ਰੁਝਾਨ ਖ਼ਬਰਾਂ
ਤੁਸੀਂ ਵੀ ਗੈਸਟ੍ਰਿਕ ਤੋਂ ਬਚ ਸਕਦੇ ਹੋ

ਤੁਸੀਂ ਵੀ ਗੈਸਟ੍ਰਿਕ ਤੋਂ ਬਚ ਸਕਦੇ ਹੋ

ਖਾਣ-ਪੀਣ ਅਤੇ ਜੀਵਨਸ਼ੈਲੀ ਵਿਚ ਕੁਝ ਬਦਲਾਅ ਆਉਂਦੇ ਹੀ ਕਈ ਬਿਮਾਰੀਆਂ ਤੁਹਾਡੇ ਸਰੀਰ ਵਿਚ ਇਕਦਮ ਦਾਖ਼ਲ ਹੋ ਜਾਂਦੀਆਂ ਹਨ, ਜਿਨ੍ਹਾਂ ਦਾ ਪਤਾ ਕੁਝ ਦੇਰੀ ਨਾਲ ਲਗਦਾ ਹੈ। ਕਦੇ-ਕਦੇ ਕੁਝ ਬਿਮਾਰੀਆਂ ਸਰੀਰ ਲਈ ਬਹੁਤ ਦੁਖਦਾਈ ਬਣ ਜਾਂਦੀਆਂ ਹਨ। ਖਾਣ-ਪੀਣ ਦੀ ਤਬਦੀਲੀ ਦਾ ਸਭ ਤੋਂ ਜ਼ਿਆਦਾ ਅਸਰ ਪੇਟ ‘ਤੇ ਪੈਂਦਾ ਹੈ, ਜਿਸ ਨਾਲ ਸਰੀਰ ਵਿਚ ਕਈ ਤਰ੍ਹਾਂ ਦੇ ਅਮਲ ਬਣਨੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਗੈਸਟ੍ਰਿਕ (ਬਦਹਜ਼ਮੀ) ਦਾ ਸ਼ਿਕਾਰ ਹੁੰਦੇ ਜ਼ਿਆਦਾ ਸਮਾਂ ਨਹੀਂ ਲਗਦਾ। ਅਜਿਹੇ ਵਿਚ ਬਾਜ਼ਾਰ ਵਿਚ ਉਪਲਬਧ ਦਵਾਈਆਂ ਲੈ ਕੇ ਖੁਦ ਡਾਕਟਰ ਨਾ ਬਣੋ। ਬਿਹਤਰ ਹੈ ਸਮੇਂ ਸਿਰ ਡਾਕਟਰ ਦੀ ਸਲਾਹ ਲੈ ਕੇ ਦਵਾਈ ਸ਼ੁਰੂ ਕਰ ਦਿਓ। ਦਵਾਈ ਦੇ ਨਾਲ ਇਸ ਸਮੱਸਿਆ ਨਾਲ ਨਿਪਟਣ ਲਈ ਆਪਣੇ ਖਾਣ-ਪੀਣ ਵੱਲ ਵੀ ਪੂਰਾ ਧਿਆਨ ਦਿਓ। ਖਾਣ-ਪੀਣ ਵਿਚ ਜੋ ਬਦਲਾਅ ਲਿਆਏ ਹੋ, ਉਨ੍ਹਾਂ ਨੂੰ ਫਿਰ ਤੋਂ ਹਲਕਾ ਕਰੋ ਅਤੇ ਆਪਣੇ-ਆਪ ਨੂੰ ਬਦਹਜ਼ਮੀ ਤੋਂ ਦੂਰ ਰੱਖੋ।

– ਅਜਿਹੇ ਵਿਚ ਜ਼ਿਆਦਾ ਚਰਬੀ ਵਾਲਾ ਭੋਜਨ ਨਾ ਕਰੋ।
– ਵਿਟਾਮਿਨ ‘ਸੀ’ ਨਾਲ ਭਰਪੂਰ ਫ਼ਲਾਂ ਦਾ ਸੇਵਨ ਬਹੁਤ ਘੱਟ ਕਰੋ, ਜਿਵੇਂ ਸੰਤਰਾ, ਨਿੰਬੂ, ਟਮਾਟਰ ਆਦਿ।
– ਕੌਫੀ ਅਤੇ ਚਾਹ ਦਾ ਸੇਵਨ ਵੀ ਨਾਂਹ ਦੇ ਬਰਾਬਰ ਕਰੋ। ਚਾਹ ਪੀਣ ਦੇ ਜ਼ਿਆਦਾ ਆਦੀ ਹੋਣ ‘ਤੇ ਪਹਿਲਾਂ ਪਾਣੀ ਪੀਓ, ਫਿਰ ਚਾਹ ਠੰਢੀ ਕਰਕੇ ਪੀਓ।
– ਭੋਜਨ ਕਰਦੇ ਸਮੇਂ ਪਾਣੀ ਦੀ ਵਰਤੋਂ ਜਿਥੋਂ ਤੱਕ ਸੰਭਵ ਹੋਵੇ, ਬਹੁਤ ਘੱਟ ਮਾਤਰਾ ਵਿਚ ਕਰੋ। * ਮੁੱਖ ਰੂਪ ਵਿਚ ਦੋ ਵਾਰ ਪੇਟ ਭਰ ਕੇ ਭੋਜਨ ਖਾਣ ਦੀ ਬਜਾਏ ਦਿਨ ਵਿਚ 4-5 ਵਾਰ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਖਾਓ।
– ਰਾਤ ਨੂੰ ਭੋਜਨ ਸੌਣ ਤੋਂ 2-3 ਘੰਟੇ ਪਹਿਲਾਂ ਕਰੋ। ਰਾਤ ਨੂੰ ਭੋਜਨ ਕਰਨ ਤੋਂ ਤੁਰੰਤ ਬਾਅਦ ਨਾ ਲੰਮੇ ਪਓ।
– ਜ਼ਿਆਦਾ ਭਾਰ ਵਾਲੇ ਲੋਕਾਂ ਨੂੰ ਕਸਰਤ ਕਰਕੇ ਅਤੇ ਲਗਾਤਾਰ ਸੈਰ ਕਰਕੇ ਆਪਣਾ ਭਾਰ ਕਾਬੂ ਵਿਚ ਰੱਖਣਾ ਚਾਹੀਦਾ ਹੈ।
– ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ, ਜਿਵੇਂ ਸ਼ਰਾਬ, ਸਿਗਰਟ, ਤੰਬਾਕੂ, ਪਾਨ ਮਸਾਲਾ ਅਤੇ ਬੀੜੀ ਆਦਿ।
– ਚਾਕਲੇਟ ਦੀ ਵਰਤੋਂ ਆਪਣੇ ਭੋਜਨ ਵਿਚੋਂ ਹਟਾ ਦੇਣ ਵਿਚ ਤੁਹਾਡੀ ਭਲਾਈ ਹੈ।
– ਠੰਢੇ ਬੋਤਲਬੰਦ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ।
– ਬਦਹਜ਼ਮੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਕ੍ਰੋਧ ਅਤੇ ਤਣਾਅ। ਇਸ ਤੋਂ ਆਪਣੇ-ਆਪ ਨੂੰ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰੋ, ਜਿਸ ਵਾਸਤੇ ਤੁਸੀਂ ਯੋਗ, ਮੈਡੀਟੇਸ਼ਨ ਦਾ ਸਹਾਰਾ ਲਓ, ਜਿਸ ਨਾਲ ਮਨ ਨੂੰ ਸ਼ਾਂਤੀ ਮਿਲ ਸਕੇ।
– ਸੌਣ ਸਮੇਂ ਮਨ ਨੂੰ ਸ਼ਾਂਤ ਰੱਖੋ, ਜਿਸ ਨਾਲ ਤੁਸੀਂ ਚੰਗੀ ਨੀਂਦ ਲੈ ਸਕੋ।
– ਜੀਵਨ ਨੂੰ ਨੀਰਸ ਨਾ ਬਣਾ ਕੇ ਮਨੋਰੰਜਨ ਦੇ ਵੱਖ-ਵੱਖ ਤਰੀਕਿਆਂ ਨਾਲ ਜੀਵਨ ਵਿਚ ਰਸ ਬਣਾਈ ਰੱਖੋ।
– ਕੋਈ ਹੋਰ ਬਿਮਾਰੀ ਹੋਣ ‘ਤੇ ਡਾਕਟਰ ਨੂੰ ਆਪਣੀ ਗੈਸਟ੍ਰਿਕ ਸਮੱਸਿਆ ਦੇ ਬਾਰੇ ਵਿਚ ਜ਼ਰੂਰ ਦੱਸੋ, ਕਿਉਂਕਿ ਕਈ ਵਾਰ ਕੁਝ ਦਵਾਈਆਂ ਜ਼ਿਆਦਾ ਅਮਲ ਬਣਾਉਣ ਵਿਚ ਸਹਾਇਕ ਹੁੰਦੀਆਂ ਹਨ।
– ਜਿਸ ਬਿਸਤਰ ‘ਤੇ ਤੁਸੀਂ ਸੌਣ ਜਾ ਰਹੇ ਹੋ, ਸਿਰ ਵਾਲੀ ਜਗ੍ਹਾ ਨੂੰ 5 ਜਾਂ 6 ਇੰਚ ਉੱਚੀ ਰੱਖੋ। ਸਿਰ ਵੱਲ ਬਿਸਤਰ ਦੇ ਹੇਠਾਂ ਇੱਟ ਜਾਂ ਲੱਕੜੀ ਦੇ ਟੁਕੜੇ ਰੱਖ ਸਕਦੇ ਹੋ।
– ਇਸ ਤਰ੍ਹਾਂ ਦਵਾਈ ਦੇ ਨਾਲ ਆਪਣੀ ਜੀਵਨ ਸ਼ੈਲੀ ਅਤੇ ਖਾਣ-ਪੀਣ ਵਿਚ ਲੋੜੀਂਦੇ ਬਦਲਾਅ ਲਿਆਓ, ਤਾਂ ਹੀ ਤੁਸੀਂ ਇਸ ਰੋਗ ਤੋਂ ਛੁਟਕਾਰਾ ਪਾ ਸਕਦੇ ਹੋ।