Copyright & copy; 2019 ਪੰਜਾਬ ਟਾਈਮਜ਼, All Right Reserved
ਡੀ.ਜੀ.ਪੀ. ਦਿਨਕਰ ਗੁਪਤਾ ਸਿੱਖ ਵਿਰੋਧੀ ਮਾਨਸਿਕਤਾ ਵਾਲਾ ਅਫਸਰ: ਸੁਖਬੀਰ ਸਿੰਘ ਬਾਦਲ

ਡੀ.ਜੀ.ਪੀ. ਦਿਨਕਰ ਗੁਪਤਾ ਸਿੱਖ ਵਿਰੋਧੀ ਮਾਨਸਿਕਤਾ ਵਾਲਾ ਅਫਸਰ: ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਪੁਲਸ ਮੁਖੀ ‘ਤੇ ਵੱਡਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਦਿਨਕਰ ਗੁਪਤਾ ਸਿੱਖ ਵਿਰੋਧੀ ਮਾਨਸਿਕਤਾ ਵਾਲਾ ਪੁਲਸ ਅਫਸਰ ਹੈ।
ਪੰਜਾਬ ਵਿਚ ਸਿੱਖ ਨੌਜਵਾਨਾਂ ਖਿਲਾਫ ਲਗਾਤਾਰ ਵਰਤੇ ਜਾ ਰਹੇ ਕਾਨੂੰਨ ਯੂਏਪੀਏ ਬਾਰੇ ਬਿਆਨ ਜਾਰੀ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਅਜਿਹੇ ਮਾਮਲਿਆਂ ਵਿਚ ਗ੍ਰਿਫਤਾਰ ਕਰ ਕੇ ਜੇਲ੍ਹਾਂ ਵਿਚ ਡੱਕੇ ਜਾਣ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਾਲ ਸਪਸ਼ਟ ਹੈ ਕਿ ਸੂਬੇ ਦੀ ਪੁਲੀਸ ਯੂਏਪੀਏ ਦੀ ਦੁਰਵਰਤੋਂ ਕਰ ਰਹੀ ਹੈ ਜਿਸ ‘ਤੇ ਤੁਰੰਤ ਰੋਕ ਲਾਈ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਡੀਜੀਪੀ ਨੂੰ ਸਪਸ਼ਟ ਹਦਾਇਤਾਂ ਦੇਣ ਕਿ ਸੋਸ਼ਲ ਮੀਡੀਆ ‘ਤੇ ਕੁਝ ਵੀ ਵੇਖਣ ਜਾਂ ਉਸ ਨੂੰ ਸ਼ੇਅਰ ਕਰਨ ‘ਤੇ ਕਿਸੇ ਵੀ ਸਿੱਖ ਨੌਜਵਾਨ ਨੂੰ ਚੁੱਕ ਕੇ ਉਸ ‘ਤੇ ਕੇਸ ਦਰਜ ਨਾ ਕੀਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਐਲਾਨੀਆ ਫੇਸਬੁੱਕ ਪੇਜ ‘ਤੇ ਲਿਖਿਆ ਗਿਆ, ”ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡੀ.ਜੀ.ਪੀ. ਦਿਨਕਰ ਗੁਪਤਾ, ਜੋ ਹਮੇਸ਼ਾ ਸਿੱਖ-ਵਿਰੋਧੀ ਵਤੀਰਾ ਅਪਣਾਉਣ ‘ਚ ਮਾਹਰ ਵਜੋਂ ਜਾਣੇ ਜਾਂਦੇ ਹਨ, ਦੇ ਅਧੀਨ ਰਾਜ ਦੀ ਪੁਲਿਸ ਦੁਆਰਾ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ) ਦੀ ਅੰਨ੍ਹੇਵਾਹ ਗ਼ਲਤ ਵਰਤੋਂ ਵਿਰੁੱਧ ਚੇਤਾਵਨੀ ਦਿੱਤੀ ਹੈ। ”ਇਹ ਸਪੱਸ਼ਟ ਹੈ ਕਿ ਰਾਜ ਦੀ ਪੁਲਿਸ ਯੂਏਪੀਏ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਇਸ ‘ਤੇ ਤੁਰੰਤ ਰੋਕ ਲਗਾਈ ਜਾਣੀ ਚਾਹੀਦੀ ਹੈ। ਸ.ਬਾਦਲ ਨੇ ਕਿਹਾ ਕਿ ਰਾਜ ਦੇ ਪੁਲਿਸ ਮੁਖੀ ਨੂੰ ਲਾਜ਼ਮੀ ਤੌਰ ‘ਤੇ ਸਪੱਸ਼ਟ ਨਿਰਦੇਸ਼ ਦੇਣਾ ਚਾਹੀਦਾ ਹੈ ਕਿ ਸਿੱਖ ਨੌਜਵਾਨਾਂ ਖਿਲਾਫ਼ ਯੂ.ਏ.ਪੀ.ਏ ਤਹਿਤ ਮਾਮੂਲੀ ਜੁਰਮਾਂ ਲਈ ਕੇਸ ਦਰਜ ਨਾ ਕੀਤੇ ਜਾਣ। ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨਾ ਅਤੇ ਉਨ੍ਹਾਂ ਨੂੰ ਜੇਲ੍ਹ ਅੰਦਰ ਭੇਜਣਾ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਬਰਾਬਰ ਹੈ। ਸਾਨੂੰ ਕੋਈ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਚੌਕਸ ਰਹਿਣਾ ਚਾਹੀਦਾ ਹੈ, ਜੋ ਪੰਜਾਬ ਨੂੰ ਕਾਲੇ ਦੌਰ ਵੱਲ ਲੈ ਕੇ ਜਾਂਦਾ ਹੋਵੇ।”