Copyright © 2019 - ਪੰਜਾਬੀ ਹੇਰਿਟੇਜ
ਪੰਜਾਬ ਵਿੱਚ ਕੁਸ਼ਾਸਨ ਦਾ ਬੋਲਬਾਲਾ : ਰਿਪੋਰਟ

ਪੰਜਾਬ ਵਿੱਚ ਕੁਸ਼ਾਸਨ ਦਾ ਬੋਲਬਾਲਾ : ਰਿਪੋਰਟ

ਚੰਡੀਗੜ੍ਹ: ਕਿਸੇ ਸਮੇਂ ਦੱਖਣੀ ਏਸ਼ੀਆ ਵਿੱਚ ਇੱਕ ਵੱਡੀ ਤਾਕਤ ਅਤੇ ਉੱਤਮ ਖਿੱਤੇ ਵਜੋਂ ਜਾਣੇ ਜਾਂਦੇ ਪੰਜਾਬ ਦੀ ਸਥਿਤੀ ਅੱਜ ਇਹ ਹੈ ਕਿ ਭਾਰਤ ਦੇ ਹੋਰ ਸੂਬਿਆਂ ਨਾਲ ਵੀ ਮੁਕਾਬਲੇ ਵਿੱਚ ਪੰਜਾਬ ਹਰ ਖੇਤਰ ਵਿੱਚ ਪੱਛੜਦਾ ਜਾ ਰਿਹਾ ਹੈ। ਚੰਗੇ ਸ਼ਾਸਨ () ਸਬੰਧੀ ਜਾਰੀ ਹੋਏ ਅੰਕੜਿਆਂ ਵਿੱਚ 18 ਵੱਡੇ ਸੂਬਿਆਂ ਵਿੱਚੋਂ ਪੰਜਾਬ 13ਵੇਂ ਦਰਜੇ ‘ਤੇ ਰਿਹਾ ਹੈ। ਪੰਜਾਬ ਦਾ ਗੁਆਂਢੀ ਸੂਬਾ ਇਸ ਦਰਜੇਬੰਦੀ ‘ਚ 7ਵੇਂ ਸਥਾਨ ‘ਤੇ ਰਿਹਾ ਹੈ। ਜਦਕਿ ਹਿਮਾਚਲ ਪ੍ਰਦੇਸ਼ ਉੱਤਰ-ਪੂਰਬੀ ਅਤੇ ਪਹਾੜੀ ਸੂਬਿਆਂ ਦੀ ਸੂਚੀ ‘ਚ ਪਹਿਲੇ ਸਥਾਨ ‘ਤੇ ਰਿਹਾ।
ਆਰਥਿਕ ਮੰਦਹਾਲੀ ਦੇ ਦੌਰ ‘ਚੋਂ ਲੰਘ ਰਿਹਾ ਪੰਜਾਬ ਆਰਥਿਕ ਸ਼ਾਸਨ ਦੀ ਦਰਜਾਬੰਦੀ ‘ਚ 0.37 ਅੰਕ ਹਾਸਲ ਕਰਕੇ ਆਖਰੀ ਸਥਾਨ ‘ਤੇ ਰਿਹਾ। ਇਹ ਅੰਕ ਸੂਬੇ ਦੀਆਂ ਆਰਥਿਕ ਸਥਿਤੀਆਂ ਦੇ ਮੁਤਾਬਿਕ ਦਿੱਤੇ ਗਏ ਹਨ। ਇਸ ਦਰਜੇਬੰਦੀ ਵਿੱਚ ਹਰਿਆਣੇ ਨੂੰ ਅੱਠਵਾਂ ਦਰਜਾ ਮਿਲਿਆ ਹੈ ਜਦਕਿ ਹਿਮਾਚਲ ਨੂੰ ਚੌਥਾ ਦਰਜਾ ਮਿਲਿਆ ਹੈ।
ਜੇ ਗੱਲ ਕਰੀਏ ਵਪਾਰ ਅਤੇ ਉਦਯੋਗ ਦੀ, ਤਾਂ ਵੀ ਪੰਜਾਬ ਨੂੰ ਹੇਠਲੇ ਪੱਧਰ ਤੋਂ ਦੂਜਾ ਦਰਜਾ ਹਾਸਲ ਹੋਇਆ ਹੈ। ਇਸ ਦਰਜਾਬੰਦੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਦਯੋਗੀਕਰਨ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਇਸ ਦਰਜਾਬੰਦੀ ਵਿੱਚ ਹਰਿਆਣੇ ਨੂੰ ਪੰਜਵਾਂ ਜਦਕਿ ਹਿਮਾਚਲ ਨੂੰ ਦੂਜਾ ਦਰਜਾ ਹਾਸਲ ਹੋਇਆ ਹੈ।
ਖੇਤੀਪ੍ਰਧਾਨ ਸੂਬੇ ਵਜੋਂ ਜਾਣੇ ਜਾਂਦੇ ਪੰਜਾਬ ਦੀ ਦਰਜਾਬੰਦੀ ਦਾ ਖੇਤੀਬਾਣੀ ਖੇਤਰ ਵਿੱਚ ਵੀ ਹਾਲ ਕੁੱਝ ਚੰਗਾ ਨਹੀਂ ਰਿਹਾ ਹੈ। ਇਸ ਦਰਜਾਬੰਦੀ ਵਿੱਚ ਪੰਜਾਬ ਨੂੰ 15ਵੀਂ ਥਾਂ ਮਿਲੀ ਹੈ। ਜਦਕਿ ਹਰਿਆਣਾ ਨੂੰ ਇਸ ਖੇਤਰ ਵਿੱਚ ਪੰਜਵੀਂ ਅਤੇ ਹਿਮਾਚਲ ਨੂੰ ਦੂਜੀ ਥਾਂ ਮਿਲੀ ਹੈ।
ਮਨੁੱਖੀ ਸਰੋਤ ਵਿਕਾਸ ਦੇ ਮਾਪਦੰਡਾਂ ਵਿੱਚ ਪੰਜਾਬ ਨੇ ਹਰਿਆਣਾ ਨੂੰ ਇੱਕ ਦਰਜਾ ਪਿੱਛੇ ਛਡਦਿਆਂ ਦੂਜੀ ਥਾਂ ਹਾਸਲ ਕੀਤੀ ਜਦਕਿ ਹਰਿਆਣਾ ਤੀਜੀ ਥਾਂ ‘ਤੇ ਰਿਹਾ। ਹਿਮਾਚਲ ਨੇ ਇਸ ਦਰਜਾਬੰਦੀ ਵਿੱਚ ਪਹਿਲੀ ਥਾਂ ਹਾਸਲ ਕੀਤੀ ਹੈ।
ਸਿਹਤ ਦੇ ਖੇਤਰ ਵਿੱਚ ਪੰਜਾਬ ਨੇ ਪੰਜਵੀਂ ਥਾਂ ਹਾਸਲ ਕੀਤੀ ਹੈ ਜਦਕਿ ਇਸ ਖੇਤਰ ਵਿੱਚ ਹਰਿਆਣਾ ਨੂੰ 11ਵੀਂ ਥਾਂ ਹਾਸਲ ਹੋਈ ਹੈ ਤੇ ਹਿਮਾਚਲ ਨੂੰ 6ਵੀਂ ਥਾਂ ਹਾਸਲ ਹੋਈ।
ਸਮਾਜ ਭਲਾਈ ਦੇ ਖੇਤਰ ਵਿੱਚ ਬੇਰੁਜ਼ਗਾਰੀ ਅਤੇ ਮਾੜੇ ਲਿੰਗ ਅਨੁਪਾਤ ਕਾਰਨ ਪੰਜਾਬ 14ਵੇਂ ਦਰਜੇ ‘ਤੇ ਰਿਹਾ ਜਦਕਿ ਇਸ ਖੇਤਰ ਵਿੱਚ ਹਰਿਆਣਾ ਸਭ ਤੋਂ ਹੇਠਲੇ ਦਰਜੇ ‘ਤੇ ਰਿਹਾ।