ਪੜ੍ਹ ਲਈਆਂ ਬਹੁਤ ਰਮਾਇਣਾ ਜੀ

ਪੜ੍ਹ ਲਈਆਂ ਬਹੁਤ ਰਮਾਇਣਾ ਜੀ

ਪੜ੍ਹ ਲਈਆਂ ਬਹੁਤ ਰਮਾਇਣਾ ਜੀ, ਅੱਜ ਸੁਣਿਓ ਮੈਂ ਸੱਚ ਕਹਿਣਾ ਜੀ,
ਕੁਝ ਆਪ ਵੀ ਸੋਚ ਵਿਚਾਰ ਕਰੋ, ਲਾਈ ਲੱਗ ਨਹੀਂ ਬਣਨਾ ਚਾਹੀਦਾ।
ਹੁਣ ਛੱਡ ਦਿਉ ਕੂੜ ਕਹਾਣੀਆੰ ਨੂੰ, ਰਾਵਣ ਨਹੀ ਸੜਨਾ ਚਾਹੀਦਾ।
ਸੀਤਾ ਨਿੱਕਲੀ ਇੱਕ ਘੜੇ ਵਿੱਚੋਂ, ਜੀਹਨੂੰ ਰਾਮ ਚੰਦਰ ਨੇ ਵਰਿਆ ਸੀ।
ਕੁਝ ਲਿਖਤਾੰ ਇਹ ਵੀ ਦੱਸਦੀਆਂ ਨੇ, ਰਾਵਣ ਨਾਲ ਧੋਖਾ ਕਰਿਆ ਸੀ।
ਕਦੇ ਇੱਕ ਤਰਫੇ ਨਹੀ ਹੋ ਜਾਈਦਾ, ਹਰ ਪੱਖ ਨੂੰ ਪੜ੍ਹਨਾ ਚਾਹੀਦਾ।
ਹੁਣ ਛੱਡ ਦਿਉ ਕੂੜ ਕਹਾਣੀਆਂ ਨੂੰ, ਰਾਵਣ ਨਹੀ ਸੜਨਾ ਚਾਹੀਦਾ।
ਸਰੂਪ ਨਖਾਂ ਨੇ ਵਿਆਹ ਖ਼ਾਤਰ, ਪਰਪੋਜ਼ ਜਦੋਂ ਆ ਕਰਿਆ ਸੀ।
ਸੁਣਿਐ ਲਛਮਣ ਹੰਕਾਰੀ ਨੀ, ਉਹਦਾ ਕੰਨ ਤੇ ਨੱਕ ਵੱਢ ਧਰਿਆ ਸੀ।
ਜੀਹਦੀ ਭੈਣ ਕਰੂਪ ਬਣਾ ਦਿੱਤੀ, ਉਸ ਵੀਰ ਨੂੰ ਲੜਨਾ ਚਾਹੀਦਾ।
ਹੁਣ ਛੱਡੋ ਕੂੜ ਕਹਾਣੀਆਂ ਨੂੰ, ਰਾਵਣ ਨਹੀ ਸੜਨਾ ਚਾਹੀਦਾ।
ਜੰਗ ਵਿੱਚ ਸੀ ਰਾਵਣ ਹਾਰ ਗਿਆ, ਦਗਾ ਕਰਿਆ ਵੀਰ ਵਿਭੀਖਣ ਨੇ।
ਦਗੇਬਾਜ ਨੂੰ ਭਗਤ ਬਣਾ ਦਿੱਤਾ, ਲੇਖਕ ਦੀ ਬੁੱਧੀ ਤੀਖਣ ਨੇ।
ਢਾਹੀ ਲੰਕਾ ਘਰ ਦੇ ਭੇਤੀ ਨੇ, ਨੁਕਤਾ ਇਹ ਫੜਨਾ ਚਾਹੀਦਾ।
ਹੁਣ ਛੱਡੋ ਕੂੜ ਕਹਾਣੀਆਂ ਨੂੰ, ਰਾਵਣ ਨਹੀ ਸੜਨਾ ਚਾਹੀਦਾ।
ਲਈ ਅਗਨ ਪ੍ਰੀਖਿਆ ਸੀਤਾ ਦੀ, ਖੁਦ ਸੱਚਾ ਸੁੱਚਾ ਬਣ ਗਿਆ ਸੀ।
ਔਰਤ ਨੂੰ ਹੋਰ ਝੁਕਾਉਣ ਲਈ, ਹੰਕਾਰ ਮਰਦ ਦਾ ਤਣ ਗਿਆ ਸੀ।
ਕਹੇ ਧੋਬੀ ਦੇ ਘਰੋਂ ਕੱਢ ਦਿੱਤੀ, ਇੰਝ ਦੋਸ਼ ਨਹੀ ਮੜ੍ਹਨਾ ਚਾਹੀਦਾ।
ਹੁਣ ਛੱਡੋ ਕੂੜ ਕਹਾਣੀਆਂ ਨੂੰ, ਰਾਵਣ ਨਹੀ ਸੜਨਾ ਚਾਹੀਦਾ।
ਜਰਾ ਸੋਚੋ ਅਤੇ ਵਿਚਾਰ ਕਰੋ, ਘਾਹ ਫੂਸ ਤੋੰ ਕਿਵੇੰ ਜਵਾਕ ਬਣੇ।
ਰਾਵਣ ਵੀ ਰਾਖਸ਼ ਇੰਝ ਬਣਿਆ, ਅਤੇ ਰਾਮ ਪਵਿੱਤਰ ਪਾਕ ਬਣੇ।
ਮੈੰ ਮੂਲ ਨਿਵਾਸੀ ਭਾਰਤ ਦਾ, ਸੱਚ ਕਿੱਸਾ ਘੜਨਾ ਚਾਹੀਦਾ।
ਹੁਣ ਛੱਡੋ ਕੂੜ ਕਹਾਣੀਆਂ ਨੂੰ, ਰਾਵਣ ਨਹੀ ਸੜਨਾ ਚਾਹੀਦਾ।
-ਮੂਲ ਨਿਵਾਸੀ ਲੋਕ ਸਾਹਿਤ