Copyright & copy; 2019 ਪੰਜਾਬ ਟਾਈਮਜ਼, All Right Reserved
ਚੀਨੀ ਵਿਗਿਆਨੀਆਂ ਦੀ ਅਮਰੀਕਾ ‘ਚ ਰੋਕ ਦਾ ਬਿੱਲ ਅਮਰੀਕੀ ਸੰਸਦ ‘ਚ ਪੇਸ਼

ਚੀਨੀ ਵਿਗਿਆਨੀਆਂ ਦੀ ਅਮਰੀਕਾ ‘ਚ ਰੋਕ ਦਾ ਬਿੱਲ ਅਮਰੀਕੀ ਸੰਸਦ ‘ਚ ਪੇਸ਼

ਵਾਸ਼ਿੰਗਟਨ : ਚੀਨ ਦੀਆਂ ਫ਼ੌਜੀ ਸੰਸਥਾਵਾਂ ਨਾਲ ਜੁੜੇ ਵਿਗਿਆਨੀਆਂ ਨੂੰ ਅਮਰੀਕਾ ਆਉਣ ਤੋਂ ਰੋਕਣ ਲਈ ਅਮਰੀਕੀ ਸੰਸਦ ਦੇ ਦੋਵਾਂ ਸਦਨਾਂ ‘ਚ ਮਤਾ ਪੇਸ਼ ਕੀਤਾ ਗਿਆ ਹੈ। ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਚੀਨ ਸਰਕਾਰ ਅਮਰੀਕੀ ਯੂਨੀਵਰਸਿਟੀਆਂ ‘ਚ ਹੋਣ ਵਾਲੀਆਂ ਖੋਜਾਂ ਦੀ ਜਾਸੂਸੀ ਅਤੇ ਨਵੀਂ ਤਕਨੀਕ ਚੋਰੀ ਕਰਨ ਲਈ ਆਪਣੇ ਵਿਗਿਆਨੀਆਂ ਨੂੰ ਇਥੇ ਭੇਜਦੀ ਹੈ ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਵਿਦਿਆਰਥੀ ਜਾਂ ਰਿਸਰਚ ਵੀਜ਼ਾ ਨਾ ਦੇਣ ਲਈ ਕਾਨੂੰਨ ਬਣਾਉਣ ਦੀ ਤਜਵੀਜ਼ ਦਿੱਤੀ ਗਈ ਹੈ। ਇਸ ਤਹਿਤ ਅਮਰੀਕੀ ਸਰਕਾਰ ਨੂੰ ਚਾਇਨੀਜ਼ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨਾਲ ਜੁੜੇ ਵਿਗਿਆਨੀਆਂ ਅਤੇ ਇੰਜੀਨੀਅਰਿੰਗ ਸੰਸਥਾਵਾਂ ਦੀ ਸੂਚੀ ਵੀ ਬਣਾਉਣੀ ਪਵੇਗੀ।
ਪਿਛਲੇ ਇਕ ਦਹਾਕੇ ‘ਚ ਪੀਐੱਲਏ ਨੇ 2,500 ਤੋਂ ਜ਼ਿਆਦਾ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਿਦੇਸ਼ ‘ਚ ਰਿਸਰਚ ਅਤੇ ਪੜ੍ਹਾਈ ਲਈ ਭੇਜਿਆ। ਕਈ ਵਾਰੀ ਇਹ ਵਿਗਿਆਨੀ ਚੀਨੀ ਫ਼ੌਜ ਨਾਲ ਆਪਣੇ ਸਬੰਧ ਨੂੰ ਸਾਹਮਣੇ ਨਹੀਂ ਲਿਆਉਂਦੇ। ਅਮਰੀਕੀ ਸੰਸਦ ਦੇ ਹੇਠਲੇ ਸਦਨ ਦੇ ਮੈਂਬਰ ਮਾਈਕ ਗੈਲਘਰ ਨੇ ਕਿਹਾ, ‘ਪੀਐੱਲਏ ਨੇ ਮੰਨਿਆ ਹੈ ਕਿ ਨਵੀਂ ਫ਼ੌਜੀ ਤਕਨੀਕ ਵਿਕਸਤ ਕਰਨ ਲਈ ਉਹ ਇਸ ਤਰ੍ਹਾਂ ਕਰਦਾ ਹੈ। ਅਸੀਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਹ ਸਾਡੀ ਰਾਸ਼ਟਰੀ ਸੁਰੱਖਿਆ ਲਈ ਬਹੁਤ ਖ਼ਤਰਨਾਕ ਹੈ।’ ਕਈ ਸੰਸਦ ਮੈਂਬਰਾਂ ਨੇ ਚੀਨੀ ਵਿਗਿਆਨੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਦੀਆਂ ਸੰਵੇਦਨਸ਼ੀਲ ਜਾਣਕਾਰੀਆਂ ਤਕ ਪਹੁੰਚਣ ਤੋਂ ਰੋਕਣ ਲਈ ਇਸ ਤਜਵੀਜ਼ ਨੂੰ ਬਹੁਤ ਜ਼ਰੂਰੀ ਦੱਸਿਆ ਹੈ। ਉੱਚ ਸਦਨ ਸੈਨੇਟ ‘ਚ ਮਤਾ ਪੇਸ਼ ਕਰਨ ਵਾਲੇ ਚੱਕ ਗ੍ਰਾਸਲੇ ਨੇ ਕਿਹਾ, ‘ਵਿਦੇਸ਼ੀਆਂ ਨੂੰ ਵਿਦਿਆਰਥੀ ਅਤੇ ਰਿਸਰਚ ਵੀਜ਼ਾ ਇਸ ਲਈ ਦਿੱਤੇ ਜਾਂਦੇ ਹਨ ਤਾਂ ਜੋ ਉਹ ਸਾਡੇ ਅਦਾਰਿਆਂ ‘ਚ ਆਪਣਾ ਯੋਗਦਾਨ ਦੇਣ। ਅਸੀਂ ਆਪਣੇ ਦੁਸ਼ਮਣਾਂ ਨੂੰ ਆਪਣੀ ਜਾਸੂਸੀ ਕਰਨ ਲਈ ਵੀਜ਼ਾ ਨਹੀਂ ਦੇ ਸਕਦੇ’।