Copyright © 2019 - ਪੰਜਾਬੀ ਹੇਰਿਟੇਜ
ਭਾਰਤ ਦੀਆਂ ਚੋਣਾਂ ‘ਚ ਸਿੱਖ ਅਤੇ ਮੁਸਲਮਾਨਾਂ ਦੇ ਘਾਣ ਤੇ ਹੋ ਰਹੀ ਹੈ ਸਿਆਸਤ

ਭਾਰਤ ਦੀਆਂ ਚੋਣਾਂ ‘ਚ ਸਿੱਖ ਅਤੇ ਮੁਸਲਮਾਨਾਂ ਦੇ ਘਾਣ ਤੇ ਹੋ ਰਹੀ ਹੈ ਸਿਆਸਤ

ਚੰਡੀਗੜ੍ਹ: ਭਾਰਤੀ ਉਪਮਹਾਂਦੀਪ ਨੂੰ ਇਸ ਖਿੱਤੇ ਦੀ ਵਿਲੱਖਣਤਾ ਨੂੰ ਮਸਲ ਕੇ ਇਕ ਸਿਆਸਤੀ ਹਸਤੀ ਬਣਾਈ ਰੱਖਣ ਅਤੇ ਇਸ ਤੋਂ ਵੀ ਵੱਧ ਕੇ ‘ਇਕ ਕੌਮ’ ਬਣਾਉਣ ਦੀ ਭਾਰਤੀ ਹਾਕਮ ਵਰਗ ਦੀ ਮੁਹਿੰਮ ਦੇ ਨਤੀਜੇ ਵੱਖ-ਵੱਖ ਭਾਈਚਾਰਿਆਂ, ਕੌਮਾਂ ਤੇ ਕੌਮੀਅਤਾਂ ਦੇ ਘਾਣ ਵਿਚ ਨਿਕਲਦੇ ਰਹੇ ਹਨ। 1984 ਵਿਚ ਭਾਰਤੀ ਉਪਮਹਾਂਦੀਪ ਭਰ ਵਿਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਤੇ 2002 ਵਿਚ ਗੁਜਰਾਤ ਵਿਚ ਕੀਤੀ ਗਈ ਮੁਸਲਮਾਨਾਂ ਦੀ ਨਸਲਕੁਸ਼ੀ ਭਾਰਤੀ ਹਾਕਮ ਵਰਗ ਦੀਆਂ ਦੋ ਵੱਡੀਆਂ ਜਮਾਤਾਂ ਕਾਂਗਰਸ ਅਤੇ ਭਾਜਪਾ ਵੱਲੋਂ ਜਥੇਬੰਦ ਕੀਤੇ ਗਏ ਮਨੁੱਖਤਾ ਖਿਲਾਫ ਦੋ ਵੱਡੇ ਜ਼ੁਰਮ ਹਨ।
ਜੂਨ 1984 ਵਿਚ ਸਿੱਖਾਂ ਉੱਤੇ ਹਮਲਾ ਤਾਂ ਕਾਂਗਰਸ ਦੀ ਸਰਕਾਰ ਨੇ ਕੀਤਾ ਸੀ ਪਰ ਇਸ ਹਮਲੇ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਤੋਂ ਭਾਜਪਾ ਕਦੇ ਪਿੱਛੇ ਨਹੀਂ ਰਹੀ ਤੇ ਭਾਜਪਾ ਆਗੂਆਂ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਵਰਗਿਆਂ ਵੱਲੋਂ ਦਰਬਾਰ ਸਾਹਿਬ ਉੱਤੇ ਫੌਜੀ ਚੜ੍ਹਾਈ ਲਈ ਕੀਤੇ ਗਏ ਜਲੂਸ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ’ ਵਿਚ ਇਸ ਬਾਬਤ ਕੀਤੇ ਗਏ ਦਾਅਵੇ ਇਸ ਦੇ ਪ੍ਰਤੱਖ ਪ੍ਰਮਾਣ ਹਨ।
ਨਵੰਬਰ 1984 ਵਿਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ ਮੁੱਖ ਸੂਤਰਧਾਰ ਕਾਂਗਰਸ ਸੀ ਪਰ ਭਾਰਤੀ ਜਨਤਾ ਪਾਰਟੀ ਤੇ ਰਾਸ਼ਟਰੀ ਸਵੈ ਸੇਵਕ ਸੰਘ ਵੱਲੋਂ ਨਾ ਸਿਰਫ ਇਸ ਨਸਲਕੁਸ਼ੀ ਦੀ ਵਿਚਾਰਧਾਰਕ ਹਿਮਾਇਤ ਤੇ ਪ੍ਰੋੜਤਾ ਕੀਤੀ ਗਈ ਬਲਕਿ ਭਾਰਤੀ ਜਨਤਾ ਪਾਰਟੀ ਦੇ ਕਾਰਕੁੰਨ ਦੇ ਨਾਂ ਵੀ ਸਿੱਖਾਂ ਤੇ ਹਮਲੇ ਕਰਨ ਵਾਲਿਆਂ ਵਿਚ ਸ਼ਾਮਲ ਰਹੇ ਹਨ ਤੇ ਇਸ ਗੱਲ ਦੀਆਂ ਪੁਖਤਾ ਗਵਾਹੀਆਂ ਹੁਣ ਸਾਮਣੇ ਆ ਚੁੱਕੀਆਂ ਹਨ।
2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਦੀ ਸੂਤਰਧਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਗੁਜਰਾਤ ਦਾ ਤਤਕਾਲੀ ਮੁੱਖ ਮੰਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ। ਕਾਂਗਰਸ ਤੇ ਭਾਜਪਾ ਨੇ ਕ੍ਰਮਵਾਰ 1984 ਅਤੇ 2002 ਵਿਚ ਤਾਂ ਕਤਲੇਆਮ/ਨਸਲਕੁਸ਼ੀ ਦੀ ਸਿਆਸਤ ਖੇਡੀ ਤੇ ਹੁਣ ਇਨ੍ਹਾਂ ਨਸਲਕੁਸ਼ੀਆਂ ਦੇ ਕਾਂਡਾਂ ਨੂੰ ਅਧਾਰ ਬਣਾ ਕੇ ਸਿਆਸਤ ਕਰ ਰਹੇ ਹਨ।
ਭਾਰਤੀ ਉਪਮਹਾਂਦੀਪ ਵਿਚ ਇਸ ਵੇਲੇ ਲੋਕ ਸਭਾ ਲਈ ਚੋਣਾਂ ਹੋ ਰਹੀਆਂ ਹਨ। ਵੋਟਾਂ ਦੇ ਆਖਰੀ ਦੋ ਪੜਾਅ ਬਾਕੀ ਹਨ। ਪੰਜਾਬ ਵਿਚ 19 ਮਈ ਨੂੰ ਆਖਰੀ ਪੜਾਅ ਵਿਚ ਵੋਟਾਂ ਪੈਣੀਆਂ ਹਨ ਤੇ ਭਾਰਤੀ ਜਨਤਾ ਪਾਰਟੀ ਤੇ ਖਾਸ ਕਰਕੇ ਨਰਿੰਦਰ ਮੋਦੀ 1984 ਦੇ ਸਿੱਖ ਕਤਲੇਆਮ ਦਾ ਮੁੱਦਾ ਵਾਰ-ਵਾਰ ਚੁੱਕ ਰਹੇ ਹਨ। ਅਜਿਹੇ ਸਮੇਂ ਕਾਂਗਰਸ ਦੇ ਇਕ ਆਗੂ ਸੈਮ ਪਿਤਰੋਦਾ ਨੇ 1984 ਦੀ ਨਸਲਕੁਸ਼ੀ ਬਾਰੇ ਇਕ ਬਿਆਨ ਦਿੱਤਾ ਕਿ ‘1984 ਮੇਂ ‘ਜੋ ਹੂਆ ਸੋ ਹੂਆ”। ਭਾਜਪਾ ਨੇ ਸੈਮ ਪਿਤਰੋਦਾ ਦੇ ਬਿਆਨ ਨੂੰ ਆਪਣਾ ਹਥਿਆਰ ਬਣਾ ਕੇ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਨੇ ਇਕ ਤਾਂ ਉਸ ਬਿਆਨ ਇਹ ਕਹਿੰਦਿਆਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ‘ਪਾਰਟੀ ਦਾ ਮਤ ਨਹੀਂ ਹੈ’ ਅਤੇ ਦੂਜਾ ਪਾਰਟੀ ਆਂਗੂਆਂ ਨੂੰ ‘ਸੰਵੇਦਨਸ਼ੀਲ ਮਾਮਲਿਆਂ’ ‘ਚ ‘ਸੋਚ ਸਮਝ’ ਕੇ ਬੋਲਣ’ ਦੀ ਨਸੀਹਤ ਦਿੱਤੀ ਹੈ। ਇਸ ਮਾਮਲੇ ਵਿਚ ਭਾਜਪਾ ਵੱਲੋਂ ਖਿਲਾਫ ਬਿਆਨਬਾਜ਼ੀ ਜਾਰੀ ਰਹਿਣ ਉੱਤੇ ਕਾਂਗਰਸ ਵੱਲੋਂ ਭਾਜਪਾ ਨੂੰ 2002 ਦੇ ਕਤਲੇਆਮ ਬਾਰੇ ਸਵਾਲ ਪੁੱਛੇ ਜਾ ਰਹੇ ਹਨ। ਕਾਂਗਰਸ ਭਾਜਪਾ ਵੱਲੋਂ ਮਸਜਿਦਾਂ ਵਿਚ ਬੰਬ ਧਮਾਕੇ ਕਰਵਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸਾਧਵੀ ਪ੍ਰੱਗਿਆ ਠਾਕੁਰ ਨੂੰ ਟਿਕਟ ਦੇਣ ਤੇ ਵੀ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ।
ਹਾਲਾਤ ਇਹ ਹਨ ਕਿ ਕਾਂਗਰਸ ਅਤੇ ਭਾਜਪਾ-ਮੋਦੀ ਦੋਵਾਂ ਦੇ ਹੱਥ ਨਿਰਦੋਸ਼ਾਂ ਦੇ ਖੂਨ ਨਾਲ ਰੰਗੇ ਹੋਏ ਹਨ ਪਰ ਦੋਵੇਂ ਹੀ ਦੂਜੇ ਨੂੰ ਕਾਤਲ ਦੱਸ ਰਹੇ ਹਨ ਤੇ ਆਪਣੇ ਦਾਮਨ ਤੇ ਲੱਗੇ ਦਾਗਾਂ ਬਾਰੇ ਗੱਲ ਨਹੀਂ ਕਰਦੇ। ਨਾ ਤਾਂ ਨਰਿੰਦਰ ਮੋਦੀ ਨੂੰ 1984 ਦੀ ਨਸਲਕੁਸ਼ੀ ਦਾ ਸ਼ਿਕਾਰ ਹੋਏ ਸਿੱਖਾਂ ਨਾਲ ਹੇਜ ਹੈ, ਕਿਉਂਕਿ ਲੰਘੇ ਪੰਜ ਸਾਲ ਉਸਦੀ ਸਰਕਾਰ ਨੇ 1984 ਦੀ ਸਿੱਖ ਨਸਲਕੁਸ਼ੀ ਨੂੰ ਕੌਮਾਂਤਰੀ ਮਾਨਤਾ ਮਿਲਣ ਦੀ ਹਰ ਘਟਨਾ ਦਾ ਵਿਰੋਧ ਕੀਤਾ ਤੇ ਇਸ ਬਾਰੇ ਉੱਦਮ ਕਰਨ ਵਾਲੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ, ਤੇ ਨਾ ਹੀ ਕਾਂਗਰਸ ਨੂੰ ਗੁਜਰਾਤ ਵਿਚ ਮਾਰੇ ਗਏ ਮੁਸਲਮਾਨਾਂ ਨਾਲ ਕੋਈ ਖਾਸ ਹੇਜ ਹੈ। ਇਨ੍ਹਾਂ ਦੋਵਾਂ ਦਾ ਹੇਜ ਸਿਰਫ ਆਪਣੇ ਸਿਆਸੀ ਮੁਫਾਦ ਤੇ ਸਵਾਰਥ ਨਾਲ ਹੈ ਤੇ ਦੋਵੇਂ 1984 ਤੇ 2002 ਨੂੰ ਇਕ ਦੂਜੇ ਖਿਲਾਫ ਸਿਆਸੀ ਹਥਿਆਰ ਵਾਙ ਵਰਤ ਰਹੇ ਹਨ।
ਪੰਜ ਸਾਲ ਕੇਂਦਰੀ ਸੱਤਾ ਵਿਚ ਰਹੀ ਭਾਜਪਾ ਦਾਅਵਾ ਕਰ ਰਹੀ ਹੈ ਕਿ ਉਸ ਨੇ 1984 ਸਿੱਖ ਕਤਲੇਆਮ ਪੀੜਤਾਂ ਨੂੰ ਨਿਆਂ ਦਿਵਾਇਆ ਹੈ। ਸਿੱਖਾਂ ਲਈ ਕਰਤਾਰਪੁਰ ਲਾਂਘਾ ਖੋਲ੍ਹ ਕੇ ਕੌਮ ਨੂੰ ਵੱਡੀ ਰਾਹਤ ਦਿੱਤੀ ਹੈ। ਉਧਰ, ਕਾਂਗਰਸ ਬੇਅਦਬੀ ਦੇ ਮੁੱਦੇ ਚੁੱਕ ਕੇ ਅਕਾਲੀਆਂ ਨੂੰ ਘੇਰ ਰਹੀ ਹੈ। ਦਰਅਸਲ, ਭਾਜਪਾ ਨੇ ਇਨ੍ਹਾਂ ਸਿੱਖ ਮਸਲਿਆਂ ਨੂੰ ਪਹਿਲਾਂ ਹੀ ਚੋਣ ਪ੍ਰਚਾਰ ਦਾ ਹਿੱਸਾ ਬਣਾਉਣ ਦੀ ਤਿਆਰੀ ਕੀਤੀ ਹੋਈ ਸੀ ਪਰ ਕਾਂਗਰਸ ਆਗੂ ਸੈਮ ਪਿਤਰੋਦਾ ਦੇ 84 ਦੇ ਸਿੱਖ ਕਤਲੇਆਮ ਬਾਰੇ ‘ਹੂਆ ਤੋ ਹੂਆ’ ਬਿਆਨ ਨੇ ਭਾਜਪਾ ਨੂੰ ਵੱਡਾ ਮੌਕਾ ਦੇ ਦਿੱਤਾ। ਇਹ ਬਿਆਨ ਉਸ ਸਮੇਂ ਆਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਚ ਚੋਣ ਪ੍ਰਚਾਰ ਲਈ ਆਉਣਾ ਸੀ। ਮੋਦੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਹਰ ਰੈਲੀ ਨੂੰ 84 ਸਿੱਖ ਕਤਲੇਆਮ ਦੁਆਲੇ ਘੁਮਾਇਆ ਅਤੇ ਕਾਂਗਰਸ ਨੂੰ ਰੱਜ ਕੇ ਭੰਡਿਆ। ਉਨ੍ਹਾਂ ਦਾਅਵਾ ਕੀਤਾ ਕਿ ‘ਚੌਕੀਦਾਰ’ ਨੇ 84 ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਸਿੱਖ ਕੌਮ ਨੂੰ ਇਨਸਾਫ ਦਿਵਾਇਆ ਜਦੋਂਕਿ ਨਾਮਦਾਰ (ਰਾਹੁਲ ਗਾਂਧੀ) ਨੇ ਸਿਰਫ ਦਿਖਾਵਾ ਕਰ ਛੱਡਿਆ। ਨਾਮਦਾਰ ਦੇ ਸਿਆਸੀ ਗੁਰੂ ਸੈਮ ਪਿਤਰੋਦਾ ਨੇ 84 ਬਾਰੇ ‘ਹੂਆ ਤੋ ਹੂਆ’ ਆਖ ਕੇ ਘਰ ਦਾ ਭੇਤ ਜਨਤਕ ਤੌਰ ‘ਤੇ ਖੋਲ੍ਹ ਦਿੱਤਾ ਹੈ। ਦਰਅਸਲ, ਕਾਂਗਰਸ ਨੇ ਅਕਾਲੀਆਂ ਤੇ ਭਾਜਪਾ ਨੂੰ ਘੇਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀਕਾਂਡ ਨੂੰ ਹਥਿਆਰ ਬਣਾਇਆ ਹੋਇਆ ਸੀ। ਅਕਾਲੀ ਤੇ ਉਨ੍ਹਾਂ ਦੇ ਭਾਈਵਾਲ ਇਸ ਮਸਲੇ ਉਤੇ ਆਪਣੇ ਆਪ ਨੂੰ ਘਿਰਿਆ ਮਹਿਸੂਸ ਕਰ ਰਹੇ ਸਨ ਪਰ ਕਾਂਗਰਸੀ ਆਗੂ ਦੇ ਬਿਆਨ ਨੇ ਭਾਜਪਾ ਨੂੰ ਵੱਡਾ ਮੌਕਾ ਦੇ ਦਿੱਤਾ। ਦਰਅਸਲ, ਚੋਣ ਮਾਹੌਲ ਵਿਚ ਕਾਂਗਰਸ ਅਜਿਹੀਆਂ ਕੁਤਾਹੀਆਂ ਕਰਨ ਵਿਚ ਹਮੇਸ਼ਾ ਚਰਚਾ ਵਿਚ ਰਹੀ ਹੈ ਅਤੇ ਭਾਜਪਾ ਨੇ ਅਜਿਹਾ ਮੌਕਾ ਕਦੇ ਨਹੀਂ ਖੁੰਝਾਇਆ। ਪਿਤਰੋਦਾ ਦੇ ਬਿਆਨ ਨੇ ਕਾਂਗਰਸ ਨੂੰ ਚੋਣਾਂ ਤੋਂ ਪਹਿਲਾਂ ਕੀਤੀਆਂ ਜਾਣ ਵਾਲੀਆਂ ਕੋਤਾਹੀਆਂ ਚੇਤੇ ਕਰਵਾ ਦਿੱਤੀਆਂ। ਸੀਨੀਅਰ ਆਗੂ ਮਨੀ ਸ਼ੰਕਰ ਅਈਅਰ ਨੇ 2014 ‘ਚ ਚੋਣਾਂ ਤੋਂ ਐਨ ਪਹਿਲਾਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ‘ਚਾਹ ਵਾਲਾ’ ਆਖੇ ਜਾਣ ‘ਤੇ ਕਾਂਗਰਸ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ।
ਇਸੇ ਤਰ੍ਹਾਂ 2017 ‘ਚ ਗੁਜਰਾਤ ਵਿਧਾਨ ਸਭਾ ਚੋਣਾਂ ਵੇਲੇ ਅਈਅਰ ਵਲੋਂ ਸ੍ਰੀ ਮੋਦੀ ‘ਤੇ ਜਾਤ ਨਾਲ ਸਬੰਧਤ ਟਿੱਪਣੀ ਕਰਨ ‘ਤੇ ਕਾਂਗਰਸ ਨੂੰ ਨਮੋਸ਼ੀ ਹੋਈ ਸੀ। ਐਤਕੀਂ ਸੈਮ ਪਿਤਰੋਦਾ ਦੇ ‘ਹੂਆ ਤੋ ਹੂਆ’ ਬਿਆਨ ਦੇ ਕੇ ਹੁਕਮਰਾਨ ਧਿਰ ਨੂੰ ਮੁੱਦਾ ਫੜਾ ਦਿੱਤਾ। ਉਂਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਨਤਕ ਤੌਰ ‘ਤੇ ਆਪਣੇ ਸਲਾਹਕਾਰ ਪਿਤਰੋਦਾ ਦੀ ਝਾੜ-ਝੰਬ ਕਰਦਿਆਂ ਉਸ ਨੂੰ ਮੁਆਫੀ ਮੰਗਣ ਲਈ ਕਿਹਾ ਸੀ ਪਰ ਭਾਜਪਾ ਇਸ ਮੁੱਦੇ ਨੂੰ ਕਿਸੇ ਵੀ ਕੀਮਤ ਉਤੇ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ ਸੀ। ਯਾਦ ਰਹੇ ਕਿ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਜਦੋਂ ਮੋਦੀ ਚੋਣ ਪ੍ਰਚਾਰ ਲਈ ਪੰਜਾਬ ਆਏ ਸਨ ਤਾਂ ਉਨ੍ਹਾਂ ਨੇ ਕਿਸਾਨ ਮਸਲਿਆਂ ਤੇ ਰੁਜ਼ਗਾਰ ਦੇਣ ਨੂੰ ਪਹਿਲ ਦਿੱਤੀ। ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਐਲਾਨ ਕੀਤੇ। ਗੁਜਰਾਤ ਵਿਚ ਪੰਜਾਬੀ ਕਿਸਾਨਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਪਰ ਪੰਜ ਸਾਲ ਸੱਤਾ ਭੋਗਦੇ ਹੋਏ ਭਾਜਪਾ ਨੇ ਇਨ੍ਹਾਂ ਮੁੱਦਿਆਂ ਦਾ ਕਦੇ ਜ਼ਿਕਰ ਨਹੀਂ ਕੀਤਾ। ਉਹੀ ਗੁਜਰਾਤ ਦੇ ਪੰਜਾਬੀ ਕਿਸਾਨ ਹੁਣ ਬਠਿੰਡਾ ਵਿਚ ਬਾਦਲਾਂ ਖਿਲਾਫ ਮੋਰਚਾ ਲਾਈ ਬੈਠੇ ਹਨ। ਰੁਜ਼ਗਾਰ ਦੇ ਮੁੱਦੇ ਉਤੇ ਮੋਦੀ ਸਰਕਾਰ ਪੂਰੇ ਦੇਸ਼ ਵਿਚ ਘਿਰੀ ਹੋਈ ਹੈ। ਹੁਣ ਜਦੋਂ ਮੋਦੀ ਇਹ ਸੋਚ ਰਿਹਾ ਸੀ ਕਿ ਉਹ ਕਿਹੜਾ ਮੂੰਹ ਲੈ ਕੇ ਪੰਜਾਬ ਜਾਵੇ ਤਾਂ ਕਾਂਗਰਸ ਨੇ ਸਿੱਖ ਕਤਲੇਆਮ ਦਾ ਮੁੱਦਾ ਉਨ੍ਹਾਂ ਦੀ ਝੋਲੀ ਪਾ ਦਿੱਤਾ।