ਦੱਖਣੀ ਸਿੱਖਾਂ ਦੀ ਦਾਸਤਾਨ

ਪੰਜਾਬ ਅਤੇ ਪੰਜਾਬੀਆਂ ਲਈ ਉਹ ਦੱਖਣੀ ਸਿੱਖ ਹਨ। ਉਹ ਮੁਲਕ ਦੇ ਦੱਖਣੀ ਹਿੱਸੇ ਵਿਚ ਗੋਦਾਵਰੀ ਤੋਂ ਕ੍ਰਿਸ਼ਨਾ ਦਰਿਆਵਾਂ ਵਿਚਕਾਰਲੇ ਖਿੱਤੇ ਵਿਚ ਵੱਸਦੇ ਹਨ। ਇਹ ਮੁੱਖ ਤੌਰ ‘ਤੇ ਉਸ ਖਿੱਤੇ ਦੇ ਵਸਨੀਕ ਹਨ ਜਿਥੇ ਲੰਮਾ ਸਮਾਂ ਹੈਦਰਾਬਾਦ ਦੇ ਨਿਜ਼ਾਮ (1720-1948) ਦੀ ਹਕੂਮਤ ਰਹੀ ਹੈ। ਇਨ੍ਹਾਂ ਦੀ ਆਬਾਦੀ ਪੱਛਮ ਵਿਚ ਔਰੰਗਾਬਾਦ ਤੋਂ ਪੂਰਬ ਵਿਚ ਖਮਾਮ ਅਤੇ ਦੱਖਣ ਵਿਚ ਬਿਦਰ ਤਕ ਹੈ। ਇਸ ਖਿੱਤੇ ਵਿਚ ਤਿੰਨ ਮੁੱਖ ਭਾਸ਼ਾਈ ਖੇਤਰ- ਮਰਾਠੀ, ਤੇਲਗੂ ਤੇ ਕੰਨੜ ਪੈਂਦੇ ਹਨ ਅਤੇ ਪ੍ਰਸ਼ਾਸਕੀ ਤੌਰ ‘ਤੇ ਇਹ ਮਹਾਰਾਸ਼ਟਰ, ਤਿਲੰਗਾਨਾ ਤੇ ਕਰਨਾਟਕ ਸੂਬਿਆਂ ਦਾ ਇਲਾਕਾ ਹੈ। ਇਹ ਪੰਜਾਬੀ ਸਿੱਖਾਂ ਨਾਲੋਂ ਸਿਰਫ ਭਾਸ਼ਾ, ਡੀਲ-ਡੌਲ ਅਤੇ ਪਹਿਰਾਵੇ ਪੱਖੋਂ ਹੀ ਵੱਖਰੇ ਨਹੀਂ ਸਗੋਂ ਇਨ੍ਹਾਂ ਦੇ ਗੁਰਦੁਆਰਿਆਂ ਦੀ ਮਰਿਆਦਾ, ਦਿਨ-ਤਿਹਾਰ ਮਨਾਉਣ ਅਤੇ ਨਿੱਤਨੇਮ ਦੇ ਢੰਗ-ਤਰੀਕੇ ਵੀ ਵੱਖਰੇ ਹਨ।
ਇਨ੍ਹਾਂ ਸਿੱਖਾਂ ਵਿਚੋਂ ਬਹੁਤੇ ਵੱਖ ਵੱਖ ਦੌਰਾਂ ਅਤੇ ਤਰੀਕਿਆਂ ਰਾਹੀਂ ਦੱਖਣ ਪਹੁੰਚੇ। ਉਨ੍ਹਾਂ ਦੀ ਆਮਦ ਦੇ ਦੋ ਅਹਿਮ ਸਾਧਨ ਬਣੇ। ਸਿੱਖਾਂ ਦਾ ਪਹਿਲਾ ਜਥਾ ਗੁਰੂ ਗੋਬਿੰਦ ਸਿੰਘ ਦੀ 1707 ਵਿਚ ਦੱਖਣ ਯਾਤਰਾ ਦਾ ਹਿੱਸਾ ਸੀ, ਜਦੋਂ ਗੁਰੂ ਜੀ ਨੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਲਈ ਉਧਰ ਦਾ ਰੁਖ ਕੀਤਾ। ਉਨ੍ਹਾਂ ਦੇ 1708 ਵਿਚ ਨਾਂਦੇੜ ਸਾਹਿਬ ਵਿਖੇ ਜੋਤੀ-ਜੋਤ ਸਮਾਉਣ ਤੋਂ ਬਾਅਦ ਉਥੇ ਸਿੱਖਾਂ ਦੀ ਛੋਟੀ ਜਿਹੀ ਬਸਤੀ ਬਣ ਗਈ। ਇਹ ਸਥਾਨ ਹੁਣ ਮਹਾਰਾਸ਼ਟਰ ਵਿਚ ਹੈ। ਬਾਅਦ ਵਿਚ ਦੱਖਣ ਵਿਚ ਆਉਣ ਵਾਲੇ ਸਿੱਖ ਆਪਣਾ ਸਬੰਧ ਇਸ ਕਥਾ ਨਾਲ ਜੋੜਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ 1831 ਵਿਚ ਆਪਣੀ ਫੌਜ ਦਾ ਇਕ ਦਸਤਾ ਨਿਜ਼ਾਮ ਦੇ ਇਲਾਕੇ ਵਿਚ ਅਮਨ ਤੇ ਸੁਰੱਖਿਆ ਕਾਇਮ ਰੱਖਣ ਲਈ ਭੇਜਿਆ ਸੀ। ਇਉਂ ਨਾ ਸਿਰਫ ਸਿੱਖੀ ਦਾ ਦੱਖਣ ਵੱਲ ਪਾਸਾਰ ਹੋਇਆ ਸਗੋਂ ਇਸ ਨੇ ਨਵਾਂ ਸਿਆਸੀ ਦਾਅਵਾ ਵੀ ਉਭਾਰਿਆ, ਜਿਸ ਬਾਰੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਰਹਿੰਦੇ ਸਿੱਖ ਵਾਕਫ ਨਹੀਂ।
ਬਾਅਦ ਦੇ ਪੰਜਾਬੀ ਸਰੋਤਾਂ ਅਨੁਸਾਰ ਦਸਵੇਂ ਗੁਰੂ ਦੇ ਜੋਤੀ-ਜੋਤ ਸਮਾ ਜਾਣ ਮਗਰੋਂ ਥੋੜ੍ਹੇ ਜਿਹੇ ਸਿੱਖ ਉਥੇ ਰੁਕ ਗਏ, ਕਿਉਂਕਿ ਉਹ ਗੋਦਾਵਰੀ ਦੇ ਦੱਖਣੀ ਕੰਢੇ ਗੁਰੂ ਸਾਹਿਬ ਦੇ ਸਸਕਾਰ ਵਾਲੀ ਥਾਂ ਉਸਾਰੇ ਗਏ ਪੱਥਰ ਦੇ ਚਬੂਤਰੇ ਦੀ ਰਾਖੀ ਲਈ ਵਚਨਬੱਧ ਸਨ। ਗੁਰੂ ਸਾਹਿਬ ਨੇ ਭਾਵੇਂ ਅਜਿਹਾ ਨਾ ਕਰਨ ਦੀ ਹਦਾਇਤ ਕੀਤੀ ਸੀ, ਪਰ ਉਥੇ ਬਣੀ ਗੁਰੂ ਸਾਹਿਬ ਦੀ ਯਾਦਗਾਰ ਸਿੱਖਾਂ ਦੇ ਇਕੱਤਰ ਹੋਣ ਦੀ ਥਾਂ ਬਣ ਗਈ ਜੋ ਇਸ ਨੂੰ ਪਵਿਤਰ ਅਤੇ ਗੁਰੂ ਸਾਹਿਬ ਦਾ ਸਦੀਵੀ ਟਿਕਾਣਾ (ਅਬਿਚਲ ਨਗਰ) ਮੰਨਦੇ ਹਨ।
ਇਸ ਸਥਾਨ ਨੂੰ ਹੁਣ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਆਖਿਆ ਜਾਂਦਾ ਹੈ ਜੋ ਸਿੱਖਾਂ ਦੇ ਪੰਜ ਤਖਤਾਂ ਵਿਚੋਂ ਇਕ ਹੈ। ਮੰਨਿਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਇਥੇ ਹੀ ਇਨਸਾਨੀ ਜਾਮੇ ਵਾਲੇ ਗੁਰੂਆਂ ਦੀ ਥਾਂ ‘ਗੁਰੂ ਗ੍ਰੰਥ’ (ਆਦਿ ਗ੍ਰੰਥ) ਸਾਹਿਬ ਨੂੰ ਗੁਰਗੱਦੀ ਬਖਸ਼ੀ। ਕੁਝ ਵਿਦਵਾਨ ਭਾਵੇਂ ਇਸ ਨਾਲ ਸਹਿਮਤ ਨਹੀਂ। ਰਵਾਇਤ ਅਨੁਸਾਰ ਆਖਿਆ ਜਾਂਦਾ ਹੈ ਕਿ ‘ਪਰਮਾਤਮਾ ਦਾ ਵਾਸ’ ਸਿਰਫ ‘ਸੰਗਤ’ ਵਿਚ ਹੀ ਨਹੀਂ ਸਗੋਂ ‘ਪੰਜ ਪਿਆਰਿਆਂ ਦੀ ਇਕੱਤਰਤਾ’ ਵਿਚ ਵੀ ਹੈ। ਇਸ ਨਾਲ ਸਿੱਖਾਂ ਦੀ ‘ਸਾਂਝੀ ਜਥੇਬੰਦੀ ਨੂੰ ਖਾਸ ਪਵਿਤਰਤਾ’ ਮਿਲ ਗਈ ਤੇ ਇਸ ਨੇ ਅਠਾਰ੍ਹਵੀਂ ਸਦੀ ਵਿਚ ਪੰਜਾਬ ਵਿਚ ਖਾਲਸੇ ਦੇ ਉਭਾਰ ‘ਤੇ ਨੈਤਿਕ ਮੋਹਰ ਲਾ ਦਿੱਤੀ ਪਰ ਜਿਹੜੇ ਸਿੱਖ ਉਸ ਵਕਤ (1708) ਨਾਂਦੇੜ ਵਿਚ ਸਨ, ਉਨ੍ਹਾਂ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਘਰ ਤੋਂ ਦੂਰ ਇਸ ਥਾਂ ਕੌਮ ਦੀ ਹੋਣੀ ਦੀ ਰਾਖੀ ਲਈ ਖਾਸ ਜ਼ਿੰਮੇਵਾਰੀ ਸੌਂਪੀ ਗਈ ਸੀ।
ਸ਼ੁਰੂਆਤੀ ਦੌਰ ਵਿਚ ਨਾਂਦੇੜ ਵਿਖੇ ਵੱਸਣ ਵਾਲੇ ਸਿੱਖ ਅਜਿਹੇ ਵੰਨ-ਸੁਵੰਨੇ ਸਮੂਹ ਦੀ ਨੁਮਾਇੰਦਗੀ ਕਰਦੇ ਸਨ ਜਿਸ ਦੀ ਸਿੱਖੀ ਬਾਰੇ ਧਾਰਨਾ ਬਿਲਕੁਲ ਵੱਖੋ-ਵੱਖਰੀ ਸੀ। ਹਥਿਆਰਬੰਦ ਨਿਹੰਗ ਉਨ੍ਹਾਂ ਵਿਚੋਂ ਸਭ ਤੋਂ ਤਾਕਤਵਰ ਹਿੱਸਾ ਸਨ। ਇਨ੍ਹਾਂ ਨੂੰ ਪੰਜਾਬ ਵਿਚ ਅਠਾਰ੍ਹਵੀਂ ਸਦੀ ਵਿਚ ਅਕਾਲੀ ਵੀ ਆਖਿਆ ਜਾਂਦਾ ਸੀ ਜੋ ਬਹਾਦਰ ਅਤੇ ਗੁਰੂ ਜੀ ਪ੍ਰਤੀ ਅਥਾਹ ਸ਼ਰਧਾ ਰੱਖਦੇ ਸਨ। ਇਸ ਦੇ ਨਾਲ ਹੀ ਨਾਂਦੇੜ ਦੇ ਸਿੱਖਾਂ ਵਿਚ ਕੁਝ ‘ਉਦਾਸੀ’ ਵੀ ਸਨ ਜੋ ਖਾਲਸੇ ਦੀ ਰਹਿਤ-ਮਰਿਆਦਾ ਮੁਤਾਬਿਕ ਨਹੀਂ ਸਨ ਵਿਚਰਦੇ। ਗਿਣਤੀ ਪੱਖੋਂ ਘੱਟ ਹੋਣ ਕਾਰਨ ਇਨ੍ਹਾਂ ਸਿੱਖਾਂ ਨੇ ਤਖਤ ਦੀਆਂ ਨਿੱਤ-ਦਿਨ ਦੀਆਂ ਸੇਵਾਵਾਂ ਨਿਭਾਉਣ ਲਈ ਪੰਥਕ ਵਖਰੇਵੇਂ ਵਿਸਾਰ ਦਿੱਤੇ।
ਨਾਂਦੇੜ ਦੇ ਸੁੰਨਸਾਨ ਥਾਂ ਹੋਣ ਕਾਰਨ ਉਨ੍ਹਾਂ ਨੂੰ ਤਖਤ ਦਾ ਘੇਰਾ ਫੈਲਾਉਣ ਵਿਚ ਸੌਖ ਰਹੀ। ਇਕ ਪਾਸੇ ਗੋਦਾਵਰੀ ਦੀ ਕੁਦਰਤੀ ਹੱਦ ਸੀ। ਦੂਜੇ ਪਾਸਿਉਂ ਤਖਤ ਨੂੰ ਲੁਕਾਉਣ ਲਈ ਕਿੱਕਰ ਦੇ ਰੁੱਖਾਂ ਦੀ ਲੰਮੀ ਕਤਾਰ ਲਾ ਦਿੱਤੀ ਗਈ। ਲੰਗਰ ਸਮੇਤ ਤਖਤ ਦੇ ਨਿੱਤ ਦੇ ਕੰਮ-ਕਾਜ ਲਈ ਕੁਝ ਅਹੁਦੇਦਾਰਾਂ ਨਿਯੁਕਤ ਕਰ ਦਿੱਤੇ ਗਏ। ਇਸ ਦੀ ਸ਼ੁਰੂਆਤ ਜਥੇਦਾਰ ਦੀ ਨਿਯੁਕਤੀ ਨਾਲ ਹੋਈ ਜੋ ਰੋਜ਼ਮੱਰ੍ਹਾ ਦੇ ਕੰਮ-ਕਾਜ ਦੀ ਅਗਵਾਈ ਕਰਦਾ ਅਤੇ ਭਾਈਚਾਰੇ ਦੇ ਮਾਲੀ ਵਸੀਲਿਆਂ ਦੀ ਮਜ਼ਬੂਤੀ ਲਈ ਹੋਰਾਂ ਨਾਲ ਤਾਲਮੇਲ ਰੱਖਦਾ। ਇਸ ਮਕਸਦ ਲਈ ਖੇਤੀਬਾੜੀ ਉਨ੍ਹਾਂ ਦੀ ਕੁਦਰਤੀ ਪਸੰਦ ਸੀ, ਕਿਉਂਕਿ ਜ਼ਮੀਨ ਦੀ ਕੋਈ ਕਮੀ ਨਹੀਂ ਸੀ। ਕੁਝ ਹੋਰ ਜੋ ਵਿੱਤੀ ਮਾਮਲਿਆਂ ਵਿਚ ਮੁਹਾਰਤ ਰੱਖਦੇ ਸਨ, ਉਨ੍ਹਾਂ ਵਪਾਰ ਦੀ ਸੋਚੀ। ਜਿਨ੍ਹਾਂ ਨਿਹੰਗਾਂ ਨੂੰ ਖਾਸ ਤੌਰ ‘ਤੇ ਤਖਤ ਦੀ ਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਉਨ੍ਹਾਂ ਨੂੰ ਛੱਡ ਕੇ ਬਾਕੀਆਂ ਨੇ ਆਪਣੇ ਆਪ ਨੂੰ ਫੌਜੀ ਅਭਿਆਸਾਂ ਰਾਹੀਂ ਕਾਇਮ ਰੱਖਣ ਨੂੰ ਤਰਜੀਹ ਦਿੱਤੀ।
ਜਿਉਂ-ਜਿਉਂ ਉਨ੍ਹਾਂ ਦੇ ਉਥੇ ਵਾਸੇ ਦਾ ਸਮਾਂ ਬੀਤਦਾ ਗਿਆ, ਉਨ੍ਹਾਂ ਨੂੰ ਵੱਖ-ਵੱਖ ਸਮਾਜਿਕ-ਆਰਥਿਕ ਹਾਲਾਤ ਨੇ ਸਥਾਨਕ ਗੁਆਂਢੀਆਂ ਨਾਲ ਮਿਲਣ-ਜੁਲਣ ਲਈ ਪ੍ਰੇਰਿਆ। ਸਥਾਨਕ ਔਰਤਾਂ ਨਾਲ ਵਿਆਹ ਕਰਵਾ ਲੈਣ ਸਦਕਾ ਉਨ੍ਹਾਂ ਦੀ ਔਲਾਦ ਨੂੰ ਸਥਾਨਕ ਸਮਾਜ ਦੀ ਭਾਸ਼ਾ ਤੇ ਸਭਿਆਚਾਰ ਅਪਨਾਉਣ ਵਿਚ ਸੌਖ ਹੋ ਗਈ ਪਰ ਇਹ ਸਭ ਉਨ੍ਹਾਂ ਦੇ ਸਿੱਖੀ ਨਿਆਰੇਪਣ ਦੀ ਕੀਮਤ ਉਤੇ ਨਹੀਂ ਹੋਇਆ। ਭਾਈਚਾਰੇ ਦੇ ਮਰਦ ਮੈਂਬਰ ਆਪਣਾ ਰਵਾਇਤੀ ਸਿੱਖ ਪਹਿਰਾਵਾ ਹੀ ਪਹਿਨਦੇ ਜਦੋਂਕਿ ਉਨ੍ਹਾਂ ਦੀਆਂ ਪਤਨੀਆਂ ਸਾੜ੍ਹੀਆਂ ਪਹਿਨਦੀਆਂ ਅਤੇ ਮੱਥੇ ‘ਤੇ ਸਿੰਧੂਰ ਲਾਉਂਦੀਆਂ। ਇਉਂ ਸਿੱਖਾਂ ਦੇ ਸਥਾਨਕ ਲੋਕਾਂ ਨਾਲ ਵਰਤ-ਵਿਹਾਰ ਦਾ ਘੇਰਾ ਵਧਣ ਲੱਗਾ ਅਤੇ ਉਨ੍ਹਾਂ ਦੀਆਂ ਘਰੇਲੂ ਯਾਦਾਂ ਵਿਚ ਸਥਾਨਕ ਤਜਰਬੇ ਸ਼ੁਮਾਰ ਹੁੰਦੇ ਗਏ। ਤਖਤ ਦੀਆਂ ਨਿੱਤ-ਦਿਨ ਦੀਆਂ ਰਸਮਾਂ ਦਾ ਵਿਸਤਾਰ ਹੁੰਦਾ ਗਿਆ ਅਤੇ ਉਨ੍ਹਾਂ ਦਾ ਜਾਹੋ-ਜਲਾਲ ਵਧਦਾ ਗਿਆ। ਇਸ ਸਦਕਾ ਤਖਤ ਵੱਡੀ ਗਿਣਤੀ ਸ਼ਰਧਾਲੂਆਂ ਨੂੰ ਆਪਣੇ ਵੱਖ ਖਿੱਚਣ ਲੱਗਾ ਅਤੇ ਇਸ ਸਥਾਨ ਦੀ ਆਮਦਨ ਵਿਚ ਵੀ ਇਜ਼ਾਫਾ ਹੋਣ ਲੱਗਾ।
ਤਖਤ ਸਾਹਿਬ ਦੇ ਰੋਜ਼ਮੱਰ੍ਹਾ ਕੰਮ-ਕਾਜ ਦੀ ਸ਼ੁਰੂਆਤ ਤੜਕੇ 2 ਵਜੇ ਗੋਦਾਵਰੀ ਦੇ ਤਾਜ਼ੇ ਜਲ ਨਾਲ ਤਖਤ ਦੇ ਅਹਾਤੇ ਨੂੰ ਧੋਣ ਨਾਲ ਹੁੰਦੀ ਹੈ। ਇਸ ਮਗਰੋਂ ਹੀ ਹੋਰ ਰਸਮਾਂ ਹੁੰਦੀਆਂ ਹਨ, ਜਿਵੇਂ ਸੁਖਮਨੀ ਸਾਹਿਬ ਦਾ ਪਾਠ, ਆਦਿ ਗ੍ਰੰਥ ਤੇ ਦਸਮ ਗ੍ਰੰਥ ਤੋਂ ਵਾਕ ਲੈਣਾ, ਆਰਤੀ, ਧੂਫ-ਬੱਤੀ ਕਰਨੀ, ਸੰਖ ਵਜਾਉਣਾ, ਕਥਾਵਾਚਕ ਵਲੋਂ ਸਿੰਘਾਂ ਦੀਆਂ ਬੀਰ ਗਾਥਾਵਾਂ ‘ਤੇ ਆਧਾਰਿਤ ਕਥਾ-ਪ੍ਰਵਾਹ ਆਦਿ। ਇਸ ਤਰ੍ਹਾਂ ਰਾਤ ਨੂੰ 8.45 ਵਜੇ ਜਥੇਦਾਰ ਵਲੋਂ ਕੀਰਤਨ ਸੋਹਿਲਾ ਪੜ੍ਹੇ ਜਾਣ ਤਕ ਵੱਖ-ਵੱਖ ਰਸਮਾਂ ਨਿਭਾਈਆਂ ਜਾਂਦੀਆਂ ਹਨ।
ਹੋਰ ਤਿਉਹਾਰ ਜਿਵੇਂ ਹੋਲੀ, ਨਰਾਤੇ, ਦੁਸਹਿਰਾ ਆਦਿ ਬਿਕਰਮੀ ਸੰਮਤ ਮੁਤਾਬਿਕ ਮਨਾਏ ਜਾਂਦੇ ਹਨ। ਬੱਕਰਾ-ਝਟਕੇ ਦੀ ਰਸਮ ਮਗਰੋਂ ਤਖਤ ਅੰਦਰ ਸਜਾਏ ਸਾਰੇ ਹਥਿਆਰਾਂ ਨੂੰ ਤਿਲਕ ਲਾਇਆ ਜਾਂਦਾ ਹੈ। ਇਨ੍ਹਾਂ ਰਸਮਾਂ, ਤਿਉਹਾਰਾਂ, ਜਸ਼ਨਾਂ ਅਤੇ ਸਮਾਗਮਾਂ ਰਾਹੀਂ ਦੱਖਣੀ ਸਿੱਖ ਨਾ ਸਿਰਫ ਸਿੰਘ ਸਭਾ ਦੌਰ ਦੀ ਸਿੱਖੀ ਤੋਂ ਆਪਣੇ ਨਿਆਰੇਪਣ ਦਾ ਪ੍ਰਗਟਾਵਾ ਕਰਦੇ ਹਨ ਸਗੋਂ ਆਪਣੇ ਆਪ ਨੂੰ ਸਥਾਨਕ ਵਸੋਂ ਨਾਲ ਵੀ ਜੋੜਦੇ ਹਨ। ਇਨ੍ਹਾਂ ਰਸਮਾਂ-ਰਿਵਾਜਾਂ ਨੂੰ ਪੰਜਾਬੀ ਸਿੱਖਾਂ ਵਲੋਂ ਭਾਵੇਂ ਪੰਜਾਬ ਤੋਂ ਬਾਹਰ ਸਿੱਖੀ ਦੇ ‘ਹਿੰਦੂਕਰਨ’ ਦੀਆਂ ਕੋਸ਼ਿਸ਼ਾਂ ਅਤੇ ਸਿੱਖ ਰਹਿਤ-ਮਰਿਆਦਾ ਨੂੰ ਤਿਲਾਂਜਲੀ ਕਰਾਰ ਦਿੱਤਾ ਜਾਂਦਾ ਹੈ, ਪਰ ਦੱਖਣੀ ਸਿੱਖ ਇਨ੍ਹਾਂ ਨੂੰ ਦਸਵੇਂ ਗੁਰੂ ਦੇ ਨਾਂਦੇੜ ਵਿਚਲੇ ਸਮੇਂ ਤੋਂ ਪਵਿਤਰ ਅਤੇ ਗੁਰੂ ਦੀ ਮਿਹਰ ਮੰਨਦੇ ਹਨ।
ਪੰਜਾਬ ਤੋਂ ਭੂਗੋਲਿਕ ਫਾਸਲੇ ਨੇ ਇਨ੍ਹਾਂ ਪਰਵਾਸੀ ਸਿੱਖਾਂ ਨੂੰ ਆਪਣੇ ਨਵੇਂ ਘਰ ਵਿਚ ਗੁਰਦੁਆਰਾ ਰਹਿਤ-ਮਰਿਆਦਾ ਅਤੇ ਹੋਰ ਸਭਿਆਚਾਰਕ ਵਿਰਾਸਤਾਂ ਪੱਖੋਂ ਖੁਦਮੁਖਤਾਰੀ ਕਾਇਮ ਕਰਨ ਦਾ ਮੌਕਾ ਦਿੱਤਾ। ਤਖਤ ਦਾ ਕੰਮ-ਕਾਜ ਵਧਣ ਨਾਲ ਕੁਝ ਹੋਰ ਵਿਸ਼ੇਸ਼ ਜ਼ਿੰਮੇਵਾਰੀਆਂ ਤੈਅ ਕਰਦਿਆਂ ‘ਰਹਿਰਾਸੀਏ’, ‘ਲਿਖਾਰੀ’ ਅਤੇ ‘ਧੂਪੀਏ’ ਆਦਿ ਵਜੋਂ ਸਿੱਖਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਉਹ ਆਪਣੀਆਂ ਵਿਸ਼ੇਸ਼ ਜ਼ਿੰਮੇਵਾਰੀਆਂ ਪੁਸ਼ਤਾਂ ਤੋਂ ਨਿਭਾਉਂਦੇ ਆ ਰਹੇ ਹਨ ਜਿਸ ਨਾਲ ਦੱਖਣੀ ਸਿੱਖਾਂ ਵਿਚ ਕਿੱਤਿਆਂ ਪੱਖੋਂ ਵਖਰੇਵੇਂ ਪੈਦਾ ਹੋਏ।
ਸਥਾਨਕ ਲੀਡਰਸ਼ਿਪ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਾਇਰਾ-ਏ-ਅਖਤਿਆਰ ਨੂੰ ਨੇੜਲੇ ਇਲਾਕਿਆਂ ਵਿਚ ਫੈਲਾਉਣ ਦੀ ਵੀ ਯੋਜਨਾ ਬਣਾਈ। ਉਨ੍ਹਾਂ ਨੇ ਖਾਸਕਰ ਅਹਿਮ ਦਿਨ-ਤਿਹਾਰਾਂ ਮੌਕੇ ਤਖਤ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਠਾਹਰ ਲਈ ਕੁਝ ਸਰਾਵਾਂ ਤੇ ਹੋਰ ਰਿਹਾਇਸ਼ੀ ਟਿਕਾਣਿਆਂ ਦੀ ਉਸਾਰੀ ਕਰਵਾਈ ਜਿਸ ਨਾਲ ਹੋਰ ਪਵਿਤਰ ਸਥਾਨਾਂ ਨੂੰ ਦਸਵੇਂ ਗੁਰੂ ਅਤੇ ਉਨ੍ਹਾਂ ਦੇ ਹੋਰ ਨੇੜਲੇ ਸਿੱਖਾਂ ਦੀ ਯਾਦ ਨਾਲ ਜੋੜਨ ਦੀ ਪ੍ਰੇਰਨਾ ਮਿਲੀ। ਸ਼ਰਧਾਲੂਆਂ ਦੀ ਆਮਦ ਵਧਣ ਨਾਲ ਸ਼ਰਧਾਲੂਆਂ ਅਤੇ ਸਥਾਨਕ ਲੋੜਾਂ ਦੀ ਪੂਰਤੀ ਲਈ ਪਵਿਤਰ ਸਥਾਨ ਦੇ ਬਾਹਰ ਨਵੀਆਂ ਬਸਤੀਆਂ ਵਸਣ ਲੱਗੀਆਂ ਅਤੇ ਆਰਜ਼ੀ ਬਾਜ਼ਾਰ ਲੱਗਣ ਲੱਗੇ। ਤਖਤ ਲਈ 18ਵੀਂ ਸਦੀ ਦੌਰਾਨ ਪੰਜਾਬ ਵਿਚਲੀਆਂ ਕੁਝ ਮਿਸਲਾਂ ਦੇ ਸਰਦਾਰਾਂ ਵੱਲੋਂ ਅਤੇ 19ਵੀਂ ਸਦੀ ਵਿਚ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸਿੱਖ ਰਾਜਿਆਂ ਵੱਲੋਂ ਵਿੱਤੀ ਸਹਾਇਤਾ ਅਤੇ ਸਾਜ਼ੋ-ਸਾਮਾਨ ਪਹੁੰਚਦਾ ਰਿਹਾ।
ਨਾਂਦੇੜ ਕਸਬੇ ਵਿਚ ਆਪਣੀ ਰਿਹਾਇਸ਼ ਦੀ ਕਰੀਬ ਡੇਢ ਸਦੀ ਤਕ ਸਿੱਖ ਆਬਾਦੀ ਪੱਖੋਂ ਬਹੁ ਗਿਣਤੀ ਵਿਚ ਰਹੇ, ਜਿਸ ਦਾ ਪਤਾ 1891 ਦੀ ਮਰਦਮਸ਼ੁਮਾਰੀ ਤੋਂ ਲੱਗਦਾ ਹੈ। ਅਜਿਹਾ ਆਬਾਦੀ ਵਿਚ ਕੁਦਰਤੀ ਵਾਧੇ ਅਤੇ ਸਮੇਂ-ਸਮੇਂ ਸਿੱਖਾਂ ਦੇ ਵੱਖ-ਵੱਖ ਗਰੁੱਪਾਂ ਜਿਵੇਂ ਨਿਰਮਲਿਆਂ ਤੇ ਨਿਹੰਗਾਂ ਦੇ ਆਉਣ ਸਦਕਾ ਵਾਪਰਿਆ। ਨਿਰਮਲੇ ਤਾਂ ਥੋੜ੍ਹਾ ਸਮਾਂ ਹੀ ਉਥੇ ਰਹੇ, ਪਰ ਨਿਹੰਗਾਂ ਵਿਚੋਂ ਸਾਰੇ ਫਿਰ ਪੰਜਾਬ ਨਹੀਂ ਪਰਤੇ। ਅਜਿਹਾ ਉਨ੍ਹਾਂ ਦੇ ਆਗੂ ਅਕਾਲੀ ਫੂਲਾ ਸਿੰਘ ਦੇ ਜੰਗ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੀ ਅਗਵਾਈ ਕਰਦਿਆਂ ਸ਼ਹੀਦੀ ਪਾ ਜਾਣ ਪਿੱਛੋਂ ‘ਉਨ੍ਹਾਂ ਦੀ ਅਹਿਮੀਅਤ ਘਟ ਜਾਣ’ ਕਾਰਨ ਵਾਪਰਿਆ। ਦੱਖਣ ਵਿਚ ਵੱਖ-ਵੱਖ ਮੱਧਕਾਲੀ ਬਾਦਸ਼ਾਹਤਾਂ ਦੇ ਉਭਾਰ ਅਤੇ ਨਿਘਾਰ ਨੇ ਉਥੇ ਤੇਜ਼ੀ ਨਾਲ ਫੌਜੀ ਲੋੜਾਂ ਵਧਣ ਲੱਗੀਆਂ। ਇਸ ਨਾਲ ਵੱਖ-ਵੱਖ ਨਸਲੀ ਪਿਛੋਕੜ ਵਾਲੇ ਭਾੜੇ ਦੇ ਫੌਜੀ ਵੱਡੀ ਗਿਣਤੀ ਵਿਚ ਉਥੇ ਪੁੱਜਣ ਲੱਗੇ।
ਹਥਿਆਰਬੰਦ ਨਿਹੰਗਾਂ ਨੇ ਇਸ ਨੂੰ ਆਪਣੇ ਲਈ ਨਾਂਦੇੜ ਤੋਂ ਬਾਹਰ ਜਾਣ ਦੇ ਮੌਕੇ ਵਜੋਂ ਦੇਖਿਆ। 19ਵੀਂ ਸਦੀ ਦੇ ਸ਼ੁਰੂਆਤੀ ਦੌਰ ਦੇ ਬ੍ਰਿਟਿਸ਼ ਵਸੀਲਿਆਂ ਮੁਤਾਬਿਕ, ਇਹ ਨਿਹੰਗ ਸਿੰਘ ਬੇਰਾੜ ਤੋਂ ਲੈ ਕੇ ਬਿਦਰ ਤਕ ਅਨੇਕਾਂ ਮੈਦਾਨ-ਏ-ਜੰਗਾਂ ਵਿਚ ਆਪਣੀ ਬਹਾਦਰੀ ਦੇ ਜੌਹਰ ਦਿਖਾਉਂਦੇ ਰਹੇ। ਦੱਖਣ ਵਿਚ ਗੁਰੂ ਨਾਨਕ ਦੇਵ ਦੀਆਂ ਉਦਾਸੀਆਂ ਨਾਲ ਸਬੰਧਿਤ ਹੋਣ ਕਾਰਨ ਬਿਦਰ ਦੀ ਉਨ੍ਹਾਂ ਲਈ ਧਾਰਮਿਕ ਪੱਖੋਂ ਵੀ ਮਹੱਤਤਾ ਸੀ।
ਕੁਝ ਨਿਹੰਗ ਸਿੱਖ ਨਿਜ਼ਾਮ ਦੀ ਹਕੂਮਤ ਵਿਚ ਵੀ ਪਹੁੰਚੇ। ਹੈਦਰਾਬਾਦ ਵਿਚ ਕੁਝ ਬ੍ਰਿਟਿਸ਼ ਰੈਜ਼ੀਡੈਂਟਾਂ (ਫੌਜੀ ਟੁਕੜੀਆਂ ਦੇ ਜਰਨੈਲਾਂ) ਨੂੰ ਉਨ੍ਹਾਂ ਦੇ ਫੌਜੀ ਅਸਰ ਬਾਰੇ ਸ਼ੱਕ-ਸ਼ੁਬਹੇ ਹੋਣ ਦੇ ਬਾਵਜੂਦ, ਨਿਜ਼ਾਮ ਦੇ ਅਸਲ ਦੀਵਾਨ ਚੰਦੂ ਲਾਲ ਨੇ ਕੁਝ ਦੱਖਣੀ ਸਿੱਖਾਂ ਨੂੰ ਨਾ ਸਿਰਫ ਹੈਦਰਾਬਾਦ ਦੇ ਰੈਜ਼ੀਡੈਂਟ ਰਸਲ ਦੇ ਫੌਜੀ ਦਸਤੇ ਵਿਚ ਸ਼ਾਮਲ ਕਰਵਾ ਲਿਆ, ਸਗੋਂ ਆਪਣੇ ਨਿੱਜੀ ਅੰਗ-ਰੱਖਿਅਕਾਂ ਵਿਚ ਵੀ ਭਰਤੀ ਕਰ ਲਿਆ। ਚੰਦੂ ਲਾਲ ਪੰਜਾਬੀ ਸਹਿਜਧਾਰੀ ਖੱਤਰੀ ਸਿੱਖ ਸੀ। ਉਹ ਓਨਾ ਚਿਰ ਇਸ ਅਹੁਦੇ ‘ਤੇ ਰਿਹਾ ਜਦੋਂ ਤਕ ਬ੍ਰਿਟਿਸ਼ਾਂ ਨੂੰ ਉਸ ਦੇ ਵਿੱਤੀ ਪ੍ਰਬੰਧਾਂ ਬਾਰੇ ‘ਤਸੱਲੀ’ ਰਹੀ। ਉਹ 19ਵੀਂ ਸਦੀ ਦੇ ਪਹਿਲੇ ਦਹਾਕਿਆਂ ਦੌਰਾਨ ‘ਬਹੁਤ ਸਾਰੀ ਜ਼ਮੀਨ ਦੇ ਮਾਲੀਏ ਨੂੰ ਉਚ ਵਿਆਜ ਦਰ ਉਤੇ’ ਗਹਿਣੇ ਰੱਖ ਕੇ ‘ਹੈਦਰਾਬਾਦ ਦੇ ਬੈਂਕਰਾਂ ਤੋਂ ਰਕਮਾਂ ਲੈਣ’ ਵਿਚ ਕਾਮਯਾਬ ਰਿਹਾ। ਇਸ ਦਾ ‘ਵੱਡਾ ਹਿੱਸਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ’ ਲਈ ਸੀ ਤਾਂ ਕਿ ‘ਫੌਜੀ ਦਸਤੇ ਦੀਆਂ ਤਨਖਾਹਾਂ ਕਾਰਨ ਹੈਦਰਾਬਾਦ ਦੇ ਵਧ ਰਹੇ ਕਰਜ਼ੇ ਦੀ ਅਦਾਇਗੀ’ ਕੀਤੀ ਜਾ ਸਕੇ। ਚੰਦੂ ਲਾਲ ਦੇ ਵਿੱਤੀ ਪ੍ਰਬੰਧਾਂ ਨੇ 1830ਵਿਆਂ ਵਿਚ ਮਾੜੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਅਤੇ 1840ਵਿਆਂ ਤਕ ਇਹ ਚੱਲਣਯੋਗ ਨਾ ਰਹੇ। ਹੈਦਰਾਬਾਦ ਦੇ ਬੈਂਕਰਾਂ ਦੀਆਂ ਮੁਸ਼ਕਿਲਾਂ ਵਧੀਆਂ ਤਾਂ ਉਨ੍ਹਾਂ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਇਸ ਨਾਲ ਵੀ ਚੰਦੂ ਲਾਲ ਦੇ ਪ੍ਰਬੰਧਾਂ ਦਾ ਖਾਤਮਾ ਹੋ ਗਿਆ।
ਹਾਲਾਤ ਉਦੋਂ ਖਰਾਬ ਹੋ ਗਏ ਜਦੋਂ ਫੌਜੀਆਂ ਨੇ ਆਪਣੇ ਬਕਾਏ ਲੈਣ ਲਈ ਹੈਦਰਾਬਾਦ ਦੀਆਂ ਸੜਕਾਂ ‘ਤੇ ਲੜਨਾ ਸ਼ੁਰੂ ਕਰ ਦਿੱਤਾ। ਅਮਨ-ਕਾਨੂੰਨ ਦੀ ਵਿਗੜ ਰਹੀ ਹਾਲਤ ਨੂੰ ਸੰਭਾਲਣ ਲਈ ਚੰਦੂ ਲਾਲ ਨੇ ਆਪਣੇ ਨਿੱਜੀ ਅੰਗ-ਰੱਖਿਅਕਾਂ ਦੀ ਠਾਹਰ ਲਈ ਸ਼ਹਿਰ ਦੇ ਬਾਹਰਵਾਰ ਸਿੱਖ ‘ਚਾਉਨੀਅਤ’ (ਫੌਜੀ ਛਾਉਣੀ) ਬਣਾਉਣ ਦਾ ਫੈਸਲਾ ਕੀਤਾ। ਉਸ ਨੇ ਇਸ ਲਈ ਵੀ ਇਸ ਨੂੰ ਮਜ਼ਬੂਤ ਕੀਤਾ ਤਾਂ ਕਿ ਇਹ ਫੌਜੀ ਹੋਰ ਨਸਲੀ ਗਰੁੱਪਾਂ ਦੀਆਂ ਲੜਾਈਆਂ ਨੂੰ ‘ਰੋਕ’ ਸਕਣ ਪਰ ਉਹ ਨਾ ਸਿਰਫ ਨਾਕਾਮ ਰਹੇ ਸਗੋਂ ਉਨ੍ਹਾਂ ਸਮੱਸਿਆ ਵੀ ਵਧਾ ਦਿਤੀ। ਹੋਰ ਭਾੜੇ ਦੇ ਫੌਜੀ ਗਰੁੱਪਾਂ ਵਾਂਗ, ਦੱਖਣੀ ਸਿੱਖਾਂ ਨੂੰ ਵੀ ਬਾਹਰਲੇ ਹੋਣ ਕਾਰਨ ਸ਼ਹਿਰ ਵਾਲੇ ਚੰਗੀ ਨਜ਼ਰ ਨਾਲ ਨਹੀਂ ਸੀ ਦੇਖਦੇ। ਉਨ੍ਹਾਂ ਦੀ ਨਿਵੇਕਲੀ ਸਿੱਖ ਪਛਾਣ ਨੇ ਉਨ੍ਹਾਂ ਖਿਲਾਫ ਸਥਾਨਕ ਲੋਕਾਂ ਵਿਚ ਇਹ ਰੁਝਾਨ ਵਧਾਇਆ।
ਹੈਦਰਾਬਾਦ ਵਿਚ ਉਨ੍ਹਾਂ ਦੇ ਵੰਸ਼ਜਾਂ ਨੂੰ ਭਾੜੇ ਦੇ ਫੌਜੀਆਂ ਵਾਲੇ ਆਪਣੇ ਪਿਛਲੇ ਸਬੰਧਾਂ ਤੋਂ ਖਹਿੜਾ ਛੁਡਵਾਉਣ ਲਈ ਬਹੁਤ ਜੱਦੋਜਹਿਦ ਕਰਨੀ ਪਈ। ਇਸ ਲਈ ਉਨ੍ਹਾਂ ਨੂੰ ਵੱਖਰੀ ਕਹਾਣੀ ਘੜਨੀ ਪਈ। ਉਨ੍ਹਾਂ ਚੰਦੂ ਲਾਲ ਵਲੋਂ ਆਪਣੇ ਅੰਗ ਰੱਖਿਅਕਾਂ ਨੂੰ ਸ਼ਹਿਰ ਦੀ ਛਾਉਣੀ ਵਿਚ ਰੱਖੇ ਜਾਣ ਨੂੰ ਮਹਾਰਾਜਾ ਰਣਜੀਤ ਸਿੰਘ ਵਲੋਂ ਆਪਣੀ ਫੌਜ ਹੈਦਰਾਬਾਦ ਭੇਜੇ ਜਾਣ ਦੀ ਕਹਾਣੀ ਨਾਲ ਜੋੜ ਲਿਆ। ਇਸ ਨੇ ਉਨ੍ਹਾਂ ਨੂੰ ਇਸ ਦਾਅਵੇ ਲਈ ਪ੍ਰੇਰਿਆ ਕਿ ਉਨ੍ਹਾਂ ਦੇ ਪੁਰਖੇ ਭਾੜੇ ਦੇ ਫੌਜੀ ਨਹੀਂ ਸਨ, ਸਗੋਂ ਉਹ ਲਾਹੌਰ ਦੀ ਫੌਜ ਦੇ ਹਿੱਸੇ ਵਜੋਂ ਹੈਦਰਾਬਾਦ ਆਏ ਸਨ, ਜਦੋਂ ਨਿਜ਼ਾਮ ਨੇ ਔਖੀ ਘੜੀ ਮੌਕੇ ਮਹਾਰਾਜੇ ਨੂੰ ‘ਆਪਣੇ ਰਾਜ ਦੀ ਰਾਖੀ ਦੀ ਅਰਜ਼’ ਕੀਤੀ ਸੀ। ਉਨ੍ਹਾਂ ਦੇ ਇਸ ਦਾਅਵੇ ਨੂੰ ਬਹੁਤੀ ਤਾਕਤ ਸਿੱਖ ਭਾਈਚਾਰੇ ਦੀ ਸਾਂਝੀ ਯਾਦਦਾਸ਼ਤ ਤੋਂ ਮਿਲਦੀ ਹੈ।
ਇਹ ਕਹਾਣੀ ਇਥੇ ਪੂਰੀ ਤਰ੍ਹਾਂ ਵਾਇਰਲ ਹੈ ਜਿਸ ਨੂੰ ਦੱਖਣੀ ਸਿੱਖਾਂ ਵੱਲੋਂ ਆਪਣੀ ਰੋਜ਼ਮਰ੍ਹਾ ਜ਼ਿੰਦਗੀ ਵਿਚ ਅਕਸਰ ਸੁਣਾਇਆ ਜਾਂਦਾ ਹੈ। ਇਉਂ ਭਾਈਚਾਰੇ ਦੀ ਸਮਝ ਵਿਚ, ਸਾਂਝੀ ਯਾਦ ਅਹਿਮ ਵਸੀਲਾ ਹੋ ਨਿਬੜਦੀ ਹੈ ਜੋ ਉਸ ਅਤੀਤ ਬਾਰੇ ਬਦਲਵੀਂ ਕਹਾਣੀ ਮੁਹੱਈਆ ਕਰਾਉਂਦੀ ਹੈ, ਜਦੋਂ ਹੋਰ ਕੋਈ ਸਮਕਾਲੀ ਵਸੀਲਾ ਉਨ੍ਹਾਂ ਦੇ ਦਾਅਵੇ ਉਤੇ ਜ਼ੋਰ ਦੇਣ ਲਈ ਉਪਲੱਬਧ ਨਹੀਂ। ਇਹ ਦੱਖਣੀ ਸਿੱਖਾਂ ਦੀ ਭਾਈਚਾਰਕ ਪਛਾਣ ਨੂੰ ਮਜ਼ਬੂਤ ਕਰਦੀ ਹੈ ਅਤੇ ਉਨ੍ਹਾਂ ਨੂੰ ਮੁਕਾਮੀ ਵਸੋਂ ਦੀਆਂ ਨਜ਼ਰਾਂ ਵਿਚ ਨਵਾਂ ਆਤਮ-ਸਨਮਾਨ ਮੁਹੱਈਆ ਕਰਾਉਂਦੀ ਹੈ।
ਦੂਜੇ ਪਾਸੇ, ਇਨ੍ਹਾਂ ਫੌਜੀਆਂ ਦੀ ਹਿਲ-ਜੁਲ ਨੇ ਰੈਜ਼ੀਡੈਂਟ ਫਰੇਜ਼ਰ ਨੂੰ ਚਿੰਤਤ ਕਰ ਦਿੱਤਾ। ਉਹ ਚੰਦੂ ਲਾਲ ਦਾ ਸਖਤ ਵਿਰੋਧੀ ਸੀ। ਉਸ ਨੇ ਨਿਜ਼ਾਮ ਦੀ ਹਕੂਮਤ ਵਿਚ ਮਾਲੀ ਬਦਇੰਤਜ਼ਾਮੀ ਲਈ ਚੰਦੂ ਲਾਲ ਨੂੰ ਜ਼ਿੰਮੇਵਾਰ ਠਹਿਰਾਇਆ। ਵਧ ਰਹੀ ਸ਼ਹਿਰੀ ਅਸੁਰੱਖਿਆ ਨੇ ਚੰਦੂ ਲਾਲ ਦੇ ਕੱਫਣ ਵਿਚ ਆਖਰੀ ਕਿੱਲ ਦਾ ਕੰਮ ਕੀਤਾ। ਉਸ ਨੂੰ 1843 ਵਿਚ ਅਹੁਦੇ ਤੋਂ ਹਟਾ ਦਿੱਤਾ ਗਿਆ।
ਚੰਦੂ ਲਾਲ ਦੇ ਜਾਣ ਨਾਲ ਦੱਖਣੀ ਸਿੱਖਾਂ ਲਈ ਹਾਲਾਤ ਬਹੁਤ ਖਰਾਬ ਹੋ ਗਏ। ਉਸ ਦੀ ਬਰਤਰਫੀ ਅਤੇ ਪੰਜਾਬ ਵਿਚ ਸਿੱਖਾਂ ਤੇ ਫਿਰੰਗੀਆਂ ਦਰਮਿਆਨ ਪਹਿਲੀ ਜੰਗ (1845-46) ਵਿਚ ਲਾਹੌਰ ਦਰਬਾਰ ਦੀ ਹਾਰ ਕਾਰਨ ਫਰੇਜ਼ਰ ਨੂੰ ‘ਸਾਰੇ ਹਥਿਆਰਬੰਦ ਵਸਨੀਕਾਂ ਦੀ ਬਰਤਰਫੀ ਦਾ ਮੁੱਦਾ’ ਨਿਜ਼ਾਮ ਕੋਲ ਉਠਾਉਣ ਦਾ ਮੌਕਾ ਮਿਲ ਗਿਆ। ਉਸ ਨੇ ਕਿੱਕਰ ਦੇ ਉਹ ਰੁੱਖ ਵੀ ਵੱਢਣ ‘ਤੇ ਜ਼ੋਰ ਦਿੱਤਾ ਜਿਹੜੇ ਲੰਬੇ ਸਮੇਂ ਤੋਂ ਸਥਾਨਕ ਸਿੱਖਾਂ ਲਈ ਸੁਰੱਖਿਆ ਕੰਧ ਵਜੋਂ ਖੜ੍ਹੇ ਸਨ। ਫਰੇਜ਼ਰ ਨੇ ਇਨ੍ਹਾਂ ਰੁੱਖਾਂ ਨੂੰ ‘ਮੁਕਾਮੀ ਅਮਨ ਲਈ ਖਤਰੇ’ ਵਜੋਂ ਪੇਸ਼ ਕੀਤਾ ਅਤੇ ਜ਼ੋਰ ਦਿੱਤਾ ਕਿ ਨਾਂਦੇੜ ਵਿਚ ‘ਹਾਲਾਤ ਆਮ ਵਰਗੇ ਕਰਨ ਲਈ’ ਇਨ੍ਹਾਂ ਨੂੰ ਵੱਢ ਦਿੱਤਾ ਜਾਵੇ। ਇਸ ਤੋਂ ਬਾਅਦ ਕਿੱਕਰਾਂ ਨੂੰ ਡੇਗਣ ਅਤੇ ਨਿਹੰਗ ਸਿੰਘਾਂ ਨੂੰ ਨਿਹੱਥੇ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਪਿਆ।
ਸਲਾਰ ਜੰਗ ਅੱਵਲ (1853-1883) ਨੂੰ ਨਿਜ਼ਾਮ ਦਾ ਨਵਾਂ ਦੀਵਾਨ ਨਿਯੁਕਤ ਕੀਤਾ ਗਿਆ ਜਿਸ ਤੋਂ ਬਾਅਦ ਕੁਝ ਹੋਰ ਤਬਦੀਲੀਆਂ ਆਈਆਂ। ਉਸ ਨੇ ਨਾਂਦੇੜ ਵਿਚ ਦੱਖਣੀ ਸਿੱਖਾਂ ਨੂੰ ਹੋਇਆ ਨੁਕਸਾਨ ਕੁਝ ਘਟਾਉਣ ਦੀ ਕੋਸ਼ਿਸ਼ ਕੀਤੀ ਅਤੇ ਸਿੱਖਾਂ ਨੂੰ ਉਨ੍ਹਾਂ ਪੰਜ ਪਿੰਡਾਂ ਦੇ ਮਾਲੀਆ ਰਹਿਤ ਅਖਤਿਆਰ ਦੇ ਦਿਤੇ ਜਿਹੜੇ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਚੰਦੂ ਲਾਲ ਨੇ ਸੌਂਪੇ ਹੋਏ ਸਨ। ਸਿੱਖ ਭਾਈਚਾਰਾ ਭਾਵੇਂ ਆਪਣੇ ਦਾਅਵੇ ਦੇ ਪੱਖ ਵਿਚ ਕੋਈ ਕਾਨੂੰਨੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ, ਇਸ ਦੇ ਬਾਵਜੂਦ ਸਲਾਰ ਜੰਗ ਦੇ ਦਖਲ ਸਦਕਾ ਨਾ ਸਿਰਫ ਸਿੱਖਾਂ ਦੀ ਪੁਰਾਣੀ ਚਿੰਤਾ ਮੁੱਕੀ, ਸਗੋਂ ਦੱਖਣੀ ਸਿੱਖਾਂ ਦੇ ਦਾਅਵੇ ਉਤੇ ਕਾਨੂੰਨੀ ਮੋਹਰ ਵੀ ਲੱਗ ਗਈ।
ਦੀਵਾਨ ਨੇ ਹੈਦਰਾਬਾਦ ਦੀ ਫੌਜੀਆਂ ਸਮੱਸਿਆ ਉਤੇ ਵੀ ਗੱਲਬਾਤ ਕੀਤੀ। ਉਸ ਨੇ ਨਿਜ਼ਾਮ ਨੂੰ ਇਸ ਗੱਲ ਲਈ ਮਨਾ ਲਿਆ ਕਿ ਉਸ ਦੇ ਖਜ਼ਾਨੇ ਵਿਚ ਇੰਨੀ ਰਕਮ ਨਹੀਂ ਹੈ ਕਿ ਉਹ ਇਨ੍ਹਾਂ ਫੌਜੀਆਂ ਦੇ ਬਕਾਏ ਅਦਾ ਕਰ ਸਕੇ ਅਤੇ ਨਾ ਹੀ ਇਨ੍ਹਾਂ ਨੂੰ ਮੌਜੂਦਾ ਦਰਾਂ ਉਤੇ ਰੱਖਿਆ ਹੀ ਜਾ ਸਕਦਾ ਹੈ। ਉਸ ਨੇ ਫੌਜੀਆਂ ਦੀ ਗਿਣਤੀ ਘਟਾਉਣ ਦੀ ਤਜਵੀਜ਼ ਦਿੱਤੀ ਅਤੇ ਫੌਜੀਆਂ ਨੂੰ ਘੱਟ ਉਜਰਤਾਂ ਉਤੇ ਕੰਮ ਕਰਨ ਲਈ ਆਖਿਆ ਤਾਂ ਕਿ ਉਨ੍ਹਾਂ ਨੂੰ ਲਗਾਤਾਰ ਤਨਖਾਹਾਂ ਮਿਲਦੀਆਂ ਰਹਿਣ। ਉਸ ਨੇ 1200 ਦੱਖਣੀ ਸਿੱਖਾਂ ਨੂੰ ਹੈਦਰਾਬਾਦ ਦੀ ਅਨਿਯਮਿਤ ਪੁਲਿਸ ਵਿਚ ਭਰਤੀ ਕਰ ਲਿਆ। ਮਾਸਿਕ ਤਨਖਾਹ ਪ੍ਰਬੰਧ ਵਿਚ ਪੈਣ ਨਾਲ ਉਨ੍ਹਾਂ ਨੂੰ ਨਵਾਂ ਮਾਣ-ਸਨਮਾਨ ਮਿਲਿਆ। ਬਾਅਦ ਵਿਚ ਉਨ੍ਹਾਂ ਨੂੰ ਪੁਲਿਸ ਟਰੇਨਿੰਗ ਵੀ ਦਿੱਤੀ ਗਈ ਜਿਥੇ ਉਨ੍ਹਾਂ ਨੂੰ ਆਪਣਾ ਨਿਹੰਗ ਬਾਣਾ ਛੱਡ ਕੇ ਪੱਛਮੀ ਵਰਦੀ ਸਬੰਧੀ ਜ਼ਾਬਤਾ ਅਪਨਾਉਣਾ ਸਿਖਾਇਆ ਗਿਆ। ਇਸ ਨੇ ਦੱਖਣੀ ਸਿੱਖਾਂ ਦੇ ਪੂਰਵ-ਆਧੁਨਿਕ ਫੌਜੀਆਂ ਵਾਲੇ ਦਾਗ਼ ਧੋ ਕੇ ਉਨ੍ਹਾਂ ਦੇ ਬਰਤਾਨਵੀ ਪੁਲਿਸ ਵਾਲੇ ਅਨੁਸ਼ਾਸਨ ਵਿਚ ਬੱਝਣ ਦੇ ਦਰਵਾਜ਼ੇ ਖੋਲ੍ਹ ਦਿੱਤੇ। ਸੇਵਾ ਦੇ ਉਨ੍ਹਾਂ ਦੇ ਜੱਦੀ-ਪੁਸ਼ਤੀ ਸੁਭਾਅ ਸਦਕਾ ਪਿਤਾ ਦੀ ਸੇਵਾ-ਮੁਕਤੀ ‘ਤੇ ਉਸ ਦੇ ਪੁੱਤਰ ਨੂੰ ਸੇਵਾ ਸੰਭਾਲਣ ਦੀ ਖੁੱਲ੍ਹ ਦੇ ਦਿੱਤੀ ਗਈ। ਇਸ ਨਾਲ ਉਨ੍ਹਾਂ ਵਿਚ ਵਫਾਦਾਰੀ ਦੀ ਭਾਵਨਾ ਵਧੀ ਅਤੇ ਛੋਟੇ ਜਿਹੇ ਮੱਧ ਵਰਗ ਦੀ ਸ਼ੁਰੂਆਤ ਹੋਈ ਜਿਹੜਾ ਇਸ ਭਾਈਚਾਰੇ ਦਾ ਨਾ ਸਿਰਫ ਨਿਜ਼ਾਮ ਦੀ ਹਕੂਮਤ ਦੌਰਾਨ ਸਗੋਂ ਆਜ਼ਾਦੀ ਤੋਂ ਬਾਅਦ ਦੇ ਦਹਾਕਿਆਂ ਦੌਰਾਨ ਵੀ ਨਵਾਂ ਤਰਜਮਾਨ ਬਣਿਆ।
ਚੰਦੂ ਲਾਲ ਦੀ ਬਰਤਰਫੀ ਤੋਂ ਬਾਅਦ ਦੀ ਸਦੀ ਅਤੇ ਨਿਜ਼ਾਮ ਦੀ ਹਕੂਮਤ (1842-1948) ਦੇ ਖਾਤਮੇ ਦੌਰਾਨ ਦੱਖਣੀ ਸਿੱਖਾਂ ਨੂੰ ਅਨੇਕਾਂ ਤਬਦੀਲੀਆਂ ਪੇਸ਼ ਆਈਆਂ। ਇਸ ਦੌਰਾਨ ਉਨ੍ਹਾਂ ਦੇ ਮੇਲ-ਮਿਲਾਪ ਦੇ ਨਵੇਂ ਖੇਤਰ ਪੈਦਾ ਹੋਏ ਅਤੇ ਉਨ੍ਹਾਂ ਦੇ ਪੰਜਾਬੀ ਸਿੱਖਾਂ ਨਾਲ ਵਖਰੇਵੇਂ ਵੀ ਉਭਰੇ। ਸੰਚਾਰ ਪ੍ਰਬੰਧਾਂ ਵਿਚ ਸੁਧਾਰ ਨਾਲ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਪੁੱਜਣ ਵਾਲੀ ਪੰਜਾਬੀ ਸੰਗਤ ਦੀ ਗਿਣਤੀ ਵਧੀ। ਪੰਜਾਬੀ ਸਿੱਖ ਕਦੇ ਵੀ ਉਥੇ ਸਿੰਘ ਸਭਾ ਦੇ ਦਿਨਾਂ ਵਾਲੀ ਬਾਕਾਇਦਾ ਪਰਿਭਾਸ਼ਿਤ ਅਤੇ ਤੈਅ ਸਿੱਖ ਪਛਾਣ ਦਾ ਸੁਨੇਹਾ ਦੇਣ ਤੋਂ ਪਿੱਛੇ ਨਹੀਂ ਹਟੇ। ਉਂਜ, ਇਸ ਨੇ ਦੱਖਣੀ ਸਿੱਖਾਂ ਦੇ ਜਿਉਣ ਢੰਗ, ਦਿਨ-ਤਿਹਾਰ ਮਨਾਉਣ ਅਤੇ ਗੁਰਦੁਆਰਿਆਂ ਦੀ ਰਹਿਤ-ਮਰਿਆਦਾ ਦੇ ਢੰਗ-ਤਰੀਕਿਆਂ ਉਤੇ ਕੋਈ ਪੱਕਾ ਅਸਰ ਨਹੀਂ ਪਾਇਆ। ਪੰਜਾਬ ਵਿਚ ਵਾਪਰਨ ਵਾਲੀਆਂ ਘਟਨਾਵਾਂ ਤੋਂ ਉਨ੍ਹਾਂ ਫਾਸਲਾ ਬਣਾਈ ਰੱਖਿਆ ਅਤੇ ਉਨ੍ਹਾਂ ਦਾ ਪੱਕਾ ਵਿਸ਼ਵਾਸ ਹੈ ਕਿ ਦੱਖਣੀ ਸਿੱਖਾਂ ਵੱਲੋਂ ਸੱਚ ਖੰਡ ਸਾਹਿਬ ਵਿਚ ਅਪਨਾਈ ਗਈ ਰਹਿਤ-ਮਰਿਆਦਾ ਉਹ ਹੈ ਜਿਹੜੀ ਦਸਵੇਂ ਗੁਰੂ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਸਿਖਾਈ ਸੀ।
ਇਸ ਨੇ ਭਾਈਚਾਰੇ ਨੂੰ ਆਪਣੇ ਮੂਲ ਨੂੰ ਪੰਜਾਬ ਨਾਲ ਜੋੜਨ ਤੋਂ ਨਹੀਂ ਰੋਕਿਆ। ਪੰਜਾਬ ਤੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੀ ਹੈਦਰਾਬਾਦ ਆਮਦ ਦੀ ਦੰਦ ਕਥਾ ਨੂੰ ਸਿਆਸੀ ਸਾਰਥਿਕਤਾ ਮਿਲ ਚੁੱਕੀ ਹੈ। ਇਸ ਨੇ ਦੱਖਣ ਵਿਚ ਬਰਤਾਨਵੀ ਹਕੂਮਤ ਦੌਰਾਨ ਭਾਈਚਾਰੇ ਵੱਲੋਂ ‘ਆਪਣੇ ਪਿਛੋਕੜ ਸਬੰਧੀ ਨਵੇਂ ਦਾਅਵੇ’ ਦੀ ਤਲਾਸ਼ ਦਾ ਖਾਕਾ ਉਲੀਕਿਆ। ਉਨ੍ਹਾਂ ਦੇ ਹੈਦਰਾਬਾਦ ਦੇ ਸ਼ਹਿਰੀ ਮੱਧ ਵਰਗ ਨਾਲ ਸਬੰਧਿਤ ਆਗੂਆਂ ਨੇ ਉਨ੍ਹਾਂ ਦੀ 19ਵੀਂ ਸਦੀ ਦੀ ਇਸ ਸਾਂਝੀ ਯਾਦ ਨੂੰ ਨਵੀਂ ਜ਼ਿੰਦਗੀ ਬਖਸ਼ੀ। ਲਾਹੌਰ ਦੇ ਫੌਜੀਆਂ ਵਲੋਂ ਦੇਸ਼ ਦੇ ਉਤਰ ਤੋਂ ਦੱਖਣ ਵੱਲ ਇੰਨੀ ਲੰਮੀ ਯਾਤਰਾ ਕਰ ਕੇ ਹੈਦਰਾਬਾਦ ਪਹੁੰਚਣਾ ਅਤੇ ਉਨ੍ਹਾਂ ਬਾਰੇ ਅੰਗਰੇਜ਼ ਹਾਕਮਾਂ ਨੂੰ ਬਿਲਕੁਲ ਪਤਾ ਨਾ ਲੱਗਣਾ, ਭੌਤਿਕ ਤੇ ਭੂਗੋਲਿਕ ਤੌਰ ‘ਤੇ ਅਸੰਭਵ ਹੋਣ ਦੇ ਬਾਵਜੂਦ ਉਹ ਬੜੀ ਮਜ਼ਬੂਤੀ ਨਾਲ ਮਹਾਰਾਜਾ ਰਣਜੀਤ ਸਿੰਘ ਵਲੋਂ ਆਪਣੀਆਂ ਫੌਜਾਂ ਭੇਜੇ ਜਾਣ ਦੇ ਇਸ ਦਾਅਵੇ ਨੂੰ ਦੁਹਰਾਉਂਦੇ ਹਨ। ਇਸ ਨੇ ਉਨ੍ਹਾਂ ਨੂੰ ਦੱਖਣ ਵਿਚਲੇ ਆਪਣੇ ਇਸ ਘਰ ਵਿਚ ਨਵੇਂ ਸਿਆਸੀ ਅਤੀਤ ਤਕ ਪਹੁੰਚਾ ਦਿੱਤਾ।
ਦੇਸ਼ ਦੀ ਆਜ਼ਾਦੀ ਨੇ ਭਾਈਚਾਰੇ ਉਤੇ ਰਲਵਾਂ-ਮਿਲਵਾਂ ਅਸਰ ਪਾਇਆ। ਨਿਜ਼ਾਮ ਦੀ ਹਕੂਮਤ ਦੇ ਖਾਤਮੇ ਨਾਲ, ਪੁਰਾਣੀ ਅਨਿਯਮਿਤ ਸਿੱਖ ਫੌਜ ਨੂੰ ਭੰਗ ਕਰ ਦਿੱਤਾ ਗਿਆ। ਇਸ ਵਿਚ ‘ਸਾਰੇ ਰੁਤਬਿਆਂ ਵਾਲੇ 544’ ਜਵਾਨ ਤੇ ਅਫਸਰ ਸਨ। ਇਨ੍ਹਾਂ ਵਿਚੋਂ ਸੇਵਾ ਦੇ ਵਧੀਆ ਪਿਛੋਕੜ ਤੇ ਜਿਸਮਾਨੀ ਤੌਰ ‘ਤੇ ਤੰਦਰੁਸਤ ਕੁਝ ਕੁ ਜਵਾਨਾਂ ਨੂੰ ਸੂਬੇ ਦੀ ਨਿਯਮਿਤ ਪੁਲਿਸ ਵਿਚ ਭਰਤੀ ਕਰ ਲਿਆ ਗਿਆ। ਇਸ ਤਰ੍ਹਾਂ ਨਿਜ਼ਾਮ ਦੀ ਹਕੂਮਤ ਦੀ ਪੁਰਾਣੀ ਅਨਿਯਮਿਤ ਫੌਜ ਦੇ ਲੰਬੇ ਇਤਿਹਾਸ ਦਾ ਵੀ ਅੰਤ ਹੋ ਗਿਆ।
ਨਿਜ਼ਾਮ ਦੀ ਹਕੂਮਤ ਵਾਲਾ ਇਲਾਕਾ 1956 ਵਿਚ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਗਿਆ। ਇਸ ਨਾਲ ਨਾਂਦੇੜ ਤੇ ਇਸ ਦੇ ਨੇੜਲੇ ਇਲਾਕੇ ਨਵੇਂ ਬਣੇ ਸੂਬੇ ਮੁੰਬਈ ਵਿਚ ਚਲੇ ਗਏ ਜਿਸ ਨੂੰ ਬਾਅਦ ਵਿਚ ਮਹਾਰਾਸ਼ਟਰ ਦਾ ਨਾਂ ਦਿੱਤਾ ਗਿਆ। ਨਿਜ਼ਾਮ ਦੇ ਇਲਾਕੇ ਦੀ ਇਸ ਵੰਡ ਨੇ ਦੱਖਣੀ ਸਿੱਖਾਂ ਉਤੇ ਬੜਾ ਬੁਰਾ ਅਸਰ ਪਾਇਆ। ਇਸ ਨਾਲ ਸ੍ਰੀ ਹਜ਼ੂਰ ਸਾਹਿਬ ਤੋਂ ਉਨ੍ਹਾਂ ਦੇ ਪੁਰਾਣੇ ਅਖਤਿਆਰ ਕੁੱਲ ਮਿਲਾ ਕੇ ਖਤਮ ਹੋ ਗਏ। ਇਸ ਦੀ ਥਾਂ ਇਹ ਅਖਤਿਆਰ ‘ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਅਬਿਚਲ ਨਗਰ ਸਾਹਿਬ ਐਕਟ 1956’ ਤਹਿਤ ਮੁੰਬਈ ਆਧਾਰਿਤ ਕੁਝ ਸਿੱਖ ਅਫਸਰਸ਼ਾਹਾਂ ਅਤੇ ਗ਼ੈਰ-ਸਿੱਖ ਕਾਨੂੰਨਸਾਜ਼ਾਂ ਦੇ ਹੱਥ ਆ ਗਏ। ਇਸ ਪਵਿਤਰ ਸਥਾਨ ਦੇ ਆਧੁਨਿਕੀਕਰਨ ਦੇ ਨਾਂ ਉਤੇ ਲਿਆਂਦੇ ਇਸ ਨਵੇਂ ਕਾਨੂੰਨ ਤੋਂ ਕਾਫੀ ਵਿਵਾਦ ਵੀ ਪੈਦਾ ਹੋਇਆ।
ਇੰਨਾ ਹੀ ਨਹੀਂ, 1950ਵਿਆਂ ਤੋਂ ਪੰਜਾਬੀ ਸਿੱਖਾਂ ਦੀ ਉਸ ਪਾਸੇ ਹਿਜਰਤ ਦੇ ਦੌਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਹੋਰ ਮੋੜ ਦਿੱਤਾ। ਇਹ ਮੁੱਖ ਤੌਰ ‘ਤੇ ਉਹ ਸਿੱਖ ਸਨ ਜੋ ਦੇਸ਼ ਦੀ ਵੰਡ ਕਾਰਨ ਲਹਿੰਦੇ ਪੰਜਾਬ ਤੋਂ ਉਜੜ ਕੇ ਆਏ ਸਨ, ਜੋ ਕੁਝ ਚਿਰ ਦੇਸ਼ ਵਿਚ ਹੋਰ ਥਾਈਂ ਰਹਿਣ ਪਿੱਛੋਂ ਇਸ ਪਾਸੇ ਪੁੱਜਣ ਲੱਗੇ। ਇਨ੍ਹਾਂ ਸਿੱਖਾਂ ਨੂੰ ਆਰਥਿਕ ਪੱਖੋਂ ਬੜੀ ਤੇਜ਼ੀ ਨਾਲ ਮਿਲੀ ਕਾਮਯਾਬੀ ਨੇ ਉਨ੍ਹਾਂ ਦਾ ਰੁਤਬਾ ਬਹੁਤ ਵਧਾ ਦਿੱਤਾ ਅਤੇ ਉਨ੍ਹਾਂ ਦਾ ਦੱਖਣੀ ਸਿੱਖਾਂ ਤੋਂ ਪਾੜਾ ਵੀ ਓਨਾ ਹੀ ਵਧ ਗਿਆ। ਇਨ੍ਹਾਂ ਦੇ ਹੋਰ ਵੀ ਕਈ ਵਖਰੇਵੇਂ ਸਨ। ਸਾਂਝੇ ਧਾਰਮਿਕ ਪਿਛੋਕੜ ਦੇ ਬਾਵਜੂਦ ਸਿੱਖਾਂ ਦੇ ਇਹ ਦੋਵੇਂ ਸਮੂਹ ਨਸਲੀ ਲੀਹਾਂ, ਗੁਰਦੁਆਰਿਆਂ ਦੀ ਰਹਿਤ-ਮਰਿਆਦਾ ਅਤੇ ਘਰ ਸਬੰਧੀ ਪਰਿਭਾਸ਼ਾ ਪੱਖੋਂ ਵੰਡੇ ਹੋਏ ਸਨ। ਉਹ ਆਪਸ ਵਿਚ ਸਾਕ-ਸਕੀਰੀਆਂ ਨਹੀਂ ਕਰਦੇ। ਕੁਝ ਵਰ੍ਹੇ ਪਹਿਲਾਂ ਪੰਜਾਬੀ ਸਿੱਖਾਂ ਨੇ ਦੋ ਸ਼ਹਿਰਾਂ ਹੈਦਰਾਬਾਦ ਅਤੇ ਸਿਕੰਦਰਾਬਾਦ ‘ਤੇ ਆਧਾਰਿਤ ਭਾਈਚਾਰੇ ਦੀ ‘ਸਜਿਲਦ ਡਾਇਰੈਕਟਰੀ’ ਕੱਢੀ ਸੀ ਜਿਸ ਵਿਚ ਉਥੋਂ ਦੇ ਦੱਖਣੀ ਸਿੱਖਾਂ ਦੀ ਹੋਂਦ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਉਹ ਦੋ ਅੰਤਰ-ਵਿਆਹੀ ਸਮੂਹਾਂ ਵਜੋਂ ਰਹਿਣਾ ਪਸੰਦ ਕਰਦੇ ਹਨ ਅਤੇ ਦੂਜੇ ਸਮੂਹ ਨੂੰ ਸਮਾਜਿਕ ਤੌਰ ‘ਤੇ ਆਪਣੇ ਬਰਾਬਰ ਮੰਨਣ ਲਈ ਤਿਆਰ ਨਹੀਂ। ਇਸ ਨੇ ਸਥਾਨਕ ਸਿੱਖਾਂ ਦੀ ਵਰਗ-ਵੰਡ ਕਰ ਦਿੱਤੀ ਹੈ ਜਿਨ੍ਹਾਂ ਵਿਚ ਜ਼ੋਰਦਾਰ ਮੁਕਾਬਲੇਬਾਜ਼ੀ ਚਲਦੀ ਰਹੀ ਹੈ।
ਗੁਰੂ ਨਾਨਕ ਦੀ ਬਿਦਰ ਫੇਰੀ ਤੋਂ ਗੁਰੂ ਗੋਬਿੰਦ ਸਿੰਘ ਦੇ ਖਾਲਸਾ ਪੰਥ ਤਕ ਦਾ ਸਫਰ
ਗੁਰੂ ਨਾਨਕ ਦੀ ਬਿਦਰ ਫੇਰੀ ਨੇ ਉਥੋਂ ਦੇ ਲੋਕਾਂ ‘ਤੇ ਡੂੰਘਾ ਪ੍ਰਭਾਵ ਛੱਡਿਆ ਤੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਸ਼ਰਧਾਲੂ ਬਣੇ। ਆਮ ਲੋਕ ਇਨ੍ਹਾਂ ਨੂੰ ਨਾਨਕਪੰਥੀ ਸੱਦਦੇ। 1699 ਦੀ ਵਿਸਾਖੀ ਵਾਲੇ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤਾਂ ਪੰਜ ਪਿਆਰਿਆਂ ਵਿਚ ਇਕ, ਭਾਈ ਸਾਹਿਬ ਸਿੰਘ ਸਨ ਜੋ ਬਿਦਰ ਦੇ ਰਹਿਣ ਵਾਲੇ ਸਨ। ਬਿਦਰ ਵਾਸਤੇ ਇਹ ਫਖਰ ਵਾਲੀ ਗੱਲ ਹੈ ਕਿ ਉਹ ਉਨ੍ਹਾਂ ਸਿੱਖਾਂ ਵਿਚੋਂ ਸਨ ਜਿਹੜੇ ਉਸ ਦਿਨ ਸੀਸ ਭੇਟਾ ਕਰਨ ਲਈ ਉਠੇ। ਭਾਈ ਸਾਹਿਬ ਸਿੰਘ ਜਾਤ ਤੋਂ ਨਾਈ ਸਨ। ਇਹ ਤੱਥ ਸਾਨੂੰ ਯਾਦ ਦਿਵਾਉਂਦਾ ਹੈ ਕਿ ਦੱਬੀਆਂ ਕੁਚਲੀਆਂ ਸ਼੍ਰੇਣੀਆਂ ਨਾਲ ਸਬੰਧਿਤ ਲੋਕਾਂ ਨੇ ਖਾਲਸਾ ਪੰਥ ਦੀ ਸਿਰਜਣਾ ਵਿਚ ਕਿੰਨਾ ਵੱਡਾ ਹਿੱਸਾ ਪਾਇਆ।
ਗੁਰੂ ਨਾਨਕ ਦੀ ਬਿਦਰ ਫੇਰੀ
ਗੁਰੂ ਨਾਨਕ ਸੋਲ੍ਹਵੀਂ ਸਦੀ ਦੇ ਸ਼ੁਰੂ ਵਿਚ ਬਿਦਰ ਗਏ। ਦੱਸਿਆ ਜਾਂਦਾ ਹੈ ਕਿ ਉਸ ਵੇਲੇ ਬਿਦਰ ਵਿਚ ਦੋ ਮਹੱਤਵਪੂਰਨ ਸੰਸਥਾਵਾਂ ਸਨ। ਇਕ ਸੀ ਬਸ਼ੇਸ਼ਵਰ-ਪ੍ਰਸਤਾਂ ਦਾ ਧਰਮ ਸਥਾਨ ਬਸਵਾ ਕਲਿਆਣ ਅਤੇ ਦੂਸਰਾ ਮਹਿਮੂਦ ਗਵਾਨ ਦਾ ਮਦਰੱਸਾ। ਸੰਤ ਬਸ਼ੇਸ਼ਵਰ ਬਾਰ੍ਹਵੀਂ ਸਦੀ ਵਿਚ ਹੋਏ ਅਤੇ ਉਨ੍ਹਾਂ ਨੇ ਵਰਣ ਆਸ਼ਰਮ ਤੇ ਜਾਤ ਪਾਤ ਦੇ ਵਿਰੁਧ ਆਵਾਜ਼ ਉਠਾਈ। ਉਨ੍ਹਾਂ ਅੰਤਰਜਾਤੀ ਵਿਆਹ ਅਤੇ ਸੰਗਤ ਤੇ ਪੰਗਤ ਦੇ ਫਲਸਫੇ ਦੀ ਦੱਖਣ ਵਿਚ ਨੀਂਹ ਰੱਖੀ। ਬਸ਼ੇਸ਼ਵਰ ਵਾਦੀਆਂ ਦਾ ਸਨਾਤਨੀ ਹਿੰਦੂ ਧਰਮ ਦੇ ਅਨੁਯਾਈਆਂ ਨਾਲ ਵੱਡਾ ਵਿਰੋਧ ਹੋਇਆ। ਕਰਨਾਟਕ ਦੇ ਅੱਜ ਦੇ ਸਮਾਜ ਵਿਚ ਵੀ ਉਸ ਵਿਰੋਧ ਦੇ ਚਿੰਨ੍ਹ ਦੇਖਣ ਨੂੰ ਮਿਲਦੇ ਹਨ। ਮਹਿਮੂਦ ਗਵਾਨ ਦਾ ਮਦਰੱਸਾ ਉਸ ਸਮੇਂ ਦੱਖਣ ਪੂਰਬੀ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਸੀ। ਵਿਦਵਾਨਾਂ ਦਾ ਖਿਆਲ ਹੈ ਕਿ ਗੁਰੂ ਸਾਹਿਬ ਬਿਦਰ ਇਸ ਲਈ ਆਏ ਸਨ ਕਿ ਉਹ ਧਾਰਮਿਕ ਕੇਂਦਰ, ਭਾਵ ਬਸਵਾ ਕਲਿਆਣ ਅਤੇ ਵਿਦਿਅਕ ਕੇਂਦਰ, ਭਾਵ ਮਹਿਮੂਦ ਗਵਾਨ ਮਦਰੱਸੇ ਦੇ ਚਿੰਤਕਾਂ ਨਾਲ ਗੋਸ਼ਟਿ ਕਰ ਸਕਣ।
ਸਿਕਲੀਗਰ ਤੇ ਵਣਜਾਰੇ ਸਿੱਖ
ਗੁਰੂ ਗੋਬਿੰਦ ਸਿੰਘ ਦੇ ਦੱਖਣ ਵੱਲ ਆਉਣ ਸਮੇਂ ਰਾਜਪੁਤਾਨੇ ਦੇ ਸਿਕਲੀਗਰ ਵੀ ਉਨ੍ਹਾਂ ਦੇ ਜਥੇ ਨਾਲ ਚੱਲ ਪਏ ਜੋ ਸਿੱਖੀ ਸਰੂਪ ਵਿਚ ਵਿਚਰਨ ਲੱਗੇ। ਇਥੇ ਉਹ ਹਥਿਆਰਾਂ ਨੂੰ ਸਿਕਲ (ਪਾਲਸ਼) ਕਰਨ ਦਾ ਕੰਮ ਕਰਦੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਚਾਕੂ, ਛੁਰੀਆਂ ਤੇ ਤਲਵਾਰਾਂ ਬਣਾਉਣ ਦਾ ਕੰਮ ਵੀ ਕੀਤਾ। ਨਾਂਦੇੜ ਤੋਂ ਇਹ ਦੱਖਣ ਦੇ ਹੋਰ ਇਲਾਕਿਆਂ ਵਿਚ ਖਿੰਡ ਗਏ। ਕਈ ਸਿਕਲੀਗਰਾਂ ਨੇ ਹੁਣ ਵੀ ਆਪਣਾ ਜੱਦੀ ਕਿੱਤਾ ਅਪਨਾਇਆ ਹੋਇਆ ਹੈ। ਹੁਣ ਨਿਜ਼ਾਮਾਬਾਦ ਦੇ ਮੰਨਾ ਸਿੰਘ ਦੀ ਕਹਾਣੀ ਇਸ ਭਾਈਚਾਰੇ ਦੇ ਜ਼ਿਆਦਾਤਰ ਲੋਕਾਂ ਨਾਲ ਮਿਲਦੀ-ਜੁਲਦੀ ਹੈ। ਇਹ ਬਜ਼ੁਰਗ ਕਿਰਾਏ ਦੇ ਮੋਟਰਸਾਈਕਲ ‘ਤੇ ਨੇੜਲੇ ਪਿੰਡਾਂ ਤੇ ਕਸਬਿਆਂ ਵਿਚ ਫੇਰੀ ਲਾਉਂਦਾ ਹੈ ਅਤੇ ਰਾਤ ਨੂੰ ਉਥੇ ਹੀ ਰਹਿ ਜਾਂਦਾ ਹੈ। ਉਹ ਆਪਣੇ ਪਰਿਵਾਰ ਸਮੇਤ ਹਫਤਾਵਾਰੀ ਸਬਜ਼ੀ ਮੰਡੀ ਵਾਲੀ ਥਾਂ ਪੰਚਾਇਤੀ ਜ਼ਮੀਨ ਵਿਚ ਬਣਾਈ ਕੁੱਲੀ ਵਿਚ ਰਹਿੰਦਾ ਹੈ। ਦੋ ਮੰਜਿਆਂ ਉਤੇ ਘਰ ਦਾ ਸਾਮਾਨ ਪਿਆ ਹੈ। ਰਾਤ ਨੂੰ ਪਰਿਵਾਰ ਦੇ ਸੌਣ ਵੇਲੇ ਸਾਮਾਨ ਮੰਜਿਆਂ ਤੋਂ ਹੇਠਾਂ ਉਤਾਰਨਾ ਪੈਂਦਾ ਹੈ। ਉਸ ਦੀ ਪਤਨੀ, ਪੁੱਤਰ-ਨੂੰਹ ਅਤੇ ਇਕ ਕੁਆਰੇ ਪੁੱਤਰ ਦੇ ਨਾਲ-ਨਾਲ ਦੋ ਮੁਰਗੀਆਂ ਅਤੇ ਇਕ ਕੁੱਤਾ ਵੀ ਉਸ ਦੇ ਪਰਿਵਾਰ ਵਿਚ ਸ਼ਾਮਲ ਹਨ।ਸ਼ ਵਣਜਾਰੇ ਸਿੱਖ ਰਵਾਇਤੀ ਤੌਰ ‘ਤੇ ਲੂਣ ਦੇ ਵਪਾਰੀ ਸਨ। ਇਹ ਘੁਮੱਕੜ ਭਾਈਚਾਰਾ ਪੂਰੇ ਦੇਸ਼ ਵਿਚ ਫੈਲਿਆ ਹੋਇਆ ਹੈ। ਗੁਰੂ ਲਾਧੋ ਰੇ ਦਾ ਹੋਕਾ ਦੇਣ ਵਾਲੇ ਭਾਈ ਮੱਖਣ ਸ਼ਾਹ ਲੁਬਾਣਾ ਅਤੇ ਦਿੱਲੀ ਵਿਚ ਸ਼ਹਾਦਤ ਮਗਰੋਂ ਨੌਵੇਂ ਪਾਤਸ਼ਾਹ ਦੇ ਧੜ ਦਾ ਸਸਕਾਰ ਕਰਨ ਵਾਲੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਸਿੱਖੀ ਸੇਵਕੀ ਬਾਰੇ ਸਾਰੇ ਭਲੀਭਾਂਤ ਜਾਣਦੇ ਹਨ। ਇਹ ਵੀ ਸੰਭਵ ਹੈ ਕਿ ਵਣਜਾਰੇ ਵੀ ਦਸਮ ਪਾਤਸ਼ਾਹ ਦੇ ਕਾਫਲੇ ਨਾਲ ਭੋਜਨ ਅਤੇ ਗੋਲੀ-ਸਿੱਕਾ ਚੁੱਕਣ ਲਈ ਗਏ। ਨਾਂਦੇੜ ਅਤੇ ਬਿਦਰ ਦੇ ਨੇੜਲੇ ਇਲਾਕਿਆਂ ਵਿਚ ਰਹਿੰਦੇ ਹਿੰਦੂ ਵਣਜਾਰੇ ਵੀ ਗੁਰਬਾਣੀ ਦੇ ਪਾਠ ਅਤੇ ਕੀਰਤਨ ਦੀ ਰਸਮੀ ਸਿੱਖਿਆ ਹਾਸਲ ਕਰਕੇ ਸਿੱਖੀ ਨਾਲ ਜੁੜ ਰਹੇ ਹਨ। ਸ੍ਰੀ ਹਜ਼ੂਰ ਸਾਹਿਬ ਦੇ ਸੱਤ ਰਾਗੀ ਜਥਿਆਂ ਵਿਚੋਂ ਚਾਰ ਇਨ੍ਹਾਂ ਨਾਲ ਸਬੰਧਿਤ ਹਨ। -ਇਤਿਹਾਸਕਾਰ ਬੀਰਇੰਦਰ ਪਾਲ ਸਿੰਘ
ਰਾਗੀ ਭਾਈ ਫੁੰਮਣ ਸਿੰਘ
ਰਵਾਇਤ ਅਨੁਸਾਰ ਭਾਈ ਫੁੰਮਣ ਸਿੰਘ ਨਿਜ਼ਾਮ ਹੈਦਰਾਬਾਦ ਦੇ ਦਰਬਾਰ ਵਿਚ ਸੰਗੀਤਕਾਰ ਸਨ। 1870ਵਿਆਂ ਵਿਚ ਉਨ੍ਹਾਂ ਨੇ ਨਿਜ਼ਾਮ ਦੇ ਦਰਬਾਰ ਤੋਂ ਅਸਤੀਫਾ ਦੇ ਦਿੱਤਾ ਅਤੇ ਹਜ਼ੂਰ ਸਾਹਿਬ ਵਿਚ ਹਜ਼ੂਰੀ ਰਾਗੀ ਬਣੇ।
ਨਿਜ਼ਾਮ ਨੇ ਹਰਿਮੰਦਰ ਸਾਹਿਬ ਲਈ ਚੰਦੋਆ ਭੇਜਿਆ
ਹੈਦਰਾਬਾਦ ਦੇ ਚੌਥੇ ਨਿਜ਼ਾਮ ਨਸੀਰ-ਉਲ-ਦੌਲਾ ਨੇ ਹਰਿਮੰਦਰ ਸਾਹਿਬ ਲਈ ਚੰਦੋਆ ਭੇਜਿਆ ਜਿਸ ਵਿਚ ਮੋਤੀ, ਹੀਰੇ ਅਤੇ ਹੋਰ ਜਵਾਹਰਾਤ ਜੜੇ ਹੋਏ ਸਨ ਅਤੇ ਬੁਣਤੀ ਸੋਨੇ ਦੇ ਧਾਗੇ ਨਾਲ ਕੀਤੀ ਹੋਈ ਸੀ।
ਹੈਦਰਾਬਾਦ ਦੀ ਈਨਾਮ ਲੈਂਡ
ਹੈਦਰਾਬਾਦ ਵਿਚ ਰਹਿਣ ਵਾਲੇ ਸਿੱਖਾਂ ਦਾ ਵਿਸ਼ਵਾਸ ਹੈ ਕਿ ਸਿੱਖ ਉਸ ਸਿੱਖ ਫੌਜ ਦੀ ਟੁਕੜੀ ਨਾਲ ਆਏ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਨਿਜ਼ਾਮ ਹੈਦਰਾਬਾਦ ਦੀ ਸਹਾਇਤਾ ਲਈ ਭੇਜੀ। ਨਿਜ਼ਾਮ ਦੇ ਪ੍ਰਧਾਨ ਮੰਤਰੀ ਚੰਦੂ ਲਾਲ ਨੇ ਉਨ੍ਹਾਂ ਨੂੰ ਬੁਲਾਇਆ ਸੀ ਅਤੇ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਵੀ ਦਿੱਤੀ ਜਿਸ ਨੂੰ ‘ਈਨਾਮ ਲੈਂਡ’ ਕਿਹਾ ਜਾਂਦਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਹੁਕਮ ਦਿਤਾ ਸੀ ਕਿ ਜਦੋਂ ਤਕ ਉਨ੍ਹਾਂ ਨੂੰ ਹੁਕਮ ਨਹੀਂ ਮਿਲਦੇ, ਉਹ ਹੈਦਰਾਬਾਦ ਵਿਚ ਰਹਿਣ ਤੇ ਉਨ੍ਹਾਂ ਨੇ ਵਾਪਸ ਨਹੀਂ ਆਉਣਾ। ਫੌਜ ਦੀ ਟੁਕੜੀ ਦੇ ਸੈਨਿਕਾਂ ਦੀ ਤਨਖਾਹ ਲਾਹੌਰ ਦੇ ਖਜ਼ਾਨੇ ਵਿਚੋਂ ਆਉਂਦੀ ਸੀ। ‘ਈਨਾਮ ਲੈਂਡ’ ਹੈਦਰਾਬਾਦ ਤੋਂ ਕੋਈ ਅੱਠ ਕੁ ਕਿਲੋਮੀਟਰ ਦੂਰ ਸੀ ਪਰ ਹੁਣ ਇਹ ਸ਼ਹਿਰ ਦਾ ਹਿੱਸਾ ਬਣ ਗਿਆ ਹੈ।

-ਹਿਮਾਦਰੀ ਬੈਨਰਜੀ