਵੇ ‘ਚ ਵੀ ਮਿਲੇ ਹਨ ਜੋ ਕਿ ਚਿੰਤਾਜਨਕ ਹੈ ਕਿਉਂਕਿ ਇਸ ਨਵੀਂ ਕਿਸਮ ਨੂੰ ਫੈਲਣ ਤੋਂ ਰੋਕਣ ਲਈ ਵਧੇਰੇ ਚੌਕਸੀ ਵਰਤਨੀ ਪਵੇਗੀ।