ਅਮਰੀਕਾ ਦੇ ਇੱਕ ਮਕਾਨ ਵਿੱਚ ਅੱਗ ਲੱਗਣ ਕਾਰਨ ਸੱਤ ਬੱਚਿਆਂ ਸਣੇ 13 ਮੌਤਾਂ

ਅਮਰੀਕਾ ਦੇ ਇੱਕ ਮਕਾਨ ਵਿੱਚ ਅੱਗ ਲੱਗਣ ਕਾਰਨ ਸੱਤ ਬੱਚਿਆਂ ਸਣੇ 13 ਮੌਤਾਂ

ਫਿਲਾਡੈਲਫੀਆ : ਇਥੋਂ ਦੇ ਇਕ ਘਰ ਵਿੱਚ ਬੁੱਧਵਾਰ ਸਵੇਰੇ ਅੱਗ ਲੱਗਣ ਕਾਰਨ ਸੱਤ ਬੱਚਿਆਂ ਸਣੇ 13 ਲੋਕਾਂ ਦੀ ਮੌਤ ਹੋ ਗਈ ਹੈ। ਇਸੇ ਦੌਰਾਨ ਦੋ ਜਣਿਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਫਾਇਰ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਮਕਾਨ ਵਿੱਚ ਚਾਰ ਫਾਇਰ ਡਿਟੈਕਟਰ ਲੱਗੇ ਹੋਏ ਸਨ ਪਰ ਕੋਈ ਵੀ ਕੰਮ ਨਹੀਂ ਕਰ ਰਿਹਾ ਸੀ। ਅੱਗ ਲੱਗਣ ਦੀ ਇਹ ਘਟਨਾ ਫੇਅਰਮਾਊਂਟ ਇਲਾਕੇ ਵਿੱਚ ਵਾਪਰੀ ਤੇ ਮਕਾਨ ਦੀ ਦੂਜੀ ਮੰਜ਼ਿਲ ਦੀ ਖਿੜਕੀਆਂ ਵਿੱਚੋਂ ਅੱਗ ਬਾਹਰ ਆ ਰਹੀ ਸੀ। ਇਸ ਮਕਾਨ ਨੂੰ ਦੋ ਅਪਾਰਟਮੈਂਟਾਂ ਵਿੱਚ ਵੰਡਿਆ ਹੋਇਆ ਹੈ। ਅੱਗ ‘ਤੇ ਇਕ ਘੰਟੇ ਦੀ ਮੁਸ਼ੱਕਤ ਮਗਰੋਂ ਕਾਬੂ ਪਾਇਆ ਗਿਆ। ਮੇਅਰ ਜਿਮ ਕੈਨੇ ਨੇ ਕਿਹਾ ਕਿ ਇਨੇ ਜ਼ਿਆਦਾ ਬੱਚਿਆਂ ਦੀ ਜਾਨ ਜਾਣਾ ਮੰਦਭਾਗੀ ਘਟਨਾ ਹੈ। ਉਨ੍ਹਾਂ ਨੇ ਬੱਚਿਆਂ ਲਈ ਸਭਨਾਂ ਨੂੰ ਅਰਦਾਸ ਕਰਨ ਲਈ ਕਿਹਾ। ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਇਮਾਰਤ ‘ਚ ਅੱਗ ਲੱਗਣ ਦੀ ਸਥਿਤੀ ‘ਚ ਖਤਰੇ ਦੀ ਚਿਤਾਵਨੀ ਦੇਣ ਵਾਲੇ ਚਾਰ ਉਪਕਰਣ ਲੱਗੇ ਸਨ ਪਰ ਕੋਈ ਵੀ ਕੰਮ ਕਰਨ ਦੀ ਹਾਲਤ ‘ਚ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਦੋ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਇਹ ਘਟਨਾ ਸ਼ਹਿਰ ਦੇ ਫੇਅਰਮਾਊਂਟ ਇਲਾਕੇ ‘ਚ ਸਵੇਰੇ ਕਰੀਬ 6:40 ਵਜੇ ਵਾਪਰੀ।