Copyright © 2019 - ਪੰਜਾਬੀ ਹੇਰਿਟੇਜ
ਪੰਜਾਬ ਦੀ ਕੋਈ ਵੀ ਸਿਆਸੀ ਪਾਰਟੀ ਪੰਜਾਬ ਲਈ ਸੁਹਿਰਦ ਨਹੀਂ

ਪੰਜਾਬ ਦੀ ਕੋਈ ਵੀ ਸਿਆਸੀ ਪਾਰਟੀ ਪੰਜਾਬ ਲਈ ਸੁਹਿਰਦ ਨਹੀਂ

ਤਿੰਨ ਵਰ੍ਹਿਆ ‘ਚ ਕੈਪਟਨ ਸਰਕਾਰ ਨੇ ਵੀ ਪੰਜਾਬ ਦਾ ਕੁਝ ਨਹੀਂ ਸਵਾਰਿਆ, ਪੰਜਾਬੀ ਨੌਜਵਾਨਾਂ ਦੇ ਪਰਵਾਸ ਕਾਰਨ ਸੂਬਾ ਉਜੜਨ ਦੇ ਕਗਾਰ ‘ਤੇ

ਚੰਡੀਗੜ੍ਹ : ਪੰਜਾਬ ‘ਚ ਤਿੰਨ ਸਾਲ ਪਹਿਲਾਂ ਜਿਹੜੇ ਚੋਣ ਮੁੱਦਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਉਨ੍ਹਾਂ ‘ਚੋਂ ਕੋਈ ਚੋਣ ਮੁੱਦਾ ਹਾਲੇ ਤੱਕ ਪੂਰਾ ਹੁੰਦਾ ਪੰਜਾਬ ਵਾਸੀਆਂ ਨੂੰ ਨਜ਼ਰ ਨਹੀਂ ਆ ਰਿਹਾ। ਮਾਰਚ ਵਿਚ ਕੈਪਟਨ ਸਰਕਾਰ ਦੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਜਾ ਰਿਹਾ ਹੈ। ਪੰਜਾਬ ‘ਚ ਬੇਰੁਜ਼ਗਾਰੀ ਨਸ਼ੇ, ਗੈਂਗਸਟਰਵਾਦ ਆਦਿ ਸਮੱਸਿਆ ਜਿਉਂ ਦੀਆਂ ਤਿਉਂ ਹੀ ਹਨ। ਪੰਜਾਬ ‘ਚ ਨਸ਼ਿਆਂ ਦੀ ਵਰਤੋਂ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ, ਬੇਰੁਜ਼ਗਾਰੀ ਦੇ ਮਾਰੇ ਪੰਜਾਬ ਨੌਜਵਾਨ ਵਿਦੇਸ਼ਾਂ ਵੱਲ ਨੂੰ ਆ ਰਹੇ ਹਨ। ਪੰਜਾਬ ਕਾਂਗਰਸ ਨੇ ਬੇਅਦਬੀ, ਰੇਤਾ, ਬੱਜਰੀ, ਨਸ਼ੇ, ਗੈਂਗਸਟਰ ਅਤੇ ਬਿਜਲੀ ਬਣਾਉਣ ਵਾਲੀਆਂ ਨਿੱਜੀ ਕੰਪਨੀਆਂ ਦੇ ਮੁੱਦਿਆਂ ਨੂੰ ਇੰਨੇ ਜ਼ੋਰ-ਸ਼ੋਰ ਨਾਲ ਉਭਾਰਿਆ ਸੀ ਕਿ ਸੱਤਾ ਉਤੇ ਦਸ ਸਾਲ ਤੋਂ ਕਾਬਜ਼ ਅਕਾਲੀ-ਭਾਜਪਾ ਗੱਠਜੋੜ ਨੂੰ ਹਾਸ਼ੀਏ ਉਤੇ ਧੱਕ ਦਿੱਤਾ ਗਿਆ ਸੀ। ਪੰਜਾਬ ‘ਚ ਜਿੱਤ ਨਾਲ ਕਾਂਗਰਸ ਨੂੰ ਕੌਮੀ ਪੱਧਰ ‘ਤੇ ਵੀ ਵੱਡੀ ਰਾਹਤ ਮਿਲੀ ਸੀ। ਜਿਸ ਵਕਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣੀ ਸੀ, ਸੂਬਾ ਮੰਦੜੇ ਹਾਲੀਂ ਸੀ। ਸਭ ਸਿਆਸੀ ਵਿਸ਼ਲੇਸ਼ਣ ਕੂਕ-ਕੂਕ ਕੇ ਆਖ ਰਹੇ ਸਨ ਕਿ ਆਪਣੇ ਦਸਾਂ ਸਾਲਾਂ ਦੇ ਰਾਜ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਅਗਵਾਈ ਹੇਠਲੀ ਬਾਦਲ ਸਰਕਾਰ ਨੇ ਸੂਬੇ ਨੂੰ ਕੰਗਾਲੀ ਦੇ ਕਗਾਰ ‘ਤੇ ਹੀ ਨਹੀਂ ਪਹੁੰਚਾਇਆ, ਲੋਕਾਂ ਨੂੰ ਵੀ ਬੁਰੀ ਤਰ੍ਹਾਂ ਬੇਵੱਸ ਕਰਕੇ ਰੱਖ ਦਿੱਤਾ ਸੀ। 4 ਫਰਵਰੀ 2017 ਨੂੰ ਹੋਈ ਇਸ ਚੋਣ ਦੀ ਮੁਹਿੰਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਥਾਂ-ਥਾਂ ਜਾ ਕੇ ਲੋਕਾਂ ਨਾਲ ਵਾਅਦੇ ਕੀਤੇ। ਇਨ੍ਹਾਂ ਵਾਅਦਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿਵਾਉਣੀ, ਸੂਬੇ ‘ਚ 4 ਹਫਤਿਆਂ ਦੇ ਅੰਦਰ-ਅੰਦਰ ਨਸ਼ਿਆਂ ਦਾ ਖਾਤਮਾ, ਹਰ ਘਰ ਨੂੰ ਨੌਕਰੀ, ਨੌਜਾਵਨਾਂ ਨੂੰ ਫੋਨ ਦੇਣੇ ਆਦਿ ਮੁੱਖ ਸਨ। ਇਸ ਤੋਂ ਇਲਾਵਾ ਹੋਰ ਵਾਅਦੇ ਵੀ ਧੜੱਲੇ ਨਾਲ ਕੀਤੇ ਗਏ, ਪਰ ਅੱਜ ਤਿੰਨ ਵਰ੍ਹਿਆਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕਾਂਗਰਸ ਕੋਲ ਬੇਅਦਬੀ ਵਰਗਾ ਤਿੱਖਾ ਹਥਿਆਰ ਸੀ ਜਿਸ ਨੂੰ ਆਪਣੇ ਰਵਾਇਤੀ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਨਾ ਵਰਤੇ ਜਾਣ ਕਾਰਨ ਉਸ ਨੂੰ ਖੁੰਢਾ ਕਰ ਲਿਆ ਗਿਆ ਹੈ। ਬੇਅਦਬੀ ਕਾਂਡ ਉਤੇ ਮੁੱਖ ਮੰਤਰੀ ਦੀ ਚੁੱਪ ਤੋਂ ਕਾਂਗਰਸੀ ਹੈਰਾਨ ਤੇ ਪਰੇਸ਼ਾਨ ਹਨ।
ਕਾਂਗਰਸ ‘ਚ ਇਹ ਗੱਲ ਅੱਜ ਵੀ ਮਹਿਸੂਸ ਕੀਤੀ ਜਾ ਰਹੀ ਹੈ ਕਿ ਜੇ ਬੇਅਦਬੀ ਦੇ ਮਾਮਲੇ ਨੂੰ ਆਉਣ ਵਾਲੇ ਸਮੇਂ ‘ਚ ਸਿਰੇ ਨਾ ਲਾਇਆ ਗਿਆ ਤਾਂ ਇਹੀ ਮੁੱਦਾ ਉਨ੍ਹਾਂ ਨੂੰ ਲੈ ਕੇ ਬਹਿ ਜਾਵੇਗਾ। ਹਾਲਾਂਕਿ ਬੇਅਦਬੀ ਨੂੰ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਸੂਰਤ ਵਿਚ ਵਰਤਣ ਦੇ ਸਮਰੱਥ ਨਹੀਂ ਹੈ, ਜਿਵੇਂ ਉਨ੍ਹਾਂ ਨੇ ਦੂਜੇ ਮੁੱਦਿਆਂ ਉਤੇ ਕਾਂਗਰਸ ਉਤੇ ਪਲਟਵਾਰ ਕੀਤਾ ਹੈ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਤੰਬਰ 2016 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਸ ਵੇਲੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਤੇ ਦੋਸ਼ ਲਾਇਆ ਸੀ ਕਿ ਬਿਜਲੀ ਕੰਪਨੀਆਂ ਨਾਲ ਜੋ ਸਮਝੌਤੇ ਕੀਤੇ ਹਨ, ਉਨ੍ਹਾਂ ‘ਚ ਇਕ ਹਜ਼ਾਰ ਕਰੋੜ ਦਾ ਘਪਲਾ ਕੀਤਾ ਗਿਆ ਹੈ। ਕਾਂਗਰਸ ਸੱਤਾ ਵਿਚ ਆ ਕੇ ਇਸ ਦੀ ਜਾਂਚ ਸੀ.ਬੀ.ਆਈ. ਜਾਂ ਕੈਗ ਤੋਂ ਕਰਵਾਏਗੀ। ਇਸ ਮੁੱਦੇ ਉਤੇ ਸੁਖਬੀਰ ਸਿੰਘ ਬਾਦਲ ਨੇ ਪਲਟਵਾਰ ਕਰਦਿਆਂ ਸਿੱਧਾ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਿਆ ਹੈ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਨੇ ਬਿਜਲੀ ਕੰਪਨੀਆਂ ਤੋਂ ਅੰਦਰਖਾਤੇ ਪੈਸੇ ਲੈ ਲਏ ਹਨ ਤੇ ਇਸ ਦੀ ਨਿਰਪੱਖ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ। ਨਸ਼ਿਆਂ ਦੀ ਵਿਕਰੀ ਜਿਸ ਦਾ ਮੁੱਖ ਕਾਰਨ ਨਸ਼ਾ ਤਸਕਰਾਂ, ਪੁਲਿਸ ਅਤੇ ਸਿਆਸਤਦਾਨਾਂ ਦੀ ਮਿਲੀ-ਭੁਗਤ ਹੈ, ਜਿਉਂ ਦੀ ਤਿਉਂ ਹੈ ਅਤੇ ਨੌਜਵਾਨ ਪਹਿਲਾਂ ਵਾਂਗ ਹੀ ਨਸ਼ਿਆਂ ਨਾਲ ਨਿਤ ਦਿਨ ਮਰ ਰਹੇ ਹਨ ਜਾਂ ਬਰਬਾਦ ਹੋ ਰਹੇ ਹਨ। ਸਿਹਤ ਸੇਵਾਵਾਂ ਦਾ ਮੰਦਾ ਹਾਲ ਹੈ। ਕੋਈ ਵੀ ਖੇਤਰ ਅਜਿਹਾ ਨਹੀਂ, ਜੋ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੋਵੇ। ਲੋਕ ਥਾਂ-ਥਾਂ ਖੱਜਲ-ਖੁਆਰ ਹੋ ਰਹੇ ਹਨ।

ਜਾਹਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਾਲਾਇਕ ਸਾਬਤ ਹੋਈ ਹੈ, ਪਰ ਇਸ ਤੋਂ ਵੀ ਵੱਡਾ ਸਵਾਲ ਇਕ ਹੋਰ ਹੈ। ਅਜਿਹੀ ਸੂਰਤ ਵਿਚ ਵਿਰੋਧੀ ਧਿਰ ਦੀ ਭੂਮਿਕਾ ਕੀ ਰਹੀ ਹੈ? ਵਿਰੋਧੀ ਧਿਰ ਵਿਚ ਬੈਠੀਆਂ ਮੁੱਖ ਪਾਰਟੀਆਂ- ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਸਰਕਾਰ ਨੂੰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਘੇਰਨ ਲਈ ਕੀ ਕੁਝ ਕੀਤਾ ਹੈ? ਸਰਕਾਰ ਖਿਲਾਫ ਵਿਰੋਧੀ ਧਿਰ ਦੀ ਇਕਜੁਟਤਾ ਤਾਂ ਦੂਰ ਦੀ ਗੱਲ ਹੈ, ਇਹ ਦੋਵੇਂ ਪਾਰਟੀਆਂ ਖੁਦ ਵੀ ਖਾਨਾਜੰਗੀ ਦਾ ਸ਼ਿਕਾਰ ਹੋ ਗਈਆਂ। ਅਕਾਲੀ ਦਲ ‘ਚ ਬਗਾਵਤ ਹੋਈ ਅਤੇ ਟਕਸਾਲੀਆਂ ਦੇ ਰੂਪ ਵਿਚ ਇਕ ਨਵਾਂ ਧੜਾ ਉਠ ਖੜ੍ਹਾ ਹੋ ਗਿਆ।
ਨੌਜਵਾਨਾਂ ਦੇ ਪਰਵਾਸ ਕਾਰਨ ਸੂਬਾ ਸੱਚਮੁੱਚ ਉਜੜਨ ਦੇ ਕਗਾਰ ‘ਤੇ ਹੈ। ਸੂਬੇ ਦਾ ਸਰਮਾਇਆ ਵਿਦੇਸ਼ਾਂ ਵਲ ਜਾ ਰਿਹਾ ਹੈ। ਲੋਕ ਬੁਨਿਆਦੀ ਸਹੂਲਤਾਂ ਨੂੰ ਵੀ ਤਰਸ ਰਹੇ ਹਨ। ਕੋਈ ਚੰਗਾ ਕਾਰੋਬਾਰੀ ਸੂਬੇ ਅੰਦਰ ਪੈਸਾ ਲਾਉਣ ਲਈ ਤਿਆਰ ਨਹੀਂ। ਉਪਰੋਂ ਸਰਕਾਰ ਨੇ ਸਨਅਤਾਂ ਲਾਉਣ ਦੇ ਬਹਾਨੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਹੜੱਪਣ ਦੀ ਤਿਆਰੀ ਕਰ ਲਈ ਹੈ। ਕੋਈ ਨਹੀਂ ਪੁੱਛਦਾ ਕਿ ਜਦੋਂ ਕੋਈ ਕਾਰੋਬਾਰੀ ਸੂਬੇ ਵਿਚ ਸਨਅਤ ਜਾਂ ਪੈਸਾ ਲਾਉਣ ਲਈ ਤਿਆਰ ਹੀ ਨਹੀਂ, ਤਾਂ ਫਿਰ ਇਹ ਜ਼ਮੀਨਾਂ ਦੇਣੀਆਂ ਕਿਸ ਨੂੰ ਹਨ? ਸਪਸ਼ਟ ਮਸਲਾ ਹੈ ਕਿ ਇਹ ਜ਼ਮੀਨਾਂ ਹੋਰ ਪ੍ਰਾਜੈਕਟਾਂ ਦੀ ਜ਼ਮੀਨਾਂ ਵਾਂਗ ਪਹਿਲਾਂ ਖਾਲੀ ਪਈ ਰਹਿਣਗੀਆਂ ਅਤੇ ਫਿਰ ਸਰਕਾਰ ਚਲਾ ਰਹੇ ਲੋਕ ਆਪਣੇ ਨਜ਼ਦੀਕੀਆਂ ਨੂੰ ਇਹ ਜ਼ਮੀਨਾਂ ਸਸਤੇ ਭਾਅ ਸੰਭਾਲ ਦੇਣਗੇ। ਪੰਜਾਬ ਦੇ ਲੋਕ ਪਹਿਲੀ ਵਾਰ ਇੰਨੇ ਨਿੱਸਲ ਹੋਏ ਹਨ ਕਿ ਸਰਕਾਰ ਅਤੇ ਵਿਰੋਧੀ ਧਿਰ ਦੀ ਨਾਲਾਇਕੀ ਨੂੰ ਇਉਂ ਚੁੱਪ-ਚਾਪ ਬਰਦਾਸ਼ਤ ਕਰ ਰਹੇ ਹਨ।