Copyright © 2019 - ਪੰਜਾਬੀ ਹੇਰਿਟੇਜ
ਏਸ਼ੀਆ ‘ਚ ਸਭ ਤੋਂ ਮਾੜੀ ਹਾਲਤ ਭਾਰਤੀ ਕਰੰਸੀ ਰੁਪਈਏ ਦੀ

ਏਸ਼ੀਆ ‘ਚ ਸਭ ਤੋਂ ਮਾੜੀ ਹਾਲਤ ਭਾਰਤੀ ਕਰੰਸੀ ਰੁਪਈਏ ਦੀ

ਮੁੰਬਈ : ਭਾਰਤੀ ਕਰੰਸੀ ਰੁਪਈਆ ਡਾਲਰ ਦੇ ਮੁਕਾਬਲੇ ਲਗਾਤਾਰ ਲੁੜ੍ਹਕ ਰਿਹਾ ਹੈ। ਇਹ ਏਸ਼ੀਆ ਵਿਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਬਣ ਗਿਆ ਹੈ। ਵਿਦੇਸ਼ੀ ਨਿਵੇਸ਼ਕ ਰੁਪਈਏ ਬਾਂਡ ਤੋਂ ਆਪਣਾ ਨਿਵੇਸ਼ ਕੱਢ ਰਹੇ ਹਨ, ਜਿਸ ਨਾਲ ਰੁਪਏ ਦੀ ਸਥਿਤੀ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ। ਇਸ ਪਿੱਛੇ ਭੂ-ਰਾਜਨੀਤਕ ਕਾਰਨਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਬਾਜ਼ਾਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਰੁਪਏ ਵਿਚ ਜੇ ਇਸੇ ਤਰ੍ਹਾਂ ਗਿਰਾਵਟ ਜਾਰੀ ਰਹੀ ਤਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਹੋਇਆ ਲਾਭ ਪੂਰੀ ਤਰ੍ਹਾਂ ਖਤਮ ਹੋ ਸਕਦਾ ਹੈ। ਆਰਥਕ ਜਾਣਕਾਰਾਂ ਮੁਤਾਬਕ ਵਿਦੇਸ਼ੀ ਨਿਵੇਸ਼ਕ ਘੱਟ ਮਿਆਦ ਦੇ ਲੋਨ ਨਿਵੇਸ਼ ਵਿਚ ਕਰੰਸੀ ਜੋਖਮ ਨੂੰ ਸੀਮਤ ਰੱਖਦੇ ਹਨ। ਜੇ ਸਰਕਾਰੀ ਬਾਂਡ ਤੇ ਭਾਰਤੀ ਕਾਰਪੋਰੇਟ ਦੀ ਵਿਦੇਸ਼ੀ ਹੋਲਡਿੰਗਜ਼ ਦੀ ਵਿਕਰੀ ਸ਼ੁਰੂ ਹੋ ਗਈ ਤਾਂ ਇਸ ਨਾਲ ਕਰੰਸੀ ਹੋਰ ਕਮਜ਼ੋਰ ਹੋ ਸਕਦੀ ਹੈ। ਰੁਪਈਆ ਬਾਂਡ ਵਿਚ ਨਿਵੇਸ਼ ਆਮ ਤੌਰ ‘ਤੇ ਕੈਰੀ ਟਰੇਡਸ ਦੇ ਜ਼ਰੀਏ ਹੁੰਦਾ ਹੈ। ਕੈਰੀ ਟਰੇਡਿੰਗ ਕਰੰਸੀ ਟਰੇਡਿੰਗ ਦਾ ਸਭ ਤੋਂ ਅਸਾਨ ਤਰੀਕਾ ਹੈ, ਜਿਸ ਵਿਚ ਨਿਵੇਸ਼ਕ ਘੱਟ ਵਿਆਜ ਦਰ ਵਾਲੀ ਕਰੰਸੀ ਦੀ ਥਾਂ ਉੱਚੇ ਵਿਆਜ ਦਰ ਵਾਲੀ ਕਰੰਸੀ ਖਰੀਦਦੇ ਹਨ। ਜੇ ਰੁਪਏ ਵਿਚ ਗਿਰਾਵਟ ਜਾਰੀ ਰਹੀ ਤਾਂ ਨਿਵੇਸ਼ਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਸਕਦਾ ਹੈ ਤੇ ਉਹ ਆਪਣਾ ਪੈਸਾ ਕੱਢ ਸਕਦੇ ਹਨ। ਇਸ ਮਹੀਨੇ ਡਾਲਰ ਦੇ ਮੁਕਾਬਲੇ ਰੁਪਈਆ 3.6 ਫੀਸਦੀ ਤੱਕ ਲੁੜ੍ਹਕ ਚੁੱਕਾ ਹੈ ਤੇ ਇਹ ਸਤੰਬਰ 2013 ਦੇ ਬਾਅਦ ਦੂਜੀ ਸਭ ਤੋਂ ਵੱਡੀ ਗਿਰਾਵਟ ਹੈ। ਭੂ-ਰਾਜਨੀਤਕ ਕਾਰਨ ਰੁਪਏ ਦੀ ਗਿਰਾਵਟ ਦੀ ਵੱਡੀ ਵਜ੍ਹਾ ਮੰਨੇ ਜਾ ਰਹੇ ਹਨ।
ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰ ਖਤਮ ਕਰਨ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਖਿਚਾਅ ਦਾ ਮਾਹੌਲ ਹੈ। ਅਮਰੀਕਾ ਤੇ ਚੀਨ ਵਿਚਾਲੇ ਜਾਰੀ ਵਪਾਰ ਜੰਗ ਨੇ ਵੀ ਸਥਿਤੀ ਨੂੰ ਕਾਫੀ ਖਰਾਬ ਬਣਾਇਆ ਹੋਇਆ ਹੈ। ਸਰਕਾਰ ਨੇ ਜਦੋਂ ਤੋਂ ਵਿਦੇਸ਼ੀ ਨਿਵੇਸ਼ਕਾਂ ਲਈ ਲੋਨ ਸੰਬੰਧੀ ਨਿਯਮਾਂ ਤੇ ਸ਼ਰਤਾਂ ਨੂੰ ਅਸਾਨ ਕੀਤਾ ਹੈ, ਉਦੋਂ ਤੋਂ ਵਿਦੇਸ਼ੀ ਨਿਵੇਸ਼ਕ ਭਾਰਤੀ ਰੁਪਈਆ ਬਾਂਡ ਵਿਚ ਨਿਵੇਸ਼ ਲਈ ਕਾਫੀ ਉਤਸ਼ਾਹਤ ਸਨ। ਸਸਤੀ ਕਰੰਸੀ ਤੇ ਉੱਚੀ ਵਿਆਜ ਦਰ ਦੇ ਚਲਦੇ ਭਾਰਤ ਪਹਿਲਾਂ ਵੀ ਵਿਦੇਸ਼ੀ ਨਿਵੇਸ਼ਕਾਂ ਦੀ ਪਸੰਦ ਰਿਹਾ ਹੈ।