ਬਲਦੇਵ ਸਿੰਘ ਸੜਕਨਾਮਾ ਦਾ ਵਿਰਾਸਤੀ ਗੁਰਦੁਆਰਾ ਐਬਟਸਫੋਰਡ ਕਮੇਟੀ ਵੱਲੋਂ ਸਨਮਾਨ ਸੋਚੀ ਸਮਝੀ ਸਾਜਿਸ਼

ਬਲਦੇਵ ਸਿੰਘ ਸੜਕਨਾਮਾ ਦਾ ਵਿਰਾਸਤੀ ਗੁਰਦੁਆਰਾ ਐਬਟਸਫੋਰਡ ਕਮੇਟੀ ਵੱਲੋਂ ਸਨਮਾਨ ਸੋਚੀ ਸਮਝੀ ਸਾਜਿਸ਼

ਸਥਾਨਿਕ ਯੂਨੀਵਰਸਿਟੀ ਦੇ ਆਗੂ ਵੀ ਸਾਜਿਸ਼ ਦੇ ਭਾਗੀਦਾਰ-ਸਿੱਖ ਜਥੇਬੰਦੀਆਂ
ਸੜਕਨਾਮਾ ਨੂੰ ਅਕਾਲ ਤਖਤ ਸਾਹਿਬ ‘ਤੇ ਤਲਬ ਕਰਨ ਦੀ ਮੰਗ ਨੇ ਫੜ੍ਹਿਆ ਜ਼ੋਰ

ਐਬਟਸਫੋਰਡ :-(ਬਰਾੜ-ਭਗਤਾ ਭਾਈ ਕਾ) ਏਥੋਂ ਦੇ ਵਿਰਾਸਤੀ ਗੁਰਦੁਆਰਾ ਸਾਹਿਬ (ਖਾਲਸਾ ਦੀਵਾਨ ਸੋਸਾਇਟੀ) ਦੀ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਚਰਿਤਰਘਾਤ ਕਰਨ ਵਾਲੇ ਲੇਖਕ ਬਲਦੇਵ ਸਿੰਘ ਸੜਕਨਾਮਾ ਨੂੰ ਇੱਥੋ ਦੀ ਫਰੇਜ਼ਰ ਵੈਲੀ ਯੂਨੀਵਰਸਿਟੀ ਦੇ ਸਾਊਥ ਏਸ਼ੀਅਨ ਸਟੱਡੀਜ਼ ਵਿਭਾਗ ਨਾਲ ਰਲਕੇ ਸਨਮਾਨਤ ਕਰਨ ਦੀ ਗੱਲ ਸਾਹਮਣੇ ਆਉਣ ਉਪਰੰਤ ਸਿੱਖ ਜਥੇਬੰਦੀਆਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਹੈ। ਇਸ ਤੋਂ ਪਹਿਲਾਂ ‘ਸੂਰਜ ਦੀ ਅੱਖ’ ਨਾਵਲ ਨੂੰ ਬਰਜ ਢਾਹਾਂ ਸਨਮਾਨ ਦੇਣ ‘ਤੇ ਕੈਨੇਡਾ ਦੀਆਂ ਸਾਹਿਤਕ ਸੰਸਥਾਵਾਂ ਨੇ ਇਸ ਦਾ ਭਾਰੀ ਵਿਰੋਧ ਕੀਤਾ ਹੈ ਤੇ ਹੁਣ ਸਿੱਖ ਜਥੇਬੰਦੀਆਂ ਵੀ ਸੜਕਨਾਮੇ ਨੂੰ ਸਨਮਾਨਤ ਕਰਨ ਦੇ ਵਿਰੋਧ ਵਿੱਚ ਸਾਹਮਣੇ ਆਈਆਂ ਹਨ। ਲੋਅਰ ਮੇਨਲੈਂਡ ਦੀਆਂ ਸਮੂਹ ਸਿੱਖ ਜਥੇਬੰਦੀਆਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ-ਡੈਲਟਾ, ਗੁਰਦੁਆਰਾ ਸੁੱਖ ਸਾਗਰ ਇਊ ਵੈਸਟਮਿਨਸਟਰ, ਗੁਰਦੁਅਰਾ ਬਾਬਾ ਬੰਦਾ ਸਿੰਘ ਬਹਾਦਰ ਐਬਟਸਫੋਰਡ, ਗੁਰਦੁਆਰਾ ਦਸਮੇਸ਼ ਦਰਬਾਰ ਸਰੀ, ਗੁਰਦੁਆਰਾ ਕਲਗੀਧਰ ਦਰਬਾਰ ਐਬਟਸਫੋਰਡ, ਗੁਰਦੁਆਰਾ ਦੂਖ ਨਿਵਾਰਨ ਸਰੀ, ਗੁਰਦੁਆਰਾ ਸਿੰਘ ਸਭਾ ਸਰੀ ਸਮੇਤ ਕਈ ਹੋਰਨਾਂ ਜਥੇਬੰਦੀਆਂ ਨੇ ਇਸ ਪ੍ਰਤੀ ਵਿਰੋਧ ਕਰਦਿਆਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬਲਦੇਵ ਸੜਕਨਾਮਾ ਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਚਰਿਤਰ ‘ਤੇ ਉਂਗਲੀ ਉਠਾਕੇ ਲਿਖਿਆ ਗਿਆ ਨਾਵਲ ‘ਸੂਰਜ ਦੀ ਅੱਖ’ ਨੂੰ ਸਨਮਾਨਤ ਕਰਨਾ ਇੱਕ ਸੋਚੀ ਸਮਝੀ ਸਾਜਿਸ਼ ਦਾ ਵੱਡਾ ਹਿੱਸਾ ਹੈ ਕਿਉਂਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਸਾਹਿਤਕਾਰਾਂ ਨੂੰ ਵੀ ਵਰਤਿਆ ਜਾਣ ਲੱਗ ਪਿਆ ਹੈ। ਅਗਲੀ ਗੱਲ ‘ਚ ਸਿੱਖ ਜਥੇਬੰਦੀਆਂ ‘ਚ ਇਸ ਗੱਲ ਦਾ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਇੱਕ ਲੇਖਕ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨਾਲ ਚਰਿੱਤਰਘਾਤ ਕਰਕੇ ਉਸ ਨੂੰ ਬਦਨਾਮ ਕੀਤਾ ਹੀ ਹੈ, ਪਰ ਅਫ਼ਸੋਸ ਹੁਣ ਇਸ ਗੱਲ ਦਾ ਹੈ ਕਿ ਜਿਸ ਗੁਰੂਘਰ ‘ਚ ਢਾਡੀ, ਕਵੀਸ਼ਰ ਮਹਾਰਾਜਾ ਰਣਜੀਤ ਸਿੰਘ ਦੀਆਂ ਵਾਰਾਂ ਗਾਉਂਦੇ ਹਨ ਓਹੀ ਕਮੇਟੀ ਉਨ੍ਹਾਂ ਨੂੰ ਸਨਮਾਨਿਤ ਕਰਦੀ ਹੈ ਤੇ ਜਿਸ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਕੁਫ਼ਰ ਤੋਲਿਆ ਸਿੱਖ ਭਾਈਚਾਰੇ ਅੰਦਰ ਇਸ ਗੱਲ ਦਾ ਵੀ ਤਿੱਖਾ ਰੋਸ ਹੈ ਕਿ ਫਰੇਜ਼ਰ ਵੈਲੀ ਯੂਨੀਵਰਸਿਟੀ ਦੇ ਜਿਸ ਸਾਊਥ ਏਸ਼ੀਆ ਸਟੱਡੀਜ਼ ਵਿਭਾਗ ਲਈ ਉਨ੍ਹਾਂ ਮਿਲੀਅਨ ਡਾਲਰਾਂ ਦਾ ਦਾਨ ਦੇ ਕੇ ਇਸ ਨੂੰ ਸਥਾਪਿਤ ਕੀਤਾ, ਉਸ ਵੱਲੋਂ ਹੀ ਸਿੱਖ ਇਤਿਹਾਸ ਨੂੰ ਬਰਬਾਦ ਕਰਨ ਅਤੇ ਕੌਮ ਦੀਆਂ ਜੜ੍ਹਾਂ ‘ਚ ਤੇਲ ਦੇਣ ਦਾ ਸ਼ਰਮਨਾਕ ਕਾਰਾ ਕੀਤਾ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਯੂਨੀਵਰਸਿਟੀ ਦੇ ਚਾਂਸਲਰ ਦੀ ਕੁਰਸੀ ‘ਤੇ ਇੱਕ ਪੰਜਾਬੀ ਨੂੰ ਬਿਠਾਇਆ ਗਿਆ ਹੈ ਜੋ ਕਿ ਇੱਥੋਂ ਨਿੱਕਲਦੇ ਇੱਕ ਅਖ਼ਬਾਰ ਦਾ ਪੰਜਾਬ ਦਾ ਸੰਪਾਦਕ ਐਂਡੀ ਸਿੱਧੂ ਜਿਸ ਗੱਲ ਨੂੰ ਲੈ ਕੇ ਭਾਈਚਾਰੇ ਅੰਦਰ ਡੂੰਘੀ ਨਿਰਾਜ਼ਗੀ ਪਾਈ ਜਾ ਰਿਹਾ ਹੈ। ਸਮੂਹ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਦੇ ਖਿਲਾਫ਼ ਯੂਨੀਵਰਸਿਟੀ ਦੇ ਪ੍ਰਬੰਧਕੀ ਵਿਭਾਗ ਕੋਲ ਰੋਸ ਦਰਜ ਕਰਵਾਉਣਗੀਆਂ ਤਾਂ ਕਿ ਪੰਜਾਬੀਆਂ ਦੇ ਦਾਨ ਨਾਲ ਹੀ ਪੰਜਾਬ ਦੇ ਨਾਇਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਬਦਨਾਮ ਕਰਨ ਦੀ ਕੋਝੀ ਸਾਜਿਸ਼ ਨੂੰ ਤੁਰੰਤ ਰਕਿਆ ਜਾਵੇ। ਇਸ ਦੇ ਨਾਲ ਹੀ ਜਥੇਬੰਦੀਆਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਹੈ ਕਿ ਬਲਦੇਵ ਸਿੰਘ ਸੜਕਨਾਮਾ ਨੂੰ ਅਕਾਲ ਤਖਤ ‘ਤੇ ਤਲਬ ਕੀਤਾ ਜਾਵੇ ਅਤੇ ਉਸ ਵੱਲੋਂ ਸ਼ੇਰੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਝੀ ਹਰਕਤ ਖਿਲਾਫ਼ ਕਾਰਵਾਈ ਕੀਤੀ ਜਾਵੇ।