ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਵਿਰੋਧ ਕਾਰਨ ਕਜ਼ਾਕਿਸਤਾਨ ‘ਚ ਸਰਕਾਰ ਡਿੱਗੀ, ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫ਼ਾ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਵਿਰੋਧ ਕਾਰਨ ਕਜ਼ਾਕਿਸਤਾਨ ‘ਚ ਸਰਕਾਰ ਡਿੱਗੀ, ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫ਼ਾ

ਕਜ਼ਾਕਿਸਤਾਨ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਜਾਰੀ ਹਿੰਸਕ ਵਿਰੋਧ ਪ੍ਰਦਰਸ਼ਨ ਕਾਰਨ ਸਰਕਾਰ ਨੂੰ ਅਸਤੀਫਾ ਦੇਣਾ ਪਿਆ। ਕਜ਼ਾਕਿਸਤਾਨ ਦੇ ਪ੍ਰਧਾਨ ਮੰਤਰੀ ਅਸਕਰ ਮਮਿਨ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਕਸੀਮ-ਜੋਮਾਰਟ ਤੋਕਾਯੇਵ ਨੂੰ ਅਸਤੀਫਾ ਭੇਜਿਆ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ। ਰਾਸ਼ਟਰਪਤੀ ਨੇ ਅਲੀਖਾਨ ਸਮਾਈਲੋਵ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਵੀ ਨਿਯੁਕਤ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਦੇਸ਼ ‘ਚ 5 ਜਨਵਰੀ ਤੋਂ 19 ਜਨਵਰੀ ਤੱਕ ਐਮਰਜੈਂਸੀ ਲਗਾ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਪੁਲਿਸ ਨੇ ਲਾਠੀਚਾਰਜ ਨਾਲ ਅੱਥਰੂ ਗੈਸ ਦਾ ਵੀ ਇਸਤੇਮਾਲ ਕੀਤਾ। ਕਜ਼ਾਕਿਸਤਾਨ ‘ਚ ਐਮਰਜੈਂਸੀ ਦੌਰਾਨ ਹਥਿਆਰ, ਗੋਲਾ-ਬਾਰੂਦ ਤੇ ਸ਼ਰਾਬ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਨਾਲ ਹੀ ਆਮ ਲੋਕਾਂ ਨੂੰ ਘਰ ‘ਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ। ਗੱਡੀਆਂ ਦੀ ਆਵਾਜਾਈ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਰਾਸ਼ਟਰਪਤੀ ਨੇ ਦੇਸ਼ ਦੀ ਫਾਈਨੈਂਸ਼ੀਅਲ ਰਾਜਧਾਨੀ ਅਲਮਾਟੀ ਤੇ ਮਾਂਗਿਸਤਾਊ ‘ਚ ਵੀ ਰਾਤ 11 ਤੋਂ ਸਵੇਰੇ 7 ਵਜੇ ਤੱਕ ਕਰਫਿਊ ਦਾ ਐਲਾਨ ਕੀਤਾ ਹੈ। ਸਰਕਾਰ ਨੂੰ ਦੇਸ਼ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਰੈਗੂਲੇਸ਼ਨ ਦੇ ਹੁਕਮ ਦਿੱਤੇ ਗਏ ਹਨ।
ਮੰਗਲਵਾਰ ਨੂੰ ਸਰਕਾਰ ਨੇ ਲ਼ਫਘ ਦੀਆਂ ਕੀਮਤਾਂ ‘ਤੇ ਲੱਗੀ ਸੀਮਾ ਹਟਾਉਣ ਤੋਂ ਬਾਅਦ ਇਸ ਨੂੰ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਸੀ। ਇਸ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਜਿਸ ਕਾਰਨ ਦੇਸ਼ ਵਿਚ ਬਹੁਤ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਅੰਦੋਲਨ ਦੀ ਸ਼ੁਰੂਆਤ ਮਾਂਗਿਸਤਾਊ ਸੂਬੇ ਤੋਂ ਹੋਈ ਜਿਸ ਤੋਂ ਬਾਅਦ ਸਾਰੇ ਦੇਸ਼ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ।