ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੂਜੀ ਵਾਰ ਹੋਏ ਕਰੋਨਾ ਪੌਜ਼ੀਟਿਵ

 

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੂਜੀ ਵਾਰ ਹੋਏ ਕਰੋਨਾ ਪੌਜ਼ੀਟਿਵ

ਸਰੀ, (ਪਰਮਜੀਤ ਸਿੰਘ): ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕੋਵਿਡ-19 ਟੈਸਟ ਫਿਰ ਪੌਜੀਟਿਵ ਆਇਆ ਹੈ। ਇਹ ਦੂਜੀ ਵਾਰ ਹੈ ਜਦੋਂ ਉਸ ਦਾ ਕੋਰੋਨਾ ਵਾਇਰਸ ਲਈ ਪ੍ਰਧਾਨ ਮੰਤਰੀ ਦਾ ਟੈਸਟ ਪੌਜ਼ੀਟਿਵ ਆਇਆ ਹੈ। ਟਵਿੱਟਰ ਅਕਾਊਂਟ ਤੋਂ ਟਵੀਟ ਕਰਕੇ ਬੀਤੇ ਦਿਨੀਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ, ਜਸਟਿਨ ਟਰੂਡੋ ਨੇ ਕਿਹਾ, “ਮੇਰਾ ਕੋਵਿਡ -19 ਲਈ ਕੀਤਾ ਟੈਸਟ ਪੌਜ਼ੀਟਿਵ ਆਇਆ ਹੈ। ਮੈਂ ਜਨਤਕ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਾਂਗਾ ਅਤੇ ਕੁਆਰਨਟੀਨ ਰਹਾਂਗਾ। ਉਂਝ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ, ਪਰ ਇਹ ਇਸ ਲਈ ਹੈ ਕਿਉਂਕਿ ਮੈਨੂੰ ਮੇਰੇ ਕੋਵਿਡ-19 ਸ਼ਾਟ ਲਏ ਹਨ”। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ, “ਜੇਕਰ ਤੁਸੀਂ ਟੀਕਾਕਰਨ ਨਹੀਂ ਕਰਵਾਇਆ ਹੈ, ਤਾਂ ਟੀਕਾ ਲਗਵਾਓ – ਅਤੇ ਜੇ ਹੋ ਸਕੇ ਤਾਂ ਇਸ ਦਾ ਪ੍ਰਚਾਰ ਕਰੋ। ਆਉ ਆਪਣੀ ਸਿਹਤ ਸੰਭਾਲ ਪ੍ਰਣਾਲੀ, ਇੱਕ ਦੂਜੇ ਅਤੇ ਆਪਣੇ ਆਪ ਦੀ ਰੱਖਿਆ ਕਰੀਏ”।

ਜ਼ਿਕਰਯੋਗ ਹੈ ਕਿ ਅਜੇ ਪਿਛਲੇ ਹਫਤੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਮਰੀਕਾ ਸਮਿਟ ਵਿੱਚ ਸ਼ਾਮਲ ਹੋਣ ਲਈ ਲਾਸ ਏਂਜਲਸ ਵਿੱਚ ਗਏ ਸਨ, ਜਿੱਥੇ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸਮੇਤ ਕਈ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਵੀ ਕੋਵਿਡ-19 ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਮਾਰਚ 2020 ਵਿੱਚ, ਉਹ ਆਪਣੀ ਪਤਨੀ ਸੋਫੀ ਟਰੂਡੋ ਦੇ ਨਾਲ ਕੋਵਿਡ -19 ਦਾ ਟੈਸਟ ਪੌਜ਼ੀਟਿਵ ਕਰਨ ਤੋਂ ਬਾਅਦ 14 ਦਿਨਾਂ ਲਈ ਆਈਸੋਲੇਸ਼ਨ ਵਿੱਚ ਚਲੇ ਗਏ ਸਨ, ਜਿਸ ਤੋਂ ਬਾਅਦ ਦਸੰਬਰ 2021 ਦੇ ਅਖੀਰ ਵਿੱਚ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਸੀ ਅਤੇ ਉਨ੍ਹਾਂ ਨੇ ਆਪ ਸ਼ੋਸ਼ਲ ਮੀਡੀਆ ‘ਤੇ ਇਸ ਸਬੰਧੀ ਜਾਣਕਾਰੀ ਸ਼ੇਅਰ ਕੀਤੀ ਸੀ।