ਸਰਦਾਰਨੀ ਸਦਾ ਕੌਰ

ਸਰਦਾਰਨੀ ਸਦਾ ਕੌਰ

ਸਰਦਾਰਨੀ ਸਦਾ ਕੌਰ ਪੰਜਾਬੀ ਸਿੰਘਣੀ ਸੀ, ਜਿਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਦੇ ਤਖ਼ਤ ਤੇ ਬਿਠਾਇਆ। ਉਹ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਅਤੇ ਕਨ੍ਹੱਈਆ ਮਿਸਲ ਦੀ ਮਹਾਰਾਣੀ ਸੀ। ਸਰਦਾਰਨੀ ਸਦਾ ਕੌਰ ਹੀ ਸੀ ਜਿਹੜੀ ਰਣਜੀਤ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਬਣਾ ਗਈ।
ਸਦਾ ਕੌਰ ਦਾ ਜਨਮ 1762 ਨੂੰ ਫਿਰੋਜ਼ਪੁਰ ਵਿੱਚ ਸਰਦਾਰ ਦਸੌਂਧਾ ਸਿੰਘ ਗਿੱਲ ਦੇ ਘਰ ਹੋਇਆ ਸੀ। ਸਦਾ ਕੌਰ ਦਾ ਪਿੰਡ ਰਾਉਕੇ (ਹੁਣ ਮੋਗਾ ਜਿਲਾ) ਸੀ। ਉਸ ਦਾ ਪਿਤਾ ਰਾਉਕਿਆਂ ਦਾ ਇੱਕ ਤਕੜਾ ਸਰਦਾਰ ਸੀ। ਸਰਦਾਰਨੀ ਸਦਾ ਕੌਰ ਦੀ ਸ਼ਾਦੀ ਕਨ੍ਹਈਆ ਮਿਸਲ ਦੇ ਮਿਸਲਦਾਰ ਜੈ ਸਿੰਘ ਦੇ ਪੁੱਤਰ ਗੁਰਬਖਸ਼ ਸਿੰਘ, ਜਿਸਦੀ ਉਮਰ ਉਦੋਂ ਨੌਂ ਸਾਲ ਸੀ, ਨਾਲ ਹੋਈ ਹੋਈ ਸੀ। ਸਦਾ ਕੌਰ ਵੀ ਉਮਰ ਦੀ ਨਿਆਣੀ ਹੀ ਸੀ। 25 ਕੁ ਸਾਲ ਦੀ ਉਮਰ ਵਿੱਚ ਗੁਰਬਖਸ਼ ਸਿੰਘ ਬਟਾਲੇ ਕੋਲ ਜਾਹਦਪੁਰ ਵਿਖੇ ਰਾਮਗੜ੍ਹੀਆਂ ਅਤੇ ਸ਼ੁਕਰਚੱਕੀਆਂ ਨਾਲ ਲੜਦਾ ਹੋਇਆ ਮਾਰਿਆ ਗਿਆ ਸੀ। ਸਰਦਾਰਨੀ ਜਵਾਨ ਉਮਰੇ ਵਿਧਵਾ ਹੋ ਗਈ ਸੀ। ਉਨ੍ਹਾਂ ਦੀ ਇੱਕ ਲੜਕੀ ਸੀ, ਮਹਿਤਾਬ ਕੌਰ। 1785 ਵਿੱਚ ਰਾਣੀ ਸਦਾ ਕੌਰ ਨੇ ਆਪਣੀ ਬੇਟੀ ਦੀ ਸ਼ਾਦੀ ਸ਼ੁਕਰਚਕੀਆ ਮਿਸਲ ਦੇ ਮਿਸਲਦਾਰ ਮਹਾਂ ਸਿੰਘ ਦੇ ਬੇਟੇ ਰਣਜੀਤ ਸਿੰਘ ਨਾਲ ਕੀਤੀ। ਉਸਦੇ ਸਹੁਰੇ ਜੈ ਸਿੰਘ ਦੀ 1789 ਵਿੱਚ ਮੌਤ ਹੋਈ। ਉਹ ਉਸ ਸਮੇਂ 81 ਸਾਲ ਦਾ ਸੀ।
ਕਨ੍ਹਈਆ ਮਿਸਲ ਦਾ ਕੰਟਰੋਲ ਰਾਣੀ ਸਦਾ ਕੌਰ ਕੋਲ ਚਲਾ ਗਿਆ ਅਤੇ ਉਹ 8,000 ਦੀ ਤਾਕਤ ਵਾਲੀ ਘੋੜ ਸਵਾਰ ਫੌਜ਼ ਦੀ ਵੀ ਕਮਾਂਡਰ ਬਣ ਗਈ। ਆਪਣੇ ਪਿਤਾ ਸਰਦਾਰ ਮਹਾ ਸਿੰਘ ਦੀ ਮੌਤ ਦੇ ਬਾਅਦ ਰਣਜੀਤ ਸਿੰਘ 1792 ਵਿੱਚ ਸ਼ੁਕਰਚਕੀਆ ਮਿਸਲ ਦਾ ਮੁਖੀ ਬਣਿਆ। ਸਦਾ ਕੌਰ ਰਣਜੀਤ ਸਿੰਘ ਦੀ ਸਰਪ੍ਰਸਤ ਬਣ ਗਈ। ਕਨ੍ਹਈਆ ਤੇ ਸ਼ੁਕਰਚੱਕੀਆ ਦੋਨਾਂ ਮਿਸਲਾਂ ਨੂੰ ਸਦਾ ਕੌਰ ਨੇ ਰਣਜੀਤ ਸਿੰਘ ਦੀ ਸੱਤਾ ਨੂੰ ਅੱਗੇ ਵਧਾਉਣ ਲਈ ਵਰਤਿਆ।
1796 ਵਿੱਚ ਅਫ਼ਗ਼ਾਨਿਸਤਾਨ ਦੇ ਸ਼ਾਹ ਜ਼ਮਾਨ ਨੇ 30000 ਫ਼ੌਜ ਨਾਲ਼ ਪੰਜਾਬ ਤੇ ਹੱਲਾ ਬੋਲ ਦਿੱਤਾ। ਕੋਈ ਉਨ੍ਹਾਂ ਦੇ ਰਸਤੇ ਵਿੱਚ ਖੜ੍ਹਾ ਨਹੀਂ ਹੋਇਆ ਪਰ ਸਦਾ ਕੌਰ ਨੇ ਸਰਬੱਤ ਖ਼ਾਲਸਾ ਸੱਦ ਕੇ ਅਫ਼ਗ਼ਾਨ ਡਾਕੂਆਂ ਤੋਂ ਪੰਜਾਬ ਨੂੰ ਬਚਾਣ ਦਾ ਐਲਾਨ ਕੀਤਾ। ਉਸਨੇ ਆਪਣੇ ਜਵਾਈ ਰਣਜੀਤ ਸਿੰਘ ਨੂੰ ਜਿਹੜਾ ਅਜੇ 17 ਸਾਲਾਂ ਦਾ ਸੀ ਉਨ੍ਹਾਂ ਅਫ਼ਗ਼ਾਨੀਆਂ ਨਾਲ਼ ਲੜਾ ਦਿੱਤਾ। ਅਫ਼ਗ਼ਾਨੀਆਂ ਨੂੰ ਨੱਸਣਾ ਪਿਆ।
ਰਣਜੀਤ ਸਿੰਘ ਅਤੇ ਸਦਾ ਕੌਰ ਨੇ ਲਾਹੌਰ ਵੱਲ ਚਾਲੇ ਪਾ ਦਿੱਤੇ। ਉਸ ਵੇਲੇ ਲਾਹੌਰ ਦੇ ਬਾਜ਼ਾਰ ਵਿਚ ਅਫਵਾਹ ਫੈਲ ਗਈ ਕਿ ਉਹ ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਹਨ। ਇਸ ਕਰਕੇ ਭੰਗੀ ਭਰਾ ਅਵੇਸਲੇ ਹੋ ਗਏ। ਰਣਜੀਤ ਸਿੰਘ ਅੰਮ੍ਰਿਤਸਰ ਪਹੁੰਚਿਆ । ਮੁਸਲਮਾਨਾਂ ਦਾ ਸ਼ਹਿਰ ਤੇ ਚੰਗਾ ਭਲਾ ਅਸਰ ਤੇ ਰਸੂਖ਼ ਸੀ। ਮੀਆਂ ਇਸਹਾਕ ਮੁਹੰਮਦ ਤੇ ਮੀਆਂ ਮੁਕਾਮ ਦੇਣ ਬਹੁਤ ਤਾਕਤਵਰ ਸਨ ਤੇ ਲੋਕਾਂ ਤੇ ਵੀ ਇਨ੍ਹਾਂ ਦਾ ਕਾਫ਼ੀ ਅਸਰ ਰਸੂਖ਼ ਸੀ । ਤੇ ਸ਼ਹਿਰ ਦੇ ਮੁਆਮਲਾਤ ਚ ਇਨ੍ਹਾਂ ਦਾ ਮਸ਼ਵਰਾ ਲਿਆ ਜਾਂਦਾ ਸੀ । ਰਣਜੀਤ ਸਿੰਘ ਦੀ ਸ਼ੋਹਰਤ ਦੇ ਚਰਚੇ ਲਾਹੌਰ ਵੀ ਪਹੁੰਚ ਗਏ ਸਨ । ਸ਼ਹਿਰ ਦੇ ਹਿੰਦੂ, ਮੁਸਲਮਾਨ ਤੇ ਸਿੱਖਾਂ ਨੇ, ਜਿਹੜੇ ਭੰਗੀ ਸਰਦਾਰਾਂ ਦੀ ਹੁਕਮਰਾਨੀ ਤੋਂ ਬਹੁਤ ਤੰਗ ਸਨ, ਮਿਲ ਕੇ ਰਣਜੀਤ ਸਿੰਘ ਤੋਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਗ਼ਜ਼ਾਬ ਤੋਂ ਨਿਜਾਤ ਦਿਲਾਏ । ਇਸ ਕੰਮ ਲਈ ਇੱਕ ਅਰਜ਼ੀ ਲਿਖੀ ਗਈ ਜਿਸ ਤੇ ਮੀਆਂ ਇਸਹਾਕ ਮੁਹੰਮਦ, ਮੀਆਂ ਮੁਕਾਮ ਦੇਣ, ਮੁਹੰਮਦ ਤਾਹਿਰ, ਮੁਹੰਮਦ ਬਾਕਿਰ, ਹਕੀਮ ਰਾਏ ਤੇ ਭਾਈ ਗੁਰਬਖ਼ਸ਼ ਸਿੰਘ ਨੇ ਦਸਤਖ਼ਤ ਕੀਤੇ । ਇਸ ਦੇ ਜਵਾਬ ਚ ਰਣਜੀਤ ਸਿੰਘ ਆਪਣੀ 25,000 ਦੀ ਫ਼ੌਜ ਨਾਲ਼ 6 ਜੁਲਾਈ 1799ਈ. ਚ ਲਹੌਰ ਵੱਲ ਟੁਰ ਪਿਆ ।
ਰਾਤੋ ਰਾਤ 14 ਮੀਲ ਦਾ ਪੈਂਡਾ ਤੈਅ ਕਰਕੇ 25,000 ਫੌਜ ਨਾਲ ਤੜਕਸਾਰ ਲਾਹੌਰ ਆ ਧਮਕਿਆ। ਜਦੋਂ ਇਕ ਚੌਕੀ ‘ਤੇ ਉਸ ਦੀ ਆਮਦ ਦੀ ਖਬਰ ਮਿਲੀ ਤਾਂ ਭੰਗੀ ਭਰਾਵਾਂ ਨੇ 200 ਘੋੜ ਸਵਾਰਾਂ ਦਾ ਜਥਾ ਉਸ ਨੂੰ ਡੱਕਣ ਲਈ ਭੇਜਿਆ, ਜਿਸ ਨੂੰ ਰਣਜੀਤ ਸਿੰਘ ਨੇ ਜਲਦ ਹੀ ਪਛਾੜ ਦਿੱਤਾ। ਉਹ ਕਿਲੇ ਦੇ ਨਜ਼ਦੀਕ ਪੁੱਜ ਗਿਆ ਅਤੇ ਕਿਲੇ ਦੇ ਲਾਹੌਰੀ ਗੇਟ ਵੱਲ ਵਧਿਆ, ਜਿੱਥੇ ਲਹਿਣਾ ਸਿੰਘ ਦੇ ਪੁੱਤਰ ਚੇਤ ਸਿੰਘ ਦੀ ਅਗਵਾਈ ਹੇਠ ਸਖਤ ਪਹਿਰਾ ਸੀ। ਇਸੇ ਦੌਰਾਨ ਚੇਤ ਸਿੰਘ ਦੇ ਕਮਾਂਡਰ ਮੋਹਕਮ-ਉਦੀਨ ਦੇ ਇਸ਼ਾਰੇ ‘ਤੇ ਚੇਤ ਸਿੰਘ ਨੂੰ ਖਬਰ ਦਿੱਤੀ ਗਈ ਕਿ ਰਣਜੀਤ ਸਿੰਘ ਦਿੱਲੀ ਗੇਟ ਵੱਲ ਵਧ ਰਿਹਾ ਹੈ। ਚੇਤ ਸਿੰਘ ਤੁਰੰਤ ਦਿੱਲੀ ਵੱਲ ਚੱਲ ਪਿਆ ਅਤੇ ਪਿੱਛੋਂ ਲਾਹੌਰੀ ਗੇਟ ਖੋਲ੍ਹ ਦਿੱਤਾ ਗਿਆ।
ਬਾਕੀ ਪਰਿਵਾਰ ਤਾਂ ਦੌੜ ਗਿਆ ਪਰ ਚੇਤ ਸਿੰਘ ਲੜਾਈ ਜਾਰੀ ਰੱਖਣ ਦੇ ਇਰਾਦੇ ਨਾਲ ਕਿਲੇ ਦੇ ਇਕ ਹਿੱਸੇ ਵਿਚ ਜਾ ਲੁਕਿਆ। ਪਰ ਜਦੋੇਂ ਉਸ ਨੂੰ ਸਾਰੀ ਚਾਲ ਸਮਝ ਆਈ ਤਾਂ ਉਸ ਨੇ ਸੋਚਿਆ ਕਿ ਹੁਣ ਕਿਲੇ ਵਿਚ ਦੜੇ ਰਹਿਣ ਦਾ ਕੋਈ ਫਾਇਦਾ ਨਹੀਂ ਅਤੇ ਉਸ ਨੇ ਹਥਿਆਰ ਸੁੱਟਣ ਵਿਚ ਹੀ ਭਲਾਈ ਸਮਝੀ। ਰਣਜੀਤ ਸਿੰਘ ਨੇ ਉਸ ਨਾਲ ਚੰਗਾ ਸਲੂਕ ਕੀਤਾ ਅਤੇ ਉਸ ਨੂੰ ਇਕ ਪਿੰਡ ਦੀ ਜਾਗੀਰ ਬਖਸ਼ ਦਿੱਤੀ। ਸਹਿਮਤੀ ਮੁਤਾਬਕ ਸ਼ਹਿਰ ਵਾਸੀਆਂ ਦਾ ਪੂਰਾ ਖਿਆਲ ਰੱਖਿਆ ਗਿਆ।
ਸਦਾ ਕੌਰ ਨੇ ਰਣਜੀਤ ਨੂੰ ਕਿਹਾ ਕਿ ਜਿਹੜਾ ਲਾਹੌਰ ਦਾ ਮਾਲਿਕ ਹੁੰਦਾ ਏ ਉਹ ਫ਼ਿਰ ਸਾਰੇ ਪੰਜਾਬ ਦਾ ਮਾਲਿਕ ਹੋ ਜਾਂਦਾ ਹੈ। 7 ਜੁਲਾਈ 1799 ਨੂੰ 25 ਹਜ਼ਾਰ ਫ਼ੌਜ ਨਾਲ਼ ਰਣਜੀਤ ਸਿੰਘ ਤੇ ਸਦਾ ਕੌਰ ਨੇ ਲਾਹੌਰ ਤੇ ਹੱਲਾ ਬੋਲਿਆ। ਰਣਜੀਤ ਸਿੰਘ ਲੁਹਾਰੀ ਗੇਟ ਵੱਲੋਂ ਅਤੇ ਸਦਾ ਕੌਰ ਦਿੱਲੀ ਗੇਟ ਵੱਲੋਂ ਅੰਦਰ ਦਾਖਲ ਹੋਈ। ਸਦਾ ਕੌਰ ਨੇ 1801 ਵਿੱਚ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ। ਅੰਮ੍ਰਿਤਸਰ, ਚਨਿਓਟ, ਕਸੂਰ, ਅਟਕ ਹਜ਼ਾਰਾ ਦੀਆਂ ਲੜਾਈਆਂ ਸਮੇਂ ਉਹ ਰਣਜੀਤ ਸਿੰਘ ਨਾਲ਼ ਸੀ।
ਰਣਜੀਤ ਸਿੰਘ ਦੇ ਰਾਜ ਦਾ ਘੇਰਾ ਹੁਣ ਏਨਾ ਵਧ ਗਿਆ ਕਿ ਉਸ ਨੇ ਫੌਜ ਦਾ ਮੁੜ ਗਠਨ ਕਰਨ ਦਾ ਫੈਸਲਾ ਕੀਤਾ ਅਤੇ ਸਾਰੀਆਂ ਰਣਨੀਤਕ ਥਾਵਾਂ ਉੱਤੇ ਦਸਤੇ ਤਾਇਨਾਤ ਕੀਤੇ। ਇਹ ਇਸ ਤਰ੍ਹਾਂ ਦੀ ਪਹਿਲ ਪੇਸ਼ਕਦਮੀ ਸੀ। ਇਸ ਤੋਂ ਪਹਿਲਾਂ ਲਾਹੌਰ ਦੇ ਸ਼ਾਸਕ ਉੱਥੇ ਤਾਇਨਾਤ ਫੌਜ ਨਾਲ ਹੀ ਕਿਸੇ ਹਮਲਾਵਰ ਦਾ ਟਾਕਰਾ ਕਰਦੇ ਸਨ। 1799 ਵਿਚ 19 ਸਾਲਾਂ ਦੀ ਉਮਰ ਵਿਚ ਕੀਤੇ ਇਸ ਫੈਸਲੇ ਨਾਲ ਉਸ ਨੇ ਇਕ ਮਜ਼ਬੂਤ ਫੌਜ ਦੀ ਨੀਂਹ ਰੱਖ ਦਿੱਤੀ ਸੀ, ਜੋ 1839 ਵਿਚ ਉਸ ਦੀ ਮੌਤ ਤੱਕ ਕਾਇਮ ਰਹੀ।