ਮਿਸ਼ਨ ਤੋਂ ਮੈਂਬਰ ਪਾਰਲੀਮੈਂਟ ਬਰੈਡ ਵਿਸ ਵੀ ਉੱਤਰਿਆ ਕਿਸਾਨਾਂ ਦੇ ਹੱਕ ਵਿੱਚ

ਮਿਸ਼ਨ ਤੋਂ ਮੈਂਬਰ ਪਾਰਲੀਮੈਂਟ ਬਰੈਡ ਵਿਸ ਵੀ ਉੱਤਰਿਆ ਕਿਸਾਨਾਂ ਦੇ ਹੱਕ ਵਿੱਚ

ਐਬਟਸਫੋਰਡ ‘ਚ ਰੋਸ ਮੁਜ਼ਾਹਰਾ ਕਰ ਰਹੇ ਕਿਸਾਨ ਪੱਖੀ ਲੋਕਾਂ ਨੂੰ ਕੀਤਾ ਸੰਬੋਧਨ
ਵੈਨਕੂਵਰ, (ਬਰਾੜ-ਭਗਤਾ ਭਾਈ ਕਾ): ਭਾਰਤ ਸਰਕਾਰ ਵੱਲੋਂ ਖੇਤੀ ਸੰਬੰਧੀ ਲਿਆਂਦੇ ਗਏ ਤਿੰਨ ਬਿੱਲਾਂ ਨੂੰ ਲੈ ਕੇ ਜਿੱਥੇ ਭਾਰਤ ਵਿੱਚ ਸਰਕਾਰ ਅਤੇ ਕਿਸਾਨਾਂ ਵੱਲੋਂ ਸਮਝੇ ਜਾਂਦੇ ਕਾਲੇ ਕਾਨੂੰਨਾਂ ਖ਼ਿਲਾਫ਼ ਪੂਰੇ ਭਾਰਤ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ ਉੱਥੇ ਵਿਦੇਸ਼ਾਂ ਵਿੱਚ ਵੀ ਜਿੱਥੇ ਕਿਤੇ ਵੀ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ ਉੱਥੇ ਵੀ ਮੋਦੀ ਸਰਕਾਰ ਖ਼ਿਲਾਫ਼ ਜੰਮਕੇ ਪ੍ਰਦਰਸ਼ਨ ਹੋ ਰਹੇ ਹਨ। ਇਸੇ ਤਰਾਂ ਹੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਐਬਟਸਫੋਰਡ ਵਿੱਚ ਐਬਟਸਫੋਰਡ ਮਿਸ਼ਨ ਦੇ ਮੈਂਬਰ ਪਾਰਲੀਮੈਂਟ ਬਰੈਡ ਵਿਸ ਵੱਲੋਂ ਐਬਟਸਫੋਰਡ ਸ਼ਹਿਰ ਦੇ ਮਿਡੋਫੇਅਰ ਪਲ਼ਾਜੇ ਵਿੱਚ ਪੰਜਾਬੀਆਂ ਵੱਲੋਂ ਖੇਤੀ ਸੰਬੰਧੀ ਬਣੇ ਕਾਲੇ ਕਾਨੂੰਨਾਂ ਖ਼ਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਦੇ ਹੱਕ ਵਿੱਚ ਆਪਣੇ ਸਮਰਥਨ ਦਾ ਐਲਾਨ ਕਰ ਦਿੱਤਾ। ਬਰੈਡ ਵਿਸ ਨੇ ਇਕੱਤਰ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਭਾਰਤ ਸਰਕਾਰ ਨੂੰ ਕਿਸਾਨਾਂ ਵੱਲੋਂ ਖੇਤੀ ਸੰਬੰਧੀ ਸਮਝੇ ਜਾਂਦੇ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲੈਣੇ ਚਾਹੀਦੇ ਹਨ। ਬਰੈਡ ਨੇ ਦਿੱਲੀ ਵਿਖੇ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੱਕ ਲੈਣ ਆਏ ਕਿਸਾਨਾਂ ਦੀ ਮੌਤ ‘ਤੇ ਬਹੁਤ ਅਫ਼ਸੋਸ ਹੈ। ਬਰੈਡ ਵਿਸ ਨੇ ਸ਼ਾਂਤਮਈ ਰਹਿ ਕੇ ਮੁਜ਼ਾਹਰਾ ਕਰ ਰਹੇ ਲੋਕਾਂ ਨੂੰ ਸੰਬੋਧਨ ਕਰਕੇ ਦੱਸਿਆ ਕਿ ਉਹ ਆਪਣੇ ਨਾਲ ਸ਼ਹਿਰ ਦੇ ਪੰਜਾਬੀ ਪਲਵਿੰਦਰ ਅਰੋੜਾ ਨੂੰ ਨਾਲ ਲੈ ਕੇ ਆਏ ਜਿੰਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਐਬਟਸਫੋਰਡ ਵਿੱਚ ਹਰ ਰੋਜ ਕਿਸਾਨਾਂ ਦੇ ਹੱਕ ਵਿੱਚ ਮੁਜ਼ਾਹਰਾ ਕੀਤਾ ਜਾਂਦਾ। ਇਸ ਸਮੇਂ ਉਹ ਤੇ ਪਲਵਿੰਦਰ ਅਰੋੜਾ ਕਿਸਾਨਾਂ ਦੇ ਹੱਕ ਵਿੱਚ ਮੁਜ਼ਾਹਰਾ ਕਰ ਰਹੇ ਭਾਰਤੀ ਪਰਿਵਾਰਾਂ ਨਾਲ ਦਿੱਲੀ ‘ਚ ਚੱਲ ਰਹੇ ਕਿਸਾਨੀ ਸੰਘਰਸ਼ ਦਾ ਇੱਕ ਹਿੱਸਾ ਬਣੇ।