ਹਾਲੇ ਵੀ ਕੈਨੇਡੀਅਨਾਂ ਦੀ ਪਹਿਲੀ ਪਸੰਦ ਹਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਹਾਲੇ ਵੀ ਕੈਨੇਡੀਅਨਾਂ ਦੀ ਪਹਿਲੀ ਪਸੰਦ ਹਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 

ਵੈਨਕੂਵਰ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਦੇਸ਼ਵਾਸੀਆਂ ਦੇ ਹਰਮਨਪਿਆਰੇ ਹਨ। ਪ੍ਰਸਿੱਧੀ ਦੇ ਮਾਮਲੇ ਵਿੱਚ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਤੋਂ ਅੱਗੇ ਨਹੀਂ ਨਿੱਕਲ ਸਕੇ। ਦੇਸ਼ ਵਿੱਚ ਫੈਡਰਲ ਚੋਣਾਂ ਤੋਂ ਇੱਕ ਸਾਲ ਪਹਿਲਾਂ ਕੀਤੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ 80 ਫ਼ੀਸਦੀ ਸੰਭਾਵੀ ਵੋਟਰ ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਦੀ ਲੀਡਰਸ਼ਿਪ ਤੋਂ ਪ੍ਰਸੰਨ ਹਨ।
ਇਸ ਦੇ ਉਲਟ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਦੇ ਪ੍ਰਦਰਸ਼ਨ ਤੋਂ 50 ਕੁ ਫ਼ੀਸਦ ਵੋਟਰ ਹੀ ਸੰਤੁਸ਼ਟ ਹਨ। ਜਦਕਿ, ਕੰਜ਼ਰਵੇਟਿਵ ਪਾਰਟੀ ਦੇ ਲੀਡਰ ਤੇ ਕੈਨੇਡਾ ਦੀ ਕੌਮੀ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਐਂਡ੍ਰਿਊ ਸਚਿਰ ਦੋ ਤਿਹਾਈ ਵੋਟਰਾਂ ਨੂੰ ਹੀ ਪਸੰਦ ਹਨ।
ਇਹ ਨਤੀਜੇ ਲੋਕ ਰਾਏ ਖੋਜ ਅਦਾਰੇ, ਐਨਗਸ ਰੀਡ ਇੰਸਟੀਚਿਊਟ (ਏਆਰਆਈ) ਵੱਲੋਂ ਕੌਮੀ ਸਰਵੇਖਣ ਦੇ ਵਿਸ਼ਲੇਸ਼ਣ ਦੌਰਾਨ ਸਾਹਮਣੇ ਆਏ ਹਨ। ਏਆਰਆਈ ਵੱਲੋਂ ਕੀਤੇ ਸਰਵੇਖਣ ਦੌਰਾਨ ਪਤਾ ਲੱਗਾ ਹੈ ਕਿ ਐਨਡੀਪੀ ਦੇ ਨੇਤਾ ਜਗਮੀਤ ਸਿੰਘ ਵੋਟਰਾਂ ਵਿੱਚ ਉਤਸ਼ਾਹ ਤੇ ਜੋਸ਼ ਦੀ ਚਿਣਗ ਜਗਾਉਣ ਵਿੱਚ ਤਾਂ ਸਫ਼ਲ ਹੋਏ ਹਨ ਜਦਕਿ ਅਗਲੇ ਸਾਲ ਬੈਲਟ ਬੌਕਸ ‘ਤੇ ਉਨ੍ਹਾਂ ਨੂੰ ਚੁਣਨ ਲਈ ਵੋਟਰ ਦੁਬਿਧਾ ਵਿੱਚ ਹਨ।
ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਿਰਫ਼ 34 ਫ਼ੀਸਦੀ ਵੋਟਰਾਂ ਨੂੰ ਹੀ ਪੂਰਾ ਯਕੀਨ ਹੈ ਕਿ ਜਗਮੀਤ ਸਿੰਘ ਅਗਲੀਆਂ ਚੋਣਾਂ ਵਿੱਚ ਸਫ਼ਲ ਹੋ ਜਾਣਗੇ। ਜਗਮੀਤ ਤੋਂ ਅੱਗੇ ਕੈਨੇਡਾ ਦੇ ਮੌਜੂਦਾ ਵਿਰੋਧੀ ਧਿਰ ਦੇ ਨੇਤਾ ਐਂਡ੍ਰਿਊ ਸਚਿਰ ਵੀ ਹਨ। ਸਰਵੇਖਣ ਵਿੱਚ ਤਕਰੀਬਨ 65% ਵੋਟਰਾਂ ਨੇ ਉਨ੍ਹਾਂ ਨੂੰ ਪਸੰਦ ਕੀਤਾ ਹੈ।
ਹਾਲਾਂਕਿ, ਟਰੂਡੋ ਹਰਮਨਪਿਆਰੇ ਜ਼ਰੂਰ ਹਨ ਪਰ ਉਨ੍ਹਾਂ ਲਈ ਸਭ ਠੀਕ ਨਹੀਂ ਹੈ। ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਲੋਕ ਮੱਤਦਾਨ ਦੌਰਾਨ ਮੌਜੂਦ ਹੋਰ ਸਿਆਸੀ ਵਿਕਲਪਾਂ ਵੱਲ ਜਾ ਸਕਦੇ ਹਨ। ਏਆਰਆਈ ਨੇ ਬੇਤਰਤੀਬੇ ਤਰੀਕੇ (ਰੈਂਡਮ) ਨਾਲ ਚੁਣੇ 1500 ਕੈਨੇਡੀਅਨ ਤੋਂ ਸਵਾਲਾਂ ਦੇ ਜਵਾਬਾਂ ਤੋਂ ਇਸ ਸਰਵੇਖਣ ਦੇ ਨਤੀਜੇ ਲਏ ਹਨ। 1500 ਲੋਕਾਂ ਵਿੱਚੋਂ ਹਰੇਕ ਪਾਰਟੀ (ਲਿਬਰਲ, ਕੰਜ਼ਰਵੇਟਿਵ ਅਤੇ ਐਨਡੀਪੀ) ਦੇ 500-500 ਸਮਰਥਕਾਂ ਨੂੰ ਸ਼ਾਮਲ ਕੀਤਾ ਗਿਆ ਸੀ।