ਮਨੁੱਖੀ ਅਧਿਕਾਰ ਕਾਰਕੁਨ ਰਾਮ ਨਾਰਾਇਣ ਕੁਮਾਰ ਨੂੰ ਯਾਦ ਕਰਿਦਆਂ

 

ਮਨੁੱਖੀ ਅਧਿਕਾਰ ਕਾਰਕੁਨ ਰਾਮ ਨਾਰਾਇਣ ਕੁਮਾਰ ਨੂੰ ਯਾਦ ਕਰਿਦਆਂ

ਚੰਡੀਗੜ੍ਹ : ਮਨੁੱਖੀ ਅਧਿਕਾਰ ਕਾਰਕੁਨ ਰਾਮ ਨਾਰਾਇਣ ਕੁਮਾਰ (1956-2009) ਵਲੋਂ ਪੰਜਾਬ ਵਿਚ 1978 ਤੋਂ 1992 ਤੱਕ ਸਿੱਖ ਸੰਘਰਸ਼ ਦੌਰਾਨ ਹੋਈਆਂ ਮਨੁੱਖੀ ਅਧਿਕਾਰ ਉਲੰਘਣਾਵਾਂ ਦੇ ਪ੍ਰਭਾਵਿਤ ਲੋਕਾਂ ਅਤੇ ਰਾਜ ਅੰਦਰ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਲੋਕਾਂ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਗਈ ਸੀ। ਦੇਸ਼ ਭਰ ਵਿਚ ਮਨੁੱਖੀ ਅਧਿਕਾਰਾਂ ਲਈ ਜ਼ੋਰਦਾਰ ਤਰੀਕੇ ਨਾਲ ਆਵਾਜ਼ ਬੁਲੰਦ ਕਰਨ ਅਤੇ ਖ਼ਾਸਕਰ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਮੁੱਦਾ ਉਠਾਉਣ ਵਾਲੇ ਮਨੁੱਖੀ ਅਧਿਕਾਰ ਕਾਰਕੁਨ ਰਾਮ ਨਾਰਾਇਣ ਕੁਮਾਰ 28 ਜੂਨ 2009 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ਼ ਗਏ। ਰਾਮ ਨਾਰਾਇਣ ਕੁਮਾਰ ਨੇ 28 ਜੂਨ ਨੂੰ ਆਪਣੇ ਕਾਠਮੰਡੂ ਸਥਿਤ ਗ੍ਰਹਿ ਵਿਖੇ ਅੰਤਿਮ ਸਵਾਸ ਲਏ। ਕਾਫ਼ੀ ਸਮਾਂ ਦਿੱਲੀ ਵਿਚ ਰਹੇ ਸਰਗਰਮ, ਜਾਗਰੂਕ ਅਤੇ ਸਿਰੜੀ ਸ੍ਰੀ ਰਾਮ ਨਾਰਾਇਣ ਕੁਮਾਰ ਮਨੁੱਖੀ ਅਧਿਕਾਰਾਂ ਬਾਰੇ ਕਈ ਪੁਸਤਕਾਂ ਦੇ ਰਚੇਤਾ ਸਨ। ‘ਰਿਡਿਊਸਡ ਟੂ ਐਸ਼ਿਜ਼, ਇਨਸਰਜੈਂਸੀ ਐਂਡ ਹਿਊਮਨ ਰਾਈਟਸ ਇਨ ਪੰਜਾਬ’ ਨਾਂਅ ਦੀ ਪੁਸਤਕ ਉਨ੍ਹਾਂ ਨੇ ਹੋਰ ਮਨੁੱਖੀ ਅਧਿਕਾਰ ਕਾਰਕੁਨਾਂ ਅਮਰੀਕ ਸਿੰਘ, ਅਸ਼ੋਕ ਅਗਰਵਾਲ ਅਤੇ ਜਸਕਰਨ ਕੌਰ ਨਾਲ ਮਿਲ ਕੇ ਲਿਖੀ ਸੀ। ‘ਟੈਰਰ ਇਨ ਪੰਜਾਬ, ਨੈਰੈਟਿਵਜ਼, ਨਾਲੇਜ ਐਂਡ ਟਰੁੱਥ’ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਉਨ੍ਹਾਂ ਦੀ ਇਕ ਹੋਰ ਪੁਸਤਕ ਸੀ। ਉਨ੍ਹਾਂ ਦੀ ਪੁਸਤਕ ‘ਸਿੱਖ ਸਟਰੱਗਲ, ਉਰਿਜਿਨ, ਐਵੋਲਿਊਸ਼ਨ ਐਂਡ ਪਰੈਜ਼ੈਂਟ ਫ਼ੇਸ’ 1991 ਵਿਚ ਪ੍ਰਕਾਸ਼ਿਤ ਹੋਈ ਸੀ, ਜਿਸ ਵਿਚ ਉਨ੍ਹਾਂ ਦੇ ਸਹਿ ਲੇਖਕ ਜਾਰਜ ਸਿਬੱਰਰ ਸਨ। ਮਨੁੱਖੀ ਅਧਿਕਾਰਾਂ ਸੰਬੰਧੀ ਉਨ੍ਹਾਂ ਦੀ ਇਕ ਹੋਰ ਪੁਸਤਕ ‘ਕ੍ਰਿਟੀਕਲ ਰੀਡਿੰਗਜ਼ ਇਨ ਹਿਊਮਨ ਰਾਈਟਸ ਐਂਡ ਪੀਸ’ ਨਾਂਅ ਹੇਠ ਪ੍ਰਕਾਸ਼ਿਤ ਹੋਈ ਸੀ। ਰਾਮ ਨਾਰਾਇਣ ਕੁਮਾਰ ਨੇ ਆਪਣੇ ਜੀਵਨ ਕਾਲ ਵਿਚ ਪੰਜਾਬ, ਜੰਮੂ-ਕਸ਼ਮੀਰ, ਉੱਤਰ-ਪੂਰਬੀ ਭਾਰਤ ਅਤੇ ਨਿਪਾਲ ਵਿਚ ਸਰਕਾਰੀ ਅੱਤਵਾਦ ਦਾ ਸ਼ਿਕਾਰ ਹੋਏ ਲੋਕਾਂ ਲਈ ਕੰਮ ਕੀਤਾ। ਉਨ੍ਹਾਂ ਨੇ ‘ਕਮੇਟੀ ਫ਼ਾਰ ਇਨਫ਼ਰਮੇਸ਼ਨ ਐਂਡ ਇਨੀਸ਼ੀਏਟਿਵ ਆਨ ਪੰਜਾਬ’ ਅਤੇ ‘ਕਮੇਟੀ ਫ਼ਾਰ ਕੋਆਰਡੀਨੇਸ਼ਨ ਆਨ ਡਿਸਅਪੀਰੈਂਸਿਜ਼ ਇਨ ਪੰਜਾਬ’ ਦੀ ਸਥਾਪਨਾ ਅਤੇ ਉਸ ਦੇ ਕਾਰਜ ਵਿਚ ਮੋਹਰੀ ਭੂਮਿਕਾ ਅਦਾ ਕੀਤੀ ਸੀ। ਪੰਜਾਬ ਵਿਚ ਲਾਪਤਾ ਹੋਏ ਲੋਕਾਂ ਲਈ ਕਮਿਸ਼ਨ ਸਥਾਪਿਤ ਨਾ ਕੀਤੇ ਜਾਣ ਦੇ ਪ੍ਰਤੀਕਰਮ ਵਜੋਂ ਉਨ੍ਹਾਂ ਨੇ ‘ਕਮੇਟੀ ਫ਼ਾਰ ਕੋਆਰਡੀਨੇਸ਼ਨ ਆਨ ਡਿਸਅਪੀਰੈਂਸਿਜ਼ ਇਨ ਪੰਜਾਬ’ ਨੇ ‘ਪੀਪਲਜ਼ ਕਮਿਸ਼ਨ’ ਦੀ ਸਥਾਪਨਾ ਕੀਤੀ ਸੀ ਜਿਸ ਨੇ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਪ੍ਰਭਾਵਿਤ ਲੋਕਾਂ ਦੀ ਜਨਤਕ ਸੁਣਵਾਈ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਇਸ ਕਦਮ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਸੀ।