Copyright & copy; 2019 ਪੰਜਾਬ ਟਾਈਮਜ਼, All Right Reserved
ਪੰਜਾਬ ਭਵਨ ਸਰੀ ‘ਚ ‘ਮਾਪਿਆਂ ਦਾ ਦਿਵਸ’ ਤੇ ਵਿਸ਼ੇਸ਼ ਪ੍ਰੋਗਰਾਮ

ਪੰਜਾਬ ਭਵਨ ਸਰੀ ‘ਚ ‘ਮਾਪਿਆਂ ਦਾ ਦਿਵਸ’ ਤੇ ਵਿਸ਼ੇਸ਼ ਪ੍ਰੋਗਰਾਮ

ਸਰੀ, (ਹਰਦਮ ਮਾਨ) ਪੰਜਾਬ ਭਵਨ ਸਰੀ ਵਿਖੇ ਮਾਪਿਆਂ ਦਾ ਦਿਵਸ (ਪੇਰੈਂਟਸ ਡੇ) ਮਨਾਇਆ ਗਿਆ ਜਿਸ ਵਿਚ ਉੱਚਕੋਟੀ ਦੇ ਚਾਰ ਬੁਲਾਰਿਆਂ ਨੇ ਮਾਪਿਆਂ ਅਤੇ ਬੱਚਿਆਂ ਦੇ ਸਬੰਧਾਂ ਵਿਚਲੀਆਂ ਬਾਰੀਕੀਆਂ ਨੂੰ ਜਾਨਣ, ਸਮਝਣ ਲਈ ਬਹੁਮੁੱਲੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਪ੍ਰਸਿੱਧ ਸ਼ਾਇਰ ਕਵਿੰਦਰ ਚਾਂਦ ਨੇ ਪੇਰੈਂਟਸ ਡੇ ਦੀ ਸ਼ੁਰੂਆਤ ਅਤੇ ਇਸ ਦੀ ਮਹੱਤਤਾ ਬਾਰੇ ਦੱਸਿਆ। ਨੌਜਵਾਨ ਬੁਲਾਰੇ ਅਵਤਾਰ ਮਹੇ ਨੇ ਵਿਚਾਰ ਚਰਚਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਮਾਪਿਆਂ ਅਤੇ ਬੱਚਿਆਂ ਦੇ ਸਬੰਧਾਂ ਬਾਰੇ ਇਕ ਵੱਖਰਾ ਨਜ਼ਰੀਆ ਪੇਸ਼ ਕਰਦਿਆਂ ਕਿਹਾ ਕਿ ਬੱਚੇ ਦੀ ਸ਼ਖ਼ਸੀਅਤ ਉਪਰ ਸਿਰਫ ਮਾਪਿਆਂ ਦੇ ਪਾਲਣ ਪੋਸਣ ਅਤੇ ਸੰਸਕਾਰਾਂ ਦਾ ਹੀ ਪ੍ਰਭਾਵ ਨਹੀਂ ਹੁੰਦਾ ਸਗੋਂ ਉਹ ਜਿਸ ਖਿੱਤੇ ਵਿਚ ਰਹਿ ਰਿਹਾ ਹੈ ਉੱਥੋਂ ਦੇ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਆਰਥਿਕ ਹਾਲਾਤ ਵੀ ਬਹੁਤ ਵੱਡਾ ਅਸਰ ਪਾਉਂਦੇ ਹਨ। ਸਾਹਿਤਕਾਰ ਅਮਰੀਕ ਪਲਾਹੀ ਨੇ ਸਮੇਂ ਦੇ ਨਾਲ ਨਾਲ ਬਦਲ ਰਹੀਆਂ ਸਮਾਜਿਕ ਅਤੇ ਪਰਿਵਾਰਕ ਪ੍ਰਸਥਿਤੀਆਂ ਦਾ ਵਰਨਣ ਕਰਦਿਆਂ ਕਿਹਾ ਕਿ ਸਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਅਜੋਕੇ ਦੌਰ ਵਿਚ ਮਾਪੇ ਆਪਣੇ ਬੱਚਿਆਂ ਨਾਲ ਇਕ ਹਾਰੀ ਹੋਈ ਬਾਜ਼ੀ ਖੇਡ ਰਹੇ ਹਨ। ਉੱਘੇ ਵਿਦਵਾਨ ਪ੍ਰੋ. ਕਸ਼ਮੀਰਾ ਸਿੰਘ ਨੇ ਬੜੇ ਸਾਫ ਸ਼ਬਦਾਂ ਵਿਚ ਮਾਪਿਆਂ ਨੂੰ ਸੁਚੇਤ ਕੀਤਾ ਕਿ ਹੁਣ ਮਨਾਂ ਵਿੱਚੋਂ ਉਹ ਭੁਲੇਖਾ ਕੱਢ ਦਿਓ ਕਿ ਬੱਚੇ ਸਾਡੇ ਬੁਢਾਪੇ ਦੀ ਡੰਗੋਰੀ ਬਣਨਗੇ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੀਆਂ ਆਰਥਿਕ ਲੋੜਾਂ ਲਈ ਬੱਚਿਆਂ ਤੇ ਨਿਰਭਰਤਾ ਦੀ ਆਸ ਉੱਕਾ ਹੀ ਨਹੀਂ ਕਰਨੀ ਚਾਹੀਦੀ ਅਤੇ ਆਪਣੇ ਆਰਥਿਕ ਵਸੀਲੇ ਕਾਇਮ ਰੱਖਣੇ ਚਾਹੀਦੇ ਹਨ। ਪ੍ਰਸਿੱਧ ਵਿਦਵਾਨ ਗਿਆਨ ਸਿੰਘ ਸੰਧੂ ਨੇ ਬਹੁਤ ਹੀ ਖੋਜ ਭਰਪੂਰ ਵਿਚਾਰ ਪੇਸ਼ ਕਰਦਿਆਂ ਮਾਪਿਆਂ ਦੀਆਂ ਚਾਰ ਕਿਸਮਾਂ ਦੱਸੀਆਂ- ਤਾਨਾਸ਼ਾਹ, ਰੋਹਬਦਾਰ, ਆਗਿਆਕਾਰੀ ਅਤੇ ਲਾਪ੍ਰਵਾਹ। ਉਨ੍ਹਾਂ ਵਿਸਥਾਰ ਵਿਚ ਚਾਰੇ ਤਰ੍ਹਾਂ ਦੇ ਮਾਪਿਆਂ ਬਾਰੇ ਚਾਨਣਾ ਪਾਇਆ। ਸ. ਸੰਧੂ ਨੇ ਬੱਚਿਆਂ ਦੀ ਸ਼ਖ਼ਸੀਅਤ ਨੂੰ ਬਣਾਉਣ ਵਿਚ ਮਾਪਿਆਂ ਦੇ ਰੋਲ ਨੂੰ ਬਹੁਤ ਮਹੱਤਵਪੂਰਨ ਦੱਸਿਆ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਹਰ ਰੋਜ਼ ਬੱਚਿਆਂ ਨਾਲ ਘੱਟੋ ਘੱਟ ਇਕ ਘੰਟੇ ਦਾ ਸਮਾਂ ਜ਼ਰੂਰ ਬਿਤਾਇਆ ਜਾਵੇ। ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਨੇ ਬੱਚਿਆਂ ਉਪਰ ਘਰ ਦੇ ਮਾਹੌਲ ਅਤੇ ਪਰਿਵਾਰਕ ਵਿਚਲੇ ਪਿਆਰ ਮੁਹੱਬਤ ਦੇ ਪੈਣ ਵਾਲੇ ਸਾਕਾਰਤਮਿਕ ਪ੍ਰਭਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਸਮੁੱਚੇ ਪ੍ਰੋਗਰਾਮ ਵਿਚ ਬਹੁਮੱਲੇ ਵਿਚਾਰ ਪ੍ਰਦਾਨ ਕਰਨ ਲਈ ਸਾਰੇ ਹੀ ਸੂਝਵਾਨ ਬੁਲਾਰਿਆਂ ਦਾ ਧੰਨਵਾਦ ਕੀਤਾ।