ਬੀ.ਸੀ. ਨੂੰ ਫਰਵਰੀ ਦੇ ਹਰ ਹਫ਼ਤੇ ਮਿਲਣਗੇ 80 ਹਜ਼ਾਰ ਕੋਵਿਡ-19 ਦੇ ਟੀਕੇ

ਬੀ.ਸੀ. ਨੂੰ ਫਰਵਰੀ ਦੇ ਹਰ ਹਫ਼ਤੇ ਮਿਲਣਗੇ 80 ਹਜ਼ਾਰ ਕੋਵਿਡ-19 ਦੇ ਟੀਕੇ

ਸਰੀ, (ਇਸ਼ਪ੍ਰੀਤ ਕੌਰ): ਫੈਡਰਲ ਸਰਕਾਰ ਵਲੋਂ ਜਾਰੀ ਕੀਤੀ ਗਈ ਵੈਕਸੀਨ ਦੀ ਵੰਡ ਸਬੰਧੀ ਸਾਰਣੀ ਦੇ ਅਨੁਸਾਰ ਬ੍ਰਿਟਿਸ਼ ਕੋਲੰਬੀਆ ਨੂੰ ਫਰਵਰੀ ਮਹੀਨੇ ਹਰ ਹਫ਼ਤੇ 80 ਹਜ਼ਾਰ ਕੋਵਿਡ-19 ਦੇ ਵੈਕਸੀਨ ਦੇ ਟੀਕੇ ਪ੍ਰਾਪਤ ਹੋਣਗੇ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਵਲੋਂ ਪ੍ਰਕਾਸ਼ਿਕਤ ਕੀਤੀ ਗਈ ਇਸ ਵੰਡ ਯੋਜਨਾ ਅਨੁਸਾਰ ਫਰਵਰੀ ਮਹੀਨੇ ਹਰ ਸੂਬੇ ਨੂੰ ਜਨਵਰੀ ਦੇ ਮੁਕਾਬਲੇ ਕੋਵਿਡ-19 ਦੀ ਵੈਕਸੀਨ ਵੱਧ ਤੋਂ ਵੱਧ ਮੁਹੱਈਆ ਕਰਵਾਈ ਜਾਵੇਗੀ। ਜਨਵਰੀ ਦੇ ਪਹਿਲੇ ਹਫ਼ਤੇ ਦੀ ਗੱਲ ਕਰੀਏ ਤਾਂ ਬੀ.ਸੀ. ਨੂੰ ਫਾਈਜ਼ਰ ਬਾਇਓਨਟੈਕ ਦੇ 28,275 ਟੀਕੇ ਅਤੇ ਮੌਡਰਨਾ ਵੈਕਸੀਨ ਦੇ 20,700 ਟੀਕੇ ਪ੍ਰਪਾਤ ਹੋਏ ਹਨ। ਜਦੋਂ ਕਿ ਵੈਕਸੀਨ ਦੀ ਵੰਡ ਯੋਜਨਾ ਅਨੁਸਾਰ 22 ਫਰਵਰੀ ਤੱਕ ਬੀ.ਸੀ. ਨੂੰ 49,725 ਫਾਈਜ਼ਰ ਖੁਰਾਕਾਂ ਅਤੇ 31000 ਦੇ ਕਰੀਬ ਮੌਡਰਨਾ ਵੈਕਸੀਨ ਦੀਆਂ ਖੁਰਾਕਾਂ ਦੀ ਸੁਪਰਦਗੀ ਕੀਤੀ ਜਾਵੇਗੀ। ਫਰਵਰੀ ਦੇ ਅੰਤ ਤੱਕ ਬੀ.ਸੀ. ਸੂਬੇ ਨੂੰ ਦੋਵੇਂ ਟੀਕਿਆਂ ਦੀਆਂ 451,000 ਤੋਂ ਵੱਧ ਖੁਰਾਕਾਂ ਦੀ ਸਪਲਾਈ ਕਰ ਦਿੱਤੀ ਜਾਵੇਗੀ ਜਦੋਂ ਕਿ ਬੀ.ਸੀ. ਨੂੰ ਦੋ-ਦੋ ਡੋਜ਼ਾਂ ਦੇ ਅਨੁਸਾਰ 225,850 ਡੋਜ਼ਾਂ ਦੀ ਜ਼ਰੂਰਤ ਹੋਵੇਗੀ ਜੋ ਕਿ ਇੱਕ ਅਨੁਮਾਨ ਲਾਇਆ ਗਿਆ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਦੇ ਸਾਰੇ ਸੂਬਿਆਂ ‘ਚ ਸਤੰਬਰ ਤੱਕ ਹਰ ਕੈਨੇਡੀਅਨ ਨੂੰ ਟੀਕੇ ਦੀਆਂ ਦੋ ਡੋਜ਼ਾਂ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਜਾਣਕਾਰੀ ਅਨੁਸਾਰ ਬੀ.ਸੀ. ‘ਚ ਹੁਣ ਤੱਕ ਕੁਲ 71200 ਖੁਰਾਕਾਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ ਜਿਨ੍ਹਾਂ ‘ਚੋਂ 50700 ਖੁਰਾਕਾਂ ਫਾਈਜ਼ਰ ਦੀਆਂ ਅਤੇ 20,500 ਖੁਰਾਕਾਂ ਮੌਡਰਨਾ ਦੀਆਂ ਹਨ। ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਦੱਸਿਆ ਕਿ ਐਤਵਾਰ ਤੱਕ ਕੁਲ 59902 ਲੋਕਾਂ ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ‘ਚੋਂ ਵਧੇਰੇ ਖੁਰਾਕਾਂ ਸਿਰਫ਼ ਫਰੰਟ ਲਾਈਨ, ਸਿਹਤ ਕਰਮਚਾਰੀਆਂ ਅਤੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਦਿੱਤੀਆਂ ਗਈਆਂ ਹਨ। ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਉਮੀਦ ਹੈ ਇਸ ਸਾਲ ਦੇ ਅੰਤ ਤੱਕ ਇਹ ਦੋਵੇਂ ਟੀਕੇ ਕੈਨੇਡਾ ‘ਚ ਆਮ ਜਨਤਾ ਲਈ ਵੀ ਉਪਲੱਬਧ ਕਰਵਾ ਦਿੱਤੇ ਜਾਣਗੇ।