ਚੀਨ ਤੋਂ ਘਬਰਾ ਕੇ ਹੀ ਭਾਰਤ ਅਮਰੀਕਾ ਦੇ ਨੇੜੇ ਆਇਆ: ਕਾਰਟਰ

ਚੀਨ ਤੋਂ ਘਬਰਾ ਕੇ ਹੀ ਭਾਰਤ ਅਮਰੀਕਾ ਦੇ ਨੇੜੇ ਆਇਆ: ਕਾਰਟਰ

ਵਾਸ਼ਿੰਗਟਨ : ਸਾਬਕਾ ਅਮਰੀਕੀ ਰੱਖਿਆ ਮੰਤਰੀ ਐਸ਼ਟਨ ਕਾਰਟਰ ਦਾ ਖਿਆਲ ਹੈ ਕਿ ਚੀਨ ਦੇ ਵਿਹਾਰ ਪ੍ਰਤੀ ਭਾਰਤ ਦੀ ਵਧਦੀ ਘਬਰਾਹਟ ਨੇ ਉਸ ਨੂੰ ਅਮਰੀਕਾ ਦੇ ਨੇੜੇ ਲਿਆਉਣ ‘ਚ ਅਹਿਮ ਭੂਮਿਕਾ ਨਿਭਾਈ ਹੈ। ਪੈਂਟਾਗਨ ਵਿਚ ਵੱਖ ਵੱਖ ਅਹੁਦਿਆਂ ‘ਤੇ ਰਹੇ ਤੇ ਰੱਖਿਆ ਮੰਤਰੀ ਵਜੋਂ ਅਮਰੀਕੀ-ਭਾਰਤ ਰੱਖਿਆ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ੍ਰੀ ਕਾਰਟਰ ਨੇ ਇਕ ਪਾਲਿਸੀ ਪੇਪਰ ਵਿਚ ਲਿਖਿਆ ਹੈ ਕਿ ਚੀਨ ਅਲੱਗ ਥਲੱਗ ਹੋਇਆ ਮਹਿਸੂਸ ਕਰਦਾ ਹੈ ਜਦਕਿ ਭਾਰਤ ਖਿੱਤੇ ਅੰਦਰ ਅਮਰੀਕਾ ਦਾ ਅਹਿਮ ਤੇ ਭਰੋਸੇਮੰਦ ਸਹਿਯੋਗੀ ਬਣ ਕੇ ਉਭਰਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਗੱਲ ਦੀ ਮਿਸਾਲ ਹੈ ਕਿ ਕਿਵੇਂ ਸਿਧਾਂਤਕ ਤੇ ਸਹਿਭਾਗੀ ਨੈੱਟਵਰਕ ਦੇ ਰਣਨੀਤਕ ਲਾਭ ਝਿਜਕ ‘ਤੇ ਪਾਰ ਪਾ ਸਕਦੇ ਹਨ। ਉਨ੍ਹਾਂ ਲਿਖਿਆ ਕਿ ਕਿਸੇ ਵੇਲੇ ਭਾਰਤ ਦੇ ਮਨ ਵਿੱਚ ਦੱਖਣੀ ਏਸ਼ੀਆ ਵਿਚ ਅਮਰੀਕੀ ਪ੍ਰਭਾਵ ਨੂੰ ਲੈ ਕੇ ਕਾਫ਼ੀ ਸੰਦੇਹ ਬਣਿਆ ਹੋਇਆ ਸੀ ਪਰ ਰੱਖਿਆ ਮੰਤਰੀ ਵਜੋਂ ਉਨ੍ਹਾਂ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਭਾਰਤ ਖੇਤਰੀ ਸੁਰੱਖਿਆ ਦਾ ਵਧੇਰੇ ਸਰਗਰਮ ਭਿਆਲ ਬਣ ਕੇ ਉਭਰਿਆ ਹੈ।