ਤੇਰੀ ਚੁੱਪ ਦਾ ਪਹਾੜ ਮੇਰੀ ਹਿੱਕ ‘ਤੇ ਸਵਾਰ

ਤੇਰੀ ਚੁੱਪ ਦਾ ਪਹਾੜ ਮੇਰੀ ਹਿੱਕ ‘ਤੇ ਸਵਾਰ

ਤੇਰੀ ਚੁੱਪ ਦਾ ਪਹਾੜ ਮੇਰੀ ਹਿੱਕ ‘ਤੇ ਸਵਾਰ ।
ਜਿੰਦੇ, ਭੋਲਿਆਂ ਪਰਿੰਦਿਆਂ ਨੂੰ ਇੰਜ ਤਾਂ ਨਾ ਮਾਰ ।
ਤੇਰੇ ਸ਼ਹਿਰ ਵਿਚੋਂ ਲੰਘਦਿਆਂ, ਹਰ ਵਾਰੀ ਲੱਗਾ,
ਕਦੇ ਭੁੱਲ ਕੇ ਵੀ ਕਰੀਏ ਨਾ ਦਿਲ ਦਾ ਵਪਾਰ ।
ਮੈਨੂੰ ਸਮਝ ਹੀ ਆਇਆ ਨਾ ਮੁਹੱਬਤਾਂ ਦਾ ਕਿੱਸਾ,
ਇਹ ਤਾਂ ਨਕਦੀ ਦਾ ਸੌਦਾ, ਜੀਹਦੇ ਵਿਚ ਨਾ ਉਧਾਰ ।
ਤੇਰੀ ਯਾਦ ਕਾਹਦੀ ਆਈ, ਗੁੰਮੇ ਹੋਸ਼ ਤੇ ਹਵਾਸ,
ਜਿਵੇਂ ਗਿੱਲੇ ਪਿੰਡੇ ਛੋਹੇ ਨੰਗੀ ਬਿਜਲੀ ਦੀ ਤਾਰ ।
ਅੱਜ ਵਰ੍ਹਿਆਂ ਤੋਂ ਬਾਅਦ ਫਿਰ ਆਈ ਤੇਰੀ ਯਾਦ,
ਜਿਵੇਂ ਸ਼ਾਮੀਂ ਘਰ ਪਰਤੇ ਪਰਿੰਦਿਆਂ ਦੀ ਡਾਰ ।
ਅੱਜ ਉਮਰਾਂ ਦੀ ਪੌਣੀ ਰੋਟੀ ਖਾਣ ਪਿੱਛੋਂ ਲੱਗਾ,
ਕਦੇ ਛੱਡ ਦੇ ਨਾ ਪਿੱਛਾ, ਕੀਤੇ ਕੌਲ ਤੇ ਕਰਾਰ ।
ਘੜੀ ਸਾਹਾਂ ਵਾਲੀ ਟਿਕ-ਟਿਕ ਯਾਦ ਤੈਨੂੰ ਕਰੇ,
ਸਾਨੂੰ ਸਾਹਾਂ ਤੋਂ ਪਿਆਰਿਆ ਤੂੰ ਇੰਜ ਨਾ ਵਿਸਾਰ ।

ਗੁਰਭਜਨ ਗਿੱਲ