ਅਮਰੀਕਾ ਨੇ ਕੌਮਾਂਤਰੀ ਯਾਤਰੀਆਂ ਲਈ ਕੋਵਿਡ-19 ਟੈਸਟ ਦਾ ਨਿਯਮ ਹਟਾਇਆ

 

ਅਮਰੀਕਾ ਨੇ ਕੌਮਾਂਤਰੀ ਯਾਤਰੀਆਂ ਲਈ ਕੋਵਿਡ-19 ਟੈਸਟ ਦਾ ਨਿਯਮ ਹਟਾਇਆ

ਵਾਸ਼ਿੰਗਟਨ : ਬਾਈਡਨ ਪ੍ਰਸ਼ਾਸਨ ਨੇ ਅਮਰੀਕਾ ਆਉਣ ਵਾਲੇ ਅੰਤਰਰਾਸ਼ਟਰੀ ਹਵਾਈ ਯਾਤਰੀਆਂ ਲਈ ਕੋਵਿਡ-19 ਟੈਸਟ ਕਰਵਾਕੇ ਆਉਣ ਦੀ ਸ਼ਰਤ ਹਟਾ ਲਈ ਹੈ। ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਉਂਦੇ ਐਤਵਾਰ ਨੂੰ ਰਾਤੀਂ 12 ਵਜੇ ਤੋਂ ਇਹ ਸ਼ਰਤ ਹਟਾ ਲਈ ਜਾਵੇਗੀ। ਅਧਿਕਾਰੀ ਅਨੁਸਾਰ ਅਮਰੀਕਾ ਦੇ ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਨਿਰਧਾਰਿਤ ਕੀਤਾ ਹੈ ਕਿ ਹੁਣ ਇਸ ਸ਼ਰਤ ਦੀ ਜ਼ਰੂਰਤ ਨਹੀਂ ਹੈ।  ਰਸਮੀ ਐਲਾਨ ਤੋਂ ਪਹਿਲਾਂ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਬੋਲਦਿਆਂ ਉਸ ਅਧਿਕਾਰੀ ਨੇ ਕਿਹਾ ਕਿ ਏਜੰਸੀ ਵੱਲੋਂ ਹਰ 90 ਦਿਨਾਂ ਬਾਅਦ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਜ਼ਰੂਰਤ ਪੈਣ ‘ਤੇ ਜਾਂ ਕੋਈ ਨਵਾਂ ਵੇਰੀਐਂਟ ਸਾਹਮਣੇ ਆਉਣ ‘ਤੇ ਟੈਸਟ ਦੀ ਸ਼ਰਤ ਦੁਬਾਰਾ ਲਾਗੂ ਕੀਤੀ ਜਾ ਸਕਦੀ ਹੈ। ਕੋਵਿਡ ਮਹਾਂਮਾਰੀ ਦੌਰਾਨ ਅਮਰੀਕਾ ਨੇ ਭਾਰਤ, ਇਰਾਨ, ਚੀਨ, ਬ੍ਰਾਜ਼ੀਲ, ਸਾਊਥ ਅਫਰੀਕਾ ਅਤੇ ਜ਼ਿਆਦਾਤਰ ਯੂਰਪੀ ਦੇਸ਼ਾਂ ਤੋਂ ਗ਼ੈਰ-ਜ਼ਰੂਰੀ ਯਾਤਰਾ ‘ਤੇ ਰੋਕ ਲਗਾ ਦਿੱਤੀ ਸੀ। ਪਰ ਪਿਛਲੇ ਸਾਲ ਬਾਈਡਨ ਪ੍ਰਸ਼ਾਸਨ ਨੇ ਇਸ ਰੋਕ ਨੂੰ ਹਟਾਉਂਦਿਆਂ ਯਾਤਰੀਆਂ ਲਈ ਲਾਜ਼ਮੀ ਟੈਸਟ ਦੀ ਸ਼ਰਤ ਲਾਗੂ ਕੀਤੀ ਸੀ। ਇਸ ਸ਼ਰਤ ਦੇ ਨਾਲ ਹੀ, ਯੂ ਐਸ ਪ੍ਰਵੇਸ਼ ਕਰਨ ਵਾਲੇ ਵਿਦੇਸ਼ੀ ਅਤੇ ਗ਼ੈਰ-ਪਰਵਾਸੀ ਬਾਲਗ਼ਾਂ ਲਈ ਮੁਕੰਮਲ ਵੈਕਸੀਨੇਸ਼ਨ ਪ੍ਰਾਪਤ ਕੀਤੇ ਹੋਣਾ ਵੀ ਜ਼ਰੂਰੀ ਸੀ। ਹਾਲਾਂਕਿ ਕੁਝ ਖ਼ਾਸ ਸਥਿਤੀਆਂ ਵਿਚ ਛੋਟ ਦੀ ਵੀ ਵਿਵਸਥਾ ਸੀ। ਸ਼ੁਰੂਆਤੀ ਨਿਯਮਾਂ ਤਹਿਤ ਪੂਰੀ ਤਰ੍ਹਾਂ ਵੈਕਸੀਨੇਟੇਡ ਯਾਤਰੀਆਂ ਨੂੰ ਯਾਤਰਾ ਤੋਂ ਤਿੰਨ ਦਿਨਾਂ ਦੇ ਅੰਦਰ ਕਰਵਾਏ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਦਿਖਾਉਣਾ ਜ਼ਰੂਰੀ ਸੀ ਅਤੇ ਬਗ਼ੈਰ ਵੈਕਸੀਨੇਸ਼ਨ ਵਾਲਿਆਂ ਨੂੰ ਯਾਤਰਾ ਤੋਂ ਇਕ ਦਿਨ ਪਹਿਲਾਂ ਕੋਵਿਡ ਟੈਸਟ ਕਰਵਾਉਣਾ ਜ਼ਰੂਰੀ ਸੀ।