ਧੀਆਂ ਪੜ੍ਹਨ ਸਕੂਲੇ ਚੱਲੀਆਂ

ਧੀਆਂ ਪੜ੍ਹਨ ਸਕੂਲੇ ਚੱਲੀਆਂ

ਵਗਦੀ ਤੇਜ਼ ਹਨ੍ਹੇਰੀ ਤੋੜਿਆ
ਰੁੱਖ ਦਾ ਟਾਹਣਾ।
ਚੁੱਕ ਤੁਰੀਆਂ ਨੇ ਵੀਰ ਨਾਲ ਮਿਲ
ਟੁੱਟਿਆ ਟਾਹਣਾ।

ਤੋੜਨ ਵਾਲੇ ਨੂੰ ਕੀ ਖ਼ਬਰਾਂ
ਇਸ ਨੇ ਕੁਝ ਪਲ
ਹੋਰ ਨਹੀਂ ਮੁਰਝਾਉਣਾ ਹਾਲੇ
ਨਿੱਕੇ ਨਿੱਕੇ ਬਾਲਾਂ ਦੇ ਸਿਰ
ਇਸ ਨੇ ਹੈ ਛਤਰੀ ਬਣ ਜਾਣਾ।

ਧੀਆਂ ਪੜ੍ਹਨ ਸਕੂਲੇ ਚੱਲੀਆਂ।
ਨਿੱਕੇ ਨਿੱਕੇ ਕਦਮ ਤੁਰਨ ਤਾਂ
ਸਫ਼ਰ ਮੁਕਾਉਂਦੇ।
ਨਿੱਕੇ ਨਿੱਕੇ ਜੁਗਨੂੰ
ਰਾਤਾਂ ਨੂੰ ਰੁਸ਼ਨਾਉਂਦੇ।
ਅੰਬਰ ਦੇ ਵਿੱਚ ਚਾਨਣ ਵੰਨੀਆਂ
ਲੀਕਾਂ ਪਾਉਂਦੇ।

ਪਰ ਇਹ ਗੱਲ ਵੀ ਚੇਤੇ ਰੱਖਣਾ।
ਜਿਸ ਮੰਦਰ ਵਿੱਚ ਇਹ ਨੇ ਚੱਲੀਆਂ।
ਖੜਕਦੀਆਂ ਬੇਸੁਰੀਆਂ ਟੱਲੀਆਂ।
ਕਹਿਣ ਚਿਰਾਗ ਬਾਲੀਏ ਐਪਰ
ਦੀਵੇ ਅੰਦਰ ਤੇਲ ਨਾ ਬੱਤੀ
ਚਾਰ ਚੁਫ਼ੇਰੇ ਘੋਰ ਹਨ੍ਹੇਰਾ।
ਫਿਰ ਵੀ ਚਿੱਤ ਉਦਾਸ ਨਹੀਂ ਮੇਰਾ।

ਜੋਤ ਹੈ ਜੇਕਰ ਬੁਝਦੀ ਜਗਦੀ।
ਮੇਰੇ ਨਿੱਕੇ ਵੀਰ ਅਜੇ ਵੀ
ਤੱਪੜ ਟਾਟ ਸਕੂਲਾਂ ਅੰਦਰ
ਚੌਮੁਖੀਏ ਬਣ ਚਮਕ ਰਹੇ ਨੇ।
ਕੱਚੀ ਮਿੱਟੀ ਗੁੰਨ੍ਹਦੇ
ਰੋਜ਼ ਬਣਾਉਂਦੇ ਦੀਵੇ
ਮੇਰੇ ਵਰਗੇ ਕਿੰਨੇ
ਆਪਣੇ ਕੱਲ੍ਹ ਦੀ ਖਾਤਰ
ਆਸ ਉਮੀਦੇ ਬਸਤੇ ਲੈ ਕੇ
ਸ਼ਬਦਾਂ ਦੇ ਨਿਰਮਲ ਦਰ ਉੱਤੇ
ਮੱਥੇ ਧਰਦੇ
ਧੀਆਂ ਪੁੱਤਰ ਲਿੱਸੇ ਘਰ ਦੇ
ਪੌੜੀ ਪੌੜੀ ਕਦਮ ਨੇ ਧਰਦੇ।
ਆ ਇਨ੍ਹਾਂ ਦੀ ਉਂਗਲੀ ਫੜੀਏ।
ਕੱਚੀ ਮਿੱਟੀ ਅੰਦਰ ਆਪਾਂ ਦੀਵੇ ਧਰੀਏ।

ਗੁਰਭਜਨ ਗਿੱਲ