Copyright © 2019 - ਪੰਜਾਬੀ ਹੇਰਿਟੇਜ
’84 ਸਿੱਖ ਕਤਲੇਆਮ ਸਬੰਧੀ ਕੇਂਦਰ ਵਲੋਂ ਜਸਟਿਸ ਢੀਂਗਰਾ ਕਮੇਟੀ ਦੀ ਰਿਪੋਰਟ ਮਨਜ਼ੂਰ

’84 ਸਿੱਖ ਕਤਲੇਆਮ ਸਬੰਧੀ ਕੇਂਦਰ ਵਲੋਂ ਜਸਟਿਸ ਢੀਂਗਰਾ ਕਮੇਟੀ ਦੀ ਰਿਪੋਰਟ ਮਨਜ਼ੂਰ

ਨਵੀਂ ਦਿੱਲੀ : ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ 1984 ਸਿੱਖ ਕਤਲੇਆਮ ਨਾਲ ਸਬੰਧਿਤ 186 ਮਾਮਲਿਆਂ ਦੀ ਜਾਂਚ ਕਰਨ ਵਾਲੇ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਐਸ. ਐਨ. ਢੀਂਗਰਾ ਦੀ ਅਗਵਾਈ ਵਾਲੇ ਵਿਸ਼ੇਸ਼ ਜਾਂਚ ਦਲ (ਐਸ. ਆਈ. ਟੀ.) ਦੀਆਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਦੇ ਮੁਤਾਬਿਕ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ । ਇਸ ਦੇ ਨਾਲ ਹੀ ਸੁਪਰੀਮ ਕੋਰਟ ਵਲੋਂ ਇਸ ਮਾਮਲੇ ਦੇ ਪਟੀਸ਼ਨਕਰਤਾ ਗੁਰਲਾਡ ਸਿੰਘ ਕਾਹਲੋਂ (ਸਾਬਕਾ ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੂੰ ਐਸ. ਆਈ. ਟੀ. ਵਲੋਂ ਪੇਸ਼ ਕੀਤੀ ਰਿਪੋਰਟ ਬਾਰੇ ਸੁਝਾਅ ਦੇਣ ਲਈ ਵੀ ਆਖਿਆ ਗਿਆ ਹੈ । ਕੇਂਦਰ ਵਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਚੀਫ਼ ਜਸਟਿਸ ਐਸ. ਏ. ਬੋਬੜੇ, ਜਸਟਿਸ ਬੀ.ਆਰ.ਗਵਈ ਅਤੇ ਜਸਟਿਸ ਸੂਰਿਆਕਾਂਤ ਦੀ ਬੈਂਚ ਨੂੰ ਦੱਸਿਆ ਕਿ ਰਿਪੋਰਟ ਦੀਆਂ ਸਿਫ਼ਾਰਸ਼ਾਂ ਮਨਜ਼ੂਰ ਕਰ ਲਈਆਂ ਗਈਆਂ ਹਨ । ਇਸ ਸਬੰਧੀ ਕਈ ਕਦਮ ਚੁੱਕਣ ਦੀ ਲੋੜ ਹੈ ਅਤੇ ਅਜਿਹਾ ਹੀ ਕੀਤਾ ਜਾਵੇਗਾ । ਜਾਣਕਾਰੀ ਮੁਤਾਬਿਕ ਜਸਟਿਸ ਢੀਂਗਰਾ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਸੂਬਾ ਸਰਕਾਰ, ਇਸਤਗਾਸਾ ਪੱਖ ਅਤੇ ਪੁਲਿਸ ਨੇ ਸਹੀ ਸਮੇਂ ‘ਤੇ ਆਪਣੀਆਂ ਰਿਪੋਰਟਾਂ ਅਦਾਲਤ ‘ਚ ਦਾਖ਼ਲ ਨਹੀਂ ਕੀਤੀਆਂ । ਜਿਸ ਕਾਰਨ ਮੁਕੱਦਮਿਆਂ ਨਾਲ ਜੁੜੇ ਕਈ ਰਿਕਾਰਡ ਨਸ਼ਟ ਹੋ ਗਏ । ਰਿਪੋਰਟ ‘ਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕੁਝ ਨਾ ਕੁਝ ਕਾਰਵਾਈ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ‘ਚ ਉਨ੍ਹਾਂ ਦੀ ਮਿਲੀਭੁਗਤ ਸੀ ਅਤੇ ਦੋਸ਼ੀ ਪੁਲਿਸ ਅਧਿਕਾਰੀ ਬਚਣੇ ਨਹੀਂ ਚਾਹੀਦੇ । ਜਸਟਿਸ ਢੀਂਗਰਾ ਦੀ ਰਿਪੋਰਟ ‘ਚ ਸਿਫ਼ਾਰਸ਼ ਕੀਤੀ ਗਈ ਹੈ ਕਿ ਸੂਬਾ ਸਰਕਾਰ 10 ਮਾਮਲਿਆਂ ‘ਚ ਅਪੀਲ ਦਾਇਰ ਕਰੇ । ਇਹ 10 ਅਜਿਹੀਆਂ ਐਫ.ਆਈ.ਆਰ. ਹਨ, ਜਿਨ੍ਹਾਂ ‘ਚ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਸੀ । ਢੀਂਗਰਾ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਕਤਲੇਆਮ ਦੌਰਾਨ ਐਸ. ਐਚ. ਓ. ਕਲਿਆਣਪੁਰੀ ਨੇ ਦੰਗਾ ਕਰਨ ਵਾਲਿਆਂ ਦੀ ਮਦਦ ਕੀਤੀ ਸੀ । ਰਿਪੋਰਟ ‘ਚ 1984 ਸਿੱਖ ਕਤਲੇਆਮ ਦੇ ਕੇਸ ‘ਚ ਨਾਮਜ਼ਦ 62 ਪੁਲਿਸ ਮੁਲਾਜ਼ਮਾਂ ਦੀ ਭੂਮਿਕਾ ਦੀ ਜਾਂਚ ਦੀ ਮੰਗ ਕੀਤੀ ਹੈ ।

ਕਾਨੂੰਨ ਦੇ ਅੜਿੱਕੇ ਜ਼ਰੂਰ ਆਉਣਗੇ ਕਤਲੇਆਮ ਦੇ ਦੋਸ਼ੀ- ਕਾਹਲੋਂ
ਪਟੀਸ਼ਨਕਰਤਾ ਗੁਰਲਾਡ ਸਿੰਘ ਕਾਹਲੋਂ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਉਕਤ ਮਾਮਲੇ ਦੀ ਪ੍ਰਗਤੀ ‘ਤੇ ਸੰਤੋਸ਼ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਕਤਲੇਆਮ ਦੇ ਦੋਸ਼ੀ ਕਾਨੂੰਨੀ ਅੜਿੱਕੇ ‘ਚ ਜ਼ਰੂਰ ਆਉਣਗੇ । ਇਨਸਾਫ਼ ‘ਚ ਦੇਰੀ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਪਿਛੋਕੜ ‘ਚ ਬੇਸ਼ੱਕ ਕਈ ਆਗੂਆਂ ਜਾਂ ਸੰਸਥਾਵਾਂ ਵਲੋਂ ਬੜੇ ਦਮਗਜ਼ੇ ਮਾਰੇ ਜਾਂਦੇ ਹਨ ਪਰ ਅਸਲੀਅਤ ‘ਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਤੱਥਾਂ ਸਮੇਤ ਕਾਨੂੰਨੀ ਚਾਰਾਜੋਈ ਲਈ ਕਿਸੇ ਨੇ ਗੰਭੀਰਤਾ ਨਹੀਂ ਵਿਖਾਈ । ਉਹ ਇਸ ਮਾਮਲੇ ਨੂੰ ਨਿੱਜੀ ਪੱਧਰ ‘ਤੇ ਬੜੀ ਗੰਭੀਰਤਾ ਨਾਲ ਲੜ ਰਹੇ ਹਨ, ਕਿਉਂਕਿ ਸਾਡਾ ਮਕਸਦ ਮੀਡੀਆ ਦੀਆਂ ਸੁਰਖ਼ੀਆਂ ਬਟੋਰਨਾ ਨਹੀਂ, ਬਲਕਿ ਸਿਰਫ਼ ਤੇ ਸਿਰਫ਼ ਇਨਸਾਫ਼ ਲਈ ਜੱਦੋ-ਜਹਿਦ ਕਰਨਾ ਹੈ ।