ਸੂਬਾ ਸਰਕਾਰ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਨੂੰ ਰੋਕਣ ‘ਚ ਨਾਕਾਮ ਰਹੀ : ਵਿਧਾਇਕ ਟ੍ਰੇਵਰ ਹੈਲਫੋਰਡ

 

ਸੂਬਾ ਸਰਕਾਰ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਨੂੰ ਰੋਕਣ ‘ਚ ਨਾਕਾਮ ਰਹੀ : ਵਿਧਾਇਕ ਟ੍ਰੇਵਰ ਹੈਲਫੋਰਡ

ਸਰੀ, (ਪਰਮਜੀਤ ਸਿੰਘ): ਸਰੀ ਵਾਈਟ ਰੌਕ ਤੋਂ ਲਿਬਰ ਪਾਰਟੀ ਦੇ ਵਿਧਾਇਕ ਟ੍ਰੇਵਰ ਹੈਲਫੋਰਡ  ਨੇ ਐਨ.ਡੀ.ਪੀ. ਸਰਕਾਰ ਨੂੰ ਸੂਬੇ ‘ਚ ਓਵਰਡੋਜ਼ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦੇ ਮੁੱਦੇ ‘ਤੇ ਘੇਰਿਆ।  ਟ੍ਰੇਵਰ ਹੈਲਫੋਰਡ  ਨੇ ਕਿਹਾ ਕਿ ਪ੍ਰੀਮੀਅਰ ਜੌਹਨ ਹੌਰਗਨ ਵਲੋਂ  ਬੀ.ਸੀ. ‘ਚ ਨਸ਼ਿਆਂ ਦੇ ਵਹਿਣ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਅਤੇ ਸਿਰਫ਼ ਖੋਖਲੇ ਵਾਅਦੇ ਕਰਕੇ ਲੋਕਾਂ ਨੂੰ ਬਹਿਲਾਇਆ ਜਾ ਰਿਹਾ ਹੈ।  ਬੀ.ਸੀ. ਕੋਰੋਨਰਜ਼ ਸਰਵਿਸ ਦੀ ਤਾਜ਼ਾ ਰਿਪੋਰਟ ਦੇ ਅੰਕੜੇ ਦੱਸਦੇ ਹਨ ਕਿ ਜਨਵਰੀ ਦੇ ਮੁਕਾਬਲੇ ਅਪ੍ਰੈਲ ‘ਚ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ਼ ਹੇਠਾਂ ਆਇਆ ਹੈ। ਜਨਵਰੀ ‘ਚ ਰਿਕਾਰਡ 210 ਲੋਕਾਂ ਦੀ ਮੌਤ ਨਸ਼ਿਆਂ ਦੀ ਓਵਰਡੋਜ਼ ਨਾਲ ਹੋਈ ਸੀ ਜਦੋਂ ਕਿ ਅਪ੍ਰੈਲ ‘ਚ 161 ਲੋਕਾਂ ਦੀ ਮੌਤ ਨਸ਼ਿਆਂ ਦੀ ਓਵਰਡੋਜ਼ ਨਾਲ ਹੋਈ ਹੈ। ਪਰ ਇਸ ਦੇ ਨਾਲ ਹੀ ਜੇਕਰ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਦੇ ਅੰਕੜੇ ਵੇਖੇ ਜਾਣ ਤਾਂ ਜਨਵਰੀ ਤੋਂ ਜੂਨ ਤੱਕ ਤਕਰੀਬਨ 1,011 ਲੋਕਾਂ ਦੀ ਮੌਤ ਨਸ਼ਿਆਂ ਦੀ ਓਵਰਡੋਜ਼ ਨਾਲ ਹੋ ਚੁੱਕੀ ਹੈ। ਜੋ ਕਿ  ਪਹਿਲੇ ਛੇ ਮਹੀਨਿਆਂ ‘ਚ ਹੋਣ ਵਾਲੀਆਂ ਰਿਕਾਰਡ ਸਭ ਤੋਂ ਵੱਧ ਮੌਤਾਂ ਹਨ।

ਟ੍ਰੇਵਰ ਹੈਲਫੋਰਡ  ਨੇ ਕਿਹਾ ਕਿ ਜੌਹਨ ਹੌਰਗਨ ਵਲੋਂ ਜੋ ਵੀ ਨੀਤੀਆਂ ਸੂਬੇ ‘ਚ ਨਸ਼ਿਆਂ ਨੂੰ ਰੋਕਣ ਲਈ ਬਣਾਈਆਂ ਜਾਂਦੀਆਂ ਹਨ ਉਹ ਸਿਰਫ਼ ਕਾਗਜ਼ੀ ਕਾਰਵਾਈਆਂ ਤੱਕ ਸੀਮਿਤ ਰਹਿ ਜਾਂਦੀਆਂ ਹਨ ਅਤੇ ਸਰਕਾਰ ਉਨ੍ਹਾਂ ਨੀਤੀਆਂ ਨੂੰ ਅਮਲ ‘ਚ ਨਹੀਂ ਲਾਗੂ ਕਰਨ ‘ਚ ਅਸਫ਼ਲ ਸਾਬਤ ਹੋਈ ਹੈ।  ਟ੍ਰੇਵਰ ਹੈਲਫੋਰਡ  ਨੇ ਕਿਹਾ ਭਾਵੇਂ ਅੰਕੜਿਆਂ ‘ਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟੀ ਹੈ ਪਰ ਇਸ ਗੱਲ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਕਿ ਨਸ਼ਿਆਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ‘ਚ ਬਜ਼ੁਰਗਾਂ ਦੀ ਗਿਣਤੀ ਵੱਧ ਗਈ ਹੈ। ਉਨ੍ਹਾਂ ਕਿਹਾ ਐਨ.ਡੀ.ਪੀ. ਸਰਕਾਰ ਨੂੰ ਆਪਣੀਆਂ ਪੇਸ਼ ਕੀਤੀਆਂ ਤਰਜੀਹਾਂ ‘ਤੇ ਸਹੀ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਸੂਬੇ ‘ਚ ਨਸ਼ਿਆਂ ਦੇ ਵਹਿਣ ਨੂੰ ਰੋਕਣ ਲਈ ਠੋਸ ਕਾਰਵਾਈਆਂ ਕਰਨੀਆਂ ਚਾਹੀਦੀਆਂ ਹਨ।