ਪੰਜਾਬੀ ਸੂਬੇ ਦੇ ਵਿਸਾਰੇ ਸ਼ਹੀਦ!

 

 

ਪੰਜਾਬੀ ਸੂਬੇ ਦੇ ਵਿਸਾਰੇ ਸ਼ਹੀਦ!

 

ਲੇਖਕ : ਬਲਦੀਪ ਸਿੰਘ ਰਾਮੂੰਵਾਲੀਆ

ਜਨਵਰੀ 1960 ਵਿੱਚ ਮਾਸਟਰ ਤਾਰਾ ਸਿੰਘ ਦੀ ਅਗਵਾਈ ਥੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਅਕਾਲੀਆਂ ਨੇ ਪ੍ਰਤਾਪ ਸਿੰਘ ਕੈਰੋਂ (ਮੁਖ ਮੰਤਰੀ ਪੰਜਾਬ) ਦੀ ਸ਼ੈਅ ਤੇ ਬਣੇ ਸਾਧ ਸੰਗਤ ਬੋਰਡ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ । ਅਕਾਲੀਆਂ ਦੀਆਂ ਜਿੱਤੀਆਂ 136 ਸੀਟਾਂ ਦੇ ਮੁਕਾਬਲੇ ਤੇ ਕਾਂਗਰਸੀ ਸਾਧ ਸੰਗਤ ਬੋਰਡ ਨੂੰ 4 ਹੀ ਸੀਟਾਂ ਹਾਸਲ ਹੋਈਆਂ; ਤੇ ਦੂਜੇ ਬੰਨੇ ਕਮਿਊਨਿਸਟ ਪਾਰਟੀ ਆਲੇ ਦੇਸ਼ ਭਗਤ ਬੋਰਡ ਦਾ ਬਿਲਕੁਲ ਬਿਸਤਰਾ ਗੋਲ ਹੋ ਗਿਆ।

ਉਧਰ ਹੁਣ ਮਾਸਟਰ ਜੀ ਨੇ ਨਵੀਂ ਬਣੀ ਕਮੇਟੀ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁਖ 24 ਜਨਵਰੀ 1960 ਈਸਵੀ ਨੂੰ ਅਰਦਾਸ ਸੋਧੀ ਗਈ ਕਿ ਸਭ ਸੱਜਣ “ਪੰਜਾਬੀ ਸੂਬੇ” ਦੀ ਪ੍ਰਾਪਤੀ ਲਈ ਲਈ ਆਪਣਾ ਤਨ, ਮਨ, ਧਨ ਸਭ ਕੁਝ ਨਿਛਾਵਰ ਕਰ ਦੇਣਗੇ। ਅਕਾਲੀ ਦਲ ਨੇ ਇਸ ਸਮੇਂ ਕਾਂਗਰਸ ਵਿੱਚ ਸ਼ਾਮਲ ਹੋਏ ਆਪਣੇ ਪੁਰਾਣੇ ਸਾਥੀਆਂ ਨੂੰ ਅਸਤੀਫਾ ਦੇਣ ਲਈ ਕਿਹਾ।ਪਰ ਲਾਲਚੀ ਬ੍ਰਿਤੀ ਹਾਵੀ ਹੋਵਣ ਕਾਰਨ ਉਸ ਵਕਤ ਅਸੈਂਬਲੀ ਦੇ 24 ਚੋਂ ਪੰਜ ਐਮ ਐਲ ਏ ਹੀ ਬਾਹਰ ਆਏ; ਜਿਨ੍ਹਾਂ ਦੇ ਨਾਮ ਸਨ ਸ.ਸਰੂਪ ਸਿੰਘ ,ਸ. ਆਤਮਾ ਸਿੰਘ, ਸ.ਹਰਗੁਰਅਨਾਦ ਸਿੰਘ, ਸ. ਊਧਮ ਸਿੰਘ ਅਤੇ ਮਾਸਟਰ ਪ੍ਰਤਾਪ ਸਿੰਘ । ਪਾਰਲੀਮੈਂਟ ਮੈਂਬਰਾਂ ਵਿਚੋਂ ਕਿਸੇ ਨੇ ਅਸਤੀਫਾ ਨ ਦਿੱਤਾ।

ਮਾਸਟਰ ਤਾਰਾ ਸਿੰਘ ਹੁਣਾ ਅਪ੍ਰੈਲ 1960 ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਤਾਂ ਕੇ ਉਹ ਨਿੱਠ ਕੇ ਪੰਜਾਬੀ ਸੂਬੇ ਲਈ ਕਾਰਜ ਕਰ ਸਕਣ । ਉਧਰ ਇਸੇ ਸਮੇਂ ਵਿੱਚ 1947 ਵਿੱਚ ਲਹਿੰਦੇ ਪੰਜਾਬ ਵਿਚੋਂ ਉਜੜ ਕੇ 20 ਹਜ਼ਾਰ ਸਿੱਖ ਪਰਿਵਾਰ ਜੋ ਨੈਨੀਤਾਲ ਦੇ ਕੇ ਤਰਾਈ ਦੇ ਇਲਾਕੇ ਵਿੱਚ ਸਰਕਾਰ ਨੇ ਵਸਾਏ ਸਨ , ਤੇ ਇਸ ਵੀ ਜੰਗਲੀ ਇਲਾਕੇ ਦੇ ਵਿਕਾਸ ਵਾਸਤੇ ਇਹਨਾਂ ਸਰਦਾਰਾਂ ਨੇ ਸਿਰ ਤੋੜ ਮਿਹਨਤ ਕਰ ਇਸਨੂੰ ਜ਼ਰਖੇਜ ਬਣਾਇਆ । ਅਜੇ ਇਹ ਇਲਾਕਾ ਸਹੀ ਢੰਗ ਨਾਲ ਵਸਿਆ ਤੇ ਵਿਗਸਿਆ ਵੀ ਨਹੀਂ ਸੀ ਕਿ ਇਹਨਾਂ ਨੂੰ ਇਥੋਂ ਉਜਾੜਣ ਲਈ ਸਰਕਾਰ ਨੇ ਸਰਕੂਲਰ ਜਾਰੀ ਕੀਤਾ। ਪੰਜਾਬੋਂ ਬਾਹਰ ਦੇ ਸਿੱਖਾਂ ਨਾਲ ਵਾਪਰੀ ਇਸ ਘਟਨਾਂ ਨੇ ਪੰਜਾਬੀ ਸੂਬਾ ਲਹਿਰ ਨੂੰ ਕਾਫੀ ਵਧ ਉਲਾਰਾ ਦਿੱਤਾ।

ਇਸ ਸੂਬੇ ਦੀ ਪ੍ਰਾਪਤੀ ਪ੍ਰਤੀ ਅਕਾਲੀਆਂ ਵਿੱਚ ਦ੍ਰਿੜਤਾ ਭਰਨ ਦਾ ਇਹਨੀ ਦਿਨੀ ਇਕ ਕਾਰਨ ਇਹ ਵੀ ਬਣਿਆ ਸੀ ਕਿ ਆਰੀਆ ਸਮਾਜੀਆਂ ਦੁਆਰਾ , ਹਿੰਦੂ ਭਰਾਵਾਂ ਨੂੰ ਪੰਜਾਬੀ ਸੂਬੇ ਪ੍ਰਤੀ ਵਿਰੋਧ ਵਿੱਚ ਖੜਾ ਕੀਤਾ ਜਾ ਰਿਹਾ ਸੀ । ਸਨਾਤਨ ਧਰਮ ਪ੍ਰਚਾਰ ਸਭਾ ਦੀ ਐਗਜੈਕਟਿਵ ਕਮੇਟੀ ਨੇ ਮਾਰਚ 1960 ਵਿੱਚ ਅੰਮ੍ਰਿਤਸਰ ਦੇ ਕੇ ਕਥਾ ਭਵਨ ਵਿੱਚ 100 ਉੱਘੇ ਹਿੰਦੂ ਭਰਾਵਾਂ ਦੀ ਸਭਾ ਵਿੱਚ 26 ਮੈਂਬਰੀ ਭਾਸ਼ਾ ਕਮੇਟੀ ਵਿੱਚ ਕੰਮ ਕਰ ਰਹੇ ਦੋ ਸੱਜਣਾ ਨੂੰ ਇਹ ਫੁਰਮਾਨ ਜਾਰੀ ਕੀਤਾ ਕਿ ਪੰਜਾਬੀ ਸੂਬੇ ਦੀ ਵੰਡ ਜੋ ਪੰਜਾਬੀ ਭਾਸ਼ਾ ਦੇ ਆਧਾਰ ਤੇ ਅਕਾਲੀ ਮੰਗ ਰਹੇ ਹਨ, ਸਿੱਧੇ ਜਾਂ ਅਸਿੱਧੇ ਢੰਗ ਨਾਲ ਬਿਲਕੁਲ ਵੀ ਪੂਰੀ ਨ ਹੋਣ ਦਿੱਤੀ ਜਾਵੇ।

ਮਾਸਟਰ ਤਾਰਾ ਸਿੰਘ ਨੇ ਇਹਨ੍ਹਾਂ ਸਾਰੀਆਂ ਘਟਨਾਵਾਂ ਨੂੰ ਚਣੌਤੀ ਦੇ ਰੂਪ ਵਿੱਚ ਲੈਂਦਿਆਂ ;ਮੰਜੀ ਸਾਹਿਬ ਦੀਵਾਨ ਹਾਲ ਤੋਂ ਇਹ ਸ਼ਬਦ ਬੋਲੇ ਗਏ ” ਅਸੀਂ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਦ੍ਰਿੜ ਹਾਂ। ਅਸੀਂ ਜਿੱਤਾਂਗੇ ਜਾਂ ਮਰਾਂਗੇ। ਅਸੀਂ ਹਾਰ ਨਹੀਂ ਮੰਨਾਂਗੇ।”ਇਸ ਸਮੇਂ ਵਿੱਚ ਹੀ 22 ਮਈ 1960 ਨੂੰ ਅੰਮ੍ਰਿਤਸਰ ਵਿੱਚ “ਪੰਜਾਬੀ ਸੂਬਾ ਕਨਵੈਨਸ਼ਨ” ਹੋਈ। ਇਸ ਦਾ ਮਨੋਰਥ ਪੰਜਾਬ , ਪੰਜਾਬੀ ਤੇ ਪੰਜਾਬੀਅਤ ਦਾ ਪ੍ਰਗਟਾਵਾ ਕਰਨਾ ਸੀ। ਸਭ ਤੋਂ ਖਾਸ ਗੱਲ ਇਸ ਕਨਵੈਨਸ਼ਨ ਦੀ ਪ੍ਰਧਾਨਗੀ ‘ਪੰਡਿਤ ਸੁੰਦਰ ਲਾਲ’ ਨੇ ਕੀਤੀ। ਮਸ਼ਹੂਰ ਅਜ਼ਾਦੀ ਘੁਲਾਟੀਏ ਡਾ.ਸੈਫੂਦੀਨ ਕਿਚਲੂ ਨੇ ਪੰਜਾਬੀ ਸੂਬੇ ਦੀ ਹਮਾਇਤ ਵਿੱਚ ਆਪਣੇ ਲੈਕਚਰ ਨਾਲ ਇਸਦਾ ਉਦਘਾਟਨ ਕੀਤਾ। ਇਸਤੋਂ ਬਿਨਾਂ ਸੁੰਤਤਰ ਪਾਰਟੀ, ਪਰਜਾ ਸੋਸ਼ਲਿਸਟ ਪਾਰਟੀ ਅਤੇ ਸੰਯੁਕਤ ਸੋਸ਼ਲਿਸਟ ਪਾਰਟੀ ਦੇ ਸੱਜਣ ਵੀ ਪੁੱਜੇ। ਸਭ ਤੋਂ ਵੱਡੀ ਗੱਲ ‘ਸਰਵ ਭਾਰਤ ਭਾਸ਼ਾਈ ਰਾਜ ਕਾਨਫਰੰਸ’ ਦੇ ਜਨਰਲ ਸਕੱਤਰ ਸ੍ਰੀ ਕੇ.ਜੀ.ਜੋਧ ਨੇ ਪੰਜਾਬੀ ਸੂਬੇ ਦੇ ਹੱਕ ਵਿੱਚ ਜ਼ੋਰਦਾਰ ਦਲੀਲਾਂ ਵਾਲਾ ਲੈਕਚਰ ਦਿੱਤਾ। ਇਸ ਕਨਵੈਨਸ਼ਨ ਵਿੱਚ ਹਿੰਦੂ ਭਰਾਵਾਂ ਤੇ ਮੁਸਲਿਮ ਭਰਾਵਾਂ ਨੇ ਵਧ ਚੜ ਕੇ ਹਿੱਸਾ ਲਿਆ। ਪੰਜਾਬੀ ਸੂਬੇ ਪ੍ਰਤੀ ਮੁਖ ਮਤਾ ਗੁਰਨਾਮ ਸਿੰਘ ਹੁਣਾ ਪੇਸ਼ ਕੀਤਾ ਜੋ ਸਰਬ ਸੰਮਤੀ ਨਾਲ ਪਾਸ ਹੋਇਆ। ਇਸ ਕਨਵੈਨਸ਼ਨ ਨੇ ਨਹਿਰੂ , ਕੈਰੋਂ , ਦਰਬਾਰਾ ਸਿੰਘ ਆਦਿ ਦੀ ਨੀਂਦ ਹਰਾਮ ਕਰ ਦਿੱਤੀ।

ਮਈ 1960 ਨੂੰ ਮਾਸਟਰ ਤਾਰਾ ਸਿੰਘ ਨੇ ਦਿੱਲੀ ਵੱਲ ਟੁਰਦਿਆਂ ਐਲਾਨ ਕੀਤਾ ਹੈ ਕਿ ਪੰਜਾਬੀ ਸੂਬੇ ਦੀ ਕਾਇਮੀ ਨੂੰ ਲੈ ਕੇ 12 ਜੂਨ ਨੂੰ ਦਿੱਲੀ ਵਿਖੇ ਇਕ ਭਾਰੀ ਰਾਜਨੀਤਕ ਜਲੂਸ ਕੱਢਿਆ ਜਾਵੇਗਾ ਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਰਾਸਤੇ ਵਿਚ ਪੈਂਦੇ ਗੁਰਧਾਮਾਂ ਤੇ ਹਾਜ਼ਰੀ ਭਰਕੇ ਸੰਗਤਾਂ ਨੂੰ ਇਸ ਜਲੂਸ ਵਿੱਚ ਪਹੁੰਚਣ ਲਈ ਪ੍ਰਰੇਨਾ ਦੇਣਗੇ। ਕੈਰੋਂ ਨੇ ਝੱਟ 24 ਮਈ ਨੂੰ ਮਾਸਟਰ ਤਾਰਾ ਸਿੰਘ ਸਮੇਤ ਪੂਰੇ ਪੰਜਾਬ ਵਿਚੋਂ ਸਿਰ ਕੱਢਵੇਂ 200 ਅਕਾਲੀ ਲੀਡਰ ਗ੍ਰਿਫਤਾਰ ਕਰਕੇ ਬਲਦੀ ਤੇ ਤੇਲ ਦਾ ਕੰਮ ਕੀਤਾ । ਮਾਸਟਰ ਜੀ ਨੂੰ ਪ੍ਰੀਵੈਟਿਵ ਡੀਟੈਨਸਨ ਐਕਟ ਅਧੀਨ ਤੇ ਬਾਕੀਆਂ ਨੂੰ ਜ਼ਾਬਤਾ ਫੌਜਦਾਰੀ 107/151ਅਧੀਨ ਗ੍ਰਿਫਤਾਰ ਕੀਤਾ ਗਿਆ। ਮੈਜਿਸਟਰੇਟ ਨੇ ਜਮਾਨਤ ਵਾਸਤੇ 50 ਹਜ਼ਾਰ ਤੋਂ ਇੱਕ ਲੱਖ ਰੁਪਏ ਤੱਕ ਦੀ ਮੰਗ ਕੀਤੀ।

ਕੁਰਸੀ ਦੇ ਨਸ਼ੇ ਵਿੱਚ ਅੰਨੇ ਹੋਏ ਕੈਰੋਂ ਨੇ ਪੁਲਿਸ ਜ਼ਰੀਏ 25 ਮਈ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਅਖ਼ਬਾਰਾਂ ਅਕਾਲੀ ਅਤੇ ਪ੍ਰਭਾਤ ਨੂੰ ਬੰਦ ਕਰਨ ਲਈ ; ਉਹਨਾਂ ਦੇ ਐਡੀਟਰਾਂ ਸਮੇਤ ਸਟਾਫ਼ ਨੂੰ ਚੁਕਵਾ ਕੇ ਹਵਾਲਾਤ ਅੰਦਰ ਕਰਵਾ ਦਿੱਤਾ। 26 ਨੂੰ ਦੋਨਾਂ ਅਖ਼ਬਾਰਾਂ ਦੀਆਂ ਪ੍ਰੈਸਾਂ ਵੀ ਸੀਲ ਕਰ ਦਿੱਤੀਆਂ । ਇਸ ਵਕਤ ਜਨਰਲਸਿਟ ਯੂਨੀਅਨ ਦੇ ਰੌਲਾ ਪਾਉਣ ਕਰਕੇ ਕੈਰੋਂ ਨੂੰ ਝੁਕਣਾ ਪਿਆ ਤੇ ਹੁਕਮ ਵਾਪਸ ਲੈਣਾ ਪਿਆ । ਇਸ ਵਕਤ ਅਕਾਲੀ ਪਤ੍ਰਿਕਾ , ਸੇਵਕ , ਅੰਗਰੇਜ਼ੀ ਦੀ ਪੰਜਾਬ ਗਾਰਡੀਅਨ ਵੀ ਸੀਲ ਕੀਤੀ ਗਈ ਤੇ ਉਤੋਂ ਸਿਤਮ ਜ਼ਰੀਫੀ ਇਹ ਕਿ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਵੀ ਸੀਲ ਕੀਤੀ ਤਾਂ ਕਿ ਉਹ ਆਪਣਾ ਪੱਖ ਲੋਕਾਂ ਤੱਕ ਨ ਲੈ ਜਾਣ।ਇਸ ਸਾਰੇ ਕਾਸੇ ਪਿੱਛੇ ਮਨੋਰਥ ਇਕੋ ਸੀ ਕਿ 12 ਜੂਨ ਦਾ ਜਲਸਾ ਨ ਹੋ ਸਕੇ। ਇੱਧਰ ਅਕਾਲੀਆਂ ਨੇ ਵੀ ਹੋਏ ਫੈਸਲੇ ਅਨੁਸਾਰ 12 ਜੂਨ ਦੇ ਜਲਸੇ ਦੀ ਅਗਵਾਈ ਕਰਨ ਲਈ ਜੱਥਾ ਅਕਾਲ ਤਖ਼ਤ ਤੋਂ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਪ੍ਰਿੰਸੀਪਲ ਇਕਬਾਲ ਸਿੰਘ ਬੋਪਾਰਾਏ ਦੀ ਅਗਵਾਈ ਥੱਲੇ ਟੁਰਿਆ।ਨਾਲ ਹਜ਼ਾਰਾਂ ਦੀ ਤਦਾਦ ਵਿੱਚ ਸੰਗਤ ਸੀ।ਜਦ ਇਹ ਜੱਥਾ ਸੰਗਰਾਣਾ ਸਾਹਿਬ ਪੁਜਾ ਤਾਂ ਪੁਲਿਸ ਨੇ ਬਿਨਾਂ ਵਾਰੰਟਾਂ ਤੋਂ ਟ੍ਰੈਫਿਕ ਨਿਯਮਾਂ ਦੀ ਆੜ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਰ ਰੋਜ਼ ਅਕਾਲੀਆਂ ਦੇ ੧੧ ਸਿੰਘਾਂ ਦੇ ੮ ਜੱਥੇ ਵਾਰੋ ਵਾਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਕੇ ਟੁਰਦੇ ਤੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ। 7 ਜੂਨ ਤੱਕ 1705 ਗ੍ਰਿਫ਼ਤਾਰੀਆਂ ਹੋ ਚੁਕੀਆਂ ਸਨ।  8 ਜੂਨ ਨੂੰ ਪੰਜਾਬ ਬੰਦ ਦੇ ਅਕਾਲੀਆਂ ਦੇ ਸੱਦੇ ਨੂੰ ਸ਼ਹਿਰੀ ਪੱਧਰ ਤੇ ਵੀ ਵੱਡਾ ਹੁੰਗਾਰਾ ਪ੍ਰਾਪਤ ਹੋਇਆ। ਉਧਰ ਦਿੱਲੀ ਦੇ ਕਮਿਸ਼ਨਰ ਬੈਨਰਜੀ ਤੋਂ ੧੫ ਦਿਨ ਪਹਿਲਾਂ ਹੀ ੧੨ ਜੂਨ ਦੇ ਜਲਸੇ ਦੀ ਇਜ਼ਾਜਤ ਵਾਸਤੇ ਦਰਖ਼ਾਸਤ ਦਿੱਤੀ ਹੋਈ ਸੀ ਜੋ ਉਸਨੇ ਪ੍ਰਧਾਨ ਮੰਤਰੀ ਨਹਿਰੂ ਦੀ ਘੁਰਕੀ ਕਰਕੇ ਨ ਮੰਜ਼ੂਰ ਕਰ ਦਿੱਤੀ। 9-12 ਜੂਨ ਤੱਕ ਬੱਸ ਅੱਡਿਆਂ, ਸਟੇਸ਼ਨ , ਦਿੱਲੀ ਪੰਜਾਬ ਦੀ ਸਰਹੱਦ ਤੋਂ ਹਜ਼ਾਰਾਂ ਦੀ ਤਦਾਦ ਵਿੱਚ ਅਕਾਲੀਆਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ। 10 ਜੂਨ ਨੂੰ ਦਿੱਲੀ ਦੇ ਕਮਿਸ਼ਨਰ ਬੈਨਰਜੀ ਨੇ ਕਿਸੇ ਤਰ੍ਹਾਂ ਦਾ ਵੀ ਜਲੂਸ ਕੱਢਣ ਤੇ ਪਾਬੰਦੀ ਲਾ ਦਿੱਤੀ।

ਹਜ਼ਾਰਾਂ ਰੁਕਾਵਟਾਂ ਦੇ ਬਾਵਜੂਦ ਵੀ 12 ਜੂਨ ਨੂੰ ਸੀਸ ਗੰਜ ਗੁਰਦੁਆਰਾ ਸਾਹਿਬ ਕੋਲ ਗਾਂਧੀ ਗਰਾਂਊਂਡ ਵਿਚ ਸਿੱਖਾਂ ਦਾ ਅਥਾਹ ਸਮੁੰਦਰ ਆਣ ਲੱਥਾ। ਜਲੂਸ ਸ਼ਾਮ ੪ ਵਜੇ ਨਿਕਲਣਾ ਸੀ। ਪੁਲਿਸ ਨੇ ਚੱਲ ਰਹੇ ਧਾਰਮਿਕ ਪ੍ਰੋਗ੍ਰਾਮ ਦੌਰਾਨ ਲਾਊਡ ਸਪੀਕਰ ਕਬਜ਼ੇ ਵਿਚ ਲੈ ਲਿਆ ਕਿ ਤੁਸੀਂ ਇਸਦੀ ਇਜ਼ਾਜਤ ਨਹੀਂ ਲਈ। ਕੋਤਵਾਲੀ ਵਿੱਚ ਵੀ ਵੱਡੀ ਤਦਾਦ ਵਿੱਚ ਪੁਲੀਸ ਸੀ । ਲਾਲ ਕਿਲ੍ਹੇ ਤੋਂ ਫਤਿਹਪੁਰੀ ਤੱਕ ਦੇ ਇਲਾਕੇ ਵਿੱਚ ਪੁਲਿਸ ਹੀ ਪੁਲਿਸ ਸੀ। ਸ਼ਾਮ 4 ਵਜੇ ਹਰਬੰਸ ਸਿੰਘ ਫਰੰਟੀਅਰ ਦੀ ਅਗਵਾਈ ਥੱਲੇ 4 ਸਿੱਖ ਕਾਲੇ ਚੋਲੇ ਪਾਕੇ , ਪਾਠ ਕਰਦਿਆਂ ਘੰਟਾਘਰ ਵਲ ਟੁਰੇ। ਇਹਨਾਂ ਪਿੱਛੇ ਬਾਕੀ ਸੰਗਤ ਵੀ ਟੁਰ ਪਈ। ਇਸ ਵਕਤ ਪੁਲਿਸ ਨੇ ਇਹਨਾਂ ਸਿੱਖਾਂ ਤੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ । ਅੱਥਰੂ ਗੈਸ ਦੇ ਗੋਲੇ ਵੀ ਸੁਟੇ ਗਏ। ਪੁਲਿਸ ਨੇ ਕੋਈ ਸਿੱਖ ਨ ਬਖਸ਼ਿਆ। ਬਸ ਜਿਸ ਦੇ ਸਿਰ ਤੇ ਦਸਤਾਰ ਦਿਸੀ ਉਹਨੂੰ ਪਸ਼ੂਆਂ ਵਾਂਗ ਘੁਟਣ ਡਹਿ ਪਈ। ਇਕ ਮੌਲਵੀ ਜੀ ਵੀ ਸਿਰ ਤੇ ਬੰਨੀ ਪੱਗ ਕਰਕੇ ਪੁਲਿਸ ਦੀ ਕੁਟ ਦਾ ਸ਼ਿਕਾਰ ਬਣੇ।ਇਸ ਵਕਤ ਸਿੱਖ ਸਰੋਤਾਂ ਅਨੁਸਾਰ 7 ਤੋਂ 12 ਤੱਕ ਸਿੰਘਾਂ ਦੀ ਸ਼ਹਾਦਤ ਹੋਈ। ਹਜ਼ਾਰ ਬਾਰਾਂ ਸੌ ਜਖ਼ਮੀ ਹੋਇਆ। ਸੀਸ ਗੰਜ ਗੁਰਦੁਆਰਾ ਸਾਹਿਬ ਦੇ ਤਿੰਨ ਕਿਲੋਮੀਟਰ ਦੇ ਏਰੀਏ ਵਿੱਚ ਹਰ ਦਸਤਾਰਧਾਰੀ ਨੂੰ ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ , ਕਿਉਂਕਿ ਉਹ ਸਿੱਖ ਸੀ ਤੇ ਸਿੱਖ ਦਾ ਮਤਲਬ ਪੰਜਾਬੀ ਸੂਬੇ ਦਾ ਹਮਾਇਤੀ ਚਾਹੇ ਉਹ ਨ ਵੀ ਹੋਵੇ , ਪਰ ਪੁਲਿਸ ਦੀ ਨਜ਼ਰ ਵਿਚ ਜ਼ਰੂਰ ਸੀ।

ਸੰਗਤ ਸਿੰਘ ਅਨੁਸਾਰ 258 ਲੋਕਾਂ ਦੀ ਲਾਪਤਾ ਹੋਣ ਦੀ ਸੂਚੀ ਵੀ ਛਪੀ ਸੀ ਤੇ ਜਿਸ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਪੁਲਿਸ ਨੇ ਉਹਨਾਂ ਲੋਕਾਂ ਦਾ , ਜਿਹੜੇ ਮਰ ਗਏ ਜਾਂ ਅਜੇ ਸਹਿਕਦੇ ਸਨ ਨਾਲ ਭਰੇ ਟਰੱਕ ਚੋਰੀ ਚੋਰੀ ਸਾੜ ਦਿੱਤੇ ਸਨ। ਸ਼ਾਮ 7 ਵਜੇ ਪੁਲਿਸ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਨੂੰ ਸੀਲ ਕੀਤਾ;ਇਸ ਸਬੰਧੀ ਆਲ ਇੰਡੀਆ ਰੇਡੀਓ ਤੇ ਵੀ ਜਾਣਕਾਰੀ ਦਿੱਤੀ ਗਈ। ਪਰ ਫਿਰ ਸਿੱਖ ਕੌਮ ਦੇ ਰੋਹ ਤੋਂ ਡਰਦਿਆਂ ਗੁਰਦੁਆਰੇ ਦਾ ਦਰਵਾਜ਼ਾ ਖੋਲ ਦਿੱਤਾ। ਕਹਿੰਦੇ ਇਕ ਸਿੱਖ ਪ੍ਰੋਫੈਸਰ ਦੁਕਾਨ ਤੋਂ ਸੋਡਾ ਪੀ ਰਿਹਾ ਸੀ, ਪੁਲਿਸ ਆਲਿਆਂ ਨੇ ਉਸਨੂੰ ਵੀ ਕੁਟਨਾ ਸ਼ੁਰੂ ਕਰ ਦਿੱਤਾ।ਉਹ ਕਹਿੰਦਾ ਕਿ ਮੈਂ ਜਲੂਸ ਵਿੱਚ ਸ਼ਾਮਲ ਨਹੀਂ ਹਾਂ, ਮੈਂ ਤੇ ਇਕ ਪ੍ਰੋਫੈਸਰ ਹਾਂ। ਪੁਲਿਸ ਵਾਲਿਆਂ ਨੇ ਕੁਟਦਿਆਂ ਹੀ ਕਿਹਾ ” ਤੁਮ ਪ੍ਰੋਫੈਸਰ ਹੋ ਜਾਂ ਕੁਛ ਔਰ, ਸਾਲੇ ਸਿੱਖ ਤੋ ਹੈ।”

ਇਹ ਤਸ਼ਦੱਦ ਬਾਰੇ ਨਿਊਯਾਰਕ ਟਾਈਮਜ਼ ਦੇ ਪੱਤਰਕਾਰ ਨੇ ਲਿਿਖਆ”ਮੇਰੀਆਂ ਅੱਖਾਂ ਸਾਹਮਣੇ ਬੇਗੁਨਾਹ ਸਿੱਖਾਂ ਨੂੰ ਬੇਰਹਿਮੀ ਨਾਲ ਕੁਟਿਆ ਮਾਰਿਆ ਗਿਆ।”

ਵਾਸ਼ਿੰਗਟਨ ਪੋਸਟ ਨੇ ਲਿਿਖਆ”ਪੁਲਿਸ ਨੇ ਗਰਾਉਂਡ ਵਿਚ ਵਿਚ ਵੜ ਕੇ ਸਿੱਖਾਂ ਨੂੰ ਕੁਟਿਆ ਮਾਰਿਆ।”

ਗਾਰਡੀਅਨ ਨੇ ਲਿਿਖਆ” 12 ਜੂਨ ਦੀ ਘਟਨਾ ਪੰਡਤ ਨਹਿਰੂ ਦੀ ਦੇਖ ਰੇਖ ਵਿਚ ਹੋਈ।”

ਜਪਾਨ ਦੀ ਅਖ਼ਬਾਰ ਮੈਚੀਨੀ ਨੇ ਸਿੱਖਾਂ ਤੇ ਤਸ਼ੱਦਦ ਦੀ ਤਸਵੀਰ ਛਾਪ ਕੇ ਲਿਿਖਆ”ਭਾਰਤ ਦੀ ਪੁਲਿਸ ਨੇ ਸਿੱਖਾਂ ਨੂੰ ਇੰਝ ਕੁਟਿਆ ਜਿਵੇਂ ਅੰਗਰੇਜ਼ ਹਿੰਦੁਸਤਾਨੀਆਂ ਨੂੰ ਕੁਟਦਾ ਸੀ।”

ਯੂ ਐਨ ਓ ਤੇ ਹੋਰ ਮਨੁਖੀ ਅਧਿਕਾਰਾਂ ਦੇ ਮੁਹਾਫਜਾਂ ਨੇ ਭਾਰਤ ਸਰਕਾਰ ਦੇ ਇਸ ਐਕਸ਼ਨ ਦੀ ਅਲੋਚਨਾ ਕੀਤੀ । ਅਸਲ ਵਿੱਚ ਨਹਿਰੂ ਨੇ ਇਹ ਸਾਰਾ ਕੁਝ ਸਿੱਖਾਂ ਪ੍ਰਤੀ ਆਪਣੀ ਨਫ਼ਰਤ ਕੱਢਣ ਲਈ ਕੀਤਾ ਤੇ ਉਸਦੀ ਇਸ ਕਰਤੂਤ ਦੀ ਪੂਰੀ ਹਮਾਇਤ ਪੰਜਾਬ ਦੀ ਮਹਾਸ਼ਾ ਪ੍ਰੈਸ ਨੇ ਕੀਤੀ ਸੀ।

ਅਸੀਂ ਅਕਾਲੀ ਲਹਿਰ ਦੇ ਪੰਜਾਬੀ ਸੂਬੇ ਦੇ 12 ਜੂਨ 1960 ਦੇ ਸ਼ਹੀਦਾਂ ਨੂੰ ਖਾਲਸਾਈ ਸਲਾਮ ਕਰਦੇ ਹਾਂ।