ਪੁਲਿਸ ਦਾ ਛਾਪਾ

ਪੁਲਿਸ ਦਾ ਛਾਪਾ

ਵਿਅੰਗ

– ਪਿੰਡ ਦੀ ਸੱਥ ਵਿੱਚੋਂ

ਭਾਦੋਂ ਦੀ ਕਰੜੀ ਭੜਦਾਅ ਵਿੱਚ ਸਵੇਰਾ ਹੁੰਦਿਆਂ ਹੀ ਨਾਥਾ ਅਮਲੀ ਪਿੰਡ ਦੀ ਸੱਥ ਵਾਲੇ ਥੜ੍ਹੇ ਉੱਪਰ ਮੁੜ੍ਹਕੋ ਮੁੜ੍ਹਕੀ ਹੋਇਆ ‘ਕੱਲਾ ਹੀ ਇਉਂ ਬੈਠਾ ਸੀ ਜਿਵੇਂ ਮਦਾਰੀ ਦਾ ਬਾਂਦਰ ਰੁੱਸਿਆ ਬੈਠਾ ਹੋਵੇ। ਨੱਬਿਆਂ ਦੀ ਉਮਰ ਨੂੰ ਪਹੁੰਚਿਆ ਬਾਬਾ ਚੂਹੜ ਸਿਉਂ ਸੋਟੀ ਦੇ ਸਹਾਰੇ ਜਦੋਂ ਸੱਥ ਵਾਲੇ ਥੜੇ ਕੋਲ ਦੀ ਲੰਘਣ ਲੱਗਾ ਤਾਂ ਉਹ ਥੜ੍ਹੇ ਉੱਪਰ ਬੈਠੇ ਨਾਥੇ ਅਮਲੀ ਨੂੰ ਵੇਖ ਕੇ ਹੈਰਾਨ ਰਹਿ ਗਿਆ। ਥੜ੍ਹੇ ਦੇ ਨੇੜੇ ਹੋ ਕੇ ਬਾਬੇ ਚੂਹੜ ਸਿਉਂ ਨੇ ਨਾਥੇ ਅਮਲੀ ਨੂੰ ਪੁੱਛਿਆ,
”ਅਮਲੀਆ! ਸੁੱਖ ਐ, ਤੂੰ ਤਾਂ ਕਦੇ ਦਸ ਆਲੀ ਰੋਟੀ ਤੋਂ ਪਹਿਲਾਂ ਸੱਥ ‘ਚ ਆਇਆ ਈ ਨ੍ਹੀ ਓਏ, ਅੱਜ ਕਿਵੇਂ ਸਾਰਿਆਂ ਤੋਂ ਪਹਿਲਾਂ ਈਂ ਬੈਠੈਂ ਗੋਡਿਆਂ ‘ਚ ਸਿਰ ਦੇਈ?”
ਬਾਬੇ ਚੂਹੜ ਸਿਉਂ ਦੀ ਗੱਲ ਸੁਣ ਕੇ ਨਾਥੇ ਅਮਲੀ ਨੇ ਢਿੱਲਾ ਜਾ ਮੂੰਹ ਕਰਕੇ ਆਪਣਾ ਨਸ਼ੇ ਟੁੱਟਿਆ ਦਰਦ ਸੁਣਾਉਂਦਾ ਬੋਲਿਆ, ”ਕਾਹਦੀ ਗੱਲ ਐ ਬਾਬਾ! ਆਹ ਨਵੇਂ ਆਏ ਢਿੱਡਲ ਜੇ ਠਾਣੇਦਾਰ ਨੇ ਬੜੇ ਤੰਗ ਕੀਤੇ ਐ ਯਰ ਸਾਲੇ ਨੇ।”
ਬਾਬਾ ਕਹਿੰਦਾ, ”ਤੈਨੂੰ ਕੀ ਕਹਿੰਦਾ, ਤੇਰੇ ਅਰਗੇ ਗਰੀਬ ਬੰਦਿਆਂ ਤੋਂ ਕੀ ਲੈਣਾ ਉਹਨੇ?”
ਬਾਬੇ ਦੀ ਗੱਲ ਸੁਣ ਕੇ ਅਮਲੀ ਨੇ ਫੇਰ ਮਾਰਿਆ ਸੁੰਨੇ ਦੁੱਧ ਵਾਂਗੂੰ ਫੁਕਾਰਾ, ”ਮੈਥੋਂ ਤਾਂ ਬਾਬਾ ਕੀ ਲੈਣਾ, ਗੱਲ ਤਾਂ ਇਹ ਐ ਬਈ ਪਿੰਡ ‘ਚ ਇਉਂ ਹਰਲ ਹਰਲ ਕਰਦਾ ਫਿਰਦੈ ਸਾਲਾ, ਜਿਵੇਂ ਹਲਕਿਆ ਕੁੱਤਾ ਫਿਰਦਾ ਹੁੰਦੈ। ਤਿੰਨ ਦਿਨ ਹੋ ਗੇ ਖਾਧੀ ਨੂੰ, ਨਸ਼ੇ ਈ ਟੁੱਟੇ ਪਏ ਆ। ਕਿਤੋਂ ਕੁਝ ਮਿਲਦਾ ਈ ਨ੍ਹੀ। ਦੋ ਤਿੰਨਾਂ ਨੂੰ ਤਾਂ ਫੜ੍ਹ ਕੇ ਵੀ ਲੈ ਗਿਆ, ਕਹਿੰਦਾ ਮੈਂ ਨਸ਼ਾ ਨ੍ਹੀ ਵਿਕਣ ਦੇਣਾ। ਲੈ ਦੱਸ ਬਾਬਾ, ਬਈ ਫੜ੍ਹ ਤੂੰ ਉਨ੍ਹਾਂ ਨੂੰ ਜਿਹੜੇ ਵੇਚਦੇ ਐ, ਖਾਣ ਪੀਣ ਆਲਿਆਂ ਨੂੰ ਕਿਉਂ ਤੰਗ ਕਰਦਾ। ਨਸ਼ਾ ਪੱਤਾ ਥਿਆਉਂਦਾ ਈ ਨ੍ਹੀ ਕਿਤੋਂ, ਕੀ ਕੀਤਾ ਜਾਵੇ। ਮੂੰਹ ‘ਨ੍ਹੇਰੇ ਦਾ ਨਿੱਕਲਿਆਂ ਵਿਆਂ ਘਰੋਂ। ਅਜੇ ਲੀਹ ਦੀਂਹਦੀ ਨ੍ਹੀ, ਲੀਹ ਤੇ ਤਾਂ ਫੇਰ ਈ ਗੱਡੀ ਚੜੂ ਜੇ ਕਿਤੇ ਦਿਸੂ। ਬ੍ਰਿਜ ਕੋਲ ਗਿਆ ਸੀ ਬਈ ਭੋਰਾ ਓਹਤੋਂ ਈ ਮਿਲ ਜੇ।”
ਬਾਬਾ ਨੇ ਪੁੱਛਿਆ, ”ਉਹ ਕੀ ਕਹਿੰਦਾ?”
ਅਮਲੀ ਕਹਿੰਦਾ, ”ਉਹਨੇ ਬਾਬਾ ਕੀ ਕਹਿਣਾ ਸੀ, ਕਹਿੰਦਾ ਤੂੰ ਤਾਂ ਦੇਸੂ ਦਾ ਗਾਹਕ ਐ। ਲੈ ਦੱਸ! ਗਾਹਕ ਨੂੰ ਮੈਂ ਕਿਹੜਾ ਗਾਹਾਂ ਕੇਹਰੇ ਕੇ ਟੱਬਰ ਦਾ ਮੁਖੀ ਆਂ ਬਈ ਪੈਂਤੀਆਂ ਜੀਆਂ ਦੀ ਕਬੀਲਦਾਰੀ ਚੱਕੀ ਫਿਰਦਾਂ। ਢਾਈ ਤਾਂ ਟੋਟਰੂ ਆਂ ਅਸੀਂ ਘਰੇ। ਦਸਾਂ-ਵੀਹਾਂ ਦੀ ਕਿਤੇ ਭੋਰਾ ਲੈਣੀ ਹੁੰਦੀ ਐ, ਹੁਣ ਤਾਂ ਉਹਨੂੰ ਵੀ ਬੰਨ੍ਹ ਲਾ ‘ਤਾ ਆਹ ਵੱਡੇ ਸਾਰੇ ਪੱਗੜ ਜੇ ਆਲੇ ਢਿੱਡਲ ਜੇ ਠਾਣੇਦਾਰ ਨੇ। ਪੱਗ ਵੇਖੀਂ ਬਾਬਾ ਓਹਦੀ ਜਿਵੇਂ ਘੰਦੋਲੀ ਤੇ ਤੂੜੀ ਆਲੀ ਪੰਡ ਰੱਖੀ ਹੁੰਦੀ ਐ।”
ਬਾਬਾ ਕਹਿੰਦਾ, ”ਰਤਨੇ ਤੋਂ ਲੈ ਆਉਂਦਾ ਨਾਲੇ ਖਰੀ ਦਿੰਦਾ।”
ਰਤਨੇ ਦਾ ਨਾਂ ਸੁਣ ਕੇ ਅਮਲੀ ਬਾਬੇ ਚੂਹੜ ਸਿਉਂ ਦੇ ਮੂਹਰੇ ਝੱਗਾ ਲਾਹ ਕੇ ਖੜ੍ਹ ਗਿਆ। ਬਾਬੇ ਨੂੰ ਢੂਹੀ ਦਿਖਾਉਂਦਾ ਕਹਿੰਦਾ, ”ਆਹ ਵੇਖ ਬਾਬਾ ਡੰਡਿਆਂ ਦੇ ਨਿਸ਼ਾਨ।”
ਅਮਲੀ ਦੀ ਢੂਹੀ ਲਾਲ ਹੋਈ ਵੇਖ ਕੇ ਬਾਬੇ ਨੂੰ ਵੀ ਗੱਲਾਂ ਆਉਣੋਂ ਹਟ ਗੀਆਂ। ਐਣਕਾਂ ਨੂੰ ਠੀਕ ਕਰਦੇ ਬਾਬੇ ਨੇ ਪੁੱਛਿਆ,
”ਅਮਲੀਆ! ਇਹ ਕੀ ਹੋਇਆ ਓਏ?”
ਬੱਸ ਫੇਰ ਛੇੜ ਲਈ ਗਾਲ਼ਾਂ ਦੀ ਲੜੀ ਅਮਲੀ ਨੇ ਤਾਂ। ਭਖੇ ਤੰਦੂਰ ਵਰਗਾ ਮੂੰਹ ਕਰਕੇ ਕਹਿੰਦਾ, ”ਸੁਭਾ ਤਿੰਨ ਵਜੇ ਦਾ ਗਿਆ ਵਿਆਂ ਰਤਨੇ ਦੇ ਘਰੇ। ਇਹ ਭਾਣਾ ਉੱਥੇ ਵਰਤਿਆ। ਜਦੋਂ ਮੈਂ ਰਤਨੇ ਦੇ ਘਰ ਗਿਆ ਤਾਂ ਮੇਰੇ ਜਾਣ ਤੋਂ ਪਹਿਲਾਂ ਪੁਲਿਸ ਨੇ ਛਾਪਾ ਮਾਰ ਲਿਆ। ਪੁਲਿਸ ਅੰਦਰੋਂ ਕੁੰਡਾ ਲਾਈ ਖੜ੍ਹੀ ਸੀ। ਮੈਂ ਜਾ ਕੇ ਕੁੰਡਾ ਖੜਕਾਇਆ ਤਾਂ ਅੰਦਰੋਂ ‘ਵਾਜ਼ ਆਈ ‘ਕੌਣ ਐਂ ਓਏ’? ਮੈਂ ਕਿਹਾ ‘ਨਾਥਾ’। ਅੰਦਰੋਂ ਫਿਰ ‘ਵਾਜ਼ ਆਈ ‘ਕਿਹੜਾ ਨਾਥਾ’? ਮੈਂ ਕਿਹਾ ਨਾਥਾ ਅਮਲੀ ਆਂ ਚਵਿੱਤਰ ਦਾ ਮੁੰਡਾ’।”
ਅਮਲੀ ਦੇ ਮੂੰਹੋਂ ਬਚਿੱਤਰ ਨਾਂ ਨੂੰ ਚਵਿੱਤਰ ਸੁਣ ਕੇ ਬਾਬਾ ਕਹਿੰਦਾ, ”ਕੰਜਰ ਦਿਆ ਕਮਲਿਆ ਲਾਣਿਆਂ, ਪਿਉ ਦਾ ਠੀਕ ਨਾਂ ਲੈਣਾ ਤਾਂ ਸਿਖ ਲਾ, ਚਵਿੱਤਰ ਨ੍ਹੀ ਓਏ ਬਚਿੱਤਰ ਐ।”
ਅਮਲੀ ਕਹਿੰਦਾ, ”ਚੱਲ ਕੁਸ ਹੋਇਆ, ਹੈ ਤਾਂ ਪਿਉ ਈ। ਤੂੰ ਗਾਹਾਂ ਸੁਣ। ਮੇਰੇ ਵਾਰ ਵਾਰ ‘ਵਾਜਾਂ ਮਾਰਨ ‘ਤੇ ਵੱਸ ਫੇਰ ਦਰਵਾਜ਼ਾ ਖੁੱਲ੍ਹਣ ਦੀ ਦੇਰ ਈ ਸੀ ਮੈਂ ਝੱਟ ਅੰਦਰ ਜਾ ਵੜਿਆ ਤੇ ਬੋਲਿਆ ‘ਓ ਰਤਨਿਆਂ !ਕਿੱਥੇ ਐਂ ਓਏ ਕੰਜਰ ਦਿਆ, ਛੇਤੀ ਆ ਬਾਹਰ ਅੱਜ ਤਾਂ ਬਾਹਲੇ ਈ ਬੁਰੇ ਹਾਲ ਐ। ਆਹ ਦੇਈਂ ਭੋਰਾ ਵੀਹਾਂ ਕੁ ਰਪੀਆਂ ਦੀ। ਬੱਸ ਫੇਰ ਬਾਬਾ ਅਜੇ ਏਨਾ ਹੀ ਕਿਹਾ ਸੀ ਕਿ ਮਗਰ ਖੜ੍ਹਾ ਸ਼ਪੌਟਾ ਡਹਿ ਈ ਗਿਆ ਡੰਡਿਆਂ ਨਾਲ। ਇੱਕ ਵੀ ਮਾਰ ਦੋ ਵੀ ਮਾਰ, ਕੰਜਰ ਦੇ ਨੇ ਡੰਗਰਾਂ ਆਂਗੂੰ ਕੁੱਟ ਸਿੱਟਿਆ। ਮਿੰਨਤਾਂ ਤਰਲੇ ਕਰਕੇ ਮਸਾਂ ਈ ਛੁੱਟਿਐਂ।”
ਬਾਬਾ ਚੂਹੜ ਸਿਉਂ ਕਹਿੰਦਾ, ”ਅਮਲੀਆ! ਛੱਡ ਵਾਹਵਾ ਦਿੱਤਾ ਤੈਨੂੰ ਉਹਨੇ, ਇਹ ਪੁਲਿਸ ਆਲਿਆਂ ਦੇ ਤਾਂ ਕੋਈ ਹੱਥ ਆ ਜੇ ਸਹੀ ਫੇਰ ਤਾਂ ਵਾਘਰੂ ਈ ਛੁਡਾਉਂਦਾ ਨਹੀਂ ਤਾਂ ਫਿਰ ਵੱਸ——।”
ਅਮਲੀ ਕਹਿੰਦਾ, ”ਬਾਬਾ, ਬਾਬਾ! ਜਿਹੜੇ ਵੀਹ ਰਪੀਏ ਸੀ ਮੇਰੇ ਕੋਲ ਉਨ੍ਹਾਂ ਨੇ ਮੇਰਾ ਖਹਿੜਾ ਛੁਡਾ ਤਾ, ਨਹੀਂ ਤਾਂ ਮੇਰੇ ਆਲਾ ਚਕਰ ਚੂੰਡਾ ਤਾਂ ਬੰਨ੍ਹ ‘ਤਾ ਸੀ। ਮੈਂ ਚਪਾਹੀ ਨੂੰ ਕਿਹਾ, ਬੱਚਿਆਂ ਆਲਿਆ ਮੈਂ ਤਾਂ ਅਮਲੀ ਆਂ ਆਹ ਮੇਰੇ ਕੋਲ ਤਾਂ ਵੀਹ ਰਪੀਏ ਈ ਐ, ਹੁਣ ਤੇਰੀ ਮਰਜ਼ੀ ਐ ਭਾਵੇਂ ਦਸ ਤੂੰ ਰੱਖ ਲੈ ਬਾਕੀ ਦਿਆਂ ਦਾ ਭੋਰਾ ਸਮਾਨ ਲੈ ਦੇ। ਏਨੀ ਗੱਲ ਸੁਣ ਕੇ ਤਿੰਨ ਚਾਰ ਚਪੇੜਾਂ ਫੇਰ ਮਾਰ ਗਿਆ ਸਾਲਾ ਕਸਾਈ ਜਾ, ਨਾਲੇ ਵੀਹ ਰਪੀਏ ਖੋਹ ਲੇ। ਉੱਤੋਂ ਕਹਿੰਦਾ ‘ਜੇ ਖੜ੍ਹਾਂ ਏਥੇ ਤਾਂ ਸਰਦਾਰ ਕੁੱਟੂ, ਭੱਜ ਜਾ ਏਥੋਂ ਨਹੀਂ ਤਾਂ ਫੇਰ ਪੈਣਗੇ ਖੌਂਸੜੇ’। ਬੱਸ ਬਾਬਾ ਮੈਂ ਤਾਂ ਫੇਰ ਵੀਹ ਰਪੀਏ ਵੀ ਇਹ ਕਹਿ ਕੇ ਛੱਡ ਆਇਆਂ ਕਿ ਚੱਲ! ਭੂਆ ਦੀ ਕੁੜੀ ਨੂੰ ਈ ਦੇ ‘ਤੇ ਸਹੀ। ਮੈਂ ਤਾਂ ਘਰੇ ਵੀ ਨ੍ਹੀ ਗਿਆ ਅਜੇ, ਥੜ੍ਹੇ ਤੇ ਈ ਆ ਬੈਠਾਂ।”
ਅਮਲੀ ਦੀ ਗੱਲ ਸੁਣ ਕੇ ਬਾਬਾ ਕਹਿੰਦਾ, ”ਹੁਣ ਤਾਂ ਫਿਰ ਭੂਆ ਦਾ ਪੁੱਤ ਈ ਲੈ ਗਿਆ ਤੈਥੋਂ ਵੀਹ ਰਪੀਏ ਕੁ ਨਹੀਂ?”
ਅਮਲੀ ਫਿਰ ਮੂੰਹ ‘ਚ ਹੀ ਘੁਸਰ ਘੁਸਰ ਕਰ ਗਿਆ, ”ਚੱਲ! ਖਹਿੜਾ ਛੁੱਟਿਆ, ਗਊ ਗਾਰ ‘ਚੋਂ ਨਿੱਕਲ ਗੀ।”
ਏਨੇ ਚਿਰ ਨੂੰ ਲੱਛੂ ਪਾਹੜੇ ਨੇ ਵੀ ਆ ਕੇ ਅਮਲੀ ਦੀ ਤਰਸ ਯੋਗ ਹਾਲਤ ਵੇਖੀ ਤਾਂ ਉਹਨੇ ਘਰੇ ਲਿਜਾ ਕੇ ਉਸ ਨੂੰ ਭੋਰਾ ਕੰਡਾ ਖਾਣ ਨੂੰ ਦਿੱਤੀ ਤਾਂ ਕਿਤੇ ਜਾ ਕੇ ਅਮਲੀ ਦੀ ਅੱਖ ਖੁੱਲ੍ਹੀ। ਗਿਆਰਾਂ ਕੁ ਵਜੇ ਜਦੋਂ ਅਮਲੀ ਫੇਰ ਸੱਥ ਵਿੱਚ ਆਇਆ ਤਾਂ ਉਹਦੀ ਹੀ ਗੱਲ ਚੱਲੀ ਜਾਵੇ।
ਸੱਥ ‘ਚ ਆਏ ਅਮਲੀ ਨੁੰ ਸੀਤੇ ਮਰਾਸੀ ਨੇ ਪੁੱਛ ਲਿਆ, ”ਕਿਉਂ ਅਮਲੀਆ ਓਏ! ਅੱਜ ਤਾਂ ਕਹਿੰਦੇ ਜੱਗੋਂ ਤੇਹਰਵੀਂ ਹੋ ਗੀ ਹੈਂਅ।”
ਮਰਾਸੀ ਦੀ ਗੱਲ ਸੁਣ ਕੇ ਅਮਲੀ ਸੀਤੇ ਮਰਾਸੀ ਅਲੀ ਅਲੀ ਕਰਕੇ ਪੈ ਗਿਆ, ”ਆਵਦੀ ਗੱਲ ਭੁੱਲ ਗਿਐਂ ਵਿੰਗਿਆ ਜਿਆ, ਜਿਦੇਂ ਤੇਰੇ ਘੈਂਸਲੇ ਪਏ ਸੀ।”
ਸੀਤੇ ਨੇ ਵੀ ਅਮਲੀ ਨੂੰ ਰੋਭ ਨਾਲ ਪੁੱਛਿਆ, ”ਕਿਦੇਂ ਓਏ?”
ਅਮਲੀ ਕਹਿੰਦਾ, ”ਜਿਦੇਂ ਹਾਥੀ ਦੀ ਲਿੱਦ ਚੱਕਣ ਪਿੱਛੇ ਤੇਜੇ ਫਾਂਚੇ ਕੇ ਕੀਪੇ ਨਾਲ ਲੜ ਪਿਆ ਸੀ।”
ਅਮਲੀ ਦੀ ਗੱਲ ਸੁਣਕੇ ਕੋਲ ਬੈਠੇ ਬੁੱਘਰ ਦਖਾਣ ਨੇ ਪੁੱਛਿਆ, ”ਹਾਥੀ ਦੀ ਲਿੱਦ ਆਲੀ ਕੀ ਗੱਲ ਐ ਅਮਲੀਆ ਓਏ?”
ਅਮਲੀ ਕਹਿੰਦਾ, ”ਦੋ ਤਿੰਨ ਮਹੀਨੇ ਹੋ ਗੇ। ਕੇਰਾਂ ਆਪਣੇ ਓ ਮੰਗਣ ਆਲੇ ਸਾਧ ਜੇ ਆ ਗੇ ਪਿੰਡ ‘ਚ, ਉਨ੍ਹਾਂ ਕੋਲ ਸੀ ਹਾਥੀ। ਐਥੇ ਸੱਥ ‘ਚ ਕਿਤੇ ਮਖੌਲੀਆਂ ਦੇ ਗੇਲੇ ਨੇ ਟਿੱਚਰ ਨਾਲ ਕਹਿ ‘ਤਾ ਬਈ ਹਾਥੀ ਦੀ ਲਿੱਦ ਘਰੇ ਪਈ ਬਹੁਤ ਚੰਗੀ ਹੁੰਦੀ ਐ। ਬੱਸ ਫੇਰ ਉਸ ਦਿਨ ਤੋਂ ਈ ਏਹੇ ਨਿੱਤ ਪੁੱਛ ਲਿਆ ਕਰੇ, ਓ ਯਾਰ ਹਾਥੀ ਕਿੱਥੇ ਮਿਲ ਸਕਦਾ’? ਏਥੇ ਕਿਤੇ ਬੱਗੇ ਕਾ ਭੀਚਾ ਬੈਠਾ ਸੀ। ਉਹਨੇ ਪੁੱਛ ਲਿਆ ‘ਕਿਉਂ ਤੂੰ ਖਰੀਦਣਾ’? ਬੱਸ ਫੇਰ ਪਹਿਲਾਂ ਤਾਂ ਉਹਦੇ ਨਾਲ ਲੜਿਆ ਏਹੇ। ਫੇਰ ਕਿਤੇ ਕੁਦਰਤੀ ਅੱਠ-ਦਸ ਦਿਨਾਂ ਬਾਅਦ ਪਿੰਡ ‘ਚ ਹਾਥੀ ਆ ਗਿਆ। ਜਦੋਂ ਕਿਤੇ ਹਾਥੀ ਏਹਦੇ ਘਰ ਕੋਲ ਦੀ ਲੰਘਿਆ ਤਾਂ ਇਹ ਵੀ ਇੱਕ ਬਾਟਾ ਜਾ ਲੈ ਕੇ ਉਹਦੇ ਮਗਰ ਲੱਗ ਗਿਆ ਬਈ ਕਦੋਂ ਹਾਥੀ ਲਿੱਦ ਕਰੂ, ਕਦੋਂ ਮੈਂ ਚੱਕਾਂ। ਹਾਥੀ ਦੇ ਪਿੱਛੇ ਤਾਂ ਪਹਿਲਾਂ ਹੀ ਵੀਹ ਜਣੇ ਹੋਰ ਤੁਰੇ ਫਿਰਦੇ ਸੀ। ਹਾਥੀ ਨੇ ਸਾਰੇ ਪਿੰਡ ਦਾ ਦੋ ਤਿੰਨ ਵਾਰੀ ਗੇੜਾ ਲਾ ‘ਤਾ ਪਰ ਉਹਨੇ ਲਿੱਦ ਨਾ ਕੀਤੀ। ਅੱਧੇ ਪਿੰਡ ਦੇ ਨਿਆਣੇ ਸਿਆਣੇ ਲਿੱਦ ਚੱਕਣ ਨੂੰ ਉਹਦੇ ਮਗਰ ਤੁਰੇ ਫਿਰਨ। ਜਦੋਂ ਹਾਥੀ ਕਿਤੇ ਲਿੱਦ ਕਰਨ ਨੂੰ ਮਾੜਾ ਮੋਟਾ ਰਾਹ ‘ਚ ਵਿੰਗਾ ਟੇਢਾ ਜਾ ਹੋਵੇ, ਲੋਕ ਭੱਜ ਕੇ ਉਹਦੇ ਨੇੜੇ ਹੋ ਜਿਆ ਕਰਨ, ਹਾਥੀ ਡਰ ਕੇ ਫੇਰ ਤੁਰ ਪਿਆ ਕਰੇ। ਲੋਕ ਫਿਰ ਪਿੱਛੇ ਹਟ ਜਿਆ ਕਰਨ । ਸਾਰਾ ਦਿਨ ਹਾਥੀ ਪਿੱਛੇ ਪਿੰਡ ਦੀ ਮੰਡ੍ਹੀਰ ਕਮਲਿਆਂ ਆਂਗੂੰ ਪਿੰਡ ‘ਚ ਗਾਹ ਪਾਉਂਦੀ ਫਿਰਦੀ ਰਹੀ। ਨਾ ਤਾਂ ਹਾਥੀ ਨੇ ਲਿੱਦ ਕੀਤੀ ਤੇ ਨਾ ਹੀ ਏਨ੍ਹਾਂ ਨੇ ਹਾਥੀ ਦਾ ਪਿੱਛਾ ਛੱਡਿਆ। ਅਖੀਰ ਹਾਥੀ ਆਲੇ ਹਾਥੀ ਨੂੰ ਲੈ ਕੇ ਪਿੰਡ ਦੀ ਸ਼ਾਮਲਾਟ ‘ਚ ਜੱਗੀ ਕੇ ਘਰ ਕੋਲ ਰਾਤ ਕੱਟਣ ਲਈ ਬਹਿ ਗੇ। ਫੇਰ ਉੱਥੇ ਇਹ ਦੋ ਘੰਟੇ ਬੈਠੇ ਰਹੇ ਬਈ ਹੁਣ ਵੀ ਹਾਥੀ ਨੇ ਲਿੱਦ ਕੀਤੀ ਹੁਣ ਵੀ ਲਿੱਦ ਕੀਤੀ। ਪਰ ਗੱਲ ਨਾ ਬਣੀ। ਅਖੀਰ ਸਾਰੀ ਮੰਡ੍ਹੀਰ ਰਾਤ ਨੂੰ ਘਰੇ ਚਲੀ ਗਈ। ਤੜਕੇ ਚਾਰ ਕੁ ਵਜੇ ਸਭ ਤੋਂ ਪਹਿਲਾਂ ਤੇਜੇ ਫਾਂਚੇ ਕਾ ਕੀਪਾ ਜਦੋਂ ਸ਼ਾਮਲਾਟ ‘ਚ ਆਇਆ ਤਾਂ ਓਹਨੇ ਵੇਖਿਆ ਬਈ ਨਾ ਤਾਂ ਏਥੇ ਹਾਥੀ ਐ ਤੇ ਨਾ ਹੀ ਹਾਥੀ ਦੀ ਲਿੱਦ ਐ ਕਿਉਂਕਿ ਹਾਥੀ ਆਲੇ ਉੱਥੋਂ ਕੂਚ ਕਰ ਗਏ ਸੀ। ਕੀਪੇ ਨੇ ਕੀ ਕੀਤਾ ਬਾਬਾ, ਮੱਝ ਦਾ ਗੋਹਾ ਚੱਕ ਕੇ ਜਿੱਥੇ ਹਾਥੀ ਬੈਠਾ ਸੀ ਉੱਥੇ ਰੱਖ ਕੇ ਘਰ ਨੂੰ ਚਲਾ ਗਿਆ, ਜਾ ਕੇ ਇਹਨੂੰ ਸੀਤੇ ਨੂੰ ਕਹਿੰਦਾ ‘ਮਰਾਸੀਆ ਭੱਜ ਜਾ ਓਏ ਹਾਥੀ ਆਲੇ ਤਾਂ ਸ਼ਾਮਲਾਟ ‘ਚੋਂ ਚਲੇ ਗਏ ਐ ਪਰ ਹਾਥੀ ਦੀ ਲਿੱਦ ਪਈ ਐ ਉੱਥੇ। ਮੈਂ ਤਾਂ ਲੈ ਆਇਆਂ ਥੋੜ੍ਹੀ ਜੀ, ਤੂੰ ਵੀ ਲੈ ਆ ਜਾ ਕੇ। ਇਹ ਜਿਉਂ ਭੱਜਿਆ ਸਿਰ ਤੋੜ, ਜਾ ਕੇ ਮੱਝ ਦੇ ਫੋਸ ਨੂੰ ਹਾਥੀ ਦੀ ਲਿੱਦ ਸਮਝ ਕੇ ਬੱਠਲ ਭਰ ਲਿਆਇਆ। ਘਰੇ ਜਾ ਕੇ ਬੁੜ੍ਹੀ ਨੂੰ ਕਹਿੰਦਾ ‘ਲੈ ਬੇਬੇ ਹਾਥੀ ਦੀ ਲਿੱਦ ਐ ਕਿੱਥੇ ਰੱਖਾਂ’? ਹਾਥੀ ਦੀ ਲਿੱਦ ਸੁਣ ਕੇ ਬੇਬੇ ਵੀ ਪੰਜ ਪੌਣ ਤੇ ਹੋ ਗੀ। ਕਹਿੰਦੀ ‘ਉਰਾਂ ਲਿਆ ਇਹ ਤਾਂ ਬਲ੍ਹਾਈ ਚੰਗੀ ਹੁੰਦੀ ਐ’। ਜਦੋਂ ਇਹ ਮੱਝ ਦੇ ਗੋਹੇ ਆਲਾ ਬੱਠਲ ਲੈ ਕੇ ਬੇਬੇ ਦੇ ਨੇੜੇ ਹੋਇਆ ਤਾਂ ਬੇਬੇ ਵੇਖ ਕੇ ਕਹਿੰਦੀ ‘ਬੂਹ ਮੈਂ ਮਰ ਜਾਂ, ਵੇ ਕਮਲ਼ਿਆ ਪੁੱਤਾ! ਇਹ ਤਾਂ ਮੱਝ ਦਾ ਫੋਸ ਐ ਵੇ। ਤੈਨੂੰ ਕਿਹੜੇ ਔਤਰੇ ਨੇ ਕਹਿ ‘ਤਾ ਬਈ ਹਾਥੀ ਦੀ ਲਿੱਦ ਐ’? ਬੱਸ ਫੇਰ ਬਾਬਾ, ਇਹ ਕੀਪੇ ਕੇ ਘਰੇ ਗਿਆ ਉਹਦੇ ਨਾਲ ਲੜਣ। ਉਹਨੇ ਵੀ ਜਾਂਦੇ ਨੂੰ ਈ ਢਾਹ ਲਿਆ ਲੰਡੇ ਬੋਕ ਆਂਗੂੰ। ਚੰਗੀ ਮੁਰੰਮਤ ਕੀਤੀ ਇਹਦੀ ਹੁਣ ਵੱਡਾ ਵੈਲੀ ਬਣਦਾ।”
ਏਨੇ ਨੂੰ ਜਿਉਂ ਹੀ ਰੋਡੂ ਬਾਬੇ ਕੇ ਬਿੱਕਰ ਨੇ ਸੱਥ ਵਿੱਚ ਆ ਕੇ ਬਈ ਸਟੈਟੀ ‘ਚ ਯੂਰੀਆ ਰੇਹ ਆ ਗੀ, ਪਰ ਆਇਆ ਇੱਕੋ ਈ ਟਰੱਕ ਐ। ਵੱਸ ਫੇਰ ਯੂਰੀਆ ਰੇਹ ਦੀ ਘਾਟ ਕਰਕੇ ਲੋਕ ਸੱਥ ਚੋਂ ਸਟੈਟੀ ਵੱਲ ਨੂੰ ਇਉਂ ਭੱਜ ਤੁਰੇ ਜਿਵੇਂ ਉਹ ਵੀ ਹਾਥੀ ਦੀ ਲਿੱਦ ਚੁੱਕਣ ਨੂੰ ਭੱਜੇ ਜਾਂਦੇ ਹੋਣ। ਵੇਂਹਦਿਆਂ ਵੇਂਹਦਿਆਂ ਸੱਥ ਖਾਲੀ ਹੋ ਗਈ।
-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113