ਭਾਰਤ ਸਰਕਾਰ ਅਤੇ ਕਿਸਾਨਾਂ ਵਿਚਾਲੇ 9ਵੀਂ ਮੀਟਿੰਗ ਵੀ ਰਹੀ ਬੇਸਿੱਟਾ

ਭਾਰਤ ਸਰਕਾਰ ਅਤੇ ਕਿਸਾਨਾਂ ਵਿਚਾਲੇ 9ਵੀਂ ਮੀਟਿੰਗ ਵੀ ਰਹੀ ਬੇਸਿੱਟਾ
ਸੁਪਰੀਮ ਕੋਰਟ ਵੱਲੋਂ ਗਠਤ ਕੀਤੀ ਚਾਰ ਮੈਂਬਰੀ ਕਮੇਟੀ ਸਰਕਾਰ ਪੱਖੀ : ਕਿਸਾਨ ਜਥੇਬੰਦੀਆਂ

ਬਰਾੜ-ਭਗਤਾ ਭਾਈ ਕਾ
ਕੇਂਦਰ ਤੇ ਕਿਸਾਨਾਂ ਵਿਚਾਲੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਚੱਲ ਰਹੀ 9ਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਲੀਡਰਾਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਹੁਣ ਅਗਲੀ ਬੈਠਕ 19 ਜਨਵਰੀ ਨੂੰ ਹੋਵੇਗੀ। ਅੱਜ ਫਿਰ ਕਿਸਾਨਾਂ ਸਾਹਮਣੇ ਕਾਨੂੰਨਾਂ ‘ਚ ਸੋਧਾਂ ਦੀ ਪੇਸ਼ਕਸ਼ ਰੱਖੀ ਗਈ। ਇਸ ਨੂੰ ਕਿਸਾਨਾਂ ਨੇ ਹਰ ਵਾਰ ਦੀ ਤਰ੍ਹਾਂ ਉਸ ਠੁਕਰਾ ਦਿੱਤਾ ਅਤੇ ਕਾਨੂੰਨਾਂ ਨੂੰ ਪੂਰਨ ਤੌਰ ‘ਤੇ ਰੱਦ ਕਰਨ ਦੀ ਮੰਗ ਰੱਖੀ। ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ, ਵਣਜ ਤੇ ਖੁਰਾਕ ਮੰਤਰੀ ਪਿਯੂਸ਼ ਗੋਇਲ ਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਵਿਗਿਆਨ ਭਵਨ ਵਿਖੇ 40 ਦੇ ਕਰੀਬ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਕਿਸਾਨਾਂ ਅਤੇ ਹੋਰ ਕਿਰਤੀਆਂ ਵੱਲੋਂ ਦਿੱਲੀ ਵਿਖੇ ਖੇਤੀ ਕਾਲੇ ਕਾਨੂੰਨਾਂ ਦੇ ਖਿਲਾਫ਼ ਲਾਏ ਗਏ ਧਰਨਿਆਂ ਦੌਰਾਨ ਕਿਸਾਨਾਂ ਅਤੇ ਸਰਕਾਰ ਵਿਚਕਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਜਦੋਂ ਕਿ ਇਸ ਸੰਘਰਸ਼ ਦੀ ਗੇਂਦ ਹੁਣ ਸੁਪਰੀਮ ਦੇ ਵਿਹੜੇ ਵਿੱਚ ਜਾ ਡਿੱਗੀ ਹੈ। ਇਸੇ ਦੌਰਾਨ ਸੁਪਰੀਮ ਕੋਟ ਨੇ ਇੱਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿੱਚ ਭੁਪਿੰਦਰ ਸਿੰਘ ਮਾਨ, ਅਨਿਲ ਘਣਵਤ, ਅਸ਼ੋਕ ਗੁਲਾਟੀ ਅਤੇ ਡਾ. ਪੀ ਕੇ ਜੋਸ਼ੀ ਸ਼ਾਮਲ ਹਨ ਜਿਹੜੇ ਕਿ ਇਸ ਕਿਸਾਨੀ ਸੰਘਰਸ਼ ਬਾਰੇ ਅਤੇ ਖੇਤੀ ਸੰਬੰਧੀ ਬਣੇ ਕਾਨੂੰਨਾਂ ਬਾਰੇ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੀਆਂ ਦਲੀਲਾਂ ਸੁਣ ਕੇ ਸੁਪਰੀਮ ਕੋਰਟ ਦੇ ਪੈਨਲ ਨੂੰ ਰਿਪੋਰਟ ਕਰਨਗੇ। ਜਿਕਰਯੋਗ ਹੈ ਕਿ ਕਮੇਟੀ ਦੇ ਇੱਕ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਆਪਣੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਿਸ ਨਾਲ ਕਿਸਾਨਾਂ ਦੀ ਇੱਕ ਹੋਰ ਹੋਈ ਜਿੱਤ ਸਮਝੀ ਜਾ ਰਹੀ ਹੈ।
ਕਮੇਟੀ ਬਾਰੇ ਗੱਲ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਕਮੇਟੀ ‘ਚ ਇਹ ਉਹੀ ਚਾਰੇ ਵਿਅਕਤੀ ਸ਼ਾਮਲ ਹਨ ਜਿਹੜੇ ਕਿ ਖੇਤੀ ਬਾਰੇ ਬਣੇ ਕਾਨੂੰਨ ਬਣਾਉਣ ਵੇਲੇ ਸਰਕਾਰ ਦੇ ਨਾਲ ਉਨ੍ਹਾਂ ਦੇ ਹੱਕ ਵਿੱਚ ਸਨ ਅਤੇ ਹੁਣ ਹਰ ਰੋਜ ਸਰਕਾਰ ਦੇ ਹੱਕ ਵਿੱਚ ਆਰਟੀਕਲ ਲਿਖਦੇ ਹਨ। ਰਾਜੇਵਾਲ ਨੇ ਕਿਹਾ ਕਿ ਅਜਿਹੀ ਕਮੇਟੀ ਤੋਂ ਕਿਸਾਨਾਂ ਵੱਲੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਅਸੀਂ ਕਮੇਟੀ ਚੁਣਨ ਬਾਰੇ ਕਿਹਾ ਹੈ ਅਤੇ ਨਾ ਹੀ ਅਸੀਂ ਸੁਪਰੀਮ ਕੋਰਟ ਗਏ ਹਾਂ ਨਾ ਹੀ ਜਾਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਇਸ ਕਮੇਟੀ ਨਾਲ ਬਿਲਕੁਲ ਨਹੀਂ ਬੈਠਾਂਗੇ, ਸਾਨੂੰ ਇਸ ਕਮੇਟੀ ‘ਤੇ ਕੋਈ ਭਰੋਸਾ ਨਹੀਂ ਹੈ। ਕਮੇਟੀ ਬਣਾਉਣ ਦਾ ਮਤਲਬ ਤਾਂ ਲੋਕਾਂ ਦਾ ਕਾਨੂੰਨਾਂ ਤੋਂ ਧਿਆਨ ਹਟਾਉਣ ਦੀ ਇੱਕ ਕਸਰਤ ਹੈ। ਰਾਜੇਵਾਲ ਨੇ ਕਿਹਾ ਕਿ ਸਾਡਾ ਕਿਸੇ ਅਜਿਹੀ ਸੰਸਥਾ ਨਾਲ ਕੋਈ ਅਜਿਹਾ ਸੰਬੰਧ ਨਹੀਂ ਹੈ ਜਿਨ੍ਹਾਂ ਪ੍ਰਤੀ ਸਰਕਾਰ ਸ਼ੱਕੀ ਨਜ਼ਰ ਰੱਖ ਰਹੀ ਹੈ। ਅੱਤਵਾਦੀ ਲੋਕਾਂ ਬਾਰੇ ਪੁੱਛੇ ਸਵਾਲ ‘ਤੇ ਕਿ ਸੁਣਿਆਂ ਮੋਰਚੇ ‘ਚ ਅੱਤਵਾਦੀ ਘੁਸਪੈਠ ਕਰ ਚੁੱਕੇ ਹਨ ਤਾਂ ਰਾਜੇਵਾਲ ਨੇ ਕਿਹਾ ਕਿ ਜਿਹੜੇ ਅਜਿਹੀ ਗੱਲ ਕਰਦੇ ਹਨ ਜਾਂ ਜਿਸ ਨੂੰ ਅੱਤਵਾਦੀਆਂ ਦਾ ਪਤਾ ਹੈ ਉਹ ਫੜ੍ਹਣ, ਕਿਉਂ ਨ੍ਹੀ ਫੜ੍ਹਦੇ। ਫੰਡਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਡੀ ਕਿਸੇ ਕਿਸਾਨ ਜਥੇਬੰਦੀ ਨੂੰ ਕਿਤੋਂ ਵੀ ਕੋਈ ਫੰਡ ਨਹੀਂ ਆਇਆ ਅਤੇ ਨਾ ਹੀ ਅਸੀਂ ਕਿਸੇ ਫੰਡ ਦੀ ਕਿਸੇ ਤੋਂ ਮੰਗ ਕੀਤੀ ਹੈ ਅਤੇ ਨਾ ਹੀ ਸਾਨੂੰ ਫੰਡ ਦੀ ਲੋੜ ਹੈ।
26 ਜਨਵਰੀ ਦੇ ਟਰੈਕਟਰ ਮਾਰਚ ਬਾਰੇ ਗੱਲ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਹਾਂ ਅਸੀਂ ਇਹ ਕਿਹਾ ਹੈ ਅਤੇ ਕਹਿੰਦੇ ਹਾਂ ਕਿ ਜਿੰਨੇ ਵੀ ਵੱਧ ਤੋਂ ਵੱਧ ਟਰੈਕਟਰ, ਕਾਰਾਂ ਜੀਪਾਂ ਬੱਸ ਟਰੱਕ 26 ਜਨਵਰੀ ਦੇ ਮਾਰਚ ‘ਚ ਲਿਆ ਸਕਦੇ ਹੋ ਤਾਂ ਲਿਆਵੋ। ਉਨ੍ਹਾਂ ਕਿਹਾ ਕਿ ਲਾਲ ਕਿਲੇ ‘ਤੇ ਝੰਡਾ ਝੁਲਾਉਣ ਬਾਰੇ ਸਾਡਾ ਕੋਈ ਖਿਆਲ ਨਹੀਂ ਅਤੇ ਨਾ ਹੀ ਅਸੀਂ ਅਜਿਹੀ ਸੋਚ ਰੱਖਦੇ ਹਾਂ ਕਿ ਅਸੀਂ ਏਥੇ ਲੜਾਈ ਜਾਂ ਬਗ਼ਾਵਤ ਕਰਨ ਆਏ ਹਾਂ, ਅਸੀਂ ਤਾਂ ਸਿਰਫ਼ ਆਪਣੇ ਹੱਕ ਖੋਹਣ ਆਏ ਹਾਂ ਜਿਹੜੇ ਸਰਕਾਰ ਨੇ ਤਾਕਤ ਦੀ ਦੁਰਵਰਤੋਂ ਕਰਕੇ ਖੋਹੇ ਹਨ। ਮੋਰਚੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੰਘਰਸ਼ ਨੂੰ ਫ਼ੇਲ੍ਹ ਕਰਨ ਵਾਸਤੇ ਕਈ ਸੁਰੱਖਿਆ ਦਸਤੇ ਅਤੇ ਕਈ ਹੋਰ ਏਜੰਸੀਆਂ ਸੁਚੇਤ ਕੀਤੀਆਂ ਹੋਈਆਂ ਹਨ ਕਿ ਇਸ ਮੋਰਚੇ ਘੁਸਪੈਠ ਕਰਕੇ ਇਸ ਨੂੰ ਫ਼ੇਲ੍ਹ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 15 ਜਨਵਰੀ ਤੋਂ ਬਾਅਦ ਕਿਸਾਨ ਮੀਟਿੰਗ ‘ਚ ਕੀ ਫੈਸਲਾ ਲਿਆ ਜਾਣਾ ਹੈ, ਉਸ ਬਾਰੇ ਪਤਾ ਲੱਗਣ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕਰਾਂਗੇ, ਪਰ ਜਾਵਾਂਗੇ ਜਿੱਤ ਕੇ ਜਾਂ ਸ਼ਹੀਦ ਹੋ ਕੇ।