ਕੈਨੇਡਾ ਦੇ ਹਵਾਈ ਅੱਡਿਆਂ ਵਧੀ ਅਵਿਵਸਥਾ ਕਾਰਨ ਲੋਕਾਂ ਨੂੰ ਨਹੀਂ ਮਿਲ ਰਿਹਾ ਆਪਣਾ ਸਮਾਨ

ਕੈਨੇਡਾ ਦੇ ਹਵਾਈ ਅੱਡਿਆਂ ਵਧੀ ਅਵਿਵਸਥਾ ਕਾਰਨ ਲੋਕਾਂ ਨੂੰ ਨਹੀਂ ਮਿਲ ਰਿਹਾ ਆਪਣਾ ਸਮਾਨ

ਔਟਵਾ : ਯਾਤਰਾ ਦੇ ਵਧੇ ਰੁਝਾਨ ਅਤੇ ਸਟਾਫ਼ ਦੀ ਕਮੀ ਕਰਕੇ ਕੈਨੇਡਾ ਦੇ ਕੁਝ ਵੱਡੇ ਏਅਰਪੋਰਟ ਪਿਛਲੇ ਕੁਝ ਮਹੀਨਿਆਂ ਤੋਂ ਲੰਮੀਆਂ ਕਤਾਰਾਂ, ਦੇਰੀਆਂ ਅਤੇ ਉਡਾਣਾਂ ਰੱਦ ਹੋਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਹੁਣ ਇਸ ਵਿਚ ਲੋਕਾਂ ਦੇ ਸਮਾਨ ਲਾਪਤਾ ਹੋਣ ਦਾ ਇੱਕ ਹੋਰ ਮਸਲਾ ਸ਼ਾਮਲ ਹੋ ਗਿਆ ਹੈ।
ਕੈਲਗਰੀ ਦੀ ਰਹਿਣ ਵਾਲੀ ਜੋਨੀ ਹਿਰਟਲ ਨੇ ਵੀ ਸਮਾਨ ਲਾਪਤਾ ਹੋਣ ਦਾ ਕੌੜਾ ਤਜਰਬਾ ਕੀਤਾ। ਕੋਸਟਾ ਰੀਕਾ ਤੋਂ ਕੈਲਗਰੀ ਵਾਪਸ ਆਈ ਜੋਨੀ ਨੂੰ ਆਪਣੀ ਵਾਪਸੀ ਦੇ 9 ਦਿਨ ਬਾਅਦ ਆਪਣਾ ਸਮਾਨ (ਬੈਗੇਜ) ਵਾਪਸ ਮਿਲੀਆ।
ਟੋਰਾਂਟੋ ਤੋਂ ਕੈਲਗਰੀ ਜਾਣ ਦੀ ਵੈਸਟਜੈੱਟ ਫ਼ਲਾਈਟ ਦੌਰਾਨ ਉਸਦਾ ਸੂਟਕੇਸ ਗੁੰਮ ਹੋਇਆ ਸੀ। ਉਸਦੇ ਸੂਟਕੇਸ ਵਿਚ 400 ਡਾਲਰ ਦੇ ਹਾਈਕਿੰਗ ਬੂਟ ਸਨ ਅਤੇ ਇਕ ਜੁਰਾਬ ਵਿਚ ਉਸਨੇ 400 ਡਾਲਰ ਨਕਦ ਰੱਖੇ ਹੋਏ ਸਨ।
ਕੈਲਗਰੀ ਵਾਪਸੀ ਵੇਲੇ ਟੋਰੌਂਟੋ ਏਅਰਪੋਰਟ ‘ਤੇ ਬੈਗੇਜ ਕਲੇਮ ਕਾਊਂਟਰ ‘ਤੇ ਉਸਨੇ ਆਪਣੇ ਸਮਾਨ ਬਾਰੇ ਪੁੱਛਿਆ।
ਸਾਰਾ ਨੇ ਦੱਸਿਆ, ਉੱਥੇ ਸੈਂਕੜੇ ਬੈਗ ਪਏ ਸਨ। ਉਹਨਾਂ ਕੋਲ ਇਸ ਸਮੱਸਿਆ ਨਾਲ ਨਜਿੱਠਣ ਲਈ ਲੋੜੀਂਦੇ ਸਰੋਤ ਹੀ ਨਹੀਂ ਹਨ।
ਏਅਰ ਕੈਨੇਡਾ ਦੇ ਇੱਕ ਯਾਤਰੀ ਹੈਰੀਸਨ ਬਰਟਨ ਨੇ ਮੌਂਟਰੀਅਲ ਏਅਰਪੋਰਟ ਦੀ ਇੱਕ ਫ਼ੋਟੋ ਫ਼ੇਸਬੁੱਕ ‘ਤੇ ਸਾਂਝੀ ਕੀਤੀ ਜਿਸ ਵਿਚ ਲਾਵਾਰਿਸ ਪਏ ਸਮਾਨ ਦਾ ਢੇਰ ਲੱਗਾ ਨਜ਼ਰੀਂ ਪੈ ਰਿਹਾ ਹੈ।
ਫ਼ੈਡਰਲ ਸਰਕਾਰ ਨੇ ਏਅਰਪੋਰਟਾਂ ਉੱਪਰ ਦੇਰੀ ਅਤੇ ਘੜਮੱਸ ਨੂੰ ਦੂਰ ਕਰਨ ਲਈ ਵਧੇਰੇ ਬਾਰਡਰ ਅਫ਼ਸਰ ਅਤੇ ਸਿਕਿਓਰਟੀ ਸਟਾਫ਼ ਭਰਤੀ ਕੀਤਾ ਹੈ। ਟ੍ਰਾਂਸਪੋਰਟ ਮੰਤਰੀ ਓਮਰ ਅਲਗ਼ਬਰਾ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੁਝ ਸਮੱਸਿਆਵਾਂ ਲਈ ਏਅਲਾਈਨਜ਼ ਵੀ ਜ਼ਿੰਮੇਵਾਰ ਹਨ ਅਤੇ ਉਹ ਆਪਣੀ ਬਣਦੀ ਭੂਮਿਕਾ ਨਹੀਂ ਨਿਭਾ ਰਹੀਆਂ।
ਏਅਰ ਕੈਨੇਡਾ ਨੇ ਕਿਹਾ ਕਿ ਜ਼ਿਆਦਾਤਰ ਯਾਤਰੀ ਆਪਣੇ ਸਮਾਨ ਨਾਲ ਹੀ ਆਪਣੀ ਮੰਜ਼ਿਲ ‘ਤੇ ਪਹੁੰਚਦੇ ਹਨ, ਪਰ ਏਅਰਲਾਈਨ ਨੇ ਸਵੀਕਾਰ ਕੀਤਾ ਕਿ ਪਿਛਲੇ ਕੁਝ ਸਮੇਂ ਵਿਚ ਸਮਾਨ ਪ੍ਰਾਪਤ ਨਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵਧੀ ਹੈ। ਏਅਰਲਾਈਨ ਨੇ ਦੱਸਿਆ ਕਿ ਬੈਗੇਜ ਵਿਚ ਦੇਰੀ ਦੇ ਕਈ ਕਾਰਨ ਹਨ ਜਿਹਨਾਂ ਵਿਚ ਇੱਕ – ਏਅਰਪੋਰਟ ਦਾ ਬੈਕਲੌਗ – ਹੈ। ਵੈਸਟਜੈਟ ਨੇ ਸਮਾਨ ਦੇ ਗੁੰਮ ਹੋਣ ਦਾ ਕਾਰਨ ਫ਼ਲਾਈਟ ਵਿਚ ਦੇਰੀ, ਰੱਦ ਫ਼ਲਾਈਟਾਂ ਅਤੇ ਸਰੋਤਾਂ ਦੀ ਘਾਟ ਦੱਸਿਆ। ਇੱਕ ਈ-ਮੇਲ ਵਿਚ ਵੈਸਟਜੈਟ ਨੇ ਕਿਹਾ ਕਿ ਏਅਰਲਾਈਨ ਪੂਰੀ ਸਰਗਰਮੀ ਨਾਲ ਇਸਨੂੰ ਹੱਲ ਕਰਨ ਲਈ ਜੁਟੀ ਹੋਈ ਹੈ। ਕਾਰਲਟਨ ਯੂਨੀਵਰਸਿਟੀ ਵਿਚ ਬਿਜ਼ਨਸ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ, ਈਐਨ ਲੀ ਨੇ ਕਿਹਾ ਕਿ ਏਅਰਪੋਰਟਾਂ ‘ਤੇ ਮੌਜੂਦ ਘੜਮੱਸ ਅਤੇ ਬੇਤਰਤੀਬੀ ਲਈ ਏਅਰਪੋਰਟ, ਏਅਰਲਾਈਨਾਂ ਅਤੇ ਸਰਕਾਰ ਸਾਰੇ ਹੀ ਜ਼ਿੰਮੇਵਾਰ ਹਨ ਕਿਉਂਕਿ ਮਹਾਂਮਾਰੀ ਤੋਂ ਬਾਅਦ ਯਾਤਰਾ ਰੁਝਾਨ ਵਿਚ ਵਾਧੇ ਲਈ ਇਹਨਾਂ ਨੇ ਆਪਣੀ ਸਹੀ ਤਿਆਰੀ ਹੀ ਨਹੀਂ ਕੀਤੀ।