ਠੰਢੇ ਬਸਤੇ ਦੀ ਅੱਗ ਅਤੇ ਰੈਲੀਆਂ ਵਿੱਚ ਰੁਲ਼ਦਾ ਪੰਜਾਬ

ਠੰਢੇ ਬਸਤੇ ਦੀ ਅੱਗ ਅਤੇ ਰੈਲੀਆਂ ਵਿੱਚ ਰੁਲ਼ਦਾ ਪੰਜਾਬ

ਲੰਘੀ 6 ਅਕਤੂਬਰ ਪੰਜਾਬ ਵਿੱਚ ਇੱਕੋ ਦਿਨ ਤਿੰਨ ਵੱਡੀਆਂ ਰੈਲੀਆਂ ਹੋਈਆਂ। ਇੱਕ ਲੰਬੀ, ਦੂਜੀ ਪਟਿਆਲੇ, ਤੀਜੀ ਬਰਗਾੜੀ। ਅਖਬਾਰਾਂ ਵਿੱਚ ਸਿਆਣੇ ਸਮਝੇ ਜਾਂਦੇ ਪੱਤਰਕਾਰਾਂ ਨੇ ਕਿਆਫ਼ੇ ਲਗਾਏ ਕਿ ਹੁਣ ਇਹ ਹੋਵੇਗਾ, ਉਹ ਹੋਵੇਗਾ। ਪਰ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਰੈਲੀਆਂ ਦਾ ਨਤੀਜਾ ਕੁਝ ਨਹੀਂ ਨਿਕਲੇਗਾ। ਮੇਰਾ ਇਹ ਮੰਨਣਾ ਨਹੀਂ ਹੈ ਕਿ ਰੈਲੀਆਂ ਵਿੱਚ ਜਾਣ ਵਾਲ਼ੇ ਸਾਰੇ ਲੋਕ ਭਾੜੇ ਦੇ ਟੱਟੂ ਹੁੰਦੇ ਹਨ। ਮੇਰਾ ਮੰਨਣਾ ਇਹ ਹੈ ਕਿ ਇਹ ਲੋਕ ਅਸਲੋਂ ਹੀ ਅਨੋਭੜ ਕਿਸਮ ਦੇ ਹੁੰਦੇ ਹਨ। ਇਹ ਦੁਪਹਿਰ ਖਿੜੀ ਵਾਂਗ ਗਿਆਰਾਂ ਕੁ ਵਜੇ ਖਿੜਦੇ ਹਨ ਤੇ ਸਾਢੇ ਬਾਰਾਂ ਵਜੇ ਮੁਰਝਾ ਜਾਂਦੇ ਹਨ।
ਪਿਛਲੇ ਸਮੇਂ ਅਜਿਹੇ ਸਿਆਸੀ ਉਬਾਲ ਚੜ੍ਹਦੇ ਉੱਤਰਦੇ ਅਸੀਂ ਦੇਖੇ ਹਨ ਅਤੇ ਹੁਣ ਵੀ ਲਗਾਤਾਰ ਦੇਖ ਰਹੇ ਹਾਂ। ਲੰਬੀ ਦੀ ਰੈਲੀ ਪਟਿਆਲੇ ਦੇ ਖਿਲਾਫ ਸੀ ਤੇ ਪਟਿਆਲੇ ਦੀ ਰੈਲੀ ਲੰਬੀ ਦੇ ਖਿਲਾਫ ਸੀ। ਬਰਗਾੜੀ ਦੀ ਰੈਲੀ ਕਿਸੇ ਦੇ ਖਿਲਾਫ ਨਹੀਂ ਸੀ। ਇਹ ਸਿਰਫ ਉਸ ਸਾਕੇ ਦੇ ਖਿਲਾਫ ਸੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਵਾਪਰਿਆ। ਉਸ ਸਾਕੇ ਦਾ ਦਰਦ ਬਰਗਾੜੀ ਤੋਂ ਕੁਝ ਉਮੀਦ ਰੱਖਦਾ ਸੀ ਅਤੇ ਰੱਖਦਾ ਹੈ। ਪਰ ਇਸ ਦਰਦ ਦੀ ਵੀ ਦੁਖਦੀ ਰਗ ਇਹ ਹੈ ਕਿ ਸਾਡੇ ਤੀਜੇ ਦਰਜੇ ਦੇ ਹਾਰੇ ਹੋਏ ਅਤੇ ਵਾਰ ਵਾਰ ਹਾਰਦੇ ਨੇਤਾ, ਇਸ ਦਰਦ ‘ਤੇ ਵੀ ਸਿਆਸਤ ਕਰ ਰਹੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਸ ਗੱਲ ਨਾਲ ਕੀ ਤਾਲੱਕ ਹੈ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇ। ਪਿੰਡ ਵਿੱਚ ਕਿਸੇ ਦੀ ਬਹੂ ਬੇਟੀ ਦੀ ਸ਼ਰੇਆਮ ਬੇਪੱਤੀ ਹੋਈ ਹੋਵੇ ਤਾਂ ਉਹ ਇਹ ਨਹੀਂ ਸੋਚੇਗਾ ਕਿ ਹੁਣ ਪਿੰਡ ਦਾ ਸਰਪੰਚ ਕੌਣ ਹੋਵੇ। ਉਸਦਾ ਸੋਚਣਾ ਤਾਂ ਇਹੀ ਬਣਦਾ ਹੈ ਕਿ ਬੇਪੱਤੀ ਕਰਨ ਵਾਲੇ ਦੀ ਨਿਸ਼ਾਨਦੇਹੀ ਹੋਵੇ ਤੇ ਉਸਨੂੰ ਬਣਦੀ ਸਜ਼ਾ ਮਿਲੇ। ਪੰਜਾਬ ਵਿੱਚ ਬੇਅਦਬੀ ਦੀ ਸਜ਼ਾ ਦਾ ਡਰਾਮਾ ਹੋ ਰਿਹਾ ਹੈ। ਕਹਿੰਦੇ ਹਨ ਕਿ ਕਿਸੇ ਨੇ ਬਰਗਾੜੀ ਦੀ ਰੈਲੀ ਵਿੱਚ ਇਹ ਵੀ ਕਿਹਾ ਕਿ ਇਹ ਪਰਕਾਸ਼ ਸਿੰਘ ਨਹੀਂ ਪਰਕਾਸ਼ ਚੰਦ ਹੈ। ਅਜਿਹਾ ਕਹਿਣ ਵਾਲੇ ਦਾ ਭਾਵ ਇਹੀ ਹੈ ਕਿ ਜਿਨ੍ਹਾਂ ਦੇ ਨਾਵਾਂ ਨਾਲ ਚੰਦ ਲੱਗਦਾ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਹੁੰਦੇ ਹਨ। ਪੰਜਾਬ ਵਿੱਚ ਹਿੰਦੂਆਂ ਅਤੇ ਦਲਿਤਾਂ ਦੇ ਨਾਵਾਂ ਨਾਲ ਹੀ ਚੰਦ ਲੱਗਦਾ ਹੈ। ਸੋ ਪ੍ਰਕਾਸ਼ ਚੰਦ ਕਹਿਣ ਦਾ ਤਾਤਪਰਜ ਸਪਸ਼ਟ ਹੈ।
ਮੈਂ ਸਮਝਦਾ ਹਾਂ ਕਿ ਰੈਲੀਆਂ ਦੇ ਕਿਆਫ਼ੇ ਲਗਾਉਣੇ ਬਿਲਕੁਲ ਹਾਸੋਹੀਣੀ ਗੱਲ ਹੈ। ਸਾਨੂੰ ਆਪਣੇ ਮਸਲੇ ਨਜਿੱਠਣੇ ਨਹੀਂ ਆਉਂਦੇ। ਮਸਲੇ ਨਜਿੱਠਣ ਲਈ ਰੈਲੀਆਂ ਦੀ ਲੋੜ ਨਹੀਂ ਹੁੰਦੀ, ਨੇਕ ਨੀਤੀ, ਸਮਝਦਾਰੀ ਅਤੇ ਦਲੇਰੀ ਦੀ ਲੋੜ ਹੁੰਦੀ ਹੈ। ਇਨ੍ਹਾਂ ਤਿੰਨਾਂ ਵਿੱਚ ਅਸੀਂ ਸਿਰਫ ਵਿਸ਼ੇਸ਼ ਕਿਸਮ ਦੀ ਦਲੇਰੀ ਨਾਲ ਨੱਕੋ ਨੱਕ ਭਰੇ ਹੋਏ ਹਾਂ। ਨੇਕ ਨੀਤੀ ਤੇ ਸਮਝਦਾਰੀ ਦਾ ਪ੍ਰਯੋਗ ਅਸੀਂ ਸਿਰਫ ਆਪਣੇ ਨਿੱਜੀ ਮਾਮਲਿਆਂ ਵਿੱਚ ਕਰਦੇ ਹਾਂ।
ਸਾਡੇ ਸਾਰੇ ਨੇਤਾਵਾਂ ਦੇ ਨਿੱਜੀ ਕਾਰੋਬਾਰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਚੱਲਦੇ ਹਨ। ਕੌਮੀ ਮਾਮਲੇ ਰੈਲੀਆਂ ਵਿੱਚ ਹੀ ਰੁਲਦੇ ਰਹਿ ਜਾਂਦੇ ਹਨ ਤੇ ਬਦਦਿਆਨਤਦਾਰ ਬਦਨੇਤਾ ਇਕੱਠ-ਮੱਠ ਵਿੱਚੋਂ ਮਾਲ ਮੱਤਾ ਇਕੱਠਾ ਕਰਕੇ ਔਹ ਜਾਂਦੇ ਹਨ।
ਕੌਮੀ ਮਸਲਿਆਂ ਲਈ ਕੋਈ ਵੀ ਸੰਜੀਦਾ ਨਹੀਂ ਹੈ। ਰੈਲੀਆਂ ਵਿੱਚ ਰੁਲਣ ਵਾਲੇ ਲੋਕ ਸੋਚਦੇ ਰਹਿ ਜਾਂਦੇ ਹਨ ਕਿ ਅਗਲੀ ਵਾਰ ਅਜਿਹਾ ਨਹੀਂ ਹੋਣ ਦੇਣਾ ਪਰ ਵਾਰ ਵਾਰ ਉਹੀ ਕੁਝ ਹੋ ਰਿਹਾ ਹੈ, ਜੋ ਨਹੀਂ ਹੋਣਾ ਚਾਹੀਦਾ। ਹੁਣ ਫਿਰ ਉਹੀ ਕੁਝ ਹੋਵੇਗਾ। ਕੁਝ ਦਿਨਾਂ ਬਾਦ ਅਸੀਂ ਬਰਗਾੜੀ ਭਲਵਾਨਾਂ ਨੂੰ ਭੰਡ ਰਹੇ ਹੋਵਾਂਗੇ। ਇਹ ਪੰਜਾਬ ਦੀ ਹੋਣੀ ਹੈ। ਪੰਜਾਬ ਦੀ ਕਿਸਮਤ ਵੀ ਤੇ ਅਸਮਤ ਵੀ ਰੈਲੀਆਂ ਨੇ ਰੋਲ ਕੇ ਰੱਖ ਦਿੱਤੀ ਹੈ। ਧਰਮ-ਯੁੱਧ ਮੋਰਚੇ ਦਾ ਮਹਾਂ ਰੈਲਾ ਅਸੀਂ ਦੇਖ ਵੀ ਚੁੱਕੇ ਹਾਂ ਅਤੇ ਭੁਗਤ ਵੀ ਰਹੇ ਹਾਂ। ਚੰਡੀਗੜ੍ਹ ਉੱਥੇ ਦਾ ਉੱਥੇ ਹੈ, ਬਲਕਿ ਹੋਰ ਪਰੇ ਨੂੰ ਖਿਸਕ ਗਿਆ। ਪੰਜਾਬੀ ਦਾ ਮਸਲਾ ਉਵੇਂ ਦਾ ਉਵੇਂ ਹੈ। ਦਰਬਾਰ ਸਾਹਿਬ ਰੇਡੀਓ ਟਰਾਂਸਮੀਟਰ ਨਹੀਂ ਲੱਗਾ ਨਾ ਕਿਸੇ ਦੇ ਯਾਦ ਚਿੱਤ ਹੈ; ਬਲਕਿ ਪੀ ਟੀ ਸੀ ਵਾਲੇ ਕੀਰਤਨ ਦਾ ਵਪਾਰਕ ਲਾਹਾ ਮੁਫ਼ਤੋ ਮੁਫ਼ਤ ਲੈ ਰਹੇ ਹਨ। ਅੰਮ੍ਰਿਤਸਰ ਨੂੰ ਆਉਣ ਵਾਲੀ ਕਿਸੇ ਗੱਡੀ ਦਾ ਨਾਂ ਗੋਲਡਨ ਟੈਂਪਲ ਐਕਸਪ੍ਰੈਸ ਨਹੀਂ (?) ਹੈ। ਕਿਸੇ ਰਾਜ ਨੂੰ ਵੱਧ ਅਧਿਕਾਰ ਨਹੀਂ ਮਿਲੇ, ਬਲਕਿ ਪੰਜਾਬ ਕੇਂਦਰ ਦਾ ਰੱਜ ਕੇ ਪੁਸ਼ਤੀਨੀ ਕਰਜ਼ਈ ਹੋ ਗਿਆ ਹੈ। ਅਨੰਦਪੁਰ ਦਾ ਮਤਾ ਕਿਸ ‘ਖਿਡਾਉਣੇ’ ਦਾ ਨਾਂ ਹੈ – ਕੋਈ ਨਹੀਂ ਜਾਣਦਾ। ਇਨ੍ਹਾਂ ਸਾਰੇ ਸਵਾਲਾਂ ਦੀ ਅੱਗ ਹੁਣ ‘ਪੰਥ’ ਦੇ ਠੰਢੇ ਬਸਤੇ ਦੀ ਸ਼ਾਨ ਹੈ।
ਦੇਖਿਆ ਗਿਆ ਹੈ ਕਿ ਅਸੀਂ ਕਿਸੇ ਸਾਕੇ ਦੇ ਰੋਸ ਵਿੱਚ ਜਾਂ ਕਦੀ ਐਵੇਂ ਹੀ ਰੈਲੀ ਕੱਢਦੇ ਹਾਂ, ਫਿਰ ਮਹਾਂ ਰੈਲੀ। ਉਸ ਵਿੱਚੋਂ ਕੋਈ ਹੋਰ ਸਾਕਾ ਜਨਮ ਲੈ ਲੈਂਦਾ ਹੈ। ਫਿਰ ਉਸ ਸਾਕੇ ਦੀ ਰੈਲੀ ਕੱਢਦੇ ਹਾਂ ਤੇ ਪੁਰਾਣਾ ਸਾਕਾ ਭੁੱਲ ਭੁਲਾ ਚੁੱਕੇ ਹੁੰਦੇ ਹਾਂ ਜਾਂ ਠੰਢੇ ਬਸਤੇ ਵਿੱਚ ਪਾ ਚੁੱਕੇ ਹੁੰਦੇ ਹਾਂ। ਪਤਾ ਨਹੀਂ ਪੰਥ ਆਪਣੇ ਠੰਢੇ ਬਸਤੇ ਵਿੱਚ ਐਨੀ ਅੱਗ ਕਿਵੇਂ ਸਾਂਭ ਲੈਂਦਾ ਹੈ?