ਅਜੋਕਾ ਸਿੱਖ ਸਮਾਜ ਅਤੇ ਅਸਹਿਣਸ਼ੀਲਤਾ

ਅਜੋਕਾ ਸਿੱਖ ਸਮਾਜ ਅਤੇ ਅਸਹਿਣਸ਼ੀਲਤਾ

ਖਾਲਸੇ ਦੀ ਸਿਰਜਣਾ ਭੂਮੀ ਅਨੰਦਪੁਰ ਸਾਹਿਬ ਵਿਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਵੱਲੋਂ ਨਿਰਮਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ ਵਾਪਰੀ ਇਕ ਮੰਦਭਾਗੀ ਘਟਨਾ ਬਾਰੇ ਅਖਬਾਰਾਂ ਵਿਚ ਪੜ੍ਹ ਕੇ ਮੇਰੇ ਖਿਆਲਾਂ ਦੀ ਲੜੀ ਸਿੱਖ ਕਿਰਦਾਰ ਦੇ ਗੁਰ-ਸੰਕਲਪ ਵੱਲ ਤੁਰ ਪਈ। ਸੁਰਜੀਤ ਗੱਗ ਨਾਂ ਦੇ ਇਕ ਕਵੀ ਦੀ ਤਖਤ ਦੇ ਨੇੜੇ ਕੁਝ ਜਨੂੰਨੀ ਸਿੱਖ ਹੁੱਲੜਬਾਜ਼ਾਂ ਨੇ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ।
ਉਸ ਦਾ ਕਸੂਰ ਇਹ ਸੀ ਕਿ ਚਿਰ ਪਹਿਲਾਂ ਲਿਖੀ ਇਕ ਕਵਿਤਾ ਵਿਚ ਉਸ ਨੇ ਸਿੱਖ ਸਮਾਜ ਨੂੰ ਸ਼ੀਸ਼ੇ ਵਿਚ ਉਸ ਦਾ ਕਰੂਪ ਅਕਸ ਦਿਖਾਉਣ ਦੀ ਜ਼ੁਰਅਤ ਕੀਤੀ ਸੀ ਕਿ ਕਿਵੇਂ ਸਿੱਖਾਂ ਨੇ ਗੁਰੂ ਨਾਨਕ ਦੀ ਸਿੱਖਿਆ ਨੂੰ ਤਿਲਾਂਜਲੀ ਦੇ ਦਿੱਤੀ ਹੈ ਅਤੇ ਪਾਤਸ਼ਾਹ ਨੇ ‘ਨਾਨਕੁ ਤਿਨੁ ਕੈ ਸੰਗਿ ਸਾਥ’ ਦੀ ਲਾਜ ਪਾਲਦਿਆਂ ਗੁਰਬਤ ਮਾਰੇ ਦਬੇ-ਕੁਚਲੇ ਲੋਕਾਂ ਨਾਲ ਆਪਣੀ ਸਾਂਝ ਬਣਾ ਅਤੇ ਵਧਾ ਲਈ ਹੈ। ਕਵੀ ਦੇ ਸੂਖਮ-ਸੰਕੇਤ ਭਰੇ, ਪਰ ਸਿੱਧੇ ਸਾਦੇ ਅਤੇ ਖੁੰਢੇ ਬੋਲ ਗੱਲੀਂ ਬਾਤੀਂ ਸਿੱਖ ਕਹਾਉਣ ਵਾਲਿਆਂ ਨੂੰ ਸਾਣ ਚੜ੍ਹੇ ਨਸ਼ਤਰ ਵਾਂਗ ਵੱਜੇ। ਇਨ੍ਹਾਂ ਲੋਕਾਂ ਨੇ ਕਵੀ ਉਤੇ ਗੁਰੂ ਨਾਨਕ ਦੀ ਬੇਅਦਬੀ ਕਰਨ ਦਾ ਇਲਜ਼ਾਮ ਲਾਉਣ ਵਿਚ ਰਤਾ ਦੇਰ ਨਾ ਲਾਈ ਅਤੇ ਉਸ ਦੀ ਬੇਕਿਰਕ ਕੁਟ ਮਾਰ ਕੀਤੀ।
ਇਸ ਘਟਨਾ ਤੋਂ ‘ਸਿੱਖ ਕੌਣ ਹੈ?’ ਅਤੇ ‘ਸਿੱਖੀ ਕੀ ਹੈ?’ ਦਾ ਸਵਾਲ ਮੇਰੇ ਮਨ ਵਿਚ ਦੁਬਾਰਾ ਉਠਿਆ। ਵੇਖਿਆ ਕਿ ਸੰਜਮ ਅਤੇ ਸਹਿਣਸ਼ੀਲਤਾ, ਦਲੇਰੀ ਅਤੇ ਨਿਰਭੈਤਾ, ਦਇਆ ਅਤੇ ਕਰੁਣਾ-ਭਾਵ ਸਭ ਕੁਝ ਇਨ੍ਹਾਂ ਦੋ ਸ਼ਬਦਾਂ ਵਿਚ ਹੀ ਨਿਹਿਤ ਹੈ।
ਕੁਝ ਅਰਸਾ ਪਹਿਲਾਂ ਜਦੋਂ ਮੈਂ ਪ੍ਰੋ. ਅਵਤਾਰ ਸਿੰਘ ਨਾਲ ਦਿੱਲੀ ਯੂਨੀਵਰਸਿਟੀ ਦੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਜੇ. ਪੀ. ਐਸ਼ ਉਬਰਾਏ ਨੂੰ ਮਿਲਣ ਗਿਆ ਤਾਂ ਪੰਜਾਬ ਅਤੇ ਸਿੱਖਾਂ ਦੀ ਗੱਲ ਚੱਲਣ ‘ਤੇ ਉਨ੍ਹਾਂ ਕਿਹਾ ਸੀ, ‘ਸੇਵਾ ਅਤੇ ਭਗਤੀ’ ਤੋਂ ਸਿਵਾ ਸਿੱਖੀ ਹੋਰ ਹੈ ਕੀ! ਇਨ੍ਹਾਂ ਬੋਲਾਂ ਨੇ ਮੈਨੂੰ ਗੁਰੂਆਂ ਦੇ ਜੀਵਨ-ਕਾਲ ਅਤੇ ਮਗਰਲੇ ਸਿੱਖ ਇਤਿਹਾਸ ਦੇ ਪ੍ਰਕਰਣ ਵਿਚ ਸਿੱਖ ਕਿਰਦਾਰ ਬਾਰੇ ਸੋਚਣ ਲਾ ਦਿੱਤਾ।
ਗੁਰੂ ਸਾਹਿਬ ਦੇ ਪੈਰੋਕਾਰਾਂ ਵਿਚ ਹਰ ਮੁਕਾਮ ‘ਤੇ ਕੁਝ ਕਾਹਲੇ, ਬੇਸਬਰੇ, ਸਵਾਰਥੀ ਅਤੇ ਹਿੰਸਕ ਬਿਰਤੀ ਵਾਲੇ ਸਿੱਖ ਹੁੰਦੇ ਸਨ, ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਸਮਝਦਾਰੀ, ਤਰੱਦਦ ਅਤੇ ਸ਼ਖਸੀ ਅਲੌਕਿਕ ਜਲੌਅ ਨਾਲ ਉਪੱਦਰੀ ਕੰਮਾਂ ਤੋਂ ਵਰਜਿਆ ਅਤੇ ਰੋਕੀ ਰੱਖਿਆ। ਅਜਿਹਾ ਉਨ੍ਹਾਂ ਛਿਣਾਂ ਵਿਚ ਹੁੰਦਾ ਸੀ, ਜਦੋਂ ਸਿੱਖ ਗੁਰੂ ਸ਼ਬਦ ਦੇ ਕੁੰਡੇ ਅਤੇ ਅੰਕੁਸ਼ ਤੋਂ ਵਿਚਲ ਜਾਂਦੇ ਅਤੇ ਗੁਰ-ਸਿੱਖਿਆ ਤੋਂ ਨਾਫਰਮਾਨ ਹੋ ਜਾਂਦੇ ਸਨ, ਪਰ ਹਰ ਵਾਰੀ ਗੁਰੂ ਸਾਹਿਬ ਨਾ ਸਿਰਫ ਅਜਿਹੇ ਸਿੱਖਾਂ ਨੂੰ ਸਿੱਖੀ ਦਾਇਰੇ ਵਿਚ ਮੋੜ ਲਿਜਾਂਦੇ ਸਨ ਸਗੋਂ ਉਨ੍ਹਾਂ ਨੂੰ ਆਪਣੀ ਖੁੱਲ੍ਹਦਿਲੀ ਅਤੇ ਬਖਸ਼ਿਸ਼ਾਂ ਨਾਲ ਵੀ ਨਿਵਾਜਦੇ ਸਨ।
ਛੰਦ-ਕਵਿਤਾ ਵਿਚ ਸਿੱਖ ਇਤਿਹਾਸ ਨੂੰ ਕਲਮਬੰਦ ਕਰਨ ਵਾਲੇ ਗਿਆਨੀ ਗਿਆਨ ਸਿੰਘ ਨੇ ਇਸ ਕਾਵਿ-ਉਕਤੀ ਵਿਚ ਇਸ ਗੱਲ ਨੂੰ ਮਾਕੂਲ ਤਰੀਕੇ ਨਾਲ ਇਉਂ ਬਿਆਨਿਆ ਹੈ:
ਧੰਨ ਗੁਰੂ ਕੇ ਸਿੱਖ ਅਕਲ ਕੇ ਪੱਕੇ ਬੈਰੀ।
ਧੰਨ ਗੁਰੂ ਸਮਰੱਥ ਜਿਨਿ ਵਸ ਕੀਨੇ ਜਹਿਰੀ।
ਧੰਨ ਗੁਰੂ ਕੇ ਸਿੱਖ ਅਕਲ ਕੇ ਨਿਕਟ ਨਾ ਜਾਇ ਹੈਂ।
ਧੰਨ ਗੁਰੂ ਸਮਰੱਥ ਪਕੜ ਇਨਿ ਤਖਤ ਬਹਾਇ ਹੈਂ।
ਇਸੇ ਤਰ੍ਹਾਂ ਦਾ ਗੁਹਜ ਭਾਵ ਉਸ ਘਟਨਾ ਦਾ ਸਮਝਣਾ ਚਾਹੀਦਾ, ਜੋ ਮਹਾਂਕਵੀ ਸੰਤੋਖ ਸਿੰਘ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਸਾਡੇ ਦ੍ਰਿਸ਼ਟੀਗੋਚਰ ਕੀਤੀ ਹੈ। ਲਿਖਦੇ ਹਨ, ਆਏ ਦਿਨ ਮੁਗਲਾਂ ਅਤੇ ਪਠਾਣਾਂ ਹੱਥੋਂ ਸਿੱਖ ਬੀਬੀਆਂ ਦੀ ਬੇਪੱਤੀ ਅਤੇ ਅਜ਼ਮਤ-ਹਾਨੀ ਤੋਂ ਪ੍ਰੇਸ਼ਾਨ ਅਤੀ ਰੋਹ ਵਿਚ ਆਏ ਕੁਝ ਸਿੱਖਾਂ ਨੇ ਦਸਮ ਪਾਤਸ਼ਾਹ ਤੋਂ ਇਜਾਜ਼ਤ ਮੰਗੀ ਕਿ ਜੇ ਕੋਈ ਮੁਸਲਮਾਨ ਔਰਤ ਉਨ੍ਹਾਂ ਦੇ ਅੜਿੱਕੇ ਆ ਜਾਵੇ ਤਾਂ ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਜਿਸਮੀ ਸ਼ੋਸ਼ਣ ਕਰਨ ਦੀ ਖੁੱਲ੍ਹ ਦਿੱਤੀ ਜਾਵੇ।
ਜਵਾਬ ਵਿਚ ਦਸਮ ਪਿਤਾ ਨੇ ਦ੍ਰਿੜ ਅਤੇ ਗੰਭੀਰ ਸੁਰ ਵਿਚ ਇਨ੍ਹਾਂ ਕਾਹਲੇ, ਬੇਸਬਰੇ ਅਤੇ ਹਿੰਸਕ ਬਿਰਤੀ ਉਤੇ ਉਤਾਰੂ ਸਿੱਖਾਂ ਨੂੰ ਤਾੜਨਾ ਕਰਦਿਆਂ ਕਿਹਾ ਸੀ, ”ਮੈਂ ਪੰਥ ਨੂੰ ਉਚੇਰਾ ਲੈ ਕੇ ਜਾਣਾ ਹੈ, ਅਧੋਗਤੀ ਵਿਚ ਗਰਕ ਨਹੀਂ ਹੋਣ ਦੇਣਾ।”
ਸਿੱਖਾਂ ਦੇ ਕਿਰਦਾਰ ਉਤੇ ਗੁਰ-ਸਿਧਾਂਤ ਦਾ ਇਹ ਪਹਿਰਾ ਕਈ ਚਿਰ ਕਾਇਮ ਰਿਹਾ। ਚੇਤੇ ਰਹੇ, ਬੇਜੋੜ ਵਾਕਿਆ-ਨਵੀਸ ਕਾਜ਼ੀ ਨੂਰ ਮੁਹੰਮਦ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ ਉਤੇ ਸੱਤਵੇਂ ਹਮਲੇ ਸਮੇਂ ਉਸ ਦਾ ਹਮਰਕਾਬ ਬਣ ਕੇ ਆਇਆ ਤਾਂ ਉਸ ਨੇ ਮੈਦਾਨ-ਏ-ਜੰਗ ਵਿਚ ਵੀ ਸਿੱਖਾਂ ਦਾ ਕਰਾਰ ਅਤੇ ਸੁਰਤ ਬਰਕਰਾਰ ਰਹਿਣ ਦਾ ਸ਼ਾਨਦਾਰ ਕਿੱਸਾ ‘ਜੰਗਨਾਮਾ’ ਲਿਖਿਆ। ਇਸ ਤੋਂ ਪਹਿਲੋਂ ਭਾਈ ਘਨੱਈਆ ਜੀ ਆਪਣੀ ਸੇਵਾ-ਭਗਤੀ ਰਾਹੀਂ ਸਿੱਖੀ ਦੇ ਸਮਦ੍ਰਿਸ਼ਟ ਨਜ਼ਰੀਏ ਨੂੰ ਸਾਕਾਰ ਕਰ ਚੁਕੇ ਸਨ।
ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ ਸਰਦਾਰ ਕਪੂਰ ਸਿੰਘ, ਆਈ. ਸੀ. ਐਸ਼ ਸਿੱਖਾਂ ਨੂੰ ਖਬਰਦਾਰ ਕਰਦਿਆਂ ਲਿਖਦੇ ਹਨ ਕਿ ਜਦੋਂ ਕੋਈ ਸਿੱਖ ਗੁਰੂ ਸਿਧਾਂਤਾਂ ਤੋਂ ਬੇਮੁਖ ਹੋ ਕੇ ਸਿੱਖੀ ਦੇ ਦਾਇਰੇ ਵਿਚੋਂ ਬਾਹਰ ਹੋ ਜਾਂਦਾ ਹੈ ਤਾਂ ਕੋਈ ਵੀ ਘਿਨਾਉਣਾ, ਹਿੰਸਕ ਅਤੇ ਗਿਲਾਨੀ ਭਰਪੂਰ ਕੰਮ ਉਸ ਦੀ ਮਨਮੁਖ ਬਿਰਤੀ ਤੋਂ ਦੂਰ ਨਹੀਂ ਹੁੰਦਾ। ਉਹ ਔਰਤਾਂ ਨੂੰ ਧੱਕੇ ਨਾਲ ਚੁੱਕ ਲਿਜਾਣ ਵਾਲਾ, ਸ਼ਾਹਰਾਹਾਂ ਦਾ ਡਾਕੂ, ਬਲਾਤਕਾਰੀ, ਭਾੜੇ ਦਾ ਕਾਤਲ ਅਤੇ ਚੋਰ ਉਚੱਕੇ ਵਾਲਾ ਕੋਈ ਵੀ ਕੁਕਰਮ ਸਹਿਜੇ ਹੀ ਕਰ ਸਕਦਾ ਹੈ।
ਮੁਲਕ ਦੀ ਵੰਡ ਤੋਂ ਲੈ ਕੇ ਅੱਜ ਤੱਕ ਸੱਤਰ ਸਾਲਾਂ ਦੇ ਇਤਿਹਾਸ ਵਿਚ ਸਿੱਖਾਂ ਦੇ ਅਜਿਹੇ ਅਣਮਨੁੱਖੀ ਵਤੀਰੇ ਦੇ ਅਨੇਕਾਂ ਪ੍ਰਮਾਣ ਮਿਲ ਜਾਂਦੇ ਹਨ। ਹੱਥੋ ਪਾਈ, ਧੱਕਾ ਮੁੱਕੀ, ਹੁਲੜਬਾਜ਼ੀ, ਸੀਨਾਜ਼ੋਰੀ ਅਤੇ ਮਾਰ-ਧਾੜ ਪਿੰਡ ਪੱਧਰ ਤੋਂ ਲੈ ਕੇ ਅਸੈਂਬਲੀ ਤੱਕ ਦੀਆਂ ਚੋਣਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧ ਦੀ ਚੌਧਰ ਹਾਸਲ ਕਰਨ ਤੱਕ ਆਮ ਦੇਖੀ ਜਾ ਸਕਦੀ ਹੈ। ਜਿਹੜੇ ਗੀਤਾਂ ਨੂੰ ਸੁਣ ਕੇ ਸਿੱਖ ਜਵਾਨੀ ਹੁਲਾਰੇ ਅਤੇ ਜੋਸ਼ ਵਿਚ ਆਉਂਦੀ ਹੈ, ਉਨ੍ਹਾਂ ਵਿਚ ਜਮੀਨ-ਜਾਇਦਾਦ, ਮਹਿੰਗੀਆਂ ਗੱਡੀਆਂ ਦਾ ਵਿਖਾਵਾ, ਸ਼ਰਾਬੀ ਅਤੇ ਵੈਲੀ ਹੋਣ ਦਾ ਮਾਣ, ਔਰਤ ਦੇ ਜਿਸਮ ਨੂੰ ਪਾੜ-ਪਾੜ ਦੇਖਦੀਆਂ ਲਲਚਾਈਆਂ ਅੱਖਾਂ ਅਤੇ ਲੁੱਟ-ਮਾਰ ਦੀ ਹਿੰਸਕ ਬਿਰਤੀ ਪ੍ਰਮੁੱਖ ਹੈ। ਸਿੱਖ ਧਰਮ ਦੇ ਇਖਲਾਕੀ ਅਸੂਲਾਂ ਤੋਂ ਗਿਰਾਵਟ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਇਸ ਨੂੰ ਯਾਦ ਕਰਾਉਣ ਵਾਲਿਆਂ ਨੂੰ ਵੀ ਅਜਿਹੇ ਲੋਕਾਂ ਦੀ ਹਿੰਸਾ ਅਤੇ ਹੈਵਾਨੀਅਤ ਦਾ ਸ਼ਿਕਾਰ ਬਣਨਾ ਪੈਂਦਾ ਹੈ। ਇਸ ਨੀਚ ਮਾਨਵੀ ਬਿਰਤੀ ਅਤੇ ਇਸ ਦੇ ਕਾਰਨਾਂ ਤੋਂ ਅਸੀਂ ਅੱਜ ਵੀ ਬੇਖਬਰ ਹਾਂ ਅਤੇ ਇਸ ਦਾ ਕੋਈ ਇਲਾਜ, ਕੋਈ ਉਪਾਓ ਕਰਨ ਦਾ ਖਿਆਲ ਕਦੇ ਸਾਡੀ ਸੋਚ ਵਿਚੋਂ ਨਹੀਂ ਲੰਘਦਾ।
ਅਕਸਰ ਕਿਸੇ ਦੇ ਕਿਰਦਾਰ ਨੂੰ ਵੇਖ ਕੇ ਬਾਕੀ ਲੋਕ ਉਸ ਦੇ ਧਰਮ, ਮਨੌਤਾਂ ਅਤੇ ਕੌਮੀਅਤ ਬਾਰੇ ਵਿਚਾਰ ਬਣਾਉਂਦੇ ਹਨ। ਇਹ ਕੋਈ ਅਨੋਖੀ ਗੱਲ ਨਹੀਂ ਹੈ। 18ਵੀਂ ਸਦੀ ਦੇ ਵਿਚਕਾਰਲੇ ਦਹਾਕਿਆਂ ਵਿਚ ਜਦੋਂ ਸਿੱਖ ਗੁਰੂ ਸਿਧਾਂਤਾਂ ਦੇ ਸੱਜਰੇ ਤੇਜ ਵਿਚ ਪ੍ਰਚੰਡ ਹੋ ਕੇ ਮੁਗਲਾਂ-ਪਠਾਣਾਂ ਵਿਰੁਧ ਜ਼ਿੰਦਗੀ-ਮੌਤ ਦੇ ਘੋਰ ਸੰਘਰਸ਼ ਵਿਚੋਂ ਲੰਘ ਰਹੇ ਸਨ ਤਾਂ ਸਿੱਖ ਕਿਰਦਾਰ ਦੀ ਹਾਮੀ ਭਰਦਾ ਇਹ ਲੋਕ-ਅਖਾਣ ਪ੍ਰਚਲਿਤ ਹੋ ਗਿਆ ਸੀ,
ਆਏ ਨੀ ਨਿਹੰਗ, ਬੂਹਾ ਖੋਲ੍ਹ ਦੇ ਨਿਸੰਗ।
ਪਰ ਹੁਣ ਹੌਲੀ ਹੌਲੀ ਅਸੀਂ ਖੋਟ ਇਕੱਤਰ ਕਰ ਕੇ ਇਸ ਮੁਕਾਮ ‘ਤੇ ਪਹੁੰਚ ਗਏ ਹਾਂ ਕਿ ਹੁਣ ਗੁਰਦੁਆਰਿਆਂ ਤੋਂ ਲੈ ਕੇ ਵਿਆਹ ਸ਼ਾਦੀਆਂ ਤੱਕ ਸਾਡੇ ਹਿੰਸਾਤਮਕ ਵਿਹਾਰ ਦਾ ਪ੍ਰਦਰਸ਼ਨ ਹੋ ਰਿਹਾ ਹੈ। ਜੋ ਲੋਕ ਅੱਜ ਸਿੱਖਾਂ ਨੂੰ ਵਿਚਰਦਿਆਂ ਵੇਖ ਕੇ ਸਿੱਖ ਧਰਮ ਬਾਰੇ ਰਾਏ ਬਣਾਉਂਦੇ ਹਨ, ਉਨ੍ਹਾਂ ਅੰਦਰ ਇਸ ਮਹਾਨ ਧਰਮ ਨੂੰ ਅਪਨਾਉਣ ਜਾਂ ਇਸ ਬਾਰੇ ਉਤਮ ਵਿਚਾਰ ਰੱਖਣ ਅਤੇ ਪ੍ਰਚਾਰਨ ਦੀ ਚੇਸ਼ਟਾ ਉਕਾ ਹੀ ਖਤਮ ਹੋ ਗਈ ਹੈ।
ਹੈਰਾਨੀ ਦੀ ਗੱਲ ਨਹੀਂ ਕਿ ਅਰਨੋਲਡ ਟੌਇਨਬੀ ਅਤੇ ਪ੍ਰੋ. ਪੂਰਨ ਸਿੰਘ ਨੇ ਸਿੱਖ ਧਰਮ ਦੀ ਖਾਸੀਅਤ ਬਾਰੇ ਜੋ ਵਿਚਾਰ ਪ੍ਰਗਟਾਏ ਸਨ, ਉਸ ਤਰਜ਼ ਉਤੇ ਸਿੱਖ ਧਰਮ ਬਾਰੇ ਲਿਟਰੇਚਰ ਸ਼ਾਇਦ ਇਸੇ ਕਰਕੇ ਹੁਣ ਬਹੁਤ ਘੱਟ ਲਿਖਿਆ ਜਾ ਰਿਹਾ ਹੈ। ਅਨੂਠਾਪਣ (ੂਨਤੁ॥ਨ॥ਸਸ) ਦੂਜਿਆਂ ਨੂੰ ਆਕਰਸ਼ਿਤ ਕਰਦਾ ਹੈ। ਜਦੋਂ ਇਸ ਦੀ ਘਾਟ ਜਾਂ ਅਣਹੋਂਦ ਹੋ ਜਾਵੇ ਤਾਂ ਦੂਜਿਆਂ ਦੀ ਦਿਲਚਸਪੀ ਤੁਹਾਡੇ ਵਿਚ ਘਟ ਜਾਂਦੀ ਹੈ। ਸਿੱਖ ਧਰਮ ਦੀ ਵਿਚਿੱਤਰ ਆਭਾ ਥੱਲੇ ਕਿਧਰੇ ਦਬ ਗਈ ਹੈ। ਜਾਪਦਾ ਹੈ ਕਿ ਹੁਣ ਤਾਂ ‘ਖਾਲਸਾ ਏਡ’ ਵਰਗੀਆਂ ਸੰਸਥਾਵਾਂ ਰਾਹੀਂ ਲੰਗਰ ਛਕਾ ਕੇ ਅਤੇ ਦਵਾਈਆਂ-ਕੱਪੜੇ ਵੰਡ ਕੇ ਸਿੱਖ ਧਰਮ ਦੀ ਸਾਖ ਅਤੇ ਅਕਸ ਬਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਕਿਹੜੀਆਂ ਸਿਖਰਾਂ ਤੋਂ ਅਸੀਂ ਕਿਥੇ ਆਣ ਡਿੱਗੇ ਹਾਂ, ਇਹ ਵੱਡੀ ਸੋਚਣ ਵਾਲੀ ਗੱਲ ਹੈ।

-ਪ੍ਰੋ. ਹਰਪਾਲ ਸਿੰਘ
ਫੋਨ: 91-94171-32373