Copyright & copy; 2019 ਪੰਜਾਬ ਟਾਈਮਜ਼, All Right Reserved
ਐਬਟਸਫੋਰਡ ‘ਚ ਪੰਜਾਬੀ ਨੌਜਵਾਨ ਕਰਮਜੀਤ ਸਿੰਘ ਗੋਲ਼ੀਆਂ ਮਾਰ ਕੇ ਕਤਲ

ਐਬਟਸਫੋਰਡ ‘ਚ ਪੰਜਾਬੀ ਨੌਜਵਾਨ ਕਰਮਜੀਤ ਸਿੰਘ ਗੋਲ਼ੀਆਂ ਮਾਰ ਕੇ ਕਤਲ

ਵੈਨਕੂਵਰ, (ਬਰਾੜ-ਭਗਤਾ ਭਾਈ ਕਾ) ਜਿਵੇਂ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਐਬਟਸਫੋਰਡ ਅਤੇ ਸਰੀ ਵਿੱਚ ਕਈ ਸਾਲਾਂ ਤੋਂ ਅਨੇਕਾਂ ਹੀ ਨੌਜਵਾਨ ਗੋਲ਼ੀਆਂ ਦਾ ਸ਼ਿਕਾਰ ਹੋ ਰਹੇ ਹਨ, ਉਸੇ ਅਭਾਗੀ ਲੜੀ ਤਹਿਤ ਅਜੇ ਤੱਕ ਇਸ ਕਤਲੇਆਮ ਵਿੱਚ ਰੁਕਾਵਟ ਨਹੀਂ ਆ ਰਹੀ। ਇੰਨਾਂ ਜ਼ਰੂਰ ਹੈ ਕਿ ਪਿਛਲੇ ਸਾਲਾਂ ਨਾਲੋਂ ਕਤਲਾਂ ਦੀ ਗਿਣਤੀ ਭਾਵੇਂ ਘੱਟ ਤਾਂ ਹੈ ਪਰ ਹਰ ਕਤਲ ਨੂੰ ਗੈਂਗ ਹਿੰਸਾ ਅਤੇ ਡਰੱਗ ਮਾਫ਼ੀਆ ਨਾਲ ਜੋੜ ਕੇ ਵੇਖਣ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ।
ਇਸੇ ਤਰਾਂ ਹੁਣ ਇੱਕ ਹੋਰ ਕਤਲ ਦੀ ਅਜਿਹੀ ਵਾਰਦਾਤ ਐਬਟਸਫੋਰਡ ਦੀ ਲੁਕਰਨ ਕਰੈਸੈਂਟ ਸਟਰੀਟ ‘ਤੇ ਸਥਿੱਤ 2749 ਨੰਬਰ ਮਕਾਨ ਵਿਖੇ ਵਾਪਰੀ ਹੈ ਜਿੱਥੇ ਘਰ ਦੇ ਡਰਾਈਵੇਅ ‘ਚ ਫਿਰੋਜ਼ਪੁਰ ਜ਼ਿਲ੍ਹੇ ਦੇ ਮੁੱਦਕੀ ਨੇੜਲੇ ਪਿੰਡ ਕੱਬਰ ਵੱਛਾ ਦੇ ਨੌਜਵਾਨ ਕਰਮਜੀਤ ਸਿੰਘ ਸਰਾਂ ਨੂੰ ਦੋ ਨੌਜਵਾਨਾਂ ਨੇ ਗੋਲ਼ੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ 40 ਸਾਲਾ ਕਰਮਜੀਤ ਸਿੰਘ ਸਰਾਂ ਜਿਉਂ ਹੀ ਸ਼ਾਮ ਨੂੰ ਸਾਢੇ 7 ਵਜੇ ਦੇ ਕਰੀਬ ਆਪਣੇ ਘਰ ਦੇ ਡਰਾਈਵੇਅ ‘ਚ ਆਪਣੀ ਗੱਡੀ ‘ਚੋਂ ਉੱਤਰਿਆ ਤਾਂ ਉਸ ਦਾ ਪਿੱਛਾ ਕਰ ਰਹੇ ਦੋ ਨੌਜਵਾਨਾਂ ਨੇ ਆਉਦਿਆਂ ਹੀ ਉਸ ਦੇ ਬਿਲਕੁਲ ਨੇੜੇ ਹੋ ਕੇ ਇੱਕ ਨੌਜਵਾਨ ਨੇ ਜਿਉਂ ਹੀ ਉਸ ਉੱਪਰ ਆਪਣੀ ਗੰਨ ਤਾਣ ਲਈ ਤਾਂ ਕਰਮਜੀਤ ਨੇ ਉਸ ਦੀ ਗੰਨ ਨੂੰ ਹੱਥ ਪਾ ਲਿਆ ਤਾਂ ਦੂਜੇ ਨੌਜਵਾਨ ਨੇ ਉਸ ਦੇ ਪਿੱਛੋਂ ਦੀ ਹੋ ਕੇ ਉਸ ਦੇ ਸਿਰ ਵਿੱਚ ਗੋਲ਼ੀਆਂ ਦਾਗ ਦਿੱਤੀਆਂ ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਵੇਂ ਨੌਜਵਾਨ ਵਾਰਦਾਤ ਕਰਨ ਪਿੱਛੋਂ ਫ਼ਰਾਰ ਹੋ ਗਏ।
ਕਰਮਜੀਤ ਸਿੰਘ ਸਰਾਂ ਕੈਨੇਡਾ ਦਾ ਜੰਮਪਲ ਸੀ ਅਤੇ ਉਹ ਜਨਮ ਤੋਂ ਇੱਕ ਸਾਲ ਬਾਅਦ ਹੀ ਭਾਰਤ ਆਪਣੇ ਪਿੰਡ ਕੱਬਰ ਵੱਛਾ ਵਿਖੇ ਚਲਾ ਗਿਆ ਸੀ ਜੋ ਕਿ ਤਕਰੀਬਨ 16 ਸਾਲ ਬਾਅਦ ਵਾਪਸ ਕੈਨੇਡਾ ਆ ਗਿਆ ਸੀ। 2004 ‘ਚ ਉਹ ਕੈਲਗਰੀ ਚਲਾ ਗਿਆ ਸੀ ਤੇ ਆਪਣਾ ਘਰ ਬਣਾ ਕੇ ਉੱਥੇ ਰਹਿਣ ਲੱਗ ਪਿਆ ਸੀ। 2016 ‘ਚ ਉਹ ਫਿਰ ਵਾਪਸ ਐਬਟਸਫੋਰਡ ਆ ਕੇ ਘਰ ਬਣਾਉਣ ਦਾ ਕੰਮ ਕਰਨ ਲੱਗ ਪਿਆ ਸੀ। ਭਰੋਸੇਯੋਗ ਸੂਤਰਾਂ ਮੁਤਾਬਿਕ ਇਸ ਕਤਲ ਨੂੰ ਵੀ ਡਰੱਗ ਮਾਫ਼ੀਆ ਨਾਲ ਜੋੜ ਕੇ ਹੀ ਵੇਖਿਆ ਜਾ ਰਿਹਾ। ਉਸ ਦੇ ਇੱਕ 8 ਸਾਲ ਦਾ ਲੜਕਾ ਹੈ ਜੋ ਕਿ ਕੁਝ ਸਾਲਾਂ ਤੋਂ ਭਾਰਤ ‘ਚ ਆਪਣੇ ਪਿੰਡ ਆਪਣੀ ਦਾਦੀ ਨਾਲ ਪਿੰਡ ਕੱਬਰ ਵੱਛਾ ਵਿਖੇ ਰਹਿ ਰਿਹਾ ਹੈ। ਇਸ ਕਤਲ ਨੂੰ ਡਰੱਗ ਮਾਫ਼ੀਆ ਨਾਲ ਇਸ ਲਈ ਜੋੜ ਕੇ ਵੇਖਿਆ ਜਾ ਰਿਹਾ ਹੈ ਕਿਉਂਕਿ ਇੱਕ ਤਾਂ ਉਸ ਦਾ 12 ਸਾਲ ਐਬਟਸਫੋਰਡ ਤੋਂ ਬਾਹਰ ਕੈਲਗਰੀ ਵਿਖੇ ਰਹਿਣਾ ਅਤੇ ਦੂਜਾ ਆਪਣੇ 8 ਸਾਲ ਦੇ ਲੜਕੇ ਨੂੰ ਕੁਝ ਸਾਲਾਂ ਤੋਂ ਭਾਰਤ ‘ਚ ਭੇਜ ਦੇਣਾ ਡਰੱਗ ਮਾਫ਼ੀਆ ਨਾਲ ਜੁੜੇ ਹੋਣ ਦਾ ਸ਼ੱਕ ਹੀ ਪੈਦਾ ਨਹੀਂ ਕਰਦਾ ਸਗੋਂ ਇਹ ਦੋਵੇਂ ਗੱਲਾਂ ਡਰੱਗ ਨਾਲ ਜੁੜੇ ਹੋਣ ਦਾ ਸਬੂਤ ਦਿੰਦੀਆਂ ਹਨ।