Copyright & copy; 2019 ਪੰਜਾਬ ਟਾਈਮਜ਼, All Right Reserved
ਅਲਬਰਟਾ ਦੀ ਅਰਥਵਿਵਸਥਾ ਨੂੰ ਹੁੰਗਾਰਾ ਦੇਣ ਲਈ ਜੇਸਨ ਕੇਨੀ ਵਲੋਂ 1.1 ਬਿਲੀਅਨ ਡਾਲਰ ਦੇ ਪੈਕਜ ਦਾ ਐਲਾਨ

ਅਲਬਰਟਾ ਦੀ ਅਰਥਵਿਵਸਥਾ ਨੂੰ ਹੁੰਗਾਰਾ ਦੇਣ ਲਈ ਜੇਸਨ ਕੇਨੀ ਵਲੋਂ 1.1 ਬਿਲੀਅਨ ਡਾਲਰ ਦੇ ਪੈਕਜ ਦਾ ਐਲਾਨ

ਕੈਲਗਰੀ : ਅਲਬਰਟਾ ਦੇ ਅਰਥਚਾਰੇ ਨੂੰ ਕੋਵਿਡ-19 ਤੋਂ ਬਾਅਦ ਲੱਗੇ ਝਟਕੇ ਤੋਂ ਉਭਾਰਨ ਲਈ ਜੇਸਨ ਕੇਨੀ ਦੀ ਸਰਕਾਰ ਵਲੋਂ ਅੱਜ 1.1 ਬਿਲੀਅਨ ਡਾਲਰ ਦਾ ਫੰਡ ਦੇਣ ਦੀ ਘੋਸ਼ਣਾ ਕੀਤੀ ਗਈ। ਮੰਗਲਵਾਰ ਜੇਸਨ ਕੇਨੀ ਨੇ ਐਲਾਨ ਕਰਦਿਆ ਕਿਹਾ ਕਿ ਇਸ ਪੈਕੇਜ ਰਾਹੀਂ ਸੂਬੇ ‘ਚ ਕੋਰੋਨਾਵਾਇਰਸ ਤੋਂ ਬਾਅਦ ਲੀਹੋਂ ਲੱਥੀ ਅਰਥਵਿਵਸਥਾ ਨੂੰ ਮੁੜ ਪਟੜੀ ‘ਤੇ ਲਿਆਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਬੀਤੇ ਦਿਨੀਂ ਜਾਰੀ ਰਿਪੋਰਟਾਂ ‘ਚ ਇਹ ਦਾਅਵਾ ਕੀਤਾ ਗਿਆ ਕਿ ਸੂਬੇ ‘ਚ ਬੇਰੁਜ਼ਗਾਰੀ ਦੀ ਦਰ 20 ਫੀਸਦੀ ਦੇ ਨਜ਼ਦੀਕ ਪਹੁੰਚਣ ਵਾਲੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹਨ। ਇਸ ਫੰਡ ਰਾਹੀਂ ਸੂਬੇ ‘ਚ ਸੈਂਕੜੇ ਨੌਕਰੀਆਂ ਪੈਦਾ ਕਰਨ ‘ਚ ਮਦਦ ਮਿਲੇਗੀ। ਜੇਸਨ ਕੇਨੀ ਨੇ ਕਿਹਾ ਕਿ 500 ਮਿਲੀਅਨ ਡਾਲਰ ਖੁਦਾਈ ਦਾ ਕੰਮ ਕਰਨ ਵਾਲਿਆਂ ਪ੍ਰੋਜੈਕਟਾਂ ਲਈ ਇਸ ਫੰਡ ‘ਚ ਸ਼ਾਮਲ ਹਨ। ਬਾਕੀ ਪੈਸਾ ਬਰਾਬਰ ਹਿੱਸੇ ਦੇ ਨਾਲ ਫੈਡਰਲ ਸਰਕਾਰ ਵਲੋਂ ਜਾਰੀ ਰੀਸਟਾਰਟ ਪ੍ਰੋਗਰਾਮ ਦੇ ਤਹਿਤ ਹੋਏ ਸਮਝੌਤੇ ਅਨੁਸਾਰ ਐਲਾਨਿਆ ਜਾਵੇਗਾ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਅਤੇ ਸੂਬਈ ਸਰਕਾਰ ਵਲੋਂ ਮਿਊਂਸਪਲ ਖਰਚਿਆਂ ਲਈ 233 ਮਿਲੀਅਨ ਡਾਲਰ ਅਤੇ ਜਨਤਕ ਆਵਾਜਾਈ ਪ੍ਰਾਜੈਕਟਾਂ ਲਈ 70 ਮਿਲੀਅਨ ਡਾਲਰ ਰੱਖੇ ਗਏ ਹਨ ਤਾਂ ਜੋ ਮਹਾਂਮਾਰੀ ਦੌਰਾਨ ਸੇਵਾਵਾਂ ਬਰਕਰਾਰ ਰੱਖਣ ਲਈ ਸ਼ਹਿਰਾਂ ਦੀ ਮਦਦ ਕੀਤੀ ਜਾ ਸਕੇ। ਜੇਸਨ ਕੇਨੀ ਨੇ ਕਿਹਾ ਕਿ ਮਿਉਂਸਪਲਾਂ ਦੇ ਫੰਡਾਂ ‘ਚ 30 ਪ੍ਰਤੀਸ਼ਤ ਵਾਧਾ ਹੋਵੇਗਾ ਜਿਸ ਤੋਂ ਬਾਅਦ ਇਸ ਸਾਲ ਅਤੇ ਅਗਲੇ ਸਾਲ 2500 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਇਸ ਫੰਡ ਰਾਹੀਂ ਮਿਉਂਸਪਲਾਂ ਨੂੰ ਕੋਰੋਨਾਵਾਇਰਸ ਦੌਰਾਨ ਪੈਦਾ ਹੋਏ ਸੰਕਟ ‘ਚੋਂ ਉਭਾਰਨ ਲਈ ਲੋੜੀਂਦਾ ਫੰਡ ਮੁਹੱਈਆ ਕਰਵਾਇਆ ਜਾਵੇਗਾ।