ਪੰਜਾਬ ਦਾ ਮਾਣ ਗਿਆਨੀ ਕਰਤਾਰ ਸਿੰਘ (1902-10 ਜੂਨ 1974)

ਪੰਜਾਬ ਦਾ ਮਾਣ ਗਿਆਨੀ ਕਰਤਾਰ ਸਿੰਘ
(1902-10 ਜੂਨ 1974)

ਲੇਖਕ : ਗੁਰਤੇਜ ਸਿੰਘ
ਗਿਆਨੀ ਕਰਤਾਰ ਸਿੰਘ ਵਿੱਚ ਸਾਦਗੀ, ਮਾਸੂਮੀਅਤ, ਦੂਰ- ਅੰਦੇਸ਼ੀ, ਵਿਦਵਤਾ, ਨਿਰਮਾਣਤਾ, ਨਿਰਛਲਤਾ, ਸੱਚਾਈ, ਇਮਾਨਦਾਰੀ ਅਤੇ ਲੋਕ-ਸੇਵਾ ਦਾ ਅਥਾਹ ਜਜ਼ਬਾ ਕੁੱਟ-ਕੁੱਟ ਕੇ ਭਰੇ ਹੋਏ ਸਨ। ਇਹਨਾਂ ਗੁਣਾਂ ਸਦਕਾ ਉਹਨਾਂ ਦਾ ਲੋਕ-ਰਾਜ ਪੱਖੀਆਂ ਵਿੱਚ ਬਹੁਤ ਸਤਿਕਾਰ ਸੀ। ਕੌਲਿਜ ਪੜ੍ਹਨ ਦੇ ਦਿਨਾਂ ਵਿੱਚ ਉਹਨਾਂ ਦੀਆਂ ਕਹਾਣੀਆਂ, ਦੰਦ-ਕਥਾਵਾਂ ਅਤੇ ਅੱਖੀ ਡਿੱਠੀਆਂ ਬਹੁਤ ਪ੍ਰਚਲਤ ਸਨ – ਕਈ ਅਖ਼ਬਾਰਾਂ ਦਾ ਸ਼ਿੰਗਾਰ ਵੀ ਬਣਦੀਆਂ ਸਨ। ਵੱਡੇ ਭਾਗਾਂ ਨੂੰ ਮੈਂ ਗਿਆਨੀ ਜੀ ਦੇ ਕਈ ਵਾਰ ਦਰਸ਼ਨ ਕੀਤੇ।
ਇੱਕ ਦਿਨ ਅਖ਼ਬਾਰ ਵਿੱਚ ਛਪਿਆ ਕਿ ਮੰਤਰੀ ਦੇ ਸਦਨ ਵਿੱਚ ਵੜਦਿਆਂ ਹੀ ਬੀਬੀ ਛੱਨੋ ਦੇਵੀ, ਵਿਧਾਇਕ, ਨੇ ਇਤਰਾਜ਼ ਕੀਤਾ ਕਿ ਕਈ ਲੋਕ ਸਦਨ ਵਿੱਚ ਢੁਕਵੇਂ ਕੱਪੜੇ ਪਹਿਨ ਕੇ ਨਹੀਂ ਆਉਂਦੇ; ਏਸ ਉੱਤੇ ਔਰਤ ਮੈਂਬਰਾਂ ਨੂੰ ਖ਼ਾਸ ਤੌਰ ‘ਤੇ ਇਤਰਾਜ਼ ਹੈ। ਗਿਆਨੀ ਜੀ ਬੇਪ੍ਰਵਾਹੀ ਵਿੱਚ ਝੂਮਦੇ ਹੋਏ ਆ ਕੇ ਆਪਣੀ ਥਾਂਵੇਂ ਬੈਠ ਗਏ। ਉਹਨਾਂ ਨੇ ਕੁਝ ਨਾ ਸੁਣਿਆ। ਬਾਕੀ ਵਿਧਾਇਕ ਮੁਸਕੜੀਏ ਹੱਸਦੇ ਰਹੇ। ਸਪੀਕਰ ਨੇ ਮਸਲਾ ਸਮੇਟਣ ਦੇ ਅੰਦਾਜ਼ ਵਿੱਚ ਆਖਿਆ, ”ਗਿਆਨੀ ਜੀ, ਬੀਬੀ ਦਾ ਇਸ਼ਾਰਾ ਤੁਹਾਡੇ ਵੱਲ ਲੱਗਦਾ ਹੈ…।” ਗਿਆਨੀ ਕਰਤਾਰ ਸਿੰਘ ਅਮੂਮਨ ਕਛਹਿਰਾ ਅਤੇ ਨੀਵਾਂ ਕੁੜਤਾ ਪਹਿਨਦੇ ਸਨ। ਉਹ ਆਪਣੀ ਸੀਟ, ਜੋ ਕਿ ਪਹਿਲੀ ਕਤਾਰ ਵਿੱਚ ਸੀ, ਉੱਤੇ ਖੜ੍ਹੇ ਹੋਏ ਅਤੇ ਬੜੀ ਮਾਸੂਮੀਅਤ ਨਾਲ ਝੱਗੇ ਦੀ ਝੋਲੀ ਨੂੰ ਪੂਰਾ ਉਤਾਂਹ ਚੁੱਕ ਕੇ ਬੀਬੀ ਛੱਨੋ ਦੇਵੀ ਨੂੰ ਜੁਆਬ ਦਿੱਤਾ, ”ਬੀਬੀ ਜੀ, ਜੇ ਇਸ਼ਾਰਾ ਮੇਰੇ ਵੱਲ ਹੈ ਤਾਂ ਤੁਹਾਨੂੰ ਗ਼ਲਤਫ਼ਹਿਮੀ ਹੋਈ ਹੈ। ਭਾਈ ਮੈ ਤਾਂ ਕਛਹਿਰਾ ਪਾਇਆ ਹੋਇਆ ਹੈ।” ਸਪੀਕਰ ਸਮੇਤ ਸਾਰੇ ਸਦਨ ਵਿੱਚ ਹਾਸਿਆਂ ਦੀ ਬੌਛਾੜ ਪਸਰ ਗਈ। ਸੋਚਾਂ ਵਿੱਚ ਡੁੱਬੇ ਗਿਆਨੀ ਜੀ ਆਪਣੀ ਸੀਟ ਉੱਤੇ ਇਉਂ ਬੈਠ ਗਏ ਜਿਵੇਂ ਕਿ ਕੋਈ ਗੱਲ ਹੋਈ ਹੀ ਨਾ ਹੋਵੇ।
ਗਿਆਨੀ ਜੀ ਜੇ ਕਿਸੇ ਕਾਰਣ ਰਿਕਸ਼ੇ ਉੱਤੇ ਸਦਨ ਤੱਕ ਆਉਂਦੇ ਤਾਂ ਗਰਮੀ ਤੋਂ ਬਚਣ ਲਈ ਆਪਣੀ ਦਸਤਾਰ ਦੇ ਉੱਤੋਂ ਤੌਲੀਏ ਦਾ ਮੜਾਸਾ ਜਿਹਾ ਮਾਰ ਲੈਂਦੇ। ਇੱਕ ਦਿਨ ਏਸੇ ਵੇਸ ਵਿੱਚ ਸਦਨ ਵਿੱਚ ਆ ਵੜੇ। ਬੀਬੀ ਛੱਨੋ ਦੇਵੀ ਨੇ ਤਨਜ਼ ਕੱਸਿਆ, ”ਕਈ ਲੋਕ ਏਸ ਹਾਊਸ ਨੂੰ ਬਾਥਰੂਮ ਸਮਝਦੇ ਹਨ। ਤੌਲੀਏ ਮੋਢਿਆਂ ਉੱਤੇ ਰੱਖ ਕੇ ਪਹੁੰਚ ਜਾਂਦੇ ਹਨ।” ਸਾਰਾ ਸਦਨ ਸਹਿਮ ਗਿਆ ਕਿ ਜੇ ਸਪੀਕਰ ਨੇ ਗਿਆਨੀ ਜੀ ਦੇ ਧਿਆਨ ਵਿੱਚ ਇਹ ਫ਼ਿਕਰੇ ਲਿਆ ਦਿੱਤੇ ਤਾਂ ਪਤਾ ਨਹੀਂ ਗਿਆਨੀ ਜੀ ਕੀ ਜੁਆਬ ਦੇਣ। ਪਰ ਸਪੀਕਰ ਵੀ ਸ਼ਾਇਦ ਏਹੀ ਵਿਚਾਰ ਕੇ ਚੁੱਪ ਕਰ ਰਿਹਾ ਅਤੇ ਇਤਿਹਾਸ ਗਿਆਨੀ ਜੀ ਦੀ ਮੁੱਢੋਂ ਸਾਊ ਟਿੱਪਣੀ ਤੋਂ ਵਾਂਝਾ ਰਹਿ ਗਿਆ।
ਮੇਰੇ ਫੁੱਫੜ ਸਰਦਾਰ ਨੱਥਾ ਸਿੰਘ ਜੀ ਗਿਆਨੀ ਕਰਤਾਰ ਸਿੰਘ ਦੇ ਚੰਗੇ ਵਾਕਫ਼ ਸਨ। ਇੱਕ ਦਿਨ ਉਹ ਗਿਆਨੀ ਜੀ ਨੂੰ ਮਿਲਣ ਆਏ ਅਤੇ ਮੈਨੂੰ ਵੀ ਨਾਲ ਲੈ ਗਏ। ਗਿਆਨੀ ਜੀ ਵੇਖਦਿਆਂ ਸਾਰ ਬੋਲੇ, ‘ਆਉ ਨੱਥਾ ਸਿੰਘ ਜੀ, ਅੱਛਾ ਹੂਆ ਆਪ ਆ ਗਏ। ਮੈਨੇ ਆਪ ਕਾ ਹਿਸਾਬ ਦੇਨਾ ਥਾ।” ਗਿਆਨੀ ਬੇਧਿਆਨੀ ਵਿੱਚ ਕਦੇ-ਕਦੇ ਉਰਦੂ ਬੋਲਣ ਲੱਗ ਪੈਂਦੇ ਸਨ। ਉਹਨਾਂ ਨੇ ਆਪਣੇ ਖੀਸੇ ਵਿੱਚੋਂ ਹੱਥ ਮਾਰ ਕੇ ਕਈ ਗੋਲ ਕੀਤੀਆਂ ਪਰਚੀਆਂ ਕੱਢੀਆਂ। ਫੁੱਫੜ ਜੀ ਆਖਦੇ ਰਹੇ, ‘ਰਹਿਣ ਦਿਉ ਗਿਆਨੀ ਜੀ ਇਹ ਕਿੰਨੀ ਕੁ ਗੱਲ ਹੈ।’ ਏਨੇ ਵਿੱਚ ਗਿਆਨੀ ਜੀ ਨੇ ਇੱਕ ਗੋਲ ਕੀਤਾ ਕਾਗਜ਼ ਜਿਸ ਉੱਤੇ ਨੱਥਾ ਸਿੰਘ ਰੁਖਾਲਾ ਲਿਖਿਆ ਹੋਇਆ ਸੀ ਕੱਢ ਲਿਆ। ਓਸ ਕਾਗਜ਼ ਨੂੰ ਜਦੋਂ ਉਧੇੜਿਆ ਗਿਆਂ ਤਾਂ ਓਸ ਦੇ ਨਾਲ ਕਈ ਹੋਰ ਛੋਟੀਆਂ ਪਰਚੀਆਂ ਨੱਥੀ ਸਨ। ਉਹ ਕਿਸੇ ਕੰਮ ਦਿੱਲੀ ਗਏ ਸਨ ਅਤੇ ਖ਼ਰਚੇ ਦਾ ਬੋਝ ਸਰਕਾਰ ਉੱਤੇ ਨਹੀਂ ਸੀ ਪਾਉਣਾ ਚਾਹੁੰਦੇ। ਵੱਡੀ ਪਰਚੀ ਉੱਤੇ ਲਿਖਿਆ ਹਿਸਾਬ ਇਹ ਆਖ ਕੇ ਸੁਣਾਉਣ ਲੱਗ ਪਏ, ”ਨੱਥਾ ਸਿੰਘ ਜੀ ਹਿਸਾਬ ਤਾਂ ਮਾਵਾਂ ਧੀਆਂ ਦਾ ਵੀ ਹੁੰਦਾ ਹੈ।” ਇਹ ਆਖਦਿਆਂ ਸਾਰ ਉਨ੍ਹਾਂ ਨੇ ਹਿਸਾਬ ਪੜ੍ਹ ਕੇ ਸੁਣਾਇਆ, ਟਿਕਟ ਦੇ ਏਨੇ ਪੈਸੇ, ਰਿਕਸ਼ੇ ਦੇ ਐਨੇ, ਰੋਟੀ ਦੇ ਐਨੇ…। ਫੇਰ ਕਿਹਾ, ‘ਰਸੀਦਾਂ ਟਿਕਟਾਂ ਨਾਲ ਪਰੋਈਆਂ ਹੋਈਆਂ ਹਨ। ਸੌ ਵਿੱਚੋਂ ਬਾਕੀ ਐਨੇ ਪੈਸੇ ਬਚੇ ਉਹ ਵੀ ਨਾਲ ਨੱਥੀ ਹਨ।’ ਫੇਰ ਸਹਿਜ ਨਾਲ ਪਰਚੀ ਨੂੰ ਗੋਲ ਕਰ ਕੇ ਫੁੱਫੜ ਜੀ ਦੇ ਹੱਥ ਫੜਾ ਦਿੱਤਾ। ਉਹਨਾਂ ਨੇ ‘ਲੰਗਰ’ ਤੋਂ ਚਾਹ ਮੰਗਵਾ ਕੇ ਵੀ ਸਾਨੂੰ ਪਿਆਈ। ‘ਲੰਗਰ’ ਗਿਆਨੀ ਜੀ ਦੇ ਮਕਾਨ ਉੱਤੇ ਸਦਾ ਚੱਲਦਾ ਰਹਿੰਦਾ ਸੀ। ਮਿਲਣ ਵਾਲੇ ਚਾਹ, ਮਿੱਠਾ, ਆਟਾ, ਦਾਲ ਵਗੈਰਾ, ਥੋੜ੍ਹੀ-ਥੋੜ੍ਹੀ, ਨਾਲ ਲੈ ਕੇ ਆਉਂਦੇ ਸਨ। ਰੋਟੀ ਵੀ ਉੱਥੋਂ ਹੀ ਖਾ ਲੈਂਦੇ ਸਨ। ਗਿਆਨੀ ਜੀ ਦਾ ਖਾਣ-ਪੀਣ ਵੀ ਲੰਗਰ ਤੋਂ ਹੀ ਚੱਲਦਾ ਸੀ। ਕਹਿੰਦੇ ਸਨ ਕਿ ਮੰਤਰੀ ਜੀ ਆਪਣੀ ਤਨਖਾਹ ਲੋੜਵੰਦ ਵਰਕਰਾਂ ਵਿੱਚ ਵਰਤਾ ਦਿੰਦੇ ਸਨ। ਜੇ ਕੁਈ ਪੈਸਾ ਬਚ ਜਾਂਦਾ ਤਾਂ ਲੰਗਰ ਭੇਟ ਕਰ ਦਿੱਤਾ ਜਾਂਦਾ। ਵਰਕਰਾਂ ਦੀਆਂ ਘਰੇਲੂ ਲੋੜਾਂ, ਬਿਮਾਰੀ, ਸ਼ਾਦੀ, ਗਮੀ ਲਈ ਗਿਆਨੀ ਜੀ ਸਹਿਯੋਗੀਆਂ ਕੋਲੋਂ ਪੈਸੇ ਮੰਗ ਵੀ ਲੈਂਦੇ ਸਨ ਅਤੇ ਉਹਨਾਂ ਨੂੰ ਖ਼ੁਦ ਜਾ ਕੇ ਮਦਦ ਕਰਨ ਲਈ ਵੀ ਪ੍ਰੇਰਦੇ ਸਨ।
ਦੁਨਿਆਵੀ ਰੰਗ ਉਹਨਾਂ ਨੂੰ ਪੋਹੰਦੇ ਨਹੀਂ ਸਨ ਪਰ ਸਿਆਸੀ ਪੱਖੋਂ ਪੂਰੇ ਸਤਰਕ ਰਹਿੰਦੇ ਸਨ। ਇੱਕ ਵਾਰ ਅਜੈਬ ਸਿੰਘ ਮਚਾਕੀ ਨੂੰ ਆਖਿਆ ਕਿ ”ਅੱਜ ਆਪਾਂ ਢਾਬੇ ਉੱਤੇ ਨਹੀਂ, ਕਿਸੇ ਚੰਗੀ ਥਾਂਵੇਂ ਰੋਟੀ ਖਾਵਾਂਗੇ। ਮੈਂ ਇੱਕ ਬਹੁਤ ਖਾਸ ਆਦਮੀ ਨੂੰ ਖਾਣੇ ਉੱਤੇ ਬੁਲਾਇਆ ਹੈ। ਆਪ ਕੇ ਪਾਸ ਪੈਸੇ ਤੋ ਹੈਂ ਨਾ?” ਦਰਮਿਆਨੇ ਜਿਹੇ ਹੋਟਲ ਉੱਤੇ ਖਾਣ ਲਈ ਉਹਨਾਂ ਦਾ ਖ਼ਾਸ ਮਹਿਮਾਨ ਪਹੁੰਚਿਆ ਤਾਂ ਮਚਾਕੀ ਵੇਖ ਕੇ ਦੰਗ ਰਹਿ ਗਿਆ। ਉਹ ਕੌਂਗਰਸ ਪਾਰਟੀ ਦੇ ਕੇਂਦਰੀ ਦਫ਼ਤਰ ਦਾ ਚਪੜਾਸੀ ਸੀ। ਗਿਆਨੀ ਜੀ ਇਕੱਲੇ ਬੈਠੇ ਓਸ ਨਾਲ ਖਾਣਾ ਖਾਂਦੇ ਨਾਲ ਘੰਟਾ ਭਰ ਸਾਜ਼ਿਸ਼ੀ ਲਹਿਜ਼ੇ ਵਿੱਚ ਗੱਲਬਾਤ ਕਰਦੇ ਰਹੇ। ਬਾਅਦ ਵਿੱਚ ਮਚਾਕੀ ਨੂੰ ਦੱਸਿਆ, ”ਯਹ ਆਦਮੀ ਮੀਟਿੰਗ ਕੇ ਅੰਦਰ-ਬਾਹਰ ਪਾਨੀ-ਚਾਏ ਵਗੈਰਾ ਦੇਨੇ ਜਾਤਾ ਰਹਤਾ ਹੈ। ਵਹਾਂ ਸਭ ਸੁਨਤਾ ਹੈ। ਕਈ ਬਾਰ ਸਸੁਰਾ ਬਹੁਤ ਪਤੇ ਕੀ ਬਾਤੇਂ ਬਤਾ ਜਾਤਾ ਹੈ।” 1947 ਵਿੱਚ ਪੰਜਾਬ ਦੀ ਵੰਡ ਹੋਈ। ਵੰਡ ਕਰਨ ਵਾਲੇ ਵਕੀਲ ਰੈਡਕਲਿਫ਼ ਨੂੰ ਵੀ ਵੰਡ ਦੇ ਅਸੂਲ, ਪਿੱਠਭੂਮੀ ਆਦਿ ਨੂੰ ਸਮਝਣ ਦਾ ਸਮਾਂ ਨਹੀਂ ਦਿੱਤਾ ਗਿਆ। ਪਰ ਗਿਆਨੀ ਜੀ ਨੇ ਏਸ ਵੰਡ ਦੇ ਸਿੱਖਾਂ ਅਤੇ ਹਿੰਦੂਆਂ ਉੱਤੇ ਪੈਣ ਵਾਲੇ ਮਾਰੂ ਅਸਰ ਨੂੰ ਮੱਠਾ ਕਰਨ ਲਈ ਏਸ ਦਾ ਖਾਕਾ ਪਹਿਲਾਂ ਹੀ ਬਣਵਾ ਲਿਆ ਸੀ। ਇਹ ਖਾਕਾ ਉਹਨਾਂ ਨੇ ਓਸ ਸਮੇਂ ਛਾਪ ਕੇ ਵੀ ਵੰਡਿਆ। ਇਹ 11 ਸਫ਼ਿਆਂ ਦਾ ਅੰਗਰੇਜ਼ੀ ਵਿੱਚ ਛਪਿਆ ਲੇਖ ਹੈ ਜਿਸ ਦਾ ਸਿਰਲੇਖ ਹੈ ਠਹੲ ਛੳਸੲ ਡੋਰ ਅ ਂੲਾ ਸ਼ਿਕਹਭ੍ਹਿਨਦੁ ਫਰੋਵਿਨਚੲ਀ਿ ਨ ਠਹੲ ਫੁਨਜੳਬ.
ਲੇਖਕ ਵਜੋਂ ਗਿਆਨੀ ਕਰਤਾਰ ਸਿੰਘ ਦਾ ਨਾਂਅ ਛਾਪਿਆ ਗਿਆ ਹੈ। ਲਿਖਣ ਵਾਲਾ ਕੋਈ ਬਹੁਤ ਪ੍ਰੌਢ ਅਤੇ ਜੀਓ ਪੋਲਿਟਿਕਸ, ਕੌਮੀ ਸੁਭਾਵਾਂ ਅਤੇ ਸਿੱਖਾਂ ਦੀ ਪੀੜ ਨੂੰ ਸਮਝਣ ਵਾਲਾ, ਅੰਗਰੇਜ਼ੀ ਬੋਲੀ ਅਤੇ ਯੂਰਪੀ ਸੱਭਿਆਚਾਰ ਦੀ ਡੂੰਘੀ ਸਮਝ ਰੱਖਣ ਵਾਲਾ ਇਨਸਾਨ ਜਾਪਦਾ ਹੈ। ਇਹ ਤਾਂ ਸਾਫ਼ ਜ਼ਾਹਰ ਹੈ ਕਿ ਇਹ ਸਕੀਮ ਗਿਆਨੀ ਜੀ ਦੀ ਕਾਢ ਹੈ ਪਰ ਅਲਫ਼ਾਜ਼ ਅਤੇ ਪੇਸ਼ਕਾਰੀ ਗਿਆਨੀ ਜੀ ਦੀ ਨਹੀਂ। ਇਹ ਉਲਝਣ ਓਦੋਂ ਸੁਲਝੀ ਜਦੋਂ ਮੈਂ ਕਈ ਸਾਲਾਂ ਬਾਅਦ ਮਹਿੰਦਰ ਸਿੰਘ ਰੰਧਾਵਾ ੀਛਸ਼ ਦੀ ਸਵੈਜੀਵਨੀ ਪੜ੍ਹੀ। ਰੰਧਾਵਾ ਨੇ ਲਿਖਿਆ ਕਿ ਗਿਆਨੀ ਕਰਤਾਰ ਸਿੰਘ ਨੇ ਓਸ ਕੋਲੋਂ ਏਸ ਕਿਸਮ ਦਾ ਲੇਖ ਲਿਖਵਾਇਆ ਸੀ। ਗਿਆਨੀ ਜੀ ਲਾਹੌਰ ਅਤੇ ਨਨਕਾਣਾ ਸਾਹਿਬ ਨੂੰ ਪੰਜਾਬ ਵਿੱਚ ਰੱਖਣ ਲਈ ਨੰਗੇ ਧੜ ਜੂਝੇ ਸਨ। ਇਹ ਪੰਜਾਬ ਦਾ ਉਹ ਸਪੂਤ ਸੀ ਜਿਸ ਉੱਤੇ ਪੰਜਾਬ ਦੇ ਹਰ ਦਰਦ ਦਾ ਇਲਾਜ ਲੱਭਣ ਦਾ ਜਨੂੰਨ ਸਵਾਰ ਸੀ। ਰੈਡਕਲਿਫ਼ ਤੱਕ ਵੀ ਇਹਨਾਂ ਪਹੁੰਚ ਬਣਾਈ ਰੱਖੀ।
ਆਈਨ ਘਾੜਨੀ ਸਭਾ ਵਿੱਚ ਪੰਜਾਬੀ ਸੂਬੇ ਦੀ ਆਵਾਜ਼ ਬੁਲੰਦ ਕਰਨ ਵਾਲਾ ਵੀ ਗਿਆਨੀ ਕਰਤਾਰ ਸਿੰਘ ਸੀ; ਪੰਜਾਬ ਪੱਖੀ ਸਰਕਾਰਾਂ ਪੰਜਾਬ ਵਿੱਚ, ਜੋੜ-ਤੋੜ ਕਰ ਕੇ, ਬਣਵਾਉਣ ਵਾਲਾ ਵੀ ਉਹੀ। ਪੰਜਾਬੀ ਰੀਜਨ ਦਾ ਨਕਸ਼ਾ ਬਣਾਉਣ ਵਾਲਿਆਂ ਵਿੱਚ ਵੀ ਗਿਆਨੀ ਦਾ ਭਰਪੂਰ ਯੋਗਦਾਨ ਸੀ। ਓਸੇ ਨੇ ਪੰਜਾਬ ਦੇ ਸਾਰੇ ਹਿੰਦੂ-ਸਿੱਖ ਮੈਂਬਰਾਂ ਨੂੰ ਪ੍ਰੇਰ ਕੇ ਕੇਂਦਰ ਉੱਤੇ 1947 ਵਿੱਚ ਦਬਾਅ ਪਾਇਆ ਸੀ ਕਿ ਸਿੱਖਾਂ ਦੇ ਯੋਗ ਮਸਲੇ ਹੱਲ ਕੀਤੇ ਜਾਣ। ਪੰਜਾਬ ਦੇ ਉੱਠਣ ਵਾਲੇ ਦਰਦ ਦਾ ਲੋਕ-ਰਾਜੀ ਹੱਲ ਲੱਭਣ ਲਈ ਗਿਆਨੀ ਦਾ ਸਾਨੀ ਨਹੀਂ ਸੀ। ਜੇ ਓਸ ਦੀ ਇੱਕ ਵੀ ਸੁਣੀ ਜਾਂਦੀ ਤਾਂ ਪੰਜਾਬ ਦਾ ਅਤੇ ਹਿੰਦੁਸਤਾਨ ਦਾ ਮਾਹੌਲ ਕਿਤੇ ਸੁਖਾਵਾਂ ਹੋਣਾ ਸੀ।
ਗਿਆਨੀ ਜੀ ਦੇ ਆਂਢ-ਗੁਆਂਢ ਮੰਤਰੀਆਂ ਦੇ ਘਰ ਹੋਰ ਵੀ ਸਨ ਪਰ ਰਿਕਸ਼ੇ ਵਾਲਿਆਂ ਨੂੰ ਕੇਵਲ ਓਸ ਦੇ ਘਰ ਸਾਹਮਣੇ ਹੀ ਖੜ੍ਹੇ ਹੋਣ ਦੀ ਇਜਾਜ਼ਤ ਸੀ। ਇੱਕ ਦਿਨ ਖ਼ਬਰ ਪੜ੍ਹੀ ਕਿ ਗਿਆਨੀ ਜੀ ਕੋਲੋਂ ਅਹਿਮ ਵਿਭਾਗ ਵਾਪਸ ਲੈ ਕੇ ਮੱਛੀਆਂ ਪਾਲਣ (ਡਿਸਹੲਰੇ) ਦਾ ਮਹਿਕਮਾ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਹੈ ਅਤੇ ਗਿਆਨੀ ਨੇ ਲੈਣ ਤੋਂ ਇਨਕਾਰ ਕਰ ਕੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਅਸੀਂ ਕੁਝ ਵਿਦਿਅਰਥੀ ਉਹਨਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਨ ਚਲੇ ਗਏ। ਅੱਗੇ ਕੀ ਵੇਖਦੇ ਹਾਂ ਕਿ ਸਿਰ ਉੱਤੇ ਨਿੱਕੀ ਜਿਹੀ ਟੀਨ ਦੀ ਟਰੰਕੀ ਰੱਖ ਕੇ, ਮੋਢੇ ਉੱਤੇ ਕੁਝ ਕਪੜੇ ਲਟਕਾ ਕੇ ਗਿਆਨੀ ਜੀ ਆਪਣੇ ਸਰਕਾਰੀ ਮਕਾਨ ਦੇ ਦਰਵਾਜ਼ੇ ਉੱਤੇ ਖੜ੍ਹੇ ਰਿਕਸ਼ੇ ਵਿੱਚ ਬੈਠ ਰਹੇ ਸਨ। ਜਦੋਂ ਤੱਕ ਰਿਕਸ਼ਾ ਨਜ਼ਰਾਂ ਤੋਂ ਓਝਲ ਨਾ ਹੋਇਆ, ਗਿਆਨੀ ਜੀ ਸਿਰ ਉੱਤੇ ਰੱਖੇ ਟੀਨ ਦੇ ਬਕਸੇ ਨੂੰ ਦੋਨਾਂ ਹੱਥਾਂ ਨਾਲ ਫੜ੍ਹੀ ਨਜ਼ਰ ਆਉਂਦੇ ਰਹੇ। ਉਹ ਬੇਇੱਜ਼ਤੀ, ਮੰਤਰੀ ਦਾ ਅਹੁਦਾ ਆਦਿ ਵਿਸਾਰ ਚੁੱਕੇ ਸਨ ਅਤੇ ਪੰਜਾਬ ਦੀ ਹੋਰ ਸਿਆਸੀ ਸੇਵਾ ਦੇ ਨਵੇਂ ਬਾਨ੍ਹਣੂ ਬੰਨ੍ਹਦੇ ਬਿਦੇਹ ਅਵਸਥਾ ਵਿੱਚ ਨਿਵਾਸ ਕਰ ਚੁੱਕੇ ਸਨ।
ਗਿਆਨੀ ਜੀ ਦੇ ਏਸ ਮਹਾਂਪ੍ਰਸਥਾਨ ਦੀ ਪਿੱਠਭੂਮੀ ਇਹ ਹੈ: ਅਸਤੀਫ਼ੇ ਤੋਂ ਖਾਰ ਖਾ ਕੇ ਪ੍ਰਤਾਪ ਸਿੰਘ ਕੈਰੋਂ ਨੇ ਇੱਕ ਸਰਕਾਰੀ ਕਰਿੰਦੇ ਰਾਹੀਂ ਆਖ ਭੇਜਿਆ ਕਿ ਮੰਤਰੀ ਦੀ ਰਿਹਾਇਸ਼ ਜਲਦੀ ਤੋਂ ਜਲਦੀ ਖਾਲੀ ਕਰ ਦਿੱਤੀ ਜਾਵੇ। ਸੁਨੇਹਾ ਸੁਣ ਕੇ ਗਿਆਨੀ ਜੀ ਨੇ ਆਏ ਬੰਦੇ ਲਈ ਲੰਗਰ ਵਿੱਚੋਂ ਚਾਹ ਮੰਗਵਾਈ ਅਤੇ ਆਪਣਾ ‘ਸਮਾਨ’ ਸੰਭਾਲਣ ਵਿੱਚ ਮਸ਼ਰੂਫ ਹੋ ਗਏ। ਓਸ ਨੇ ਅਜੇ ਚਾਹ ਵਾਲਾ ਕੱਪ ਮੇਜ਼ ਉੱਤੇ ਰੱਖ ਕੇ ਜਾਣ ਦੀ ਆਗਿਆ ਮੰਗੀ ਸੀ ਜਾਂ ਗਿਆਨੀ ਜੀ ਸਿਰ ਉੱਤੇ ਸੰਦੂਕੜੀ ਅਤੇ ਮੋਢੇ ਉੱਤੇ ਪਰਨਾ, ਕਛਹਿਰਾ, ਤੌਲੀਆ ਆਦਿ ਰੱਖ ਕੇ ਓਸ ਦੇ ਨਾਲ ਹੀ ਬਾਹਰ ਆ ਗਏ। ਗੇਟ ਉੱਤੇ ਆ ਕੇ ਹੈਰਾਨੀਗ੍ਰਸਤ ਹਰਕਾਰੇ ਨੂੰ ਆਖਿਆ, ”ਮੁੱਖ ਮੰਤਰੀ ਜੀ ਕੋ ਬੋਲ ਦੇਨਾ ਉਨ ਕਾ ਮਕਾਨ ਖਾਲੀ ਹੈ।” ਪਾਣੀਓ ਪਾਣੀ ਹੋਇਆ ਹਰਕਾਰਾ ਆਖਦਾ ਰਿਹਾ ਕਿ ਏਨੀਂ ਜਲਦੀ ਦੀ ਵੀ ਲੋੜ ਨਹੀਂ ਸੀ, ਦੋ-ਚਾਰ ਮਹੀਨੇ ਹੋਰ ਰਹਿ ਸਕਦੇ ਹਨ। ਜਦੋਂ ਤੱਕ ਓਸ ਨੇ ਗੱਲ ਖ਼ਤਮ ਕੀਤੀ ਗਿਆਨੀ ਕਰਤਾਰ ਸਿੰਘ ਰਿਕਸ਼ੇ ਦੀ ਸੀਟ ਉੱਤੇ ਬਿਰਾਜਮਾਨ ਹੋ ਚੁੱਕੇ ਸਨ। ਉਹਨਾਂ ਦੀ ਲਾਸਾਨੀ ਜ਼ਿੰਦਗੀ ਦਾ ਅਗਲਾ ਪੜਾਅ ਸ਼ੁਰੂ ਹੋ ਚੁੱਕਿਆ ਸੀ।
ਉਹਨਾਂ ਦੇ ਸਾਦਾ ਪੇਂਡੂ ਸੁਭਾਅ, ਹਾਜ਼ਰ ਜੁਆਬੀ ਅਤੇ ਨਿਰਛਲ ਤਬੀਅਤ ਨੂੰ ਉਘਾੜਦੀਆਂ ਕਈ ਸਾਖੀਆਂ ਉਨ੍ਹਾਂ ਸਮਿਆਂ ਵਿੱਚ ਪ੍ਰਚੱਲਤ ਸਨ। ਇਹ ਸਾਖੀ ਮੈਨੂੰ ਖ਼ਾਲਸਾ ਕਾਲਜ ਜਲੰਧਰ ਵਾਲੇ ਪ੍ਰੋਫ਼ੈਸਰ ਅਮਰੀਕ ਸਿੰਘ ਨੇ ਸੁਣਾਈ ਸੀ। ਕਿਸੇ ਸ਼ਹਿਰ ਵਿੱਚ ਵੜਨ ਤੋਂ ਪਹਿਲਾਂ, ਸੜਕੋਂ ਹਟ ਕੇ ਖੜ੍ਹੇ ਘਰ ਦੀ ਕੰਧ ਕੋਲ ਉਹ ਆਪਣੀ ਕਾਰ ਰੁਕਵਾ ਕੇ ਪਿਸ਼ਾਬ ਕਰਨ ਲਈ ਉਤਰੇ। ਜਦੋਂ ਕਾਰਵਾਈ ਮੁਕੰਮਲ ਕਰ ਕੇ ਕਾਰ ਵੱਲ ਵਧੇ ਤਾਂ ਇੱਕ ਖਾਹਮਖਾਹ ਨੇ ਆ ਕੇ ਉਲਾਂਭਾ ਦਿੱਤਾ ਕਿ ਕੰਧ ਉੱਤੇ ਸਾਫ਼ ਲਿਖਿਆ ਹੈ ”ਏਥੇ ਪਿਸ਼ਾਬ ਕਰਨਾ ਮਨ੍ਹਾ ਹੈ”। ਗਿਆਨੀ ਜੀ ਨੇ ਪੁੱਛਿਆ ”ਕਿੱਥੇ?” ਅਤੇ ਓਸ ਦੇ ਨਾਲ ਹੀ ਲਿਖਤ ਵੇਖਣ ਵਾਪਸ ਤੁਰ ਗਏ। ਲਿਖਤ ਵੇਖ ਕੇ ਓਸ ਨੂੰ ਮੁਖਾਤਬ ਹੋਏ, “ਤੂੰ ਵੇਖ ਰਿਹਾ ਹੈ ਨਾ ਕਿ ਜਿੱਥੇ ਲਿਖਿਆ ਹੈ ਓਥੇ ਤਾਂ ਪਿਸ਼ਾਬ ਦਾ ਛਿੱਟਾ ਵੀ ਨਹੀਂ ਪਿਆ।” ਉਜਰ ਕਰਨ ਵਾਲਾ ਹੈਰਾਨ ਕਿ ਕੀ ਜੁਆਬ ਦੇਵੇ। ਗਿਆਨੀ ਜੀ ਮੁੜ ਆ ਕੇ ਕਾਰ ਵਿੱਚ ਬੈਠੇ ਅਤੇ ਰਵਾਨਾ ਹੋ ਗਏ।
ਇੱਕ ਵਾਰ ਮੈਂ ਗਿਆਨੀ ਜੀ ਨੂੰ ਬਿਰਧ, ਲਾਚਾਰ, ਬਿਮਾਰ ਹਾਲਤ ਵਿੱਚ ਗੁਰੂ ਰਾਮਦਾਸ ਸਰਾਂ ਦੀ ਬਾਬਾ ਅਟੱਲ ਵੱਲ ਦੀ ਬਾਹੀ ਦੇ ਵਰਾਂਡੇ ਵਿੱਚ ਤਖ਼ਤਪੋਸ਼ ਉੱਤੇ ਪਿਆਂ ਨੂੰ ਵੀ ਵੇਖਿਆ। ਜਿਸ ਕੌਮ ਲਈ ਓਸ ਨੇ ਆਪਣਾ ਸਭ ਕੁਝ ਵਾਰ ਦਿੱਤਾ ਸੀ, ਉਹ ਆਪਣੇ ਗੁਰੂ ਦੇ ਘਰ ਬੇਬਸ ਹੋਇਆ ਇਕੱਲਾ ਪਿਆ ਸੀ। ਮੈਂ ਗਿਆਨੀ ਜੀ ਦੀ ਤਕਲੀਫ਼ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਐਨ ਓਸ ਵੇਲੇ ਪ੍ਰਕਾਸ਼ ਸਿੰਘ ਮਜੀਠੀਆ ਓਥੇ ਆ ਗਏ। ਉਹ ਬੜੇ ਤਨਜ਼ ਭਰੇ ਅਤੇ ਮਜ਼ਾਕ ਕਰਨ ਵਾਲੇ ਲਹਿਜ਼ੇ ਵਿੱਚ ਤਖ਼ਤਪੋਸ਼ ਦੀ ਬਾਹੀ ਉੱਤੇ ਪੈਰ ਰੱਖ ਕੇ ਗੱਲ ਕਰਨ ਲੱਗੇ: ‘ਬਿਮਾਰੀ ਸ਼ਿਮਾਰੀ ਗਿਆਨੀ ਜੀ ਨੂੰ ਕੁਝ ਨਹੀਂ। ਇਹਨਾਂ ਨੂੰ ਰਾਜਸੀ ਸੱਤਾ ਚਾਹੀਦੀ ਹੈ। ਹੁਣ ਵਜ਼ੀਰ ਬਣਨ ਦਾ ਸੁਨੇਹਾ ਆ ਜਾਵੇ ਝੱਟ ਨੌਂ-ਬਰ-ਨੌਂ ਹੋ ਜਾਣਗੇ। ਕਿਉਂ ਗਿਆਨੀ ਜੀ? ਸੱਤਾ ਨੂੰ ਤੜਫ਼ ਰਹੇ ਹਨ ਜਿਵੇਂ ਮੱਛੀ ਪਾਣੀ ਬਿਨਾ ਤੜਫ਼ਦੀ ਹੈ।” ਆਦਿ ਆਦਿ…। ਅੱਜ ਵੀ ਓਸ ਤਸਵੀਰ ਦੇ ਜ਼ਿਹਨ ਵਿੱਚ ਆਉਂਦਿਆਂ ਹੀ ਅਥਾਹ ਪੀੜ ਅਤੇ ਨਮੋਸ਼ੀ ਦਿਲ ਨੂੰ ਘੇਰ ਲੈਂਦੀ ਹੈ। ਪਤਾ ਨਹੀਂ ਕਿਉਂ ਮੈਂ ਆਪਣੇ-ਆਪ ਤੋਂ ਆਪਣਾ ਮੂੰਹ ਲੁਕਾ ਲੈਂਦਾ ਹਾਂ। ਗਿਆਨੀ ਜੀ ਨੇ ਮਾਸਟਰ ਤਾਰਾ ਸਿੰਘ ਵਾਂਗ ਹੀ ਅਨੇਕਾਂ ਸਿੱਖ ਆਗੂ ਬਣਾ ਕੇ ਕੌਮ ਦੇ ਸਿਆਸੀ ਅਖਾੜੇ ਵਿੱਚ ਉਤਾਰੇ ਸਨ। ਉਹਨਾਂ ਵਿੱਚ ਇੱਕ ਪ੍ਰਕਾਸ਼ ਸਿੰਘ ਬਾਦਲ ਵੀ ਸੀ। ਸੰਤ ਫ਼ਤਹਿ ਸਿੰਘ ਨੂੰ ਅਨੰਦਪੁਰ ਸਾਹਿਬ ਦੇ ਮੁਕਾਮ ਉੱਤੇ ਕਾਇਲ ਕਰ ਕੇ ਲੰਬੀ ਦੀ ਟਿਕਟ ਗਿਆਨੀ ਜੀ ਨੇ ਹੀ ਦੁਆਈ ਸੀ। ਸੰਤ ਸਿੰਘ ਬਰਾੜ ਨੇ ਇੱਕ ਵਾਰ ਮੈਨੂੰ ਏਸ (ਦੁਰ)ਘਟਨਾ ਦੀ ਮੁਕੰਮਲ ਸਾਖੀ ਸੁਣਾਈ ਸੀ ਜੋ ਸੰਖੇਪ ਵਿੱਚ ਇਉਂ ਹੈ: ਗੁਰਦਾਸ ਸਿੰਘ, ਪ੍ਰਕਾਸ਼ ਸਿੰਘ ਅਤੇ ਸੰਤ ਸਿੰਘ ਨੇ ਬਾਦਲ ਪਿੰਡ ਤੋਂ ਸਵੇਰੇ-ਸਵੇਰੇ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ। ਇਹ ਤਿੰਨੇ ਪੁਰਾਣੀ ਫੀਅਟ ਕਾਰ ਵਿੱਚ ਸਨ ਜਿਸ ਦੇ ਦਰਵਾਜੇ ਪਿਛਾਂਹ ਵੱਲ ਨੂੰ ਖੁੱਲ੍ਹਦੇ ਸਨ। ਉਸ ਦੀ ਹਾਲਤ ਇਹ ਸੀ ਕਿ ਆਨੰਦਪੁਰ ਸਾਹਿਬ ਪਹੁੰਚਣ ਤੱਕ ਓਸ ਦੇ ਚਾਰੇ ਟਾਇਰ ਪੰਕਚਰ ਹੋਏ ਅਤੇ ਮੁਰੱਮਤ ਕਰਵਾਉਣੀ ਪਈ। ਮੰਜ਼ਲ ਉੱਤੇ ਪਹੁੰਚ ਕੇ ਇਹ ਤਿੰਨੇ ਕਈ ਘੰਟੇ ਗਿਆਨੀ ਕਰਤਾਰ ਸਿੰਘ ਨੂੰ ਉਡੀਕਦੇ ਰਹੇ। ਅੰਤ ਉਹਨਾਂ ਦੀ ਸਿਫ਼ਾਰਸ਼ ਉੱਤੇ ਪ੍ਰਕਾਸ਼ ਸਿੰਘ ਨੂੰ ਚੋਣ-ਟਿਕਟ ਮਿਲੀ। ਵਾਰੀ-ਵੱਟੇ ਨਾਲ ਦੋਨੋਂ ਭਰਾ ਕਾਰ ਚਲਾਉਂਦੇ ਹੋਏ ਹਨੇਰੇ ਹੋਏ ਬਾਦਲ ਪਿੰਡ ਵਾਪਸ ਪਹੁੰਚੇ। ਪ੍ਰਕਾਸ਼ ਸਿੰਘ ਗਿਆਨੀ ਜੀ ਦੇ ਜਿਊਂਦਿਆਂ ਕਾਫ਼ੀ ਤਰੱਕੀ ਕਰ ਚੁੱਕਿਆ ਸੀ ਪਰ ਓਸ ਨੇ ਕਦੇ ਵੀ ਮੁੜ ਕੇ ਕੌਮ ਦੇ ਫ਼ਖ਼ਰ ਅਤੇ ਆਪਣੇ ਹਮਦਰਦ ਗਿਆਨੀ ਜੀ ਦੀ ਸਾਰ ਨਾ ਲਈ – ਨਾ ਹੀ ਕਿਸੇ ਹੋਰ ਨੇ।
ਏਸ ਸੰਦਰਭ ਵਿੱਚ ਇੱਕ ਲਤੀਫ਼ਾ ਖ਼ੁਦ ਗਿਆਨੀ ਜੀ ਨੇ ਹੀ ਘੜਿਆ ਸੀ। ਇੱਕ ਦਿਨ ਉਹਨਾਂ ਦੇ ਪ੍ਰਮੁੱਖ ਚੇਲਿਆਂ ਵਿੱਚੋਂ ਇੱਕ ਅਮਰ ਸਿੰਘ ਅੰਬਾਲਵੀ, ਜੋ ਸੂਮਪਣੇ ਲਈ ਮਸ਼ਾਹੂਰ ਸੀ, ਗਿਆਨੀ ਜੀ ਦੀ ਖ਼ਬਰ ਲੈਣ ਲਈ ਪਟਿਆਲੇ ਰਾਜਿੰਦਰਾ ਹਸਪਤਾਲ ਪਹੁੰਚ ਗਏ। ਓਸ ਨੂੰ ਮਿਲਣ ਤੋਂ ਬਾਅਦ ਗਿਆਨੀ ਜੀ ਕਈ ਮਿਜਾਜ਼ਪੋਸ਼ੀ ਲਈ ਆਉਣ ਵਾਲਿਆਂ ਨੂੰ ਆਖਦੇ ਰਹੇ, ”ਅਬ ਮੁਝੇ ਯਕੀਨ ਹੋ ਗਿਆ ਹੈ ਕਿ ਮੈਂ ਇਸ ਬਾਰ ਮਰੂੰਗਾ ਨਹੀਂ। ਅਗਰ ਐਸਾ ਪੱਕਾ ਇਸ਼ਾਰਾ ਨਾ ਹੋਤਾ ਤੋ ਅੰਬਾਲਵੀ ਮੁਝੇ ਕਭੀ ਮਿਲਣੇ ਨਾ ਆਤਾ।”
ਹੋਰ ਵੀ ਅਨੇਕਾਂ ਲਤੀਫ਼ੇ ਗਿਆਨੀ ਜੀ ਨੇ ਘੜੇ ਸਨ। ਉਹਨਾਂ ਵਿੱਚੋਂ ਇੱਕ ਇਹ ਵੀ ਸੀ: ਗਿਆਨੀ ਜੀ ਨੇ ਦਰਜਨ ਕੁ ਚੇਲਿਆਂ-ਚਪਟਿਆਂ ਦੀ ਇੱਕ ਦਿਨ ਮੀਟਿੰਗ ਬੁਲਾਈ ਅਤੇ ਪੂਰੀ ਗੰਭੀਰਤਾ ਨਾਲ ਪੁੱਛਿਆ ਕਿ ਕੀ ਉਹਨਾਂ ਨੂੰ ਲੱਗਦਾ ਹੈ ਕਿ ਉਹ ਸਿੱਖ ਪੰਥ ਪ੍ਰਤੀ ਆਪਣੀ ਵਫ਼ਾਦਾਰੀ ਤੋਂ ਦੂਰ ਜਾ ਰਹੇ ਹਨ? ਸਭ ਨੇ ਨਾਂਹ ਵਿੱਚ ਜੁਆਬ ਦਿੱਤਾ। ਸ਼ਾਇਦ ਜਸਦੇਵ ਸਿੰਘ ਨੇ ਪੁੱਛਿਆ ਕਿ ਉਹ ਅਜਿਹਾ ਸਵਾਲ ਕਿਉਂ ਕਰ ਰਹੇ ਹਨ। ਗਿਆਨੀ ਜੀ ਨੇ ਪਿਛਲੇ ਪੰਜ-ਚਾਰ ਹਫ਼ਤਿਆਂ ਦੇ ਮਹਾਸ਼ਾ ਪ੍ਰੈੱਸ ਦੇ ਅਖ਼ਬਾਰਾਂ ਦਾ ਹਵਾਲਾ ਦੇ ਕੇ ਆਖਿਆ ਕਿ ਇਹ ਮੇਰੀ ਬਹੁਤ ਉਸਤਤ ਕਰ ਰਹੇ ਹਨ ਅਤੇ ਫੇਰ ਕਿਹਾ, ”ਯਹ ਸਸੁਰੇ ਜਬ ਮੇਰੀ ਤਰੀਫ਼ ਕਰਤੇ ਹੈਂ ਤੋ ਮੁਝੇ ਅਪਨੇ ਇਮਾਨ ਪਰ ਸ਼ੱਕ ਹੋਨੇ ਲਗਤਾ ਹੈ।” ਰੋਮ-ਰੋਮ ਸਿੱਖੀ ਦੇ ਸਰਬੱਤ ਦੇ ਭਲੇ ਦੇ ਆਦਰਸ਼ ਨੂੰ ਪ੍ਰਣਾਇਆ ਗਿਆਨੀ ਕਰਤਾਰ ਸਿੰਘ ਗੁਰੂ ਦੀ ਕੰਲਗੀ ਦਾ ਇੱਕ ਬੇਸ਼ਕੀਮਤੀ ਮੋਤੀ ਸੀ। ਅਸੀਂ ਓਸ ਨੂੰ ਘੱਟੇ-ਕੌਡੀਆਂ ਰੋਲ ਕੇ ਆਪਣੇ ਘਾਣ ਦਾ ਰਾਹ ਪੱਧਰਾ ਕੀਤਾ। 10 ਜੂਨ ਆਉਂਦਿਆਂ ਓਸ ਦੀ ਯਾਦ ਨਾਲ ਜਾਗਦੇ ਮਨ ਨਮੋਸ਼ੀ ਨਾਲ ਘਿਰ ਜਾਂਦੇ ਹਨ। ਏਵੇਂ ਜਿਵੇਂ ਗੁਰੂ ਸੱਚੇ ਦਾ ਇੱਕ ਹੋਰ ਸੁੱਚਾ ਨਗ, ਜੁਝਾਰ ਦੀ ਕੰਲਗੀ ਨੂੰ ਅਥਾਹ ਪਿਆਰ ਨਾਲ ਸੀਨੇ ਲਾਉਣ ਵਾਲਾ (ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ) ਨੰਦ ਲਾਲ ਨੂਰਪੁਰੀ ਲਾਚਾਰੀ, ਗਰੀਬੀ ਵੱਸ ਇਹਨੀ ਦਿਨੀਂ ਹੀ ਖੂਹ ਵਿੱਚ ਛਾਲ ਮਾਰ ਕੇ ਸਾਡੇ ਸਾਰਿਆਂ ਦੇ ਮੂੰਹ ਉੱਤੇ ਚਪੇੜ ਮਾਰ ਗਿਆ ਸੀ। ਆਖ਼ਰੀ ਦਿਨਾਂ ਵਿੱਚ ਉਹ ਚੰਡੀਗੜ੍ਹ ਸਿੱਖ ਐਜੂਕੇਸ਼ਨਲ ਕੌਨਫ਼ਰੰਸ ਉੱਤੇ ਕਵੀ ਦਰਬਾਰ ਵਿੱਚ ਸ਼ਿਰਕਤ ਕਰਨ ਆਇਆ ਸੀ। ਵਿਦਿਅਰਥੀ ਸੇਵਾਦਾਰ ਦੇ ਤੌਰ ਉੱਤੇ ਮੇਰੀ ਡਿਊਟੀ ਪ੍ਰਬੰਧਕਾਂ ਨੇ ਓਸ ਨੂੰ ਮੋਟਰ ਸਾਈਕਲ ਉੱਤੇ ਚੰਡੀਗੜ੍ਹ ਵਿਖਾਉਣ ਦੀ ਲਾਈ ਸੀ। ਸਰਦਾਰ ਹਰਗੁਰਨਾਦ ਸਿੰਘ ਵੀ ਗੁੰਮਨਾਮੀ ਵਿੱਚ ਹੀ ਸਾਡੇ ਹੱਥਾਂ ਵਿੱਚੋਂ ਰੇਤ ਵਾਂਗੂੰ ਕਿਰ ਗਏ ਸਨ। ਮੇਰੇ ਵੇਖਦਿਆਂ-ਵੇਖਦਿਆਂ ਪੁਰਾਣੇ ਬਾਦਾਕਸ਼ ਤੁਰ ਗਏ। ਕੀ ਕਦੇ ਭਾਈ ਕਨ੍ਹੱਈਏ ਦੀ ਮਸ਼ਕ ਲੈ ਕੇ ਕੁਈ ਸਾਕੀ ਆਏਗਾ ਅਤੇ ਗੁਰੂ ਦੇ ਆਬੇ-ਹਯਾਤ ਦਾ ਜਾਮ ਛਿੜਕ ਕੇ ਇਹਨਾਂ ਦੀਆਂ ਪਾਕ-ਪਵਿੱਤਰ ਯਾਦਾਂ ਨੂੰ ਮੁੜ ਸੁਰਜੀਤ ਕਰੇਗਾ?
ਜੋ ਬਾਦਾਕਸ਼ ਥੇ ਪੁਰਾਨੇ ਵੋ ਉੱਠਤੇ ਜਾਤੇ ਹੈਂ,
ਕਹੀਂ ਸੇ ਆਬੇ-ਬਕਾ-ਏ-ਦਵਾਮ ਲੇ ਸਾਕੀ॥
ਕਟੀ ਹੈ ਰਾਤ ਤੋ ਹੰਗਾਮਾ ਗੁਸਤਰੀ ਮੇਂ ਤੇਰੀ,
ਸਹਰ ਕਰੀਬ ਹੈ ਅੱਲਾਹ ਕਾ ਨਾਮ ਲੇ ਸਾਕੀ॥
ਕਬੀਨਾ ਮਿਸ਼ਨ 1946 ਨੇ ਹਿੰਦੁਸਤਾਨ ਦੀ ਹੋਣੀ ਘੜੀ। ਓਸ ਦੇ ਵਿਚਾਰ ਨੂੰ ਡੂੰਘਾਈ ਨਾਲ ਘੋਖਣ ਲਈ ਗਿਆਨੀ ਜੀ ਨੇ ਸਭ ਤੋਂ ਪਹਿਲਾਂ ਮੂਲ ਦਸਤਾਵੇਜ਼ ਪ੍ਰਾਪਤ ਕੀਤਾ; ਫੇਰ ਚੁਣਿੰਦਾ ਵਕੀਲਾਂ ਦੀ ਇਕੱਤਰਤਾ ਵਿੱਚ ਓਸ ਨੂੰ ਪੜ੍ਹ ਕੇ ਵਿਚਾਰਿਆ। ਗਿਆਨੀ ਜੀ ਦੇ ਦਸਤਖ਼ਤਾਂ ਵਾਲਾ ਇਹ ਮੂਲ ਦਸਤਾਵੇਜ਼ ਮੇਰੇ (ਲੇਖਕ) ਕੋਲ ਹੈ ਜਿਸ ਦੇ ਪਹਿਲੇ ਸਫ਼ੇ ਦੀ ਤਸਵੀਰ ਮੈਂ ਏਥੇ ਛਾਪ ਰਿਹਾ ਹਾਂ। ਏਸ ਉੱਤੇ ਗਿਆਨੀ ਜੀ ਦੇ ਦਸਤਖ਼ਤ ਵੀ ਹਨ।
ਗਿਆਨੀ ਜੀ ਦੀ ਮਹਿੰਦਰ ਸਿੰਘ ਰੰਧਾਵਾ ਤੋਂ ਲਿਖਵਾ ਕੇ ਆਪਣੇ ਨਾਂਉਂ ਛਾਪੀ ਪੱਤ੍ਰਿਕਾ ਵੀ ਮੇਰੇ ਕੋਲ ਹੈ ਅਤੇ ਓਸ ਦੀ ਵੀ ਪਹਿਲੇ ਸਫ਼ੇ ਦੀ ਤਸਵੀਰ ਹੇਠਾਂ ਹੈ।
ਏਸੇ ਤਰ੍ਹਾਂ ਉਹਨਾਂ ਨੇ ਹਿੰਦੁਸਤਾਨ ਤੋਂ ਬਸਤੀਵਾਦ ਖ਼ਤਮ ਕਰਨ ਵੇਲੇ ਜੋ ਬਰਤਾਨੀਆ ਦੀ ਪਾਰਲਾਮੈਂਟ ਵਿੱਚ ਬਹਿਸ ਹੋਈ ਸੀ, ਓਸ ਨੂੰ ਵੀ ਚੰਗੀ ਤਰ੍ਹਾਂ ਘੋਖਿਆ ਸੀ। ਆਖ਼ਰ ਓਸ ਨੇ ਆਪਣੀ ਕੌਮ ਦੀ ਸਲਾਮਤੀ ਲਈ ਓਸ ਵਿਚਲੀ ਵਾਕਫ਼ੀਅਤ ਅਨੁਸਾਰ ਨਵੇਂ ਰਾਹ ਤਲਾਸ਼ਣੇ ਸਨ। ਇਹ ਕਿਤਾਬ ਵੀ ਉਹ ਆਪਣੇ ਵਕੀਲ ਅਮਰ ਸਿੰਘ ਅੰਬਾਲਵੀ ਕੋਲ ਛੱਡ ਗਏ ਸਨ। ਏਸ ਨੂੰ ਵੀ ਮੈਂ ਸੰਭਾਲ ਕੇ ਰੱਖਿਆ ਹੋਇਆ ਹੈ – ਏਸ ਉਮੀਦ ਵਿੱਚ ਕਿ ਕਦੇ ਤਾਂ ਕੌਮ ਆਪਣੀਆਂ ਵਿਰਾਸਤੀ ਚੀਜ਼ਾਂ ਵੱਲ ਧਿਆਨ ਦੇਵੇਗੀ।
ਇੱਕ i Hndu iSkh Case for Nankana Saihb Tract ਵੀ ਗਿਆਨੀ ਜੀ ਨੇ ਲਿਖਵਾਇਆ ਸੀ। ਜਿਸ ਦਿਨ ਕਾਗ਼ਜ਼ਾਂ ਵਿੱਚੋਂ ਮਿਲ ਗਿਆ ਓਸ ਦੀ ਤਸਵੀਰ ਵੀ ਛਾਪ ਦਿਆਂਗਾ।